ਚੋਣਵੀਆਂ ਲਿਖਤਾਂ » ਲੇਖ

ਮੌਤ ਦਾ ਡਰ ਅਤੇ ਸਿਆਸਤ – ਮਲਕੀਤ ਸਿੰਘ ‘ਭਵਾਨੀਗੜ੍ਹ’

April 24, 2021 | By

ਡਰ ਸਾਰੀ ਉਮਰ ਬੰਦੇ ਦੇ ਨਾਲ ਨਾਲ ਤੁਰਦਾ ਹੈ। ਕਿਸੇ ਨੂੰ ਘਰ ਪਰਿਵਾਰ ਦਾ ਡਰ, ਕਿਸੇ ਨੂੰ ਹੋਰ ਪੂੰਜੀ ਖੁੱਸ ਜਾਣ ਦਾ ਡਰ, ਆਪਣੇ ਕੀਤੇ ਕੰਮਾਂ/ਪਾਪਾਂ ਦਾ ਡਰ ਅਤੇ ਸਭ ਤੋਂ ਅਹਿਮ ਮੌਤ ਦਾ ਡਰ। ਵਿਰਲੇ ਮਨੁੱਖ ਅਕਾਲ ਪੁਰਖ ਦੀ ਕਿਰਪਾ ਸਦਕਾ ਮੌਤ ਦੇ ਡਰ ਤੋਂ ਰਹਿਤ ਹੁੰਦੇ ਹਨ ਨਹੀਂ ਤਾਂ ਮੌਤ ਦਾ ਡਰ ਬੰਦੇ ਉੱਤੇ ਅਜਿਹਾ ਅਸਰ ਪਾਉਂਦਾ ਹੈ ਕਿ ਬੰਦਾ ਆਪਣੇ ਗੁਰੂ ਤੋਂ ਵੀ ਬੇਮੁੱਖ ਹੋ ਜਾਂਦਾ ਹੈ। ਦੁਨੀ ਚੰਦ ਨੇ ਮੌਤ ਦੇ ਡਰੋਂ ਗੁਰੂ ਤੇ ਭਰੋਸਾ ਨਾ ਕੀਤਾ, ਜੇ ਕਰਦਾ ਤਾਂ ਹਾਥੀ ‘ਤੇ ਫਤਹਿ ਵੀ ਪਾ ਲੈਂਦਾ ਪਰ ਉਹ ਮੌਤ ਤੋਂ ਭੱਜਿਆ, ਭੱਜਦੇ ਨੇ ਲੱਤ ਤੜਾਈ, ਪਿੰਡ ਜਾ ਕੇ ਲੋਕਾਂ ਦੇ ਮਿਹਣੇ ਸਹੇ ਅਤੇ ਅੰਤ ਸੱਪ ਲੜਨ ਨਾਲ ਮਰ ਗਿਆ। ਦਸਵੇਂ ਪਾਤਸ਼ਾਹ ਨੇ ਜਦੋਂ ‘ਫੱਤੇ’ ਨੰਬਰਦਾਰ ਨੂੰ ਘੋੜੀ ਲਿਆਉਣ ਲਈ ਕਿਹਾ ਤਾਂ ਉਹਨੇ ਸਰਕਾਰ ਅਤੇ ਮੌਤ ਦੇ ਡਰ ਤੋਂ ਘੋੜੀ ਦੇਣ ਤੋਂ ਮਨਾ ਕਰ ਦਿੱਤਾ। ਘਰ ਜਾ ਕੇ ਦੇਖਿਆ ਘੋੜੀ ਸੱਪ ਲੜਨ ਨਾਲ ਮਰੀ ਪਈ ਹੈ। ਅਗਲੇ ਦਿਨ ‘ਫੱਤਾ’ ਆਪ ਵੀ ਸੱਪ ਲੜਨ ਨਾਲ ਮਰ ਜਾਂਦਾ ਹੈ। ਜਿਸ ਮੌਤ ਦੇ ਡਰੋਂ ਬੰਦੇ ਗੁਰੂ ਤੋਂ ਬੇਮੁੱਖ ਹੋਏ ਓਹਨੇ ਤਾਂ ਵੈਸੇ ਵੀ ਇਕ ਦਿਨ ਆਉਣਾ ਹੀ ਸੀ, ਤੇ ਉਹ ਆ ਗਈ ਪਰ ਇਸਦਾ ਡਰ ਐਨਾ ਭੈੜਾ ਹੁੰਦਾ ਹੈ ਕਿ ਇਹਦੀ ਲਪੇਟ ‘ਚ ਆਇਆ ਬੰਦਾ ਕੁਝ ਵੀ ਕਰ ਸਕਦਾ ਹੈ, ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਬੇਬੱਸ ਹੋ ਜਾਂਦਾ ਹੈ ਅਤੇ ਇਹੀ ਡਰ ਬੰਦੇ ਨੂੰ ਗੁਲਾਮੀ ਵੱਲ ਲੈ ਕੇ ਜਾਂਦਾ ਹੈ, ਖਾਸਕਰ ਮਾਨਸਿਕ ਗੁਲਾਮੀ ਵੱਲ।

ਜਦੋਂ ਵੱਡਾ ਹਿੱਸਾ ਇਸ ਡਰ ਅੱਗੇ ਬੇਬੱਸ ਹੋਵੇ ਅਤੇ ਬਦਕਿਸਮਤੀ ਨੂੰ ਉਹ ਲੋਕ ਉੱਥੇ ਹੋਣ ਜਿੱਥੋਂ ਦੀ ਸਿਆਸਤ ਬੇਈਮਾਨ, ਪੱਖਪਾਤੀ ਅਤੇ ਜ਼ਾਲਮ ਬੰਦਿਆਂ ਦੇ ਹੱਥ ਹੋਵੇ, ਫਿਰ ਸਿਆਸਤ ਹੱਸਦੀ ਹੈ, ਜ਼ੋਰ ਦੀ ਹੱਸਦੀ ਹੈ ਅਤੇ ਇਸ ਵਰਤਾਰੇ ਦਾ ਲਾਹਾ ਲੈਂਦੀ ਹੈ। ‘ਅੰਨ੍ਹਾ ਕੀ ਭਾਲੇ, ਦੋ ਅੱਖਾਂ’ ਵਾਲੀ ਗੱਲ ਹੋ ਜਾਂਦੀ ਹੈ। ਅੰਨ੍ਹੀ ਸਿਆਸਤ ਨੂੰ ਡਰੇ ਹੋਏ ਬੰਦੇ ਦੋ ਅੱਖਾਂ ਵਾਂਙ ਮਿਲਦੇ ਹਨ, ਫਿਰ ਸਿਆਸਤ ਆਪਣੇ ਜੋੜ ਤੋੜ ਕਰਦੀ ਹੈ। ਬੰਦੇ ਦਾ ਜੋ ਡਰ ਮੌਤ ਤੋਂ ਹੁੰਦਾ ਹੈ ਸਿਆਸਤ ਓਹਨੂੰ ਆਪਣੇ ਰਾਹੀਂ ਕਰ ਲੈਂਦੀ ਹੈ ਅਤੇ ਫਿਰ ਮਨ ਆਈਆਂ ਕਰਦੀ ਹੈ। ਬੰਦੇ ਨੂੰ ਵਾਰ ਵਾਰ ਓਹਦੇ ਡਰ ਤੋਂ ਜਾਣੂ ਕਰਵਾਇਆ ਜਾਂਦਾ ਹੈ, ਓਹਨੂੰ ਡਰਾਇਆ ਜਾਂਦਾ ਹੈ ਅਤੇ ਓਸੇ ਡਰ ਵਿੱਚ ਰੱਖਣ ਦੇ ਯਤਨ ਕੀਤੇ ਜਾਂਦੇ ਹਨ। ਸਿਆਸਤ ਕਹਿੰਦੀ ਹੈ ਕਿ ਹੱਕ ਸੱਚ ਇਨਸਾਫ ਦੀ ਗੱਲ ਮੇਰੇ ਬਣਾਏ ਅਸੂਲਾਂ ਮੁਤਾਬਿਕ ਹੀ ਹੋਵੇ, ਜੇ ਇਸ ਤੋਂ ਬਾਹਰ ਹੋਵੇਗੀ ਫਿਰ ਮੈਂ ਆਪਣੇ ਰੰਗ ਦਿਖਾਵਾਂਗੀ। ਡਰਿਆ ਬੰਦਾ ਅਧੀਨਗੀ ਕਬੂਲ ਲੈਂਦਾ ਹੈ, ਆਪਣਾ ਝੰਡਾ ਛੱਡ ਦਿੰਦਾ ਹੈ, ਅਜਿਹੀ ਸਿਆਸਤ ਦੇ ਅਸੂਲਾਂ ਹੇਠ ਆਪਣੇ ਅਮਲ ਕਰਦਾ ਹੈ, ਹੌਲੀ ਹੌਲੀ ਇੰਨਾ ਆਦੀ ਹੋ ਜਾਂਦਾ ਹੈ ਕਿ ਇਹ ਸਭ ਸਹਿਜ ਵਿੱਚ ਹੋਣ ਲੱਗ ਪੈਂਦਾ ਹੈ ਅਤੇ ਇਹੀ ਸੱਚ ਜਾਪਣ ਲੱਗ ਪੈਂਦਾ ਹੈ। ਸਿਆਸਤ ਅਤੇ ਡਰੇ ਬੰਦੇ ਦਾ ਬਿਨ੍ਹਾਂ ਲਿਖਤੀ, ਬਿਨ੍ਹਾਂ ਐਲਾਨ, ਬਿਨ੍ਹਾਂ ਸ਼ਰਤ ਅਤੇ ਬਿਨ੍ਹਾਂ ਗੱਲਬਾਤ ਸਮਝੌਤਾ ਹੋ ਜਾਂਦਾ ਹੈ। ਜਿਸ ਗੱਲ ਤੋਂ ਵੀ ਲੋਕਾਂ ਨੂੰ ਆਪਣੀ ਜਾਨ ਅਤੇ ਮਾਲ ਦਾ ਡਰ ਹੋਵੇ ਸਿਆਸਤ ਓਹਨੂੰ ਉਛਾਲ ਦੀ ਹੈ, ਆਪਣੀ ਮਸ਼ੀਨਰੀ ਅਤੇ ਸਾਧਨਾਂ ਰਾਹੀਂ ਵੱਡਾ ਕਰ ਕੇ ਵਿਖਾਉਂਦੀ ਹੈ। ਅਜਿਹੇ ਮੌਕੇ ਜੇਕਰ ਨਾ ਬਣਨ ਤਾਂ ਸਿਆਸਤ ਖੁਦ ਬਣਾ ਲੈਂਦੀ ਹੈ ਅਤੇ ਜੇਕਰ ਬਣੇ ਬਣਾਏ ਮਿਲ ਜਾਣ ਫਿਰ ਤਾਂ ਰੀਸਾਂ ਹੀ ਕੀ।

ਕੁਝ ਗੱਲਾਂ ਅਜਿਹੀ ਸਿਆਸਤ ਲਈ ਵੀ ਡਰ ਹੁੰਦੀਆਂ ਹਨ ਜਿਵੇਂ ਉੱਥੋਂ ਦੇ ਢਾਂਚੇ ਨੂੰ ਕੋਈ ਵੰਗਾਰੇ ਅਤੇ ਸੋਧਣ ਦੇ ਅਮਲ ਕਰੇ, ਸਭ ਦੇ ਭਲੇ ਦੀ ਗੱਲ ਕਰੇ, ਇਨਸਾਫ ਦੀ ਗੱਲ ਕਰੇ ਆਦਿ। ਇਹ ਗੱਲਾਂ ਪੱਖਪਾਤੀ ਅਤੇ ਜ਼ਾਲਮ ਬੰਦਿਆਂ ਨੂੰ ਕਿਵੇਂ ਪਚਣ? ਇਸੇ ਲਈ ਸਿਆਸਤ ਤਲਖੀ ਵਿੱਚ ਆਉਂਦੀ ਹੈ ਅਤੇ ਜੋ ਵੀ ਸੰਭਵ ਹੋਵੇ ਉਹ ਕਰਦੀ ਹੈ, ਬਾਗੀਆਂ ਨੂੰ ਤਸੀਹੇ ਦਿੰਦੀ ਹੈ, ਬਦਨਾਮ ਕਰਦੀ ਹੈ ਅਤੇ ਬਾਕੀਆਂ ਨੂੰ ਇਸ ਅਮਲ ਰਾਹੀਂ ਡਰਾਉਂਦੀ ਹੈ ਅਤੇ ਦੇਸ਼ ਭਗਤੀ ਦੇ ਪਾਠ ਪੜ੍ਹਾਉਂਦੀ ਹੈ। ਕੁਝ ਗੱਲਾਂ ਤੋਂ ਬੰਦੇ ਆਪਣੀ ਕਿਸੇ ਘਾਟ ਕਰਕੇ ਵੀ ਡਰਦੇ ਹੁੰਦੇ ਹਨ, ਉਹਨਾਂ ਗੱਲਾਂ ਨੂੰ ਇਹ ਸਿਆਸਤ ਆਪਣੇ ਹਥਿਆਰ ਵਜੋਂ ਵਰਤਦੀ ਹੈ ਅਤੇ ਸਮੇਂ ਸਮੇਂ ਉੱਤੇ ਓਹਦਾ ਡਰਾਵਾ ਦਿੰਦੀ ਹੈ ਅਤੇ ਬੰਦਿਆਂ ਨੂੰ ਅਪਾਹਜ ਬਣਾ ਕੇ ਰੱਖਦੀ ਹੈ। ਕੁਝ ਗੱਲਾਂ ਕੁਦਰਤੀ ਆਫ਼ਤ ਦੇ ਰੂਪ ਵਿੱਚ ਸਮਾਜ ਅੱਗੇ ਆ ਖੜਦੀਆਂ ਹਨ ਜੋ ਹਰ ਕਿਸੇ ਲਈ ਮੁਸ਼ਕਲ ਦਾ ਸਬੱਬ ਬਣਦੀਆਂ ਹਨ, ਅਜਿਹੇ ਵਿੱਚ ਇਸ ਮੁਸ਼ਕਲ ਘੜੀ ਨਾਲ ਨਜਿੱਠਣ ਅਤੇ ਇਹਦੇ ਹੱਲ ਲਈ ਬਣਦੇ ਸਹੀ ਕਦਮ ਚੁੱਕਣ ਦੀ ਥਾਂ ਸਿਆਸਤ ਇਸ ਮੁਸ਼ਕਲ ਦਾ ਲਾਹਾ ਲੈਂਦੀ ਹੈ। ਲੋਕਾਂ ਉੱਤੇ ਸਦਮਾ ਸਿਧਾਂਤ ਦੀ ਵਰਤੋਂ ਕਰ ਆਪਣੀਆਂ ਘਟੀਆ ਨੀਤੀਆਂ ਨੂੰ ਲਾਗੂ ਕਰਦੀ ਹੈ ਅਤੇ ਲਗਾਤਾਰ ਬੰਦਿਆਂ ਨੂੰ ਇਹਦੇ ਡਰ ਵਿੱਚ ਰੱਖਣ ਲਈ ਆਪਣੇ ਸਾਧਨਾਂ ਰਾਹੀਂ ਇਸ ਕੁਦਰਤੀ ਆਫ਼ਤ ਨੂੰ ਵੱਡਾ ਡਰ ਬਣਾ ਕੇ ਪੇਸ਼ ਕਰਦੀ ਹੈ। ਮੌਤਾਂ ਦੀ ਗਿਣਤੀ ਅਤੇ ਹੋਰ ਡਰਾਉਣੀਆਂ ਗੱਲਾਂ ਨੂੰ ਵੱਡੇ ਗੂੜੇ ਅੱਖਰ ਨਸੀਬ ਹੁੰਦੇ ਹਨ। ਚੀਕਿਆ ਜਾਂਦਾ ਹੈ ਕਿ ਇਹ ਜੰਗ ਹੈ ਪਰ ਲੜਨ ਲਈ ਨਹੀਂ ਕਿਹਾ ਜਾਂਦਾ, ਲੜਨ ਦੇ ਨਾਮ ਉੱਤੇ ਡਰਨ ਲਈ ਕਿਹਾ ਜਾਂਦਾ ਹੈ, ਹੌਸਲਾ ਨਹੀਂ ਦਿੱਤਾ ਜਾਂਦਾ ਸਗੋਂ ਮੌਤ ਦਿਖਾਈ ਜਾਂਦੀ ਹੈ।

ਇਹ ਸਭ ਕੁਝ ਇਸੇ ਤਰ੍ਹਾਂ ਲਗਾਤਾਰ ਤੇਜ਼ੀ ਨਾਲ ਵੱਧਦਾ ਰਹਿੰਦਾ ਹੈ। ਕੁੱਲ ਲੁਕਾਈ ਮੌਤ ਦੇ ਡਰ ਤੋਂ ਮੁਕਤ ਹੋ ਜਾਵੇ ਜਾਂ ਕੋਈ ਅਜਿਹੀ ਗੱਲ ਨਾ ਕਰੇ ਜਿਸ ਦਾ ਡਰ ਦੇ ਕੇ ਅਜਿਹੀ ਸਿਆਸਤ ਲਾਹਾ ਲੈ ਸਕੇ, ਇਹ ਤਾਂ ਸ਼ਾਇਦ ਕਦੀ ਵੀ ਸੰਭਵ ਨਾ ਹੋਵੇ, ਇਕਦਮ ਤਾਂ ਬਿਲਕੁਲ ਵੀ ਨਹੀਂ ਪਰ ਘੱਟੋ ਘੱਟ ਇਸ ਵਰਤਾਰੇ ਨੂੰ ਸਮਝਣ ਦੇ ਯਤਨ ਜਰੂਰ ਕਰਨੇ ਚਾਹੀਦੇ ਹਨ, ਵਿਚਾਰਾਂ ਹੋਣੀਆਂ ਚਾਹੀਦੀਆਂ ਹਨ, ਸਵੈ ਪੜਚੋਲ ਹੋਣੀ ਚਾਹੀਦੀ ਹੈ ਅਤੇ ਆਪੋ ਆਪਣੀ ਸਮਰੱਥਾ ਅਨੁਸਾਰ ਸਾਵਧਾਨੀਆਂ ਵਰਤ ਕੇ ਸੰਭਵ ਕਦਮ ਪੁੱਟਣੇ ਚਾਹੀਦੇ ਹਨ ਤਾਂ ਕਿ ਇਸ ਡਰ ਉੱਤੇ ਸਿਆਸਤ ਦੀ ਪਕੜ ਢਿੱਲੀ ਕੀਤੀ ਜਾ ਸਕੇ ਨਹੀਂ ਤਾਂ ਇਸ ਡਰ ਦਾ ਲਾਹਾ ਸਿਆਸਤ ਨੇ ਇਸੇ ਤਰ੍ਹਾਂ ਲੈਂਦੇ ਰਹਿਣਾ ਹੈ ਅਤੇ ਲੋਕਾਂ ਨੂੰ ਇਸ ਡਰ ਦੇ ਖੇਡੇ ਵਿੱਚ ਪਾ ਕੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਂਦੇ ਰਹਿਣਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: