ਚੋਣਵੀਆਂ ਲਿਖਤਾਂ » ਲੇਖ

ਲਫਜ਼ਾਂ ਦੀ ਖੇਡ ( ਡਾ: ਸੇਵਕ ਸਿੰਘ )

February 14, 2018 | By

– ਡਾ: ਸੇਵਕ ਸਿੰਘ

ਕੋਈ 100 ਕੁ ਵਰੇ ਪਹਿਲਾਂ ਦੀ ਗੱਲ ਹੈ ਕਿ ਇਕ ਚੋਰਾਂ ਦਾ ਟੋਲਾ ਚੋਰੀ ਕਰਨ ਜਾ ਰਿਹਾ ਸੀ। ਜਦੋਂ ਉਹ ਮਿਥੇ ਹੋਏ ਪਿੰਡ ਦੇ ਨੇੜੇ ਪਹੁੰਚੇ ਤਾਂ ਉਨਾਂ ਨੇ ਅੱਗੋਂ ਕੁਝ ਬੰਦੇ ਆਉਂਦੇ ਦੇਖੇ। ਆਪਣੇ ਕਸਬ ਦੇ ਹਿਸਾਬ ਨਾਲ ਉਹ ਖਿਲਰ ਕੇ ਇਧਰ ਓਧਰ ਲੁਕ ਗਏ। ਟੋਲੇ ਦਾ ਆਗੂ ਇਕ ਸਾਧੂ ਦੀ ਕੁਟੀਆ ਵਿਚ ਜਾ ਵੜਿਆ। ਸਾਧੂ ਇਕੱਲਾ ਸੀ ਅਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ ਸੀ। ਕੋਈ ਘੜੀ ਭਰ ਸਮਾਂ ਗੁਜ਼ਾਰ ਕੇ ਉਹ ਚੋਰ ਮੁੜ ਕੱਠੇ ਹੋਏ ਤਾਂ ਟੋਲੇ ਦੇ ਆਗੂ ਨੇ ਚੋਰੀ ਦਾ ਕੰਮ ਅਗਲੇ ਦਿਨ ਤੇ ਪਾ ਦਿੱਤਾ। ਅਗਲੇ ਦਿਨ ਉਹ ਚੋਰ ਫਿਰ ਕੁਟੀਆ ਵਿਚ ਪੁੱਜਾ ਅਤੇ ਪਾਠ ਸੁਣਨ ਲੱਗਾ। ਮਿਥੇ ਹੋਏ ਸਮੇਂ ਮੁਤਾਬਕ ਜਦੋਂ ਸਾਰੇ ਜਾਣੇ ਕੱਠੇ ਹੋਏ ਤਾਂ ਟੋਲੇ ਦੇ ਆਗੂ ਨੇ ਨਾ ਸਿਰਫ ਚੋਰੀ ਦੀ ਤਜਵੀਜ਼ ਰੱਦ ਕਰ ਦਿੱਤਾ ਸਗੋਂ ਉਸਨੇ ਚੋਰੀ ਦਾ ਕੰਮ ਹੀ ਛੱਡਣ ਦਾ ਐਲਾਨ ਕਰ ਦਿੱਤਾ। ਉਸਦੇ ਮਨ ਉੱਤੇ ਬਾਣੀ ਦਾ ਅਸਰ ਹੋ ਗਿਆ ਸੀ। ਉਸਨੇ ਆਪਣੇ ਸਾਥੀਆਂ ਕਿਹਾ ਕਿ ਤੁਸੀਂ ਅਜ਼ਾਦ ਹੋ ਜਿਥੇ ਮਰਜ਼ੀ ਜਾ ਸਕਦੇ ਹੋ, ਮੈਂ ਤਾਂ ਸਿੱਖ ਬਣਨਾ ਹੈ। ਉਸਨੇ ਸਾਥੀਆਂ ਸਾਰੀ ਗੱਲ ਦੱਸੀ। ਮੈਂ ਸਾਧੂ ਬਾਬੇ ਪੁੱਛਿਆ ਹੈ ਉਹ ਕਹਿੰਦਾ ਹੈ ਗੁਰਮੁਖੀ ਅੱਖਰ ਸਿੱਖਣ ਅਤੇ ਪਾਠ ਕਰਨਾ ਸਿੱਖਣ ਲਈ ਤੈ ਇੰਨਾ ਸਮਾਂ ਲੱਗੇਗਾ ਫਿਰ ਤੂੰ ਸਿੱਖ ਬਣ ਸਕੇਂਗਾ। ਉਸਦੇ ਸਾਥੀ ਵੀ ਉਸਦੇ ਨਾਲ ਸਹਿਮਤ ਹੋ ਗਏ।

ਡਾ: ਸੇਵਕ ਸਿੰਘ (ਫਾਈਲ ਫੋਟੋ)

ਡਾ: ਸੇਵਕ ਸਿੰਘ (ਫਾਈਲ ਫੋਟੋ)

ਇਨਾਂ ਸਾਰਿਆਂ ਨੇ ਪਾਠ ਸਿੱਖਿਆ ਅਤੇ ਸਿੱਖ ਬਣ ਗਏ। ਇਹ ਯਾਦ ਰੱਖੋ ਕਿ ਪਹਿਲਾਂ ਵਾਲੇ ਸਮੇਂ ਵਿਚ ਸਿੱਖ ਬਣਨ ਤੋਂ ਪਹਿਲਾਂ ਬੰਦੇ ਰਹਿਤ ਵਿਚ ਪੱਕਿਆਂ ਕੀਤਾ ਜਾਂਦਾ ਸੀ। ਜਦੋਂ ਇਹ ਸਿੰਘ ਗੁਰੂ ਧਾਮਾਂ ਦੇ ਦਰਸ਼ਨ ਕਰਨ ਨਿੱਕਲੇ ਤਾਂ ਗੁਰਦੁਆਰਿਆਂ ਦੀ ਹਾਲਤ ਵੇਖ ਕੇ ਇਨਾਂ ਦਾ ਖੂਨ ਖੌਲ ਉੱਠਿਆ। ਇਨਾਂ ਦੇ ਆਗੂ ਨੇ ਅੰਮ੍ਰਿਤਸਰ ਜਾ ਕੇ ਉਸ ਵੇਲੇ ਪੰਜਾਬੀ ਦੇ ਛਪਦੇ ਇਕ ਅਖ਼ਬਾਰ ਵਿਚ ਇਕ ਵੰਗਾਰ ਦਿੱਤੀ ਕਿ ਗੁਰੂ ਘਰਾਂ ਦੇ ਸੁਧਾਰ ਲਈ ਸੌ ਸਿਰਲੱਥ ਯੋਧਿਆਂ ਦੀ ਲੋੜ ਹੈ, ਫਲਾਣੇ ਦਿਨ ਫਲਾਣੀ ਥਾਂ ਪਹੁੰਚੋ। ਮਿਥੇ ਹੋਏ ਵੇਲੇ ਤੇ ਥਾਂ ਉੱਤੇ ਸੌ ਦੀ ਥਾਂ ਤੇ 4-5 ਸੌ ਬੰਦੇ ਪਹੁੰਚ ਗਏ। ਕੁਝ ਬੰਦੇ ਇਹ ਦੇਖਣ ਲਈ ਵੀ ਆ ਗਏ ਕਿ ਵੰਗਾਰ ਦੇਣ ਵਾਲੇ ਕੌਣ ਹਨ ਅਤੇ ਇਸ ਵੰਗਾਰ ਦਾ ਕੀ ਬਣੇਗਾ। ਉਸ ਵੇਲੇ ਪ੍ਰਿੰਸੀਪਲ ਤੇਜਾ ਸਿੰਘ ਅਤੇ ਕੁਝ ਹੋਰ ਨਾਮਵਰ ਸ਼ਖਸੀਅਤਾਂ ਵੀ ਪਹੁੰਚ ਗਈਆਂ। ਇਨਾਂ ਸਿੰਘਾਂ ਨੇ ਜੱਥਾ ਬਣਾਇਆ ਤਾਂ ਨਾਂ ਰੱਖਣ ਦੀ ਲੋੜ ਮਹਿਸੂਸ ਹੋਈ, ਸੋ ਵਿਚਾਰਾਂ ਹੋਣ ਲੱਗੀਆਂ। ਕੋਈ ਕਹੇ, ਸੇਵਾ ਦਲ ਰੱਖ ਲਵੋ, ਕੋਈ ਕਹੇ ਸੁਧਾਰ ਸਭਾ ਵਗੈਰਾ-ਵਗੈਰਾ। ਵੰਗਾਰ ਦੇਣ ਵਾਲੇ ਸੱਜਣ ਨੇ ਆਪਣਾ ਫੈਸਲਾ ਸੁਣਾਇਆ ਕਿ ਇਹ ਕਾਲ ਦੇ ਭੈਅ ਤੋਂ ਰਹਿਤ ਸਿੰਘਾਂ ਦਾ ਜੱਥਾ ਹੈ ਇਸ ਕਰਕੇ ਇਸਦਾ ਨਾਂ ਅਕਾਲੀ ਦਲ ਹੋਏਗਾ। ਇਹ ਕੰਮ ਕਰਨ ਵਾਲੀ ਹਸਤੀ ਸੀ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਇਹ ਵਾਰਤਾ ਸੁਣਾਉਣ ਵਾਲੇ ਸਨ ਪ੍ਰੋ. ਹਰਪਾਲ ਸਿੰਘ ਪੰਨੂ।ਇਤਿਹਾਸ ਦਾ ਇਹ ਪ੍ਰਸੰਗ ਸੁਣ ਕੇ ਮਨ ਉੱਤੇ ਕਿੰਨੀਆਂ ਹੀ ਲਹਿਰਾਂ ਉੱਠੀਆਂ। ਅਗਲੇ ਪਿਛਲੇ ਸਮੇਂ ਦੇ ਖਿਆਲ ਆਏ ਕੁਝ ਫੜਨ ਦੀ ਮੈਂ ਜ਼ੋਰ ਅਜਮਾਈ ਕੀਤੀ।

ਅਕਾਲੀ ਲਫਜ਼ ਦਾ ਸਿੱਖ ਇਤਿਹਾਸ ਵਿਚ ਜੋ ਮਹੱਤਵ ਰਿਹਾ ਹੈ ਉਸਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਕਾਲੀਆਂ ਸਾਹਮਣੇ ਝੁਕਦਾ ਸੀ ਭਾਵੇਂ ਫੌਜੀ ਤਾਕਤ ਦੇ ਹਿਸਾਬ ਨਾਲ ਉਹ ਮੁੱਠੀ ਭਰ ਸਨ ਪਰ ਉਨਾਂ ਦੇ ਕਿਰਦਾਰ ਦੀ ਉੱਚਤਾ ਬਹੁਤ ਤਾਕਤਵਰ ਸੀ। ਜਦੋਂ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਉਸਦੇ ਸਾਥੀਆਂ ਨੇ ਇਸ ਜਥੇ ਦਾ ਮੁੱਢ ਬੰਨਿਆ ਉਨਾਂ ਦੇ ਮਨਾਂ ਵਿਚ ਇਸ ਲਫਜ਼ ਲਈ ਕਿੰਨਾ ਸਤਿਕਾਰ ਅਤੇ ਚਾਅ ਹੋਏਗਾ ਤੇ ਅੱਜ ਅਕਾਲੀ ਕਹਾਉਣ ਵਾਲੇ ਲੋਕਾਂ ਲੋਕ ਕੀ ਸਮਝਦੇ ਹਨ ਇਹ ਕਹਿਣ ਦੀ ਜ਼ਰੂਰਤ ਨਹੀਂ। ਇਕ ਲਫਜ਼ ਨੇ ਇਤਿਹਾਸ ਦਾ ਇਹ ਫਾਸਲਾ ਇਸ ਤਰਾਂ ਤੈਅ ਕੀਤਾ ਉਹ ਦੱਸ ਪਾਉਂਦਾ ਹੈ ਕਿ ਕੌਮਾਂ ਦੀ ਹਸਤੀ ਦੇ ਚੜਾਅ ਉਤਰਾਅ ਲਫਜ਼ਾਂ ਰਾਹੀਂ ਵੀ ਮਾਪੇ ਜਾ ਸਕਦੇ ਹਨ।

ਕੁੱਲ ਧਰਮਾਂ ਦੀਆਂ ਇਲਾਹੀ ਲਿਖਤਾਂ ਕੁਦਰਤ ਦੇ ਭੇਤਾਂ ਦੇ ਵੇਰਵੇ (ਵਿਗਿਆਨ), ਦਿਲਾਂ ਦੇ ਵਲਵਲੇ (ਗੀਤ ਕਹਾਣੀਆਂ) ਅਤੇ ਸਮੇਂ ਦੀਆਂ ਸਰਕਾਰਾਂ ਦੇ ਸਭ ਹੁਕਮ ਲਫਜ਼ਾਂ ਦੀ ਖੇਡ ਦਾ ਹਿੱਸਾ ਹਨ। ਸਦੀਆਂ ਪਹਿਲਾਂ ਜੋ ਚੰਗਾ ਮਾੜਾ ਹੋਇਆ ਅੱਜ ਜੋ ਸਾਡੇ ਚਾਰ ਚੁਫੇਰੇ ਵਰਤ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਸੁਨਹਿਰੀ ਸੁਪਨੇ ਅਤੇ ਜਿਨਾਂ ਖਤਰਿਆਂ ਦੀ ਅਸੀਂ ਤਸਵੀਰ ਖਿੱਚਦੇ ਹਾਂ ਸਾਰੇ ਲਫਜ਼ਾਂ ਦੇ ਮੁਥਾਜ ਹਨ। ਕੁਦਰਤ ਦੀ ਹਰ ਹਸਤੀ ਅਤੇ ਬੰਦੇ ਵਿਚਲੇ ਫਰਕ ਦਾ ਨੁਕਤਾ ਲਫਜ਼ ਹਨ। ਬੰਦਾ ਜੋ ਵੇਖਦਾ, ਸੁਣਦਾ, ਸੋਚਦਾ ਹੈ ਉਹ ਸਭ ਲਫਜ਼ਾਂ ਰਾਹੀਂ ਲਿਖ ਬੋਲ ਕੇ ਪਰਗਟ ਕਰਦਾ ਹੈ। ਇਹ ਵੀ ਕੋਈ ਗਲਤ ਗੱਲ ਨਹੀਂ ਹੈ ਕਿ ਜੇ ਕੋਈ ਕਹੇ ਬੰਦਾ ਲਫਜ਼ਾਂ ਬਿਨਾਂ ਕੱਖ ਨਹੀਂ ਹੈ। ਬੰਦੇ ਨੇ ਜੋ ਵਿਧੰਤ ਵਧਾਇਆ ਹੋਇਆ ਹੈ ਇਹ ਸਭ ਲਿਖੇ ਬੋਲੇ ਸ਼ਬਦਾਂ ਦੇ ਜ਼ੋਰ ਨਾਲ ਘੁੰਮਦਾ ਹੋਇਆ ਚੱਕ ਹੀ ਹੈ। ਸਭ ਤੋਂ ਪਹਿਲਾਂ ਧਰਮ (ਰੱਬ ਦਾ ਹੁਕਮ) ਲਫਜ਼ਾਂ ਰਾਹੀਂ ਪ੍ਰਗਟ ਹੋਇਆ ਉਹ ਵੀ ਕਵਿਤਾ ਦੇ ਰੂਪ ਵਿਚ ਫਿਰ ਰਾਜ ਸੱਤਾ ਦਾ ਹੁਕਮ ਬਿਆਨ ਹੋਇਆ ਅਤੇ ਫਿਰ ਆਮ ਬੰਦੇ ਦਾ ਲਫਜ਼ਾਂ ਦੀ ਖੇਡ ਵਿਚ ਹਿੱਸਾ ਹੋ ਗਿਆ।

ਅੱਜ ਦੇ ਸਮੇਂ ਤਕ ਦੇਸ਼ਾਂ ਕੌਮਾਂ ਦੇ ਇਤਿਹਾਸ ਮਿਥਿਹਾਸ ਅੰਦਰ ਸ਼ਬਦਾਂ ਦੀ ਜੋ ਥਾਂ ਹੈ ਉਹ ਸਾ ਇਸਦਾ ਮੁੱਲ ਮਹੱਤਵ ਦੱਸਣ ਲਈ ਕਾਫੀ ਹੈ। ਪੁਰਾਣੇ ਵੇਲੇ ਇਤਿਹਾਸ ਅੰਦਰ ਕਾਰਥੇਜੀ ਯੋਧੇ ਹੈਨੀਬਾਲ ਦਾ ਨਾਂ ਬੜਾ ਪ੍ਰਸਿੱਧ ਹੈ। ਕਹਿੰਦੇ ਨੇ ਇਕ ਜੰਗ ਜੋ ਉਸਦੇ ਪੁਰਖੇ ਹਾਰ ਰਹੇ ਸਨ ਉਸ ਸਮੇਂ ਹੈਨੀਬਾਲ ਦੇ ਚਾਚੇ ਨੇ 9-10 ਸਾਲਾਂ ਦੇ ਇਸ ਬਾਲਕ ਤੋਂ ਬਚਨ ਲਿਆ ਕਿ ਤੂੰ ਮਰਦੇ ਦਮ ਤਕ ਰੋਮਨਾਂ ਨਾਲ ਲੜਦਾ ਰਹੀਂ। ਸਮਾਂ ਪਾ ਕੇ ਹੈਨੀਬਾਲ ਇਕ ਸੈਨਾਪਤੀ ਯੋਧੇ ਵਜੋਂ ਮਸ਼ਹੂਰ ਹੋਇਆ ਜਿਸਨੇ ਐਲਪਸ ਪਹਾੜ ਦੀਆਂ ਚੋਟੀਆਂ ਸਦੀਆਂ ਪਹਿਲਾਂ ਹਾਥੀਆਂ ਸਮੇਤ ਪਾਰ ਕੀਤਾ ਜਿਨਾਂ ਅੱਜ ਵੀ ਅਨੇਕਾਂ ਸੁਖ ਸਹੂਲਤਾਂ ਦੇ ਹੁੰਦੇ ਪਾਰ ਕਰਨਾ ਮੁਸ਼ਕਲ ਹੈ। ਹੈਨੀਬਾਲ ਦੀ ਤਾਕਤ ਅੱਗੇ ਰੋਮਨ ਸਾਮਰਾਜ ਝੁਕ ਗਿਆ ਉਹ ਵਧਦਾ ਹੋਇਆ ਰੋਮ ਸ਼ਹਿਰ ਪੁੱਜਾ। ਕਹਿੰਦੇ ਨੇ ਜਦੋਂ ਉਸਨੇ ਸ਼ਹਿਰ ਚ ਵੜ ਕੇ ਕਿਲੇ ਤੇ ਕਬਜ਼ਾ ਕਰਨਾ ਸੀ ਤਾਂ ਉਸ ਯਾਦ ਆਇਆ ਕਿ ਜੇ ਉਸਨੇ ਰੋਮਨਾਂ ਫਤਿਹ ਕਰ ਲਿਆ ਤਾਂ ਉਸਦੇ ਦਿੱਤੇ ਹੋਏ ਬਚਨ ਦਾ ਕੀ ਬਣੇਗਾ। ਉਸਨੇ ਕਿਲੇ ਦੀ ਫਸੀਲ ਤੋਂ ਆਪਣਾ ਨੇਜਾ ਵਗਾ ਕੇ ਕਿਲੇ ਦੇ ਅੰਦਰ ਸੁੱਟ ਦਿੱਤਾ ਅਤੇ ਵਾਪਸ ਚੱਲ ਪਿਆ। ਦੁਨੀਆਂ ਦੇ ਸਭ ਤੋਂ ਪੁਰਾਣੇ ਅਤੇ ਪ੍ਰਸਿੱਧ ਸਾਮਰਾਜ ਜਿੱਤ ਕੇ ਬਚਪਨ ਵਿਚ ਦਿੱਤੇ ਹੋਏ ਸ਼ਬਦਾਂ ਦੀ ਲੱਜ ਪਾਲਣ ਲਈ ਛੱਡ ਦਿੱਤਾ। ਦੁਨੀਆਂ ਅੱਜ ਵੀ ਹੈਨੀਬਾਲ ਯਾਦ ਕਰਦੀ ਹੈ।

ਭਾਰਤੀ ਮਿਥਿਹਾਸ ਅੰਦਰ ਆਪਣੇ ਪਿਓ ਦੇ ਬਚਨਾਂ ਪੁਗਾਉਣ ਲਈ ਇਕ ਰਾਜਕੁਮਾਰ ਨੇ ਆਪਣੇ ਪਿਤਾ ਨਾਲ ਜੋ ਕੌਲ ਕੀਤਾ ਉਸ ਨਿਭਾਉਣ ਲਈ ਉਸਨੇ ਰਾਜ ਭਾਗ ਤਿਆਗ ਕੇ ਬਨਵਾਸ ਲੈ ਲਿਆ। ਬਚਨਾਂ ਪਾਲਣ ਕਰਕੇ ਇਹ ਰਾਜਕੁਮਾਰ, ਰਾਜਕੁਮਾਰ ਤੋਂ ਅਵਤਾਰ ਹੋ ਗਿਆ। ਭਾਰਤ ਦੇ ਇਤਿਹਾਸ ਮਿਥਿਹਾਸ ਵਿਚ ਸ੍ਰੀ ਰਾਮ ਚੰਦਰ ਦਾ ਨਾਂ ਸਭ ਤੋਂ ਵੱਧ ਲਿਆ ਜਾਂਦਾ ਹੈ।

ਦੁਨੀਆਂ ਦੇ ਇਤਿਹਾਸ ਵਿਚ ਜਿਨਾਂ ਲੋਕਾਂ ਨੇ ਆਪਣੇ ਕਹੇ ਸ਼ਬਦਾਂ ਦੀ ਲੱਜ ਪਾਲੀ ਉਹ ਆਉਂਦੇ ਸਮੇਂ ਲਈ ਯੋਧੇ, ਚਾਨਣ ਮੁਨਾਰੇ ਅਤੇ ਪੂਜਣਯੋਗ ਹੋ ਗਏ। ਪਰ ਇਸਦੇ ਉਲਟ ਜੋ ਆਪਣੇ ਕੀਤੇ ਵਚਨਾਂ ਤੋਂ ਮੁੱਕਰ ਗਏ ਉਨਾਂ ਇਤਿਹਾਸ ਦੀ ਕਾਲ਼ਖ ਨਸੀਬ ਹੋਈ। ਗੁਰਬਾਣੀ ਵਿਚ ਵੀ ਇਹ ਲਿਖਿਆ ਹੈ ਕਿ ਜੋ ਮਨੁੱਖ ਬਚਨ ਕਰਕੇ ਨਿਭਾਉਂਦਾ ਨਹੀਂ ਉਹ ਕੱਚਾ ਹੈ। ਦਸਮੇਸ਼ ਪਿਤਾ ਜ਼ਫ਼ਰਨਾਮੇ ਅੰਦਰ ਪਹਾੜੀ ਰਾਜਿਆਂ ਅਤੇ ਔਰੰਗਜ਼ੇਬ ਬਚਨ ਨਾ ਪਾਲਣ ਦੇ ਦੋਸ਼ੀ ਠਹਿਰਾਉਂਦੇ ਹਨ ਤੇ 1947 ਮਗਰੋਂ ਸਿੱਖ ਆਗੂ ਵੀ ਹਿੰਦੋਸਤਾਨ ਦੀ ਹਕੂਮਤ ਬਚਨਾਂ ਤੋਂ ਮੁੱਕਰ ਜਾਣ ਦਾ ਦੋਸ਼ ਦਿੰਦੇ ਹਨ। ਸਿੱਖ ਕੌਮ ਲਈ ਇਤਿਹਾਸ ਵਿਚ ਨਮੋਸ਼ੀ ਵੀ ਇਨਾਂ ਹੀ ਆਗੂਆਂ ਨੇ ਲੈ ਕੇ ਦਿੱਤੀ। ਜਦੋਂ ਉਹ ਕੌਮ ਨਾਲ ਕੀਤੇ ਹੋਏ ਬਚਨਾਂ ਤੋਂ ਭੱਜ ਉੱਠੇ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ (ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਵਲੋਂ ਮਰਨ ਦੀ ਕੀਤੀ ਅਰਦਾਸ ਤੋੜਨ ਦਾ ਜੋ ਗੁਨਾਹ ਕੀਤਾ ਉਸ) ਆਪਣੀ ਜਾਨ ਦੇ ਕੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਸ ਕੌਮ ਬਚਨ ਦੇ ਪੱਕੇ ਲੋਕਾਂ ਵਜੋਂ ਜਾਣਿਆ ਜਾਂਦਾ ਸੀ ਉਸਦੀ ਲੀਡਰਸ਼ਿਪ ਵਲੋਂ ਆਪਣੇ ਬਚਨ ਨਾ ਨਿਭਾਉਣ ਕਰਕੇ ਲਗਾਤਾਰ ਉਨਾਂ ਦੀ ਸਾਖ ਡਿੱਗ ਰਹੀ ਹੈ।

ਮਨ ਦੀਆਂ ਗੱਲਾਂ ਸਮਝਣ ਵਾਲਿਆਂ ਮਾਹਰਾਂ ਮਨੋਵਿਗਿਆਨੀ ਕਿਹਾ ਜਾਂਦਾ ਹੈ। ਮਨੋਵਿਗਿਆਨੀ ਆਖਦੇ ਹਨ ਕਿ ਬੰਦੇ ਵਲੋਂ ਕਹੇ ਗਏ ਸ਼ਬਦਾਂ ਦੀ ਲੱਜ ਪਾਲਣ ਦਾ ਕੰਮ ਤਾਂ ਵੱਖਰਾ ਹੈ ਬੰਦੇ ਵਲੋਂ ਬੋਲੇ ਗਏ ਲਫਜ਼ ਅਤੇ ਉਨਾਂ ਲਫਜ਼ਾਂ ਦੀ ਤਰਤੀਬ ਵੀ ਦੱਸ ਦਿੰਦੀ ਹੈ ਕਿ ਬੰਦੇ ਦਾ ਕਿਰਦਾਰ ਕਿਹੋ ਜਿਹਾ ਹੈ ਅਤੇ ਉਸਦੀ ਕੀ ਔਕਾਤ ਹੈ।

ਰਾਜਨੀਤੀ ਇਕ ਅਜਿਹਾ ਕੰਮ ਹੈ ਜੋ ਲੋਕਾਂ ਦੀ ਜ਼ਿੰਦਗੀ ਮੌਤ ਨਾਲ ਜੁੜਿਆ ਹੋਇਆ ਹੈ। ਰਾਜ-ਭਾਗ ਚਲਾਉਣ ਵਾਲੇ ਲੋਕ ਪਰਜਾ ਦੇ ਹਰ ਤਰਾਂ ਰਖਵਾਲੇ ਹੁੰਦੇ ਹਨ ਉਨਾਂ ਦੇ ਮੂੰਹੋਂ ਨਿਕਲਿਆ ਹਰ ਸ਼ਬਦ ਸੱਚ ਸਮਾਨ ਹੁੰਦਾ ਹੈ ਜਿਸ ਉਹ ਆਪਣੇ ਕਿਰਦਾਰ ਰਾਹੀਂ ਸਿੱਧ ਕਰਦੇ ਹਨ। ਮਹਾਂਭਾਰਤ ਅੰਦਰ ਇਕ ਕਥਾ ਹੈ ਜਿਸ ਵਿਚ ਗੁਰੂ ਅਤੇ ਚੇਲੇ ਦੇ ਰਾਜ ਪ੍ਰਬੰਧ ਬਾਰੇ ਸਵਾਲ ਜਵਾਬ ਹਨ। ਜਿਸ ਵਿਚ ਇਕ ਸਵਾਲ ਦੇ ਜਵਾਬ ਵਜੋਂ ਗੁਰੂ ਚੇਲੇ ਕਹਿੰਦਾ ਹੈ ਕਿ ਜੇਕਰ ਦੇਸ਼ ਵਿਚ ਕਾਲ ਪੈ ਜਾਂਦਾ ਹੈ ਤਾਂ ਇਸ ਵਿਚ ਕੁਦਰਤ ਦਾ ਦੋਸ਼ ਨਹੀਂ ਹੈ ਇਸ ਲਈ ਵੀ ਰਾਜਾ ਹੀ ਜ਼ਿੰਮੇਵਾਰ ਹੈ। ਇਹ ਆਫਤ ਵੀ ਉਸ ਵਲੋਂ ਧਰਮ ਠੀਕ ਤਰਾਂ ਨਾ ਨਿਭਾਉਣ ਕਰਕੇ ਆਈ ਹੈ। ਪਰ ਸਿੱਖ ਧਰਮ ਅੰਦਰ ਗੁਰੂ ਸਾਹਿਬ ਨੇ ਹਰ ਸਿੱਖ ਜੁੰਮੇ ਹੀ ਇਹ ਫਰਜ਼ ਆਇਦ ਕੀਤਾ ਹੈ ਕਿ ਉਸਨੇ ਸਰਬੱਤ ਦੇ ਭਲੇ ਦਾ ਕਾਰਜ ਕਰਨਾ ਹੈ।

ਸਿੱਖ ਧਰਮ ਅੰਦਰ ਸ਼ਬਦ ਸਭ ਤੋਂ ਉੱਚਾ ਰੁਤਬਾ ਪ੍ਰਾਪਤ ਹੈ-ਗੁਰੂ ਦਾ। ਗੁਰਬਾਣੀ ਅੰਦਰ ਕਿਹਾ ਗਿਆ ਕਿ ਉਤਪਤੀ ਅਤੇ ਵਿਨਾਸ਼ ਸ਼ਬਦ ਨਾਲ ਹੀ ਹੁੰਦੇ ਹਨ। ਇਸਲਾਮ ਅੰਦਰ ਵੀ ਇਹ ਮੰਨਿਆ ਗਿਆ ਹੈ ਕਿ ਅੱਲਾ ਵਲੋਂ ਕੁਨ ਕਹਿਣ ਨਾਲ ਕਾਇਨਾਤ ਦੀ ਰਚਨਾ ਹੋਈ। ਗੁਰੂ ਸਾਹਿਬਾਨ ਨੇ ਸਿੱਖਾਂ ਸ਼ਬਦ ਦੇ ਲੜ ਲਾਇਆ ਹੈ। ਇਸ ਕਰਕੇ ਸਿੱਖਾਂ ਲਈ ਸ਼ਬਦ ਦਾ ਸਰਬੋਤਮ ਮਹੱਤਵ ਧਾਰਮਿਕ ਹੈ। ਇਤਿਹਾਸ ਅਤੇ ਸਭਿਆਚਾਰ ਵਿਚ ਸ਼ਬਦ ਦੀ ਜੋ ਮਹੱਤਤਾ ਹੈ ਉਹ ਵੀ ਅਸੀਂ ਦੇਖ ਚੁੱਕੇ ਹਾਂ ਅਤੇ ਦਸਮੇਸ਼ ਪਿਤਾ ਨੇ ਆਪਣੇ ਸਿੱਖਾਂ ਇਹ ਵੀ ਸੱਪਸ਼ਟ ਤਾੜਨਾ ਕੀਤੀ ਹੈ ਕਿ ਜੋ ਸਿੱਖ ਮੇਰੀ ਰਹਿਣੀ ਰਹੇਗਾ ਉਸ ਹੀ ਸਿੱਖ ਮੰਨਿਆ ਜਾਵੇਗਾ ਭਾਵ ਗੁਰੂ ਦੇ ਸ਼ਬਦਾਂ ਦੀ ਪਾਬੰਦੀ ਸਭ ਤੋਂ ਲਾਜ਼ਮੀ ਸ਼ਰਤ ਹੈ ਸਿੱਖ ਹੋਣ ਲਈ।

ਜੇ ਅਸੀਂ ਸਾਡੇ ਮੌਜੂਦਾ ਹਾਲਾਤ ਤੇ ਝਾਤੀ ਮਾਰੀਏ ਤਾਂ ਸਾਡੀ ਪਹਿਲੀ ਨਿਗਾਹ ਸਾਡੇ ਰਾਜਨੀਤਕ ਆਗੂਆਂ ਵੱਲ ਜਾਂਦੀ ਹੈ ਜਿਨਾਂ ਦੇ ਹਰ ਰੋਜ਼ ਅਖ਼ਬਾਰਾਂ ਵਿਚ ਬਿਆਨ ਛਪਦੇ ਹਨ ਜੇ ਅਸੀਂ ਸ਼ਬਦਾਂ ਦੀ ਮਹਾਨਤਾ ਮੰਨਦੇ ਹੋਏ ਇਨਾਂ ਲੀਡਰਾਂ ਵਲੋਂ ਕੀਤੇ ਜਾਂਦੇ ਵਾਅਦਿਆਂ ਦੀ ਗੱਲ ਕਰੀਏ ਉਹ ਤਾਂ ਬਹੁਤ ਦੂਰ ਦੀ ਗੱਲ ਹੋਏਗੀ। ਜੇ ਅਸੀਂ ਮਨੋਵਿਗਿਆਨੀਆਂ ਦੇ ਹਿਸਾਬ ਨਾਲ ਇਨਾਂ ਦੇ ਸ਼ਬਦਾਂ ਦੀ ਚੋਣ ਅਤੇ ਤਰਤੀਬ ਹੀ ਦੇਖ ਲਈਏ ਤਾਂ ਸਾਡੇ ਸਾਹਮਣੇ ਸਾਰੀ ਤਸਵੀਰ ਸਪੱਸ਼ਟ ਹੋ ਜਾਵੇਗੀ। ਪੰਜਾਬ ਦੀ ਸਭ ਤੋਂ ਪ੍ਰਮੁੱਖ ਪਾਰਟੀ ਦੇ ਆਗੂ ਅਤੇ ਕਈ ਵਾਰ ਮੁੱਖ ਮੰਤਰੀ ਰਹਿ ਚੁੱਕੇ ਮਨੁੱਖ ਦੇ ਬਿਆਨ ਦੇ ਸ਼ਬਦ ਅਤੇ ਉਨਾਂ ਦੀ ਤਰਤੀਬ ਇਸ ਤਰਾਂ ਹੈ। 1997 ਵਿਚ ਜਦੋਂ ਅਕਾਲੀਆਂ ਦੀ ਸਰਕਾਰ ਬਣੀ ਤਾਂ ਚੰਡੀਗੜ ਦੇ ਪ੍ਰੈਸ ਕਲੱਬ ਵਿਚ ਪਹਿਲੀ ਵਾਰ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਇਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਤੁਸੀਂ ਪੰਥ ਦੇ ਨਾਂ ਤੇ ਵੋਟਾਂ ਲਈਆਂ ਹਨ ਕਿ ਸੁੱਖੇ ਜਿੰਦੇ ਸ਼ਹੀਦ ਮੰਨੋਂਗੇ? ਸ. ਬਾਦਲ ਨੇ ਹੱਥ ਮਾਰਦਿਆਂ ਕਿਹਾ, ਛੱਡੋ ਜੀ ਪੁਰਾਣੀਆਂ ਗੱਲਾਂ । ਕੁਝ ਦਿਨ ਪਹਿਲਾਂ ਅਖ਼ਬਾਰਾਂ ਵਿਚ ਇਸ ਗੱਲ ਦਾ ਬੜਾ ਰੌਲਾ ਪਿਆ ਕਿ ਪੰਥਕ ਪਾਰਟੀ ਬਾਦਲ ਦਲ ਨੇ ਇਕ ਤੰਬਾਕੂ ਕੰਪਨੀ ਤੋਂ 8 ਲੱਖ ਰੁਪਈਏ ਦਾਨ ਲੈ ਲਿਆ ਹੈ। ਸਿੱਖ ਧਰਮ ਅੰਦਰ ਤੰਬਾਕੂ ਬੱਜਰ ਕੁਰਹਿਤ ਮੰਨਿਆ ਗਿਆ ਹੈ। ਬੱਜਰ ਕੁਰਹਿਤ ਤੋਂ ਭਾਵ ਜਿਸ ਗੱਲ ਤੋਂ ਗੁਰੂ ਸਾਹਿਬ ਨੇ ਬਹੁਤ ਹੀ ਸਖਤੀ ਨਾਲ ਮਨਾ ਕੀਤਾ ਹੈ। ਸਿੱਖ ਇਸ ਗੱਲ ਦੀ ਪ੍ਰੋੜਤਾ ਲਈ ਇਤਿਹਾਸ ਦੀ ਸਾਖੀ ਸੁਣਾਉਂਦੇ ਹਨ ਕਿ ਗੁਰੂ ਦਾ ਘੋੜਾ ਵੀ ਤੰਬਾਕੂ ਦੇ ਖੇਤ ਵਿਚੋਂ ਨਹੀਂ ਲੰਘਿਆ। ਪਰ ਅਕਾਲੀ ਦਲ ਦੇ ਪ੍ਰਧਾਨ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਤੰਬਾਕੂ ਕੰਪਨੀ ਤੋਂ ਪੈਸੇ ਲਏ ਹਨ ਤਾਂ ਉਸਨੇ ਕਿਹਾ, ਉਹ ਜੀ ਧੱਕੇ ਨਾਲ ਦੇ ਗੇ। ਇਕ ਹੋਰ ਪ੍ਰੈਸ ਕਾਨਫਰੰਸ ਵਿਚ ਇਕ ਪੱਤਰਕਾਰਨ ਨੇ ਪੁੱਛਿਆ ਕਿ ਤੁਹਾਡੇ ਤੋਂ ਮਗਰੋਂ ਹੁਣ ਤੁਹਾਡੇ ਬੇਟੇ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਹਨ ਕੀ ਇਹ ਠੀਕ ਹੈ? ਸ. ਬਾਦਲ ਨੇ ਉੱਤਰ ਦਿੱਤਾ, ਜਿਵੇਂ ਡਾਕਟਰ ਦਾ ਬੇਟਾ ਡਾਕਟਰ, ਵਕੀਲ ਦਾ ਮੁੰਡਾ ਵਕੀਲ ਹੁੰਦਾ ਏ ਏਹ ਵੀ ਓਵੇਂ ਈ ਹੈ। ਸਵਾਲਾਂ ਦੇ ਇਹ ਜਵਾਬ ਸਿੱਖ ਸਿਧਾਂਤ, ਸਿੱਖ ਇਤਿਹਾਸ, ਸਿੱਖ ਸ਼ਹੀਦਾਂ ਅਤੇ ਮੌਜੂਦਾ ਸਮੇਂ ਦੇ ਕਰੋੜਾਂ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰ ਦੀ ਮੂੰਹ ਬੋਲਦੀ ਤਸਵੀਰ ਹਨ। ਕਿ ਉਹ ਇਨਾਂ ਸਭ ਗੱਲਾਂ ਕਿੰਨੇ ਕੁ ਗੰਭੀਰਤਾ ਨਾਲ ਲੈਂਦੇ ਹਨ ਉਨਾਂ ਨੇ ਆਪਣੇ ਆਪ ਸਦਾ ਹੀ ਪੰਥ ਵਜੋਂ ਪਰਿਭਾਸ਼ਿਤ ਕੀਤਾ ਹੈ ਤੇ ਆਪਣੇ ਰਾਜਨੀਤਕ ਵਿਰੋਧੀ ਸਿੱਖਾਂ ਕਾਂਗਰਸੀ ਕਿਹਾ ਹੈ ਭਾਵ ਪੰਥ ਦੇ ਦੁਸ਼ਮਣ। ਪਰ ਜਿਸ ਗੱਲ ਲਈ ਸਿੱਖ ਗੁਰੂਆਂ ਨੇ ਢਾਈ ਸਦੀਆਂ ਅਤੇ ਸਿੱਖ ਸ਼ਹੀਦਾਂ ਨੇ ਪਿਛਲੇ 300 ਵਰਿਆਂ ਵਿਚ ਪਹਿਰਾ ਦਿੱਤਾ ਹੈ ਉਸ ਗੱਲ ਤੇ ਪਹਿਰਾ ਦੇਣਾ ਤਾਂ ਦੂਰ ਦੀ ਗੱਲ ਹੈ ਉਸ ਗੱਲ ਕਿੰਨੇ ਹਲਕੇ ਪੱਧਰ ਤੇ ਲਿਆ ਜਾ ਰਿਹਾ ਹੈ ਕਿ ਜਿਦਾਂ ਕੋਈ ਗੱਲ ਹੋਈ ਹੀ ਨਾ ਹੋਵੇ ਪਰ ਉਹ ਮੁੱਕਰ ਨਹੀਂ ਰਿਹਾ। ਸਗੋਂ ਬੜੀ ਢੀਠਤਾਈ ਨਾਲ ਇਨਾਂ ਗੱਲਾਂ ਆਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦੂਜੇ ਪਾਸੇ ਆਪਣੇ ਰਾਜਨੀਤਕ ਵਿਰੋਧੀ ਕਾਂਗਰਸੀ ਮੁੱਖ ਮੰਤਰੀ ਦੇ ਸਬੰਧ ਵਿਚ ਉਸਦੇ ਬਿਆਨਾਂ ਵੀ ਵੇਖਿਆ ਜਾ ਸਕਦਾ ਹੈ। ਪਿਛਲੇ ਸਾਲ ਲੁਧਿਆਣੇ ਵਿਚ ਸ਼ਰਾਬ ਦੇ ਠੇਕਿਆਂ ਦੀ ਬੋਲੀ ਬਾਰੇ ਉਨਾਂ ਦਾ ਬਿਆਨ ਸੀ, ਸ਼ਰਾਬ ਦੇ ਠੇਕਿਆਂ ਦੀ ਬੋਲੀ ਦੀ ਸੀ.ਬੀ.ਆਈ. ਤੋਂ ਜਾਂਚ ਕਰਾਈ ਜਾਵੇ। ਕੁਝ ਦਿਨ ਪਹਿਲਾਂ ਲੁਧਿਆਣੇ ਵਿਚ ਸਿਟੀ ਸੈਂਟਰ ਦੇ ਘਪਲੇ ਦੀ ਗੱਲ ਸ਼ੁਰੂ ਹੋਈ ਇਸ ਬਾਰੇ ਵੀ ਇਹੀ ਬਿਆਨ ਦਿੱਤਾ ਗਿਆ ਇਹ ਦੇਸ਼ ਦਾ ਸਭ ਤੋਂ ਵੱਡਾ ਘੋਟਾਲਾ ਹੈ ਇਸ ਦੀ ਸੀ.ਬੀ.ਆਈ. ਤੋਂ ਜਾਂਚ ਹੋਣੀ ਚਾਹੀਦੀ ਹੈ।, ਆਪਣੀ ਸਰਕਾਰ ਆਉਣ ਤੇ ਕੈਪਟਨ ਅੰਦਰ ਭੇਜਾਂਗੇ ਇਕ ਹੋਰ ਬਿਆਨ ਹੈ ਕੈਪਟਨ ਜੇਲ ਦੀ ਹਵਾ ਖਾਣੀ ਪਵੇਗੀ ਉਨਾਂ ਦੇ ਬੇਟੇ ਵਲੋਂ ਦਿੱਤੇ ਗਏ ਬਿਆਨਾਂ ਦੀ ਸ਼ਬਦਾਵਲੀ ਵੀ ਦੇਖਣ ਵਾਲੀ ਹੈ, ਅਸੀਂ ਕੈਪਟਨ ਦੇ ਪਜਾਮੇ ਵਿਚ ਚੂਹੇ ਛੱਡਾਂਗੇ। ਇਕ ਹੋਰ ਬਿਆਨ ਹੈ, ਸਾਡੀ ਸਰਕਾਰ ਆਉਣ ਤੇ ਮੋਤੀ ਮਹਿਲ ਦੀ ਇਕ ਇਕ ਇੱਟ ਗਿਣਾਵਾਂਗੇ, ਕੈਪਟਨ ਤੋਂ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ। ਸਾਡੀ ਸਰਕਾਰ ਆਉਣ ਤੇ ਅਕਾਲੀਆਂ ਤੇ ਸਖਤੀ ਕਰਨ ਵਾਲੇ ਅਫਸਰਾਂ ਨਾਲ ਨਿੱਬੜਿਆ ਜਾਵੇਗਾ। ਇਹ ਬਿਆਨ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਵਜੋਂ ਪੇਸ਼ ਕੀਤੇ ਜਾ ਰਹੇ ਬਾਦਲ ਦਲ ਦੇ ਹਰਮਨ ਪਿਆਰੇ ਜਨਰਲ ਸਕੱਤਰ ਦੇ ਹਨ ਤੇ ਪੰਜਾਬ ਦਾ ਮੌਜੂਦਾ ਮੁੱਖਮੰਤਰੀ ਵੀ ਠੀਕ ਇਸ ਤਰਾਂ ਦੀ ਬੋਲੀ ਬੋਲ ਰਿਹਾ ਹੈ, ਮੈਂ ਅਕਾਲੀਆਂ ਸਿੱਧੇ ਕਰ ਦਿਆਂਗਾ। ਬਾਦਲ ਬੁੱਗ ਹੈ, ਸੁਖਬੀਰ ਬਲੂੰਗੜਾ ਹੈ। ਇਸ ਮੁੱਖ ਮੰਤਰੀ ਨੇ ਵੀ ਕਈ ਸਾਲ ਆਪਣੇ ਆਪ ਅਕਾਲੀ ਕਹਾਇਆ ਹੈ। ਇਹ ਬਿਆਨ ਦੇਣ ਵੇਲੇ ਕੀ ਇਹ ਲੋਕ ਆਪਣੀ ਜ਼ਮੀਰ ਤੇ ਕੋਈ ਬੋਝ ਪਾਉਂਦੇ ਹਨ? ਕੀ ਇਨਾਂ ਰੱਬ ਦਾ ਜਾਂ ਜੱਗ ਦਾ ਕੋਈ ਖੌਫ ਹੈ? ਪੰਜਾਬੀ ਦਾ ਪ੍ਰਸਿੱਧ ਕਵੀ ਹਰਭਜਨ ਸਿੰਘ ਕਹਿੰਦਾ ਹੁੰਦਾ ਸੀ ਕਿ ਬੰਦੇ ਲਫਜ਼ ਇੰਝ ਵਰਤਣੇ ਚਾਹੀਦੇ ਹਨ ਜਿਵੇਂ ਕੰਜੂਸ ਬਾਣੀਏ ਦਾ ਪੁੱਤ ਪੈਸੇ ਵਰਤਦਾ ਹੈ ਪਰ ਜਿਹੜੇ ਮਨੁੱਖ ਇਕ ਆਗੂ ਵਜੋਂ ਆਪਣੇ ਲੋਕਾਂ ਨਾਲ ਵਾਅਦਾ ਕਰਕੇ ਮੁੱਕਰ ਸਕਦੇ ਹਨ ਉਨਾਂ ਦਾ ਕੀ ਯਕੀਨ ਕੀਤਾ ਜਾ ਸਕਦਾ ਹੈ? ਜੋ ਇਕ ਸਿੱਖ ਵਜੋਂ ਗੁਰੂ ਦੇ ਹਜ਼ੂਰ, ਸੰਗਤ ਦੇ ਸਾਹਮਣੇ ਸਹੁੰ ਚੁੱਕ ਕੇ ਉਸ ਭੁਲਾ ਦਿੰਦੇ ਹਨ ਉਨਾਂ ਤੇ ਕੀ ਯਕੀਨ ਕੀਤਾ ਜਾ ਸਕਦਾ ਹੈ? ਕੀ ਬੇਇਤਬਾਰਾ ਮਨੁੱਖ ਲੀਡਰ ਹੋ ਸਕਦਾ ਹੈ? ਜੋ ਆਪਣੇ ਕਹੇ ਸ਼ਬਦਾਂ ਦੀ ਲਾਜ ਨਹੀਂ ਰੱਖ ਸਕਦਾ। ਜੋ ਆਪਣੇ ਲਫਜ਼ਾਂ ਕਹਿਣ ਤੋਂ ਪਹਿਲਾਂ

ਤੋਲਦਾ-ਜਾਚਦਾ ਨਹੀਂ ਹੈ। ਕੀ ਇਨਾਂ ਲੋਕਾਂ ਤਾਕਤ ਦੀ ਹਿੱਸ ਵਿਚ ਲਫਜ਼ਾਂ ਦੀ ਤਾਕਤ ਅਤੇ ਲਫਜ਼ਾਂ ਦੀ ਇੱਜ਼ਤ ਵਿਸਰ ਗਈ ਹੈ। ਯਾਦ ਰਹੇ ਕਿ ਪੰਜਾਬ ਦੇ ਬਹੁਤੇ ਕਾਲਮ ਨਵੀਸ ਸ. ਬਾਦਲ ਸੰਜੀਦਾ, ਠਰੰਮੇ ਵਾਲਾ ਅਤੇ ਘੱਟ ਬੋਲਣ ਵਾਲਾ ਸ਼ਖਸ ਮੰਨਦੇ ਹਨ ਪਰ ਉਸਦੇ ਅਜੋਕੇ ਬਿਆਨਾਂ ਦੇਖਕੇ ਇੰਝ ਜਾਪਦਾ ਹੈ ਇਹ ਬਿਆਨ ਬੁਝ ਰਹੇ ਦੀਵੇ ਦੀ ਵੱਡੀ ਹੋ ਰਹੀ ਲਾਟ ਵਾਂਗ ਮਾਰੇ ਗਏ ਭਬੱਕੇ ਹਨ। ਘੱਟੋ ਘੱਟ ਸ਼ਬਦਾਂ ਦੀ ਚੋਣ ਅਤੇ ਤਰਤੀਬ ਇਹੋ ਸਿੱਧ ਕਰਦੀ ਹੈ। ਪੁਰਾਣੇ ਸਮੇਂ ਦੇ ਚੋਰਾਂ ਦੀ ਪੈੜ ਦੇ ਖੋਜੀ ਕਿਹਾ ਕਰਦੇ ਸਨ ਕਿ ਠਾਹਰ ਨੇੜੇ ਪਹੁੰਚ ਕੇ ਚੋਰ ਦੀ ਪੈੜ ਗੇੜੇ ਖਾਣ ਲੱਗ ਜਾਂਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,