2007 ਤੋਂ ਸੌਦਾ ਸਾਧ ਦਾ ਮਸਲਾ ਪੰਥਕ ਸਿਆਸਤ ਨੂੰ ਮੋੜਾ ਦੇ ਰਿਹਾ ਹੈ ਅਤੇ ਇਸਦੇ ਬਹੁਪੱਖੀ ਪਹਿਲੂ ਹਨ।ਸੌਦਾ ਸਾਧ 2007 ਤੋਂ ਪਹਿਲਾਂ ਹੀ ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਵਿਚ ਘਿਰਿਆ ਹੋਇਆ ਸੀ 2007 ਵਿਚ ਦਸਮ ਪਾਤਸ਼ਾਹ ਦਾ ਸਵਾਂਗ ਰਚ ਕੇ ਉਸਦੇ ਖਿਲਾਫ ਮਾਹੌਲ ਵੱਧਦਾ ਹੀ ਗਿਆ ਅਤੇ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚ ਅਨੇਕਾਂ ਟਕਰਓ ਵੀ ਹੋਏ ਜਿਸ ਵਿਚ ਸੌਦਾ ਪ੍ਰੇਮੀਆਂ ਨੂੰ ਮੂੰਹ ਦੀ ਖਾਣੀ ਪਈ ਭਾਵੇਂ ਕਿ ਕਾਨੂੰਨੀ ਤੇ ਰਾਜਕੀ ਤੌਰ ‘ਤੇ ਸੌਦਾ ਸਾਧ ਦਾ ਹੱਥ ਉੱਤੇ ਰਿਹਾ।
ਇਸ ਸਮੇਂ ਦੌਰਾਨ ਤਿੰਨ ਸਿੰਘ ਭਾਈ ਕੰਵਲਜੀਤ ਸਿੰਘ ਸੁਨਾਮ, ਭਾਈ ਹਰਮੰਦਰ ਸਿੰਘ ਡੱਬਵਾਲੀ ਤੇ ਭਾਈ ਬਲਾਕਰ ਸਿੰਘ ਜਾਮਾਰਾਏ ਸਿੱਧੇ ਰੂਪ ਵਿਚ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਅਤੇ ਭਾਈ ਗੁਰਦੇਵ ਸਿੰਘ ਮਨਸੂਰਦੇਵਾ ਤੇ ਭਾਈ ਜਸਪਾਲ ਸਿੰਘ ਪਾਲੀ ਨੂੰ ਸੰਘਰਸ਼ ਦੌਰਾਨ ਸਰਕਾਰੀ ਦਹਿਸ਼ਤਗਰਦੀ ਕਾਰਨ ਜਾਨ ਗਵਾਉਂਣੀ ਪਈ।ਤਿੰਨਾਂ ਸਿੰਘਾਂ ਦੇ ਕਾਤਲ ਦੁਨਿਆਵੀ ਅਦਾਲਤਾਂ ਨੇ ਬਰੀ ਕਰ ਦਿੱਤੇ ਤੇ ਬਾਕੀ ਦੋਵਾਂ ਦੀ ਸ਼ੱਕੀ ਮੌਤ ਨੇ ਮਾਮਲਾ ਜਾਂਚ ਵੱਲ ਵੱਧਣ ਹੀ ਨਹੀਂ ਦਿੱਤਾ।ਸੈਂਕੜੇ ਸਿੱਖਾਂ ਖਿਲਾਫ ਇਰਾਦਾ ਕਤਲ ਤੇ ਲੜਾਈ ਦੇ ਕੇਸ ਅਜੇ ਵਿਚਾਰਅਧੀਨ ਹਨ ਅਤੇ ਕਈਆਂ ਨੂੰ ਸਜ਼ਾਵਾਂ ਵੀ ਹੋਈਆਂ ਹਨ ਜਿਹਨਾਂ ਵਿਚ ਭਾਈ ਬਖਸ਼ੀਸ਼ ਸਿੰਘ ਬਾਬਾ, ਭਾਈ ਸਵਰਨ ਸਿੰਘ ਕੋਟਧਰਮੂੰ, ਭਾਈ ਮਹਿੰਦਰ ਸਿੰਘ ਅਸੰਧ, ਭਾਈ ਜੱਸਾ ਸਿੰਘ ਪਿੱਪਲ ਥੇਹ, ਭਾਈ ਬਲਕਰਨ ਸਿੰਘ ਡੱਬਵਾਲੀ, ਭਾਈ ਸ਼ਿਵਰਾਜ ਸਿੰਘ ਤੇ ਹੋਰ ਕਈ ਸ਼ਾਮਲ ਹਨ।