ਅਸੀਮਾਨੰਦ (ਫਾਈਲ ਫੋਟੋ)

ਆਮ ਖਬਰਾਂ

2007 ਦੇ ਅਜਮੇਰ ਦਰਗਾਹ ਧਮਾਕੇ ‘ਚ ਅਸੀਮਾਨੰਦ ਬਰੀ, 3 ਹੋਰ ਦੋਸ਼ੀ ਕਰਾਰ

By ਸਿੱਖ ਸਿਆਸਤ ਬਿਊਰੋ

March 08, 2017

ਜੈਪੁਰ: ਸਵਾਮੀ ਅਸੀਮਾਨੰਦ ਨੂੰ ਸਾਲ 2007 ਦੇ ਅਜਮੇਰ ਦਰਗਾਹ ਧਮਾਕੇ ਦੇ ਮਾਮਲੇ ‘ਚ ਇਕ ਵਿਸ਼ੇਸ਼ ਅਦਾਲਤ ਨੇ ਅੱਜ ਬਰੀ ਕਰ ਦਿੱਤਾ ਹੈ। ਇਸ ਮਾਮਲੇ ‘ਚ ਤਿੰਨ ਹੋਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਵਾਮੀ ਅਸੀਮਾਨੰਦ ਨੂੰ ਅਜਮੇਰ ਦੀ ਖਵਾਜਾ ਮੁਈਨਦੀਨ ਚਿਸ਼ਤੀ ਦਰਗਾਹ ‘ਚ 2007 ਨੂੰ ਹੋਏ ਬੰਬ ਧਮਾਕੇ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਉਸ ‘ਤੇ ਧਮਾਕੇ ਦੀ ਯੋਜਨਾ ਬਣਾਉਣ ਦਾ ਦੋਸ਼ ਸੀ। 11 ਅਕਤੂਬਰ 2007 ਨੂੰ ਹੋਏ ਇਸ ਧਮਾਕੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਦੇ ਕਰੀਬ ਜ਼ਖਮੀ ਹੋ ਗਏ ਸੀ।

ਮਾਮਲੇ ਦੀ ਜਾਂਚ 2011 ‘ਚ ਐਨ.ਆਈ.ਏ. ਨੂੰ ਸੌਂਪੀ ਗਈ ਸੀ। ਚਾਰਜਸ਼ੀਟ ‘ਚ ਅਸੀਮਾਨੰਦ ਨੂੰ ਮੁੱਖ ਸਾਜਿਸ਼ਘਾੜਾ ਦੱਸਿਆ ਗਿਆ ਸੀ। ਅਸੀਮਾਨੰਦ ਅਤੇ 6 ਹੋਰਾਂ ‘ਤੇ ਕਤਲ, ਸਾਜਿਸ਼ ਰਚਣ, ਬੰਬ ਧਮਾਕਾ ਕਰਨ ਅਤੇ ਨਫਰਤ ਫੈਲਾਉਣ ਦਾ ਦੋਸ਼ ਲਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ ਅਸੀਮਾਨੰਦ ‘ਤੇ ਕਈ ਹੋਰ ਬੰਬ ਧਮਾਕਿਆਂ ਦੇ ਵੀ ਕੇਸ ਚੱਲ ਰਹੇ ਹਨ ਜਿਨ੍ਹਾਂ ਵਿਚ ਹੈਦਰਾਬਾਦ ਦੀ ਮੱਕਾ ਮਸਜਿਦ ‘ਚ 2007 ‘ਚ ਧਮਾਕਾ ਅਤੇ ਉਸੇ ਸਾਲ ਪਾਕਿਸਤਾਨ-ਭਾਰਤ ਵਿਚ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ‘ਚ ਹੋਇਆ ਬੰਬ ਧਮਾਕਾ ਵੀ ਸ਼ਾਮਲ ਹੈ ਜਿਸ ਵਿਚ ਤਕਰੀਬਨ 70 ਲੋਕਾਂ ਦੀ ਮੌਤ ਹੋ ਗਈ ਸੀ।

ਸਬੰਧਤ ਖ਼ਬਰ: ਮਾਮਲਾ ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਦਾ; ਐਨ.ਆਈ.ਏ ਸਵਾਮੀ ਅਸੀਮਾਨੰਦ ਦੀ ਜ਼ਮਾਨਤ ਨੂੰ ਨਹੀਂ ਦੇਵੇਗੀ ਚੁਣੌਤੀ …

ਅਸੀਮਾਨੰਦ ਨੂੰ 2010 ‘ਚ ਜੇਲ੍ਹ ਭੇਜਿਆ ਗਿਆ ਸੀ, ਜਿੱਥੇ ਉਸਨੇ ਦਹਿਸ਼ਤਗਰਦੀ ਦੇ ਮਾਮਲਿਆਂ ‘ਚ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਸੀ। ਬਾਅਦ ‘ਚ ਉਹ ਇਹ ਕਹਿ ਕੇ ਮੁੱਕਰ ਗਿਆ ਸੀ ਕਿ ਜਾਂਚ ਅਧਿਕਾਰੀਆਂ ਨੇ ਉਸ ‘ਤੇ ਤਸ਼ੱਦਦ ਕਰਕੇ ਝੂਠਾ ਬਿਆਨ ਦਿਵਾਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: