ਚੰਡੀਗੜ੍ਹ: ਭਾਰਤ ਦੀ ਸੰਸਦ ‘ਚ ਨਰਿੰਦਰ ਮੋਦੀ ਨੇ ਇਕ ਹਿੰਦੂ ਗ੍ਰੰਥ ਦੇ ਸ਼ਲੋਕ ਦਾ ਉਚਾਰਣ ਕਰਕੇ ਉਸਦੇ ਅਰਥ ਸਮਝਾਉਂਦਿਆਂ ਕਿਹਾ, “ਕੁਝ ਲੋਕਾਂ ਨੇ ਇਸ ਵਾਕ ਨੂੰ ਜੀਵਨ ਦਾ ਅਧਾਰ ਮੰਨ ਲਿਆ ਹੈ। ਇਸ ਸ਼ਲੋਕ ਦਾ ਅਰਥ ਹੈ ਜਦ ਤਕ ਜੀਓ, ਮੌਜ ਕਰੋ। ਕਰਜ ਲੈ ਕੇ ਵੀ ਘੀ ਪੀਓ। ਮਰਨ ਤੋਂ ਬਾਅਦ ਕੀ ਹੈ?”
ਜਦ ਨਰਿੰਦਰ ਮੋਦੀ ਇਹ ਅਰਥ ਸਮਝਾ ਰਿਹਾ ਸੀ ਤਾਂ ਲੋਕ ਸਭਾ ਵਿਚ ਹਾਜ਼ਰ ਸਾਂਸਦ ਹੱਸਣ ਲੱਗੇ। ਭਾਜਪਾ ਸਾਂਸਦਾਂ ਦਾ ਹਾਸਾ ਸੁਣਕੇ ਭਗਵੰਤ ਮਾਨ ਜਵਾਬ ਦੇਣ ਲਈ ਖੜ੍ਹੇ ਹੋਏ ਤਾਂ ਮੋਦੀ ਨੇ ਮਾਨ ਨੂੰ ਸੁਣਾਉਂਦਿਆਂ ਕਿਹਾ ਕਿ ਉਸ ਵੇਲੇ ਘਿਓ ਹੀ ਹੁੰਦਾ ਸੀ ਜੇ ਮਾਨ ਹੁੰਦੇ ਤਾਂ ਕੁਝ ਹੋਰ ਪੀਂਦੇ। ਇਸ ਤੰਝ ਤੋਂ ਬਾਅਦ ਸਦਨ ਵਿਚ ਸਾਂਸਦ ਜ਼ੋਰ-ਜ਼ੋਰ ਨਾਲ ਹੱਸਣੇ ਸ਼ੁਰੂ ਹੋ ਗਏ। ਇਸ ਦੌਰਾਨ ਮਾਨ ਵੀ ਕੁਝ ਬੋਲੇ ਪਰ ਹਾਸੇ ਦੀ ਅਵਾਜ਼ ਵਿਚ ਉਹਨਾਂ ਦੀ ਅਵਾਜ਼ ਦੱਬੀ ਰਹਿ ਗਈ।
ਮੀਡੀਆ ਰਿਪੋਰਟ ਮੁਤਾਬਕ ਮਾਨ ਨੇ ਪ੍ਰਤੀਕਰਮ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਪੰਜਾਬ ਅਤੇ ਗੋਆ ‘ਚ ਹੋ ਰਹੀ ਹਾਰ ਦੀ ‘ਬੁਖਲਾਹਟ’ ‘ਚ ਹੀ ਮੋਦੀ ਨੇ “ਨਿਜੀ ਟਿੱਪਣੀ” ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੇਰੇ ਖਿਲਾਫ ਇਹੋ ਜਿਹਾ ਪ੍ਰਚਾਰ ਕੀਤਾ ਸੀ। ਹੁਣ ਪ੍ਰਧਾਨ ਮੰਤਰੀ ਮੈਨੂੰ ਲੋਕਾਂ ‘ਚ ਬਦਨਾਮ ਕਰਨਾ ਚਾਹੁੰਦੇ ਹਨ ਇਹੋ ਜਿਹੀਆਂ ਟਿੱਪਣੀਆਂ ਕਰਕੇ। ਮਾਨ ਨੇ ਕਿਹਾ ਕਿ ਪੰਜਾਬ ਚੋਣਾਂ ਦੇ ਨਤੀਜੇ ‘ਚ ਵੋਟਾਂ ਦਾ ਫਰਕ ਹੀ ਦੱਸੇਗਾ ਕਿ ਪੰਜਾਬ ਦੀ ਆਵਾਮ ਮੇਰੇ ਬਾਰੇ ‘ਚ ਕੀ ਸੋਚਦੀ ਹੈ।
ਭਗਵੰਤ ਮਾਨ ਨੇ ਕਿਹਾ, “ਮੋਦੀ ਦਾ ਭਾਸ਼ਣ ਸਰਪੰਚ ਦੇ ਪੱਧਰ ਦਾ ਸੀ। ਉਹ ਭੁੱਲ ਗਏ ਕਿ ਉਹ ਲੋਕਤੰਤਰ ਦੇ ਤੀਰਥ ‘ਚ ਬੋਲ ਰਹੇ ਹਨ। ਮੋਦੀ ਮੁਰਾਰਜੀ ਬਾਪੂ ਵਾਂਗ ਬੋਲ ਰਹੇ ਹਨ। ਮੈਨੂੰ ਇੰਝ ਮਹਿਸੂਸ ਹੋਇਆ ਕਿ ਮੈਂ ਕਿਸੇ ਬਾਬੇ ਦੇ ਸਤਸੰਗ ‘ਚ ਬੈਠਾ ਰਿਹਾ ਪਿਛਲੇ ਪੌਣੇ ਦੋ ਘੰਟੇ। ਉਹ ਆਪਣਾ ਸੰਬੋਧਨ ‘ਬਹਿਨੋ ਔਰ ਭਾਈਓ’ ਕਹਿ ਕੇ ਇੰਝ ਸ਼ੁਰੂ ਕਰਦੇ ਹਨ ਜਿਵੇਂ ਲਖਨਊ ‘ਚ ਕਿਸੇ ਰੈਲੀ ‘ਚ ਬੋਲ ਰਹੇ ਹਨ। ਮੋਦੀ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੱਧਰ ਬਹੁਤ ਨੀਵਾਂ ਕਰ ਦਿੱਤਾ ਹੈ।”
ਇੰਡੀਅਨ ਐਕਸਪ੍ਰੈਸ (IE) ਮੁਤਾਬਕ ਭਗਵੰਤ ਮਾਨ ਨੇ ਕਿਹਾ, “ਉਹ ਕੌਣ ਹੁੰਦੇ ਹਨ ਮੇਰੀ ਪਸੰਦ ਨੂੰ ਤੈਅ ਕਰਨ ਵਾਲੇ? ਕੀ ਹੁਣ ਭਾਜਪਾ ਇਹ ਦੱਸੇਗੀ ਕਿ ਕੀ ਪੀਣਾ ਚਾਹੀਦਾ ਹੈ ਤੇ ਕੀ ਨਹੀਂ? ਜਦੋਂ ਕੈਪਟਨ ਅਮਰਿੰਦਰ ਸ਼ਰੇਆਮ ਸ਼ਰਾਬ ਪੀਂਦਾ ਹੈ ਅਤੇ ਉਸਦੀਆਂ ਤਸਵੀਰਾਂ ਵੀ ਛਪਦੀਆਂ ਹਨ? ਉਦੋਂ ਇਹ (ਭਾਜਪਾ) ਰੌਲਾ ਕਿਉਂ ਨਹੀਂ ਪਾਉਂਦਾ? ਕਿਉਂਕਿ ਉਹ ‘ਰਾਜ ਘਰਾਣੇ’ ਤੋਂ ਹੈ।”
ਅੰਗ੍ਰੇਜ਼ੀ ਅਖ਼ਬਾਰ (IE) ਮੁਤਾਬਕ ਭਗਵੰਤ ਮਾਨ ਨੇ ਕਿਹਾ, “ਮੈਨੂੰ ਕੈਪਟਨ ਅਮਰਿੰਦਰ ਜਾਂ ਮੋਦੀ ਤੋਂ ਸਰਟੀਫਿਕੇਟ ਨਹੀਂ ਚਾਹੀਦਾ। ਉਨ੍ਹਾਂ ਕੋਲੇ ਕੀ ਸਬੂਤ ਹੈ ਕਿ ਮੈਂ ਪੀਂਦਾ ਹਾਂ? ਇਹ ਮੇਰੀ ਨਿਜੀ ਜ਼ਿੰਦਗੀ ਹੈ। ਘੱਟੋ ਘੱਟ ਮੈਂ ਲੋਕਾਂ ਦਾ ਖੂਨ ਤਾਂ ਨਹੀਂ ਪੀਂਦਾ ਜਿਵੇਂ ਇਨ੍ਹਾਂ ਨੇ ਗੁਜਰਾਤ ‘ਚ ਕਤਲੇਆਮ ਕਰਕੇ ਪੀਤਾ ਹੈ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: At least, I do not drink people’s blood, like they did by rioting in Gujarat: Bhagwant Mann responds to Modi’s remarks …