ਆਮ ਖਬਰਾਂ » ਮਨੁੱਖੀ ਅਧਿਕਾਰ » ਸਿੱਖ ਖਬਰਾਂ

ਕਾਬੁਲ ਦੇ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਦੀ ਮੁਸਲਿਮ ਭਾਈਚਾਰੇ ਵੱਲੋਂ ਕਰੜੀ ਨਿਖੇਧੀ

April 2, 2020 | By

ਚੰਡੀਗੜ੍ਹ: ਚੰਡੀਗੜ੍ਹ ਖੇਤਰ ਦੇ ਮੁਸਲਿਮ ਭਾਈਚਾਰੇ ਦੇ ਆਗੂਆਂ ਵਲੋਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ ਉੱਤੇ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਹੈ ਇਹ ਹਮਲਾ ਅਣਮਨੁੱਖੀ ਕਾਰਾ ਹੈ ਅਤੇ ਅਜਿਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। 

ਮੁਸਲਿਮ ਭਾਈਚਾਰੇ ਦੇ ਆਗੂਆਂ ਦੀ ਤਸਵੀਰ

ਮੁਸਲਿਮ ਭਾਈਚਾਰੇ ਦੇ ਆਗੂਆਂ ਮੁਫਤੀ ਮੁਹੰਮਦ ਆਨਸ, ਕਾਰੀ ਸ਼ਮਸ਼ੇਰ ਅਲੀ, ਮੋਲਾਨਾ ਮੁਹੰਮਦ ਅਜਮਲ ਖਾਂ, ਮੌਲਾਨਾ ਮੁਹੰਮਦ ਇਮਰਾਨ, ਵਕੀਲ  ਸਲੀਮ ਮੁਹੰਮਦ , ਗੁਰਮੇਲ ਖਾਨ ਅਤੇ ਤਾਜ ਮੁਹੰਮਦ ਸ਼ਾਮਿਲ ਸਨ, ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਇਸ ਦੁੱਖ ਦੀ ਘੜੀ ‘ਚ ਸਮੁੱਚਾ ਮੁਸਲਿਮ ਭਾਈਚਾਰਾ ਪੀੜਤ ਅਫਗਾਨ ਸਿੱਖ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਉਨ੍ਹਾਂ ਨਾਲ ਹਰ ਪੱਖੋਂ ਖੜੇਗਾ। 

 

ਮੁਸਲਿਮ ਆਗੂਆਂ ਨੇ ਕਿਹਾ ਰੱਬ ਦੇ ਘਰ ਬੰਦਗੀ ਕਰਨ ਲਈ ਇਕੱਤਰ ਹੋਏ ਸਿੱਖਾਂ ਉੱਤੇ ਗੋਲੀਬਾਰੀ ਕਰਕੇ 25 ਬੇਗੁਨਾਹ ਸਿੱਖਾਂ ਨੂੰ ਮਾਰਨ ਦੀ ਜੋ ਕਾਇਰਤਾ ਭਰੀ ਕਾਰਵਾਈ ਕੀਤੀ ਹੈ ਉਸ ਨਾਲ ਹਰ ਇਨਸਾਨ ਦੇ ਦਿਲ ਨੂੰ ਠੇਸ ਪਹੁੰਚੀ ਹੈ। 

ਉਨ੍ਹਾਂ ਕਿਹਾ ਹਰ ਕੋਈ ਜਾਣਦਾ ਹੈ ਸਿੱਖ ਭਾਈਚਾਰਾ ਅਤੇ ਖਾਲਸਾ ਪੰਥ ਸਰਬੱਤ ਦਾ ਭਲਾ ਮੰਗਦੇ ਹਨ ਜਿਸ ਨੇ ਦੁਨੀਆਂ ਦੇ ਹਰ ਖੇਤਰ ‘ਚ ਕੁਦਰਤੀ ਆਫਤਾਂ ਅਤੇ ਹੋਰ ਮੁਸ਼ਕਲ ਭਰੇ ਸਮਿਆਂ ਮੌਕੇ ਬਿਨ ਭੇਦਭਾਵ ਦੇ ਇਨਸਾਨੀਅਤ ਨੂੰ ਮੁੱਖ ਰੱਖ ਕੇ ਲੋੜਵੰਦਾਂ ਦੀ ਮਦਦ ਕੀਤੀ ਹੈ ਅਤੇ ਕਰ ਰਹੇ ਹਨ। 

ਉਨ੍ਹਾਂ ਕਿਹਾ ਇਹ ਹਮਲਾ ਸਿੱਖ ਅਤੇ ਮੁ਼ਸਲਿਮ ਭਾਈਚਾਰੇ ਦੀ ਆਪਸੀ ਸਾਂਝ ਨੂੰ ਖਤਮ ਕਰਨ ਦੀ ਕੋਝੀ ਚਾਲ ਹੈ ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। 

ਮੁਸਲਿਮ ਆਗੂਆਂ ਨੇ ਭਾਰਤ ਸਰਕਾਰ ਦੇ ਰੱਖਿਆ ਵਜ਼ੀਰ ਰਾਜਨਾਥ ਸਿੰਘ ਤੋਂ ਮੰਗ ਕੀਤੀ ਕਿ ਉਹ ਅਫਗਾਨਿਸਤਾਨ ਸਮੇਤ ਹਰ ਦੇਸ਼ ਚ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ  ਬਣਾਇਆ ਜਾਵੇ ਅਤੇ ਉਹ ਘਟਨਾ ਦੀ ਨਿਰਪੱਖਤਾ ਨਾਲ ਜਾਂਚ ਕਰਾਉਣ ਲਈ ਯੁਨਾਇਟਡ ਨੇਸ਼ਨਜ਼ ਤੱਕ ਪਹੁੰਚ ਕਰਨ ਤਾਂ ਜੋ ਪੀੜਤ ਪਰਿਵਾਰਾਂ ਅਤੇ ਸਿੱਖ ਕੌਮ ਨੂੰ ਇਨਸਾਫ ਮਿਲ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।