ਜਖਮ ਨੂੰ ਸੂਰਜ ਬਣਨ ਦਿਓ... » ਲੇਖ » ਵੀਡੀਓ » ਸਿੱਖ ਖਬਰਾਂ

ਗੋਲੀਆਂ ਦੀ ਵਾਛੜ ਵਿਚ… (ਲੇਖਕ: ਹਰਭਜਨ ਸਿੰਘ) [Audio Article 21]

June 21, 2016 | By

 

 

 

 

 

ਦਰਬਾਰ ਸਾਹਿਬ ਵਿਚ ਫੌਜੀ ਕਾਰਵਾਈ ਨਾਲ ਬਹੁਤ ਸਾਰੇ ਦਿਲ ਜ਼ਖਮੀ ਹੋਏ, ਵਲੂੰਧਰੇ ਗਏ। ਮੈਂ ਵੀ ਦੂਜੇ ਲੋਕਾਂ ਵਾਂਗ ਆਪਣੇ ਦਿਲ ’ਤੇ ਜ਼ਖਮ ਮਹਿਸੂਸ ਕੀਤਾ ਪਰ ਮੈਨੂੰ ਪੀੜ ਰਤਾ ਕੁ ਵਧੇਰੇ ਹੋਈ। ਗੱਲ ਇਹ ਸੀ ਕਿ ਮੇਰੇ ਸਹੁਰੇ ਸ੍ਰੀ ਅੰਮ੍ਰਿਤਸਰ ਹਨ ਤੇ ਉਹਨਾਂ ਦਾ ਕੰਮ-ਧੰਦਾ ਤੇ ਘਰ-ਘਾਟ ਦੋਵੇਂ ਹੀ ਹਰਿਮੰਦਰ-ਪਸਾਰੇ ਦੇ ਬਹੁਤ ਨੇੜੇ ਹਨ। ਇਕ ਦੁਕਾਨ ਤਾਂ ਹਰਿਮੰਦਰ-ਪਸਾਰੇ ਦਾ ਅੰਗ ਹੀ ਹੈ। ਉਹ ਘੰਟਾ-ਘਰ ਵਾਲੀ ਬਾਹੀ ਦਾ ਹਿੱਸਾ ਹੈ ਤੇ ਦੂਜੀ ਦੁਕਾਨ, ਘੰਟਾ ਘਰ ਚੌਂਕ ਵਿਚ ਮਾਈ ਸੇਵਾ ਬਾਜ਼ਾਰ ਵਿਚ ਪਹਿਲੀ ਦੁਕਾਨ ਹੈ। ਇਸ ਦੁਕਾਨ ਦੀ ਮਾਲਕੀ ਸ਼੍ਰੋਮਣੀ ਕਮੇਟੀ ਦੀ ਹੈ। ਸਵਾ-ਡੇਢ ਸਾਲ ਪਹਿਲਾਂ ਸਰਕਾਰ ਤੇ ਲੋਕਾਂ ਦੀ ਮੁਠਭੇੜ ਵਿਚ ਇਹ ਦੁਕਾਨ ਲੁੱਟੀ ਵੀ ਗਈ ਸੀ ਜਿਸ ਨਾਲ ਬਾਊ ਜੀ ਯਾਨੀ ਕਿ ਮੇਰੇ ਬਜ਼ੁਰਗ ਸਹੁਰਾ ਸਾਹਿਬ ਨੂੰ ਬੜਾ ਸਦਮਾ ਪਹੁੰਚਿਆ ਸੀ। ਇਹ ਸਦਮਾ ਜਾਨ-ਲੇਵਾ ਸਾਬਤ ਹੋਇਆ। ਲੁੱਟ ਬਾਅਦ ਉਹ ਅਸਲੋਂ ਗੁੰਮ ਹੋ ਗਏ। ਸਾਡਾ ਘਰ ਵੀ ਗੁਰੂ ਰਾਮਦਾਸ ਨਿਵਾਸ ਨਾਲ ਲਗਦੀ ਬਾਗ਼ ਵਾਲੀ ਗਲੀ ਵਿਚ ਹੈ। ਗੁਰੁ ਰਾਮਦਾਸ ਨਿਵਾਸ ਦਾ ਪਿਛਲਾ ਦਰਵਾਜ਼ਾ ਸਾਡੇ ਮਕਾਨ ਦੇ ਐਨ ਸਾਹਮਣੇ ਹੈ।

ਇਸੇ ਲਈ ਸਾਨੂੰ ਘਬਰਾਹਟ ਦੂਜਿਆਂ ਤੋਂ ਰਤਾ ਵੱਧ ਸੀ। ਜਦੋਂ ਸੁਣਿਆ ਕਿ ਖਾੜਕੂ ਪਾਣੀ ਵਾਲੇ ਮੁਨਾਰੇ ’ਤੇ ਚੜ੍ਹ ਕੇ ਮੁਕਾਬਲਾ ਕਰ ਰਹੇ ਸਨ ਤਾਂ ਸਾਨੂੰ ਭਾਰੀ ਚਿੰਤਾ ਸੀ। ਇਹ ਮੁਨਾਰਾ ਸਾਡੇ ਦਰਵਾਜ਼ੇ ਤੋਂ ਮੁਸ਼ਕਲ ਨਾਲ ਵੀਹ ਗਜ ਦੀ ਦੂਰੀ ’ਤੇ ਹੈ। ਫੀਤਾ ਲੈ ਕੇ ਨਾਪੀਏ ਤਾਂ ਫਾਸਲਾ ਸ਼ਾਇਦ ਇਸ ਤੋਂ ਕੁਝ ਘੱਟ ਨਿਕਲੇ। ਅਸੀਂ ਬਹੁਤ ਫਿਕਰਮੰਦ ਸਾਂ, ਮਨ ਹੀ ਮਨ ਗੋਲੀਆਂ ਨੂੰ ਆਪਣੇ ਵਿਹੜੇ ਵਿਚ ਪ੍ਰਤੱਖ ਵੇਖ ਰਹੇ ਸਾਂ, ਪਰ ਕਿਸੇ ਨੂੰ ਕੁਝ ਕਹਿੰਦੇ ਨਹੀਂ ਸਾਂ। ਸੁਪਨੇ ਵਿਚ ਬਰੜਾ ਕੇ ਉਠਦੇ ਸਾਂ ਤਾਂ ਇਕ ਦੂਜੇ ਤੋਂ ਪੁੱਛਦੇ ਸਾਂ, ਕੀ ਹੋਇਆ! ਪਰ ਮਨ ਦੀ ਗੱਲ ਕਿਸੇ ਨੂੰ ਦੱਸਦੇ ਨਹੀਂ ਸਾਂ। ਪੁਰਾਣਾ ਵਹਿਮ ਸੱਚ ਕਰ ਕੇ ਮੰਨ ਰਹੇ ਸਾਂ ਕਿ ਸੁਫਨਾ ਦੱਸ ਦੇਣ ਨਾਲ ਸੱਚ ਹੋ ਜਾਂਦਾ ਹੈ। ਟੈਲੀਫੋਨ ਦੀਆਂ ਲਾਈਨਾਂ ‘ਖਰਾਬ’ ਸਨ, ਤਾਰਾਂ ਏਧਰੋਂ ਓਧਰੋਂ ਭੇਜ ਦਿੰਦੇ ਸਾਂ, ਪਰ ਜਵਾਬ ਕੋਈ ਨਹੀਂ ਸੀ ਆਉਂਦਾ। ਚਿੱਠੀਆਂ ਵੀ ਰਾਹ ਵਿਚ ਹੀ ਪਤਾ ਨਹੀਂ ਕਿੱਥੇ ਅਟਕ ਗਈਆਂ ਸਨ। ਇਹਨੀਂ ਦਿਨੀਂ ਮੈਂ ਕਈ-ਕਈ ਵਾਰ ਹੇਠਾਂ ਉਤਰ ਕੇ ਆਪਣੇ ‘ਲੈਟਰ-ਬਾਕਸ’ ਤਕ ਫੇਰਾ ਮਾਰ ਆਉਂਦਾ ਸਾਂ।

ਆਖਰ, ਚਿੱਠੀ-ਚੁੱਠੀ ਤਾਂ ਕੋਈ ਆਈ ਨਾ, ਪਰ ਬੱਸਾਂ ਦੀ ਆਵਾਜਾਈ ਖੁਲ੍ਹਣਸਾਰ ਮੇਰਾ ਸਾਲਾ, ਵੀਰ ਜਗਜੀਤ ਸਿੰਘ, ਪਹਿਲੀ ਬੱਸੇ ਹੀ ਦਿੱਲੀ ਪਹੁੰਚ ਗਿਆ, ਬਾਲ ਬੱਚੇ ਸਮੇਤ। ਘਰ ਵਿਚ ਇਕੋ ਵਾਰ ਜਿਵੇਂ ਕਈ ਪੰਛੀ ਚਹਿਚਹਾ ਉੱਠੇ। ਅਸੀਂ ਸਾਰੇ ਹੀ ਉਹਨਾਂ ਤੋਂ ਸੁਖ ਸਾਂਦ ਦੀਆਂ ਪੁੱਛਾਂ ਪੁੱਛੀ ਜਾ ਰਹੇ ਸਾਂ ਤੇ ਉਹ ਸਾਰੇ ਹੀ ਇਕੋ ਸਾਹੇ ਜਵਾਬ ਦਈ ਜਾ ਰਹੇ ਸਨ, ਸਾਰੇ ਹੀ ਕੁਝ ਪੁੱਛਣ ਤੇ ਕੁਝ ਦੱਸਣ ਲਈ ਕਾਹਲੇ ਸਨ। ਖੁਸ਼ੀ ਦਾ ਚੀਖ ਚਿਹਾੜਾ ਸੀ ਪੂਰੀ ਗੱਲ ਸੁਣਾਈ ਨਹੀਂ ਸੀ ਦੇਂਦੀ ਪਰ ਸਮਝ ਸਭ ਕਾਸੇ ਦੀ ਆ ਰਹੀ ਸੀ।

.

ਇਸ ਲੇਖ ਲੜੀ ਤਹਿਤ ਛਪੇ ਹੋਰ ਲੇਖ ਪੜ੍ਹੋ/ ਸੁਣੋ  …

.

ਜਦੋਂ ਰਤਾ ਕੁ ਠੰਢ-ਠੰਢੋਲਾ ਹੋਇਆ ਤਾਂ ਵੀਰ ਜਗਜੀਤ ਨੇ ਦੱਸਿਆ, “ਵੀਰ ਜੀ, ਸਿੱਖਾਂ ਨਾਲ ਬਹੁਤ ਜ਼ਿਆਦਤੀ ਹੋਈ ਹੈ। ਏਨੇ ‘ਖਾੜਕੂ’ ਯੁੱਧ ਮੈਦਾਨ ਵਿਚ ਨਹੀਂ ਮਰੇ ਜਿੰਨੇ ਨਿਹੱਥੇ ਆਮ ਸਿੰਘ ਫੌਜੀਆਂ ਹੱਥੋਂ ਰੜੇ ਮੈਦਾਨ ਕਤਲ ਹੋਏ ਨੇ। ਘੰਟਾ ਘਰ ਵਾਲੇ ਵੱਡੇ ਚੌਂਕ ਵਿਚ ਪੈਰ ਧੋਣ ਵਾਲੇ ਚੁਬੱਚੇ ਦੇ ਲਾਗੇ ਫੌਜੀਆਂ ਨੇ ਅੰਦਰੋਂ ਲਿਆਂਦੇ ਲੋਕਾਂ ਨੂੰ ਇਕੱਠਾ ਕਰ ਲਿਆ। ਬੱਚੇ ਤੇ ਬੀਬੀਆਂ ਇਕ ਪਾਸੇ ਕਰ ਲਈਆਂ ਤੇ ਬਾਕੀ ਮਰਦਾਂ ਨੂੰ ਗੋਲੀ ਮਾਰ ਦਿੱਤੀ। ਚੁਫੇਰੇ ਸੁੰਨ ਸਮਾਨ ਸੀ ਤੇ ਲਾਗੇ ਪਾਸੇ ਵੇਖਣ ਚਾਖਣ ਵਾਲਾ ਕੋਈ ਨਹੀਂ ਸੀ। ਘੰਟਾ ਘਰ ਦੇ ਸਾਹਮਣੇ ਮਿਉਂਸੀਪਲ ਮਾਰਕਿਟ ਏ। ਦੁਕਾਨਾਂ ਬੰਦ ਸਨ। ਮਾਲਕ ਜਾਨ ਬਚਾਉਂਦੇ ਘਰੀਂ ਜਾ ਵੜੇ ਸਨ, ਪਰ ਕਿਸੇ ਕਿਸੇ ਦੁਕਾਨ ਵਿਚ ਕੋਈ-ਕੋਈ ਨੌਕਰ ਅੰਦਰੇ ਤਾੜਿਆ ਹੋਇਆ ਸੀ। ਸ਼ਟਰ ਹੇਠਾਂ ਡਿੱਗੇ ਹੋਏ ਸਨ। ਪਰ ਜਾਲੀਦਾਰ ਰੋਸ਼ਨਦਾਨਾਂ ’ਚੋਂ ਹਵਾ ਤੇ ਚਾਨਣਾ ਆ ਜਾ ਰਿਹਾ ਸੀ। ਇਥੋਂ ਹੀ ਨੌਕਰ ਲੋਕ, ਫੌਜੀਆਂ ਦੀ ‘ਬਹਾਦਰੀ’ ਦੇ ਕਾਰਨਾਮੇ ਵੇਖ ਰਹੇ ਸਨ। ਉਹਨਾਂ ਵੇਖਿਆ ਕਿ ਫੌਜੀਆਂ ਨੇ ਇਕ ਵਾਰ ਨੌ ਅਤੇ ਦੂਜੀ ਵਾਰ ਪੱਚੀ ਬੰਦਿਆਂ ਨੂੰ ਖੜੇ ਖੜੋਤੇ ਗੋਲੀਆਂ ਨਾਲ ਭੁੰਨ ਦਿੱਤਾ। ਕੰਮ ਕਾਰ ਕੋਈ ਨਹੀਂ ਸੀ, ਮੁਕੰਮਲ ਵਿਹਲ ਸੀ। ਨਿਰਦੋਸ਼ਿਆਂ ਨੂੰ ਮਰਦਿਆਂ ਵੇਖਣਾ ਤੇ ਲੋਥਾਂ ਨੂੰ ਗਿਣਨਾ ਉਹਨਾਂ ਦਾ ਕੰਮ ਹੋ ਗਿਆ ਸੀ। ਜਦੋਂ ਪਹਿਲੀ ਵਾਰ ਕਰਫਿਊ ਲੱਥਾ ਤਾਂ ਉਹ ਦੌੜਦੇ ਹੋਏ ਸਾਡੇ ਪਾਸ ਆਏ। ਸਾਡੀ ਦੁਕਾਨ ਦੇ ਸਾਹਮਣੇ ਮੇਰੇ ਯਾਰ ਕਾਬਲ ਦੀ ਦੁਕਾਨ ਹੈ, ਉਸ ਦੇ ਨੌਕਰਾਂ ਜਿੰਨੀ ਦੇਰ ਤਕ ਅੱਖੀਂ-ਡਿੱਠਾ ਇਹ ਕਾਰਾ ਸਾਨੂੰ ਸੁਣਾ ਨਹੀਂ ਲਿਆ ਉਹਨਾਂ ਨੂੰ ਚੈਨ ਨਹੀਂ ਆਇਆ। ਕਹਿੰਦੇ, “ਸਾਨੂੰ ਲਗਦਾ ਇਹ ਕਤਲ ਜਿਵੇਂ ਅਸਾਂ ਆਪ ਹੀ ਕੀਤੇ ਹਨ। ਹੁਣ ਦਸਿਐ ਤਾਂ ਮਨ ਤੋਂ ਬੋਝ ਲੱਥਾ”, ਏਨਾ ਕਹਿੰਦੇ ਕਹਿੰਦੇ ਉਹ ਭੁੱਬੀਂ ਰੋ ਪਏ।
ਇਹ ਗੱਲ ਸੁਣਦਾ-ਸੁਣਦਾ ਮੈਂ ਸੁੰਨ ਹੋ ਗਿਆ। ਬੰਗਲਾਦੇਸ਼ ਦੀ ਜੰਗ ਵੇਲੇ ਵੀ ਇਕ ਥਾਂ ਇਸੇ ਤਰ੍ਹਾਂ ਹੋਇਆ ਸੀ। ਪਹਿਲੋਂ ਇਕ ਇਮਾਰਤ ’ਚੋਂ ਲੋਕਾਂ ਪਾਸੋਂ ਮੁਰਦੇ ਬਾਹਰ ਕਢਵਾਏ ਗਏ ਤੇ ਫੇਰ ਮੁਰਦੇ ਢੋਣ ਵਾਲੇ ਬੰਗਾਲੀਆਂ ਨੂੰ ਪਾਕਿਸਤਾਨੀ ਸਿਪਾਹੀਆਂ ਨੇ ਗੋਲੀ ਮਾਰ ਕੇ ਪਾਰ ਬੁਲਾਇਆ। ਸਾਹਮਣੇ ਮਕਾਨ ਦੀ ਇਕ ਖਿੜਕੀ ਵਿਚ ਬੈਠੇ ਇਕ ਜਣੇ ਪਾਸ ਵੀਡੀਓ ਕੈਮਰਾ ਸੀ ਜਿਸ ਨਾਲ ਉਹਨੇ ਇਸ ਕਾਰੇ ਦੀ ਤਸਵੀਰ ਖਿੱਚੀ ਜੋ ਦੂਰਦਰਸ਼ਨ ਉੱਪਰ ਵਿਖਾਈ ਗਈ ਸੀ ਤੇ ਹੁਣ ਮੈਂ ਸੋਚ ਰਿਹਾ ਸਾਂ ਕਿ ਬੇਰਹਿਮੀ ਵਿਚ ਭਾਰਤੀ ਸਿਪਾਹੀ ਪਾਕਿਸਤਾਨੀ ਸਿਪਾਹੀਆਂ ਤੋਂ ਕਿੰਨੇ ਕੁ ਘੱਟ ਹਨ।

ਬਹੁਤ ਉਦਾਸ ਸਾਂ, ਪਰ ਸੰਘਣੀ ਉਦਾਸੀ ਵਿਚ ਮੈਂ ਆਪਣੀ ਮਰਜ਼ੀ ਦੀ ਖੁਸ਼ੀ ਵੀ ਸਿਰਜ ਲਈ ਸੀ। ਮੈਨੂੰ ਤਸੱਲੀ ਸੀ ਕਿ ਇਸ ਕਾਰੇ ਨੂੰ ਮੈਂ ਅੱਖੀਂ ਨਹੀਂ ਸੀ ਵੇਖਿਆ ਤੇ ਮੇਰੇ ਵੀਰ ਜਗਜੀਤ ਨੇ ਵੀ ਇਹ ਹਤਿਆਕਾਂਡ ਆਪ ਨਹੀਂ ਸੀ ਵੇਖਿਆ। ਇਸ ਲਈ ਇਸ ਖ਼ਬਰ ਨੂੰ ਵੀ ਅਸੀਂ ਇਕ ‘ਅਫਵਾਹ’ ਹੀ ਸਮਝ ਸਕਦੇ ਹਾਂ। ਮੇਰਾ ਜੀਅ ਇਸ ਸੱਚੇ ਦਿਲੋਂ ਸੁਣਾਈ ਵਾਰਤਾ ਨੂੰ ਅਫਵਾਹ ਹੀ ਮੰਨ ਕੇ ਰਾਜੀ ਸੀ । ਆਖ਼ਰ ਆਪਣੇ ਦੇਸ਼ ਦੀ ਫੌਜ ਦੀ ਇਨਸਾਨੀ-ਦੋਸਤੀ ਉੱਪਰ ਮੇਰਾ ਵਿਸ਼ਵਾਸ ਵੀ ਤਾਂ ਬਣਿਆ ਰਹਿਣਾ ਚਾਹੀਦਾ ਹੈ।

ਸਾਡਾ ਘਰ ਗੁਰੂ ਰਾਮਦਾਸ ਨਿਵਾਸ ਦੇ ਐਨ ਪਿਛਲੇ ਪਾਸੇ ਹੈ ਇਧਰੋਂ ਹੀ ਲੋਹੇ ਦਾ ਦਰਵਾਜ਼ਾ ਤੋੜ ਕੇ ਫੌਜ ਗੁਰੂ ਰਾਮਦਾਸ ਨਿਵਾਸ ਵਿਚ ਦਾਖਲ ਹੋਈ ਸੀ। ਇਸੇ ਦਰਵਾਜ਼ੇ ਦੇ ਖੱਬੇ ਪਾਸੇ ਪਾਣੀ ਵਾਲਾ ਉਹ ਮੁਨਾਰਾ (ਪਾਣੀ ਵਾਲੀ ਟੈਂਕੀ) ਸੀ ਜਿਸ ਉੱਪਰ ਚੜ੍ਹ ਕੇ (ਜੇ ਸਰਕਾਰੀ ਸ਼ਬਦਾਵਲੀ ਵਿਚ ਕਿਹਾ ਜਾਵੇ ਤਾਂ) “ਅੱਤਵਾਦੀਆਂ” ਨੇ ਕਿਲ੍ਹਾਬੰਦੀ ਸੰਭਾਲੀ ਹੋਈ ਸੀ ਤੇ ਜਿਸ ਨੂੰ ਰਾਕਟ ਮਾਰ ਕੇ ਫੌਜ ਨੇ ਢਹਿ ਢੇਰੀ ਕੀਤਾ ਸੀ। ਸਾਰੇ ਘਰ ਵਾਲੇ ਬਾਲ-ਬੱਚਿਆਂ ਸਮੇਤ ਕੋਠੇ ਉੱਪਰ ਸੁੱਤੇ ਪਏ ਸਨ ਜਦੋਂ ਉਨ੍ਹਾਂ ਟੈਂਕ ਨੂੰ ਅੰਦਰ ਜਾਂਦਿਆਂ ਪਹਿਲੋਂ ਸੁਣਿਆ ਤੇ ਫੇਰ ਬਨੇਰੇ ਉੱਪਰੋਂ ਚੋਰ ਝਾਤੀ ਮਾਰ ਕੇ ਵੇਖਿਆ। ਬੱਸ ਘਰ ਵਿਚ ਭਾਜੜ ਪੈ ਗਈ। ਸਾਰੇ ਜਣੇ ਪੌੜੀਆਂ ਰਾਹੀਂ ਹੇਠਲੀ ਮੰਜ਼ਲ ਵੱਲ ਦਗੜ-ਦਗੜ ਦੌੜੇ। ਬਿਸਤਰੇ ਮੰਜਿਆਂ ਉੱਪਰ ਹੀ ਵਿਛੇ ਰਹੇ। ਹੇਠਾਂ ਉਤਰਨ ਤਕ ਰਾਮਦਾਸ ਨਿਵਾਸ ਵਿਚ ਗੋਲੀਆਂ ਦੀ ਠਾ-ਠਾ ਸ਼ੁਰੂ ਹੋ ਚੁੱਕੀ ਸੀ। ਇਮਾਰਤ ਦੀ ਟੁੱਟ ਭੱਜ ਵੀ ਸੁਣਾਈ ਦੇ ਰਹੀ ਸੀ। ਜ਼ਖਮੀਆਂ ਦੀ ਹਾਏ-ਤੋਬਾ ਵੀ।

ਬਿਜਲੀ ਤੇ ਪਾਣੀ ਕੱਟੇ ਜਾ ਚੁੱਕੇ ਸਨ। ਗੋਲ਼ੀਆਂ ਬੂਹੇ ਬਾਰੀਆਂ ਵਿੰਨ੍ਹ ਕੇ ਅੰਦਰ ਆ ਰਹੀਆਂ ਸਨ ਕੋਈ ਵੀ ਕਮਰਾ ਟਿਕਾਣਾ ਦੇ ਸਕਣ ਯੋਗ ਨਹੀਂ ਸੀ। ਪੰਜ-ਛੇ ਕਮਰੇ ਸਨ ਤੇ ਸਭਨਾਂ ਨੂੰ ਬਹੁਤਿਆਂ ਨੂੰ ਬੂਹੇ-ਬਾਰੀਆਂ ਸਨ। ਵਿਚਕਾਰ ਸਿਰੋਂ ਨੰਗਾ ਵੱਡਾ ਸਾਰਾ ਵੇਹੜਾ। ਇਸ ਬਿਪਤਾ ਦੀ ਘੜੀ ਕੋਈ ਚੱਜ ਦਾ ਸਿਰ ਲੁਕਾਵਾ ਨਹੀਂ ਸੀ ਲੱਭ ਰਿਹਾ। ਪਿਛਲੀ ਕੋਠੜੀ ਦਾ ਚੌਥਾ ਕੁ ਹਿੱਸਾ ਗੋਲੀ ਦੀ ਮਾਰ ਤੋਂ ਸੁਰੱਖਿਅਤ ਜਾਪਦਾ ਸੀ ਜੋ 12 ਗੁਣਾ 8 ਫੁੱਟ ਦੀ ਥਾਂ ਹੋਵੇਗੀ ਮੁਸ਼ਕਲ ਨਾਲ ਜਿਸ ਵਿਚ ਪੰਜ-ਛੇ ਛੋਟੇ ਬੱਚੇ ਆਪਣੇ ਆਪ ਨੂੰ ਤਾੜ ਕੇ ਬੈਠੇ ਹੋਏ ਸਨ। ਬਾਹਰ ਗੋਲੀਆਂ ਦੋਜ਼ਖ ਦੀ ਅੱਗ ਵਾਂਗ ਗੜ੍ਹਕ ਰਹੀਆਂ ਸਨ, ਅੰਦਰ ਡਰੇ ਹੋਏ ਬੱਚਿਆਂ ਨੇ ਕੋਹਰਾਮ ਮਚਾਇਆ ਹੋਇਆ ਸੀ। ਪੀਣ ਨੂੰ ਪਾਣੀ ਨਹੀਂ ਸੀ। ਖੁਸ਼ਕਿਸਮਤੀ ਨਾਲ ਘਰ ਵਿਚ ਇਕ ਹੈਂਡ ਪੰਪ (ਨਲਕਾ) ਸੀ, ਪਰ ਉਹ ਵਿਹੜੇ ਵਿਚ ਸੀ ਜਿਥੇ ਜਾਨ ਨੂੰ ਜੋਖਮ ਵਿਚ ਪਾ ਕੇ ਹੀ ਪਹੁੰਚਿਆ ਜਾ ਸਕਦਾ ਸੀ। ਇਸ ਮਾਰੂ ਮਾਹੌਲ ਵਿਚ ਮੇਰੀ ਸਾਲੇਹਾਰ ਨੂੰ ਗਸ਼ ਪੈ ਗਈ। ਉਹਦਾ ਮਰਦ ਬਾਹਰ ਵਿਹੜੇ ਵਿਚ ਪਾਣੀ ਲੈਣ ਭੱਜਾ ਤਾਂ ਘਰ ਦੇ ‘ਤੂੰ ਜਨ ਕੇ ਹੈਂ ਸੰਗ’ ਦਾ ਪਾਠ ਕਰ ਰਹੇ ਸਨ। ਅੰਦਰ ਗਸ਼ ਬਾਹਰ ਗੋਲੀ। ‘ਘਰ ਬਾਹਰ ਤੇਰਾ ਭਰਵਾਸਾ’ ਦੀ ਸਮਝ ਅਜੇਹੇ ਬਿਪਤਾ ਵੇਲੇ ਹੀ ਆਉਂਦੀ ਹੈ। ਪੂਰੇ ਦੋ ਦਿਨ ਇਹ ਨਰਕ ਭੋਗਣਾ ਪਿਆ।

ਗੁਰੂ ਰਾਮਦਾਸ ਨਿਵਾਸ ਵਿਚ ਗੋਲੀਆਂ ਦੀ ਵਾਛੜ ਖਤਮ ਹੋਈ ਤਾਂ ਫੱਟੜ ਲੋਕਾਂ ਨੇ ‘ਹਾਏ ਪਾਣੀ’ ਦੇ ਤਰਲੇ-ਵਾਸਤੇ ਪਾਉਣੇ ਅਰੰਭ ਕਰ ਦਿੱਤੇ। ਕੋਈ ਉਹਨਾਂ ਤਕ ਪਾਣੀ ਲਿਜਾਣ ਵਾਲਾ ਨਹੀਂ ਸੀ। ਆਪਣੇ ਘਰ ਤੇ ਆਪਣੇ ਰਾਮਦਾਸ ਨਿਵਾਸ ਤਕ ਵੈਤਰਣੀ ਨਦੀ ਜਿੰਨਾ ਫਾਸਲਾ ਸੀ। ਸ਼ੀਹਾਂ ਤਾਂ ਪੱਤਣ ਮੱਲੇ। ਕੀ ਪਤਾ ਸੀ ਅਸੀਂ ਏਨੇ ਨਿਰਮੋਹੇ, ਏਨੇ ਸਾਹਸੱਤ-ਹੀਣੇ ਹੋ ਜਾਵਾਂਗੇ ਕਿ ਮਰਨਾਊ ਲੋਕਾਂ ਦੇ ਮੂੰਹ ਵਿਚ ਪਾਣੀ ਦੀਆਂ ਚਾਰ ਬੂੰਦਾਂ ਵੀ ਨਹੀਂ ਚੋ ਸਕਾਂਗੇ।

ਆਖ਼ਰ ਗੋਲਾਬਾਰੀ ਬੰਦ ਹੋਈ ਤਾਂ ਪੁਲਿਸ ਨੇ ਆ ਬੂਹਾ ਖੜਕਾਇਆ। ਟੁੱਟੇ ਸ਼ੀਸ਼ਿਆਂ ਵਾਲੀਆਂ ਖਿੜਕੀਆਂ ਥਾਣੀ ਬਾਹਰ ਝਾਕ ਕੇ ਪੁਲਸੀਆਂ ਨੂੰ ‘ਕਿਉਂ-ਕਿੱਦਾਂ’ ਪੁੱਛ ਰਹੇ ਸਾਂ, ਪਰ ਬੂਹਾ ਨਹੀਂ ਸਾਂ ਖੋਲ੍ਹਦੇ। ਅਮਨ-ਚੈਨ ਨਾਲ ਰਹਿਣ ਵਾਲੇ ਅਸੀਂ ਹੀ ਆਪਣੇ ਆਪ ਨੂੰ ਅਪਰਾਧੀ ਸਮਝਣ ਲੱਗ ਪਏ ਸਾਂ। ਜਾਪਦਾ ਸੀ ਕਿ ਜਿਵੇਂ ਪੁਲਸੀਏ ਸਾਡੇ ਵਿਚੋਂ ਹੀ ਕਿਸੇ ਨੂੰ ਫੜਣ ਆਏ ਸਨ। ਬਾਹਰ ਜੋ ਕੁਝ ਵਾਪਰਿਆ ਸੀ, ਉਹ ਜਿਵੇਂ ਅਸੀਂ ਹੀ ਚੋਰੀ-ਚੋਰੀ ਕਰ-ਕਰਾ ਕੇ, ਅੰਦਰ ਜਾ ਲੁਕੇ ਸਾਂ। ਦਰਵਾਜ਼ਾ ਤਾਂ ਖੋਲ੍ਹਣਾ ਹੀ ਪਿਆ। ਪੰਜਾਬ ਦੇ ਪੁਲਸੀਏ ਸਨ, ਉਹ ਗੁਰੂ ਰਾਮਦਾਸ ਨਿਵਾਸ ਦੇ ਫੱਟੜਾਂ ਨੂੰ ਪਾਣੀ ਪਿਲਾਉਣ ਲਈ ਬਾਲਟੀਆਂ ਗਿਲਾਸ ਮੰਗਦੇ ਸਨ। ਫੌਜੀਆਂ ਨੂੰ ਗਾਲ੍ਹਾਂ ਕੱਢਦੇ ਸਨ, ਜਿਨ੍ਹਾਂ ਫੱਟੜਾਂ ਦੇ ਸੱਥਰ ਵਿਛਾ ਦਿੱਤੇ ਸਨ ਤੇ ਪਾਣੀ ਨਹੀਂ ਸਨ ਦੇਂਦੇ। ਜਿਵੇਂ ਲੋਥਾਂ ਵਿਛਾ ਦੇਣਾ ਫੌਜੀਆਂ ਦਾ ਕੰਮ ਸੀ ਤੇ ਮਰਿਆਂ ਵਿਚੋਂ ਉਨ੍ਹਾਂ ਨੂੰ ਪਛਾਨਣਾ ਪੰਜਾਬ ਦੇ ਪੁਲਸੀਆਂ ਦਾ ਕੰਮ ਹੋਵੇ ਜਿਨ੍ਹਾਂ ਨੂੰ ਹਕੂਮਤ ਅਤਿਵਾਦੀ ਦੱਸ ਰਹੀ ਸੀ। ਇਸ ਦੇ ਬਾਅਦ ਫੌਜੀ ਵੀ ਆਏ। ਗਾਹਲਾਂ ਉਹ ਵੀ ਕੱਢਦੇ ਸਨ ਦਾੜ੍ਹੀ ਵਾਲੇ ‘ਅਤਿਵਾਦੀਆਂ’ ਨੂੰ ਜਿਨ੍ਹਾਂ ‘ਹਮਾਰੇ ਕਿਤਨੇ ਹੀ ਜਵਾਨੋਂ ਕੋ ਮਾਰ ਡਾਲਾ ।’

ਇਹਨਾਂ ਪੁਲਸੀਆਂ ਤੇ ਫੌਜੀਆਂ ਤੋਂ ਲੜਾਈ ਦੇ ਕੁਝ ਵੇਰਵੇ ਪਤਾ ਲਗਦੇ ਸਨ। ਮੇਰੀ ਸਾਲੇਹਾਰ ਬੋਲੀ, ਵੀਰ ਜੀ, ਸਾਨੂੰ ਫੌਜੀਆਂ ਨੇ ਆਪ ਦੱਸਿਆ ਕਿ ਦਰਬਾਰ ਸਾਹਿਬ ਵਿਚ ਔਰਤਾਂ ਵੀ ਬੜੀ ਬਹਾਦਰੀ ਨਾਲ ਲੜੀਆਂ। ਇਹਨਾਂ ਔਰਤਾਂ ਨੂੰ ‘ਅਤਿਵਾਦੀ’ ਕਿਵੇਂ ਕਿਹਾ ਜਾ ਸਕਦਾ ਹੈ। ਇਹਨਾਂ ਕਦੀ ਕਿਸੇ ਬੇਦੋਸ਼ੇ ਨੂੰ ਮਾਰਿਆ ਨਹੀਂ, ਕੋਈ ਲੁੱਟ-ਖੋਹ ਨਹੀਂ ਕੀਤੀ। ਉਹ ਤਾਂ ਸ਼ਰਧਾ ਤੇ ਪਿਆਰ ਦੀ ਖਾਤਰ ਲੜ ਰਹੀਆਂ ਸਨ। ਸ਼ਰਧਾ ਸੀ ਉਹਨਾਂ ਨੂੰ ਧਰਮ ਨਾਲ, ਗੁਰੂ ਰਾਮਦਾਸ ਨਾਲ, ਹਰਿਮੰਦਰ ਨਾਲ, ਸਰੋਵਰ ਨਾਲ ਜਿਸ ਦੀਆਂ ਮਸਿਆਂ ਨ੍ਹਾਉਂਦੀਆਂ ਉਹ ਆਪਣੇ ਭੈਣ ਭਰਾਵਾਂ ਲਈ ਸੁਖਣਾਂ ਸੁਖਦੀਆਂ ਹਨ, ਆਪਣੇ ਲਈ ਸਾਊ ਪਤੀ ਅਤੇ ਸੁਸ਼ੀਲ ਸੰਤਾਨ ਦੀ ਮੰਗ ਮੰਗਦੀਆਂ ਹਨ। ਇਹ ਤਾਂ ਆਪਣੇ ਘਰ-ਪਰਿਵਾਰ ਛੱਡ ਕੇ ਏਥੇ ਸਰਾਂ ਵਿਚ ਆ ਟਿਕੀਆਂ ਸਨ, ਆਪੋ ਆਪਣੇ ਪਤੀ ਦੇ ਅੰਗ ਸੰਗ। ਅਜੇ ਕੁਝ ਦਿਨ ਪਹਿਲਾਂ ਹੀ ਤਾਂ ਸੰਤ ਬਾਬਾ ਜੀ ਦੀ ਦੇਖ ਰੇਖ ਵਿਚ ਚਾਰ ਖਾੜਕੂਆਂ ਨੇ ਵਿਆਹ ਕਰਾਏ ਸਨ। ਕੁੜੀਆਂ ਵਿਚਾਰੀਆਂ ਪਿਆਰ ਦੀਆਂ ਬੱਧੀਆਂ ਉਹਨਾਂ ਦੇ ਲੜ ਲਗ ਗਈਆਂ ਜਿਨ੍ਹਾਂ ਦਾ ਕੋਈ ਹੋਰ ਕੰਮ ਕਿੱਤਾ ਨਹੀਂ ਸੀ, ਜੋ ਧਰਮ ਦੀ ਖਾਤਰ ਜਾਨ ਹਥੇਲੀ ’ਤੇ ਰੱਖੀ ਫਿਰਦੇ ਸਨ…’ ਇਹ ਕਹਿੰਦੇ-ਕਹਿੰਦੇ ਉਹਦੀਆਂ ਅੱਖਾਂ ਸੇਜਲ ਹੋ ਗਈਆਂ।

‘ਸਭ ਤੋਂ ਵੱਡਾ ਦੁੱਖ ਤਾਂ ਮੈਨੂੰ ਆਪਣੇ ਹੀ ਇਲਾਕੇ ਦੇ ਓਸ ਚੰਦਰੇ ਹਲਵਾਈ ਦਾ ਹੈ ਜਿੰਨ੍ਹੇ ਸੰਤ ਬਾਬੇ ਦੇ ਮਰਨ ਦੀ ਖ਼ਬਰ ਸੁਣਦਿਆਂ ਮਠਿਆਈ ਵੰਡੀ ਸੀ। ਮੇਰਾ ਤਾਂ ਜੀਅ ਨਹੀਂ ਮੰਨਦਾ ਕਿ ਸੰਤ ਜੀ ਮਰ ਗਏ। ਪਰ ਉਸ ਹਲਵਾਈ ਦੇ ਅੰਦਰੋਂ ਜਰੂਰ ਕੋਈ ਮਰ ਗਿਆ। ਏਦਾਂ ਤਾਂ ਕੋਈ ਆਪਣੇ ਖਾਸ ਵੈਰੀ ਦੇ ਮਰਨ ’ਤੇ ਵੀ ਨਹੀਂ ਕਰਦਾ। ਏਦਾਂ ਹੀ ਤਾਂ ਹਿੰਦੂ-ਸਿੱਖਾਂ ਵਿਚਕਾਰ ਪਾੜਾ ਪੈਂਦਾ ਹੈ।……

“ਫੌਜ ਨੇ ਵੀ, ਵੀਰ ਜੀ, ਹਿੰਦੂ-ਸਿੱਖਾਂ ਨੂੰ ਇਕ-ਦੂਜੇ ਤੋਂ ਪਾੜਿਆ ਹੈ। ਕਰਫਿਊ ਖੁੱਲਾ ਤਾਂ ਸਿੱਖ ਮਰਦ ਤਾਂ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ। ਕੋਈ ਵੀ ਦਹਾੜੀ-ਦਸਤਾਰ ਵਾਲਾ ਸਿੱਖ ਹੋਵੇ, ਫੋਜੀ ਉਹਨੂੰ ਮਾਰਨਾ ਚਾਹੁੰਦੇ ਸਨ। ਉਹਨਾਂ ਦੇ ਭਾਣੇ ਸਾਰੇ ਹੀ ਸਿੱਖ ‘ਅਤਿਵਾਦੀ’ ਸਨ। ਹਿੰਦੂ ਵੀਰ ਤਾਂ ਪਰਕਰਮਾ ਤਕ ਜਾ ਕੇ ਮਠਿਆਈ ਵੰਡ ਆਏ ਤੇ ਸਿੱਖ ਡਰਦੇ ਮਾਰੇ ਅੰਦਰ ਹੀ ਵੜੇ ਰਹੇ। ਮਾੜਾ-ਮੋਟਾ ਸੌਦਾ-ਸੂਤ ਖਰੀਦਣ ਜਨਾਨੀਆਂ ਹੀ ਬਾਹਰ ਨਿਕਲਦੀਆਂ ਰਹੀਆਂ”।

ਏਦਾਂ ਹੀ ਇਕੜ-ਦੁਕੜ ਗੱਲਾਂ ਹੋ ਰਹੀਆਂ ਸਨ ਕਿ ਮੇਰੀ ਘਰ ਵਾਲੀ ਇਕ ਸਲਵਾਰ ਚੁੱਕ ਲਿਆਈ ਸਾਨੂੰ ਸਾਰਿਆਂ ਨੂੰ ਦਿਖਾਉਣ ਲਈ। “ਆਹ ਵੇਖੋ! ਜੰਗ ਦਾ ਨਮੂਨਾ। ਉਪਰਲੇ ਬੈੱਡਰੂਮ ਦਾ ਦਰਵਾਜਾ ਵਿੰਨ ਕੇ ਗੋਲੀਆਂ ਅੰਦਰ ਆਉਂਦੀਆਂ ਰਹੀਆਂ। ਦਰਵਾਜੇ ਦੀ ਸਾਹਮਣੇ ਵਾਲੀ ਕੰਧ ਤੇ ਕਿੱਲੀਆਂ ਸਨ ਤੇ ਕਿੱਲੀਆਂ ’ਤੇ ਕੱਪੜੇ ਟੰਗੇ ਸਨ ਅਤੇ ਗੋਲੀਆਂ ਕੱਪੜਿਆਂ ’ਤੇ ਵੱਜਦੀਆਂ ਤੇ ਸਾਰੇ ਲੀੜੇ-ਕੱਪੜੇ ਛਾਨਣੀ ਹੋ ਗਏ। ਆਹ ਵੇਖੀਂ ਜੇ, ਸਲਵਾਰ ਸਾਰੀ ਛੇਕੋ-ਛੇਕ ਹੋਈ ਪਈ ਹੈ। ਮੈਂ ਰਤਾ ਕੁ ਹੱਥ ਵਧਾਇਆ ਹੀ ਸੀ ਕਿ ਸਾਲੇਹਾਰ ਨੇ ਫੌਰਨ ਅੱਗੇ ਵੱਧ ਕੇ ਸਲਵਾਰ ਆਪਣੀ ਨਨਾਣ ਦੇ ਹੱਥੋਂ ਖੋ ਲਈ। ਮੈਨੂੰ ਜਾਪਿਆ ਕਿ ਇਸ ਅਣ-ਪਹਿਨੀ ਸਲਵਾਰ ਵਿਚ ਵੀ ਮੇਰੀ ਭੋਲੀ ਸਾਲੇਹਾਰ ਆਪਣੇ-ਆਪ ਨੂੰ ਨੰਗਾ ਮਹਿਸੂਸ ਕਰਦੀ ਹੈ ਅਤੇ ਉਸ ਨੂੰ ਸ਼ਰਮ ਆ ਗਈ ਹੈ। ਅਸੀਂ ਸਾਰੇ ਹੱਕੇ-ਬੱਕੇ ਰਹਿ ਗਏ, ਪਰ ਕੁਝ ਚਿਰ ਬਾਅਦ ਹੀ ਉਹ ਬੋਲੀ, “ਏਹ ਸਲਵਾਰ ਤਾਂ ਫੌਜੀ ਹੱਲੇ ਦਾ ਸੋਵੀਨਰ ਹੈ। ਮੈਂ ਇਹਨੂੰ ਸੰਭਾਲ ਕੇ ਆਪਣੇ ਪਾਸ ਰੱਖਾਂਗੀ। ਹੋਰ ਕਿਸੇ ਨੂੰ ਹੱਥ ਵੀ ਨਹੀਂ ਲਾਉਣ ਦੇਣਾ।” ਇਹਨਾਂ ਕਹਿੰਦੇ-ਕਹਿੰਦੇ ਉਹ ਭੁੱਬੀਂ ਰੋ ਪਈ।

– 0 –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,