ਚੋਣਵੀਆਂ ਲਿਖਤਾਂ » ਜਖਮ ਨੂੰ ਸੂਰਜ ਬਣਨ ਦਿਓ... » ਲੇਖ » ਸਿੱਖ ਖਬਰਾਂ

ਦਰਬਾਰ ਸਾਹਿਬ ‘ਤੇ ਹਮਲਾ: ਸਿੱਖ ਵਿਰੋਧੀ ਪ੍ਰਵਚਨ ਦਾ ਪ੍ਰਤੀਕ (ਡਾ. ਮਿਹਰ ਸਿੰਘ ਗਿੱਲ)

June 3, 2016 | By

ਸੰਨ 1984 ਈ. ਵਿੱਚ ਕੀਤਾ ਗਿਆ ਬਲਿਊ ਸਟਾਰ ਸਾਕਾ ਸਿੱਖਾਂ ਵਿੱਚ ਤੀਜੇ ਵੱਡੇ ਘੱਲੂਘਾਰੇ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਰਹੇਗਾ। ਹਰਿਮੰਦਰ ਸਾਹਿਬ ਵਿੱਚ ਫੌਜ ਦਾ ਇਹ ਦਾਖਲਾ ਦੋ ਸੌ ਬਾਈ ਸਾਲ ਬਾਅਦ ਹੋਇਆ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਜਿਨ੍ਹਾਂ ਬਾਰੇ ਮੁਕੰਮਲ ਵੇਰਵਾ ਸ਼ਾਇਦ ਕਦੇ ਵੀ ਪ੍ਰਾਪਤ ਨਾ ਹੋ ਸਕੇ। ਲੱਖਾਂ ਰੁਪਏ ਦਾ ਸਮਾਨ ਲੁੱਟਿਆ ਤੇ ਜਲਾਇਆ ਗਿਆ। ਇਸ ਤੋਂ ਬਿਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ”ਤੇ ਆਏ ਹਰ ਉਮਰ ਦੇ ਵਰਗ ਦੇ ਲੋਕਾਂ ਨੂੰ ਕਈ ਤਰ੍ਹਾਂ ਨਾਲ ਤਸੀਹੇ ਦਿੱਤੇ ਗਏ ਅਤੇ ਖੱਜਲ ਖੁਆਰ ਕੀਤਾ ਗਿਆ।

ਇਹ ਸਭ ਕੁਝ ਸਿੱਖਾਂ ਵਿਰੁੱਧ ਕੀਤਾ ਗਿਆ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਸਭ ਤੋਂ ਵਧ ਕੁਰਬਾਨੀਆਂ ਦਿੱਤੀਆਂ ਅਤੇ ਜਿਨ੍ਹਾਂ ਨੇ 1948, 1965 ਅਤੇ 1971 ਦੀਆਂ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਵਿੱਚ ਸਿਰ ਕੱਢਵਾਂ ਯੋਗਦਾਨ ਪਾਇਆ ਸੀ। ਸੰਨ 1962 ਵਿੱਚ ਚੀਨ ਨਾਲ ਹੋਈ ਲੜਾਈ ਵਿੱਚ ਸਿੱਖਾਂ ਦੀ ਬਹਾਦਰੀ ਅਤੇ ਸੂਰਬੀਰਤਾ ਦੀ ਪਾਈ ਗਈ ਧਾਂਕ ਹਮੇਸ਼ਾ ਯਾਦ ਕੀਤੀ ਜਾਂਦੀ ਰਹੇਗੀ। ਬਲਿਊ ਸਟਾਰ ਘੱਲੂਘਾਰਾ ਕਿਉਂ ਕੀਤਾ ਗਿਆ, ਕੀ ਇਹ ਟਾਲਿਆ ਜਾ ਸਕਦਾ ਸੀ, ਇਸ ਦੇ ਮੁੱਖ ਮਨੋਰਥ ਕੀ ਸਨ ਆਦਿ ਸਵਾਲਾਂ ਬਾਰੇ ਇਸ ਲੇਖ ਵਿੱਚ ਚਰਚਾ ਕੀਤੀ ਗਈ ਹੈ।

ਭਾਵੇਂ ਬਲਿਊ ਸਟਾਰ ਉਪਰੇਸ਼ਨ ਬਾਰੇ ਬੜਾ ਕੁਝ ਲਿਿਖਆ ਜਾ ਚੁੱਕਾ ਹੈ, ਪਰੰਤੂ ਇਸ ਕਾਰਵਾਈ ਦੌਰਾਨ ਜੋ ਸਿੱਖਾਂ ਉੱਪਰ ਵਾਪਰਿਆ ਸੀ ਉਸ ਦਾ ਪੂਰਾ ਵੇਰਵਾ, ਉਸ ਦੇ ਮੂਲ ਕਾਰਨ, ਅਤੇ ਉਸ ਕਾਰਨ ਸਿੱਖਾਂ ਉਤੇ ਪਏ ਪ੍ਰਭਾਵਾਂ ਦਾ ਲੇਖਾ-ਜੋਖਾ ਅਜੇ ਪੂਰੇ ਵਿਸਥਾਰ ਵਿੱਚ ਕੀਤਾ ਜਾਣਾ ਬਾਕੀ ਹੈ। ਇਸ ਸਾਕੇ ਦੌਰਾਨ ਲਗਭਗ ਤਿੰਨ ਦਰਜਨ ਗੁਰਦੁਆਰਿਆਂ ਵਿਖੇ ਫੌਜ ਵਲੋਂ ਕਾਰਵਾਈ ਕੀਤੀ ਗਈ ਸੀ। ਪਰੰਤੂ ਜਦੋਂ ਵੀ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਉਹ ਸਿਰਫ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਕੀਤੇ ਗਏ ਨੁਕਸਾਨ ਤਕ ਹੀ ਸੀਮਿਤ ਹੁੰਦੀ ਹੈ ਅਤੇ ਉਹ ਵੀ ਕੇਵਲ ਅੰਸ਼ਕ ਰੂਪ ਵਿੱਚ। ਇਸ ਤਰ੍ਹਾਂ ਦੇ ਕੀਤੇ ਜਾਣ ਵਾਲੇ ਬਿਰਤਾਂਤ ਸਚਾਈ ਤੋਂ ਕਿਤੇ ਦੂਰ ਹਨ। ਮਿਸਾਲ ਵਜੋਂ ਮਈ 20, 2001 ਨੂੰ ਅੰਗਰੇਜ਼ੀ ਟ੍ਰਿਿਬਊਨ ਵਿੱਚ ਪੰਜਾਬ ਪੁਲਿਸ ਦੇ ਇੱਕ ਸਾਬਕਾ ਐਸ.ਪੀ., ਜੋ ਦਰਬਾਰ ਸਾਹਿਬ ਵਿੱਚ ਹੋਈ ਫੌਜੀ ਕਾਰਵਾਈ ਦਾ ਚਸ਼ਮਦੀਦ ਗਵਾਹ ਸੀ, ਅਨੁਸਾਰ ਇਕੱਲੇ ਉਸ ਇਲਾਕੇ ਵਿਚੋਂ ਅੱਠ ਸੌ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਸ ਬਾਰੇ ਸਰਕਾਰੀ ਅੰਕੜੇ ਬਹੁਤ ਘੱਟ ਗਿਣਤੀ ਦਸਦੇ ਆਏ ਹਨ।

ਇਸ ਤਰ੍ਹਾਂ ਅੰਮ੍ਰਿਤਸਰ ਤੋਂ ਬਾਹਰ ਦੇ ਗੁਰਧਾਮਾਂ, ਜਿੱਥੇ ਇਸ ਸਾਕੇ ਸਮੇਂ ਫੌਜੀ ਕਾਰਵਾਈ ਕੀਤੀ ਗਈ ਸੀ, ਵਿਖੇ ਵੀ ਕਈ ਥਾਵਾਂ ਉੱਤੇ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਲੇਖਕ ਨੂੰ ਫੌਜੀ ਕਾਰਵਾਈ ਤੋਂ ਦਸ ਦਿਨ ਬਾਅਦ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜਾਣ ਦਾ ਮੌਕਾ ਮਿਿਲਆ ਸੀ। ਇਸ ਗੁਰਦੁਆਰੇ ਦੀ ਸਰਾਂ ਵਿੱਚ ਸ਼ਾਇਦ ਹੀ ਕੋਈ ਐਸਾ ਕਮਰਾ ਸੀ ਜਿਸ ਦੇ ਬਾਹਰ ਜਾਂ ਅੰਦਰ ਗੋਲੀਆਂ ਦੇ ਜਾਂ ਖੂਨ ਦੇ ਨਿਸ਼ਾਨ ਨਹੀਂ ਸਨ। ਸਪਸ਼ਟ ਹੈ ਕਿ ਉਸ ਤੋਂ ਪਹਿਲਾਂ ਸਾਰੇ ਕਮਰਿਆਂ ਦੀ ਧੁਲਾਈ ਵੀ ਕੀਤੀ ਗਈ ਹੋਵੇਗੀ। ਇਸ ਦਾ ਭਾਵ ਇਹ ਹੈ ਕਿ ਗੁਰਦੁਆਰਾ ਦੁਖ ਨਿਵਾਰਨ ਪਟਿਆਲਾ ਵਿਖੇ ਵੀ ਕਾਫੀ ਜਾਨੀ ਨੁਕਸਾਨ ਹੋਇਆ ਸੀ। ਆਲੇ ਦੁਆਲੇ ਰਹਿਣ ਵਾਲੇ ਲੋਕਾਂ ਅਨੁਸਾਰ ਇੱਥੇ ਫੌਜੀ ਕਾਰਵਾਈ ਸਮੇਂ ਲਗਭਗ ਪੈਂਤੀ-ਚਾਲੀ ਮਿੰਟ ਗੋਲੀ ਚੱਲਣ ਦੀ ਆਵਾਜ਼ ਆਉਂਦੀ ਰਹੀ ਸੀ। ਸੁਭਾਵਕ ਹੈ ਕਿ ਇੰਨਾ ਸਮਾਂ ਇਹ ਹਵਾ ਵਿੱਚ ਤਾਂ ਨਹੀਂ ਚਲਦੀ ਰਹੀ ਹੋਵੇਗੀ। ਇਸ ਤਰ੍ਹਾਂ ਜਿਨਾਂ੍ਹ ਹੋਰ ਧਾਰਮਿਕ ਅਸਥਾਨਾਂ ਉੱਤੇ ਉਸ ਸਮੇਂ ਫੌਜੀ ਕਾਰਵਾਈ ਹੋਈ ਸੀ ਉਨ੍ਹਾਂ ਵਿਚੋਂ ਕਈ ”ਤੇ ਚੋਖਾ ਜਾਨੀ ਮਾਲੀ ਨੁਕਸਾਨ ਹੋਇਆ ਹੋਵੇਗਾ ਜਿਸ ਬਾਰੇ ਕਦੀ ਕੋਈ ਗੱਲ ਨਹੀਂ ਕੀਤੀ ਗਈ। ਇਸ ਗੁਰਦੁਆਰਾ ਕੰਪਲੈਕਸ ਵਿਖੇ ਬਾਕੀ ਥਾਵਾਂ ਉਤੇ ਵੀ ਗੋਲੀਆਂ ਦੇ ਨਿਸ਼ਾਨ ਸਾਫ ਨਜ਼ਰ ਆਉਂਦੇ ਸਨ।

ਜਿਸ ਕੌਮ ਦਾ ਇਤਿਹਾਸ ਬਲਵਾਨ ਅਤੇ ਗੌਰਵਸ਼ਾਲੀ ਹੋਵੇ ਉਸ ਨੂੰ ਦਬਾ ਕੇ ਰੱਖਣਾ ਲਗਭਗ ਅਸੰਭਵ ਹੁੰਦਾ ਹੈ। ਸਿੱਖ ਇਤਿਹਾਸ ਦਾ ਹਰ ਕਦਮ ਨਿੱਗਰ ਸ਼ਾਨ ਨਾਲ ਭਰਪੂਰ ਹੈ। ਇਸੇ ਕਾਰਨ ਹਰ ਰਾਜਸੀ ਦੌਰ ਵਿੱਚ ਉਨ੍ਹਾਂ ਨੇ ਹਰ ਵੰਗਾਰ ਦਾ ਡੱਟ ਕੇ ਅਤੇ ਆਪਣੇ ਨਿਆਰੇ ਢੰਗ ਨਾਲ ਜੁਆਬ ਦਿੱਤਾ ਹੈ। ਸੰਨ 1978 ਤੋਂ 1984 ਤਕ ਜਿੱਥੇ ਸਿੱਖਾਂ ਵਿੱਚ ਆਪਣੇ ਰਾਜਸੀ ਹੱਕਾਂ ਬਾਰੇ ਚੇਤਨਤਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਉੱਥੇ ਉਨ੍ਹਾਂ ਵਿੱਚ ਆਪਣੇ ਵਿਰਸੇ ਪ੍ਰਤੀ ਜਾਗ੍ਰਤੀ ਅਤੇ ਮਾਣ ਵੀ ਬਹੁਤ ਪ੍ਰਚੰਡ ਹੋਏ। ਅਜਿਹਾ ਵਾਪਰਨਾ ਭਾਰਤ ਦੇ ਹਾਕਮ ਵਰਗ ਦੇ ਇਕਸਾਰੀਕਾਰਨ (Homogenization) ਦੇ ਸਿਧਾਂਤ ਅਤੇ ਸੰਬੰਧਤ ਹੈਂਕੜੇ ਵਾਲੇ ਪ੍ਰਵਚਨ (Discourse) ਲਈ ਇੱਕ ਵੱਡਾ ਚੈਲੰਿਜ ਸੀ। ਲਗਭਗ ਤੀਹ-ਪੈਂਤੀ ਸਾਲ ਤਕ ਵੱਖ ਵੱਖ ਤਰ੍ਹਾਂ ਦੇ ਸਰਕਾਰ ਨਿਯੰਤਰਤ ਅਤੇ ਸਰਕਾਰ ਨਿਰਦੇਸ਼ਤ ਮੀਡੀਏ ਦਾ ਯੋਜਨਾਬੱਧ ਤਰੀਕੇ ਨਾਲ ਪਾਇਆ ਗਿਆ ਪ੍ਰਭਾਵ ਇਕਾਇਕ ਬੇਅਸਰ ਹੋ ਗਿਆ ਸੀ। ਹਰ ਪਾਸੇ ਸਿੱਖ ਧਰਮ ਅਤੇ ਸਿੱਖ ਸਿਧਾਂਤਾਂ ਦੀ ਚੜ੍ਹਤਲ ਬਣੀ ਹੋਈ ਸੀ। ਇਸ ਬਦਲਦੀ ਪ੍ਰਸਥਿਤੀ ਤੋਂ ਭਾਰਤੀ ਸਰਕਾਰ ਤੇ ਭਾਰਤੀ ਹਾਕਮ ਵਰਗ ਦਾ ਡੰੂਘੀ ਚਿੰਤਾ ਦਾ ਸ਼ਿਕਾਰ ਹੋਣਾ ਲਾਜ਼ਮੀ ਸੀ। ਜਿਥੇ ਹਾਕਮ ਸ਼੍ਰੇਣੀ ਫਾਸ਼ਿਸਟ ਦ੍ਰਿਸ਼ਟੀ ਰੱਖਦੀ ਹੋਵੇ ਉੱਥੇ ਅਜਿਹੇ ਵੱਖਰੀ ਸੋਚ ਵਾਲੇ ਘੱਟ ਗਿਣਤੀ ਲੋਕਾਂ ਨਾਲ ਸਵੈਮਾਨ ਵਾਲੀ ਐਡਜਸਟਮੈਂਟ ਦੀ ਥਾਂ ਨਿਰੋਲ ਧੱਕੇਸ਼ਾਹੀ ਵਾਲਾ ਰੁਖ ਅਪਣਾਇਆ ਜਾਂਦਾ ਹੈ। ਅਜਿਹੇ ਲੋਕਾਂ ਦੇ ਗੰਭੀਰ

ਰਾਜਨੀਤਿਕ ਚੈਲੰਿਜ ਨੂੰ ਬਿਲਕੁਲ ਤਹਿਸ ਨਹਿਸ ਕਰਨ ਲਈ ਜ਼ਰੂਰੀ ਹੁੰਦਾ ਹੈ ਉਨ੍ਹਾਂ ਦੇ ਸਮੂਹਿਕ ਗੌਰਵ ਅਤੇ ਸ਼ਾਨ ਨੂੰ ਢਹਿ ਢੇਰੀ ਕਰਨਾ। ਸੰਨ 1984 ਈ. ਵਿਖੇ ਭਾਰਤ ਸਰਕਾਰ ਵਲੋਂ ਸਿੱਖਾਂ ਵਿਰੁੱਧ ਕੀਤੀਆਂ ਗਈਆਂ ਕਾਰਵਾਈਆਂ ਮੱੁਖ ਰੂਪ ਵਿੱਚ ਸਿੱਖਾਂ ਦੇ ਮਾਣ, ਤਾਣ ਅਤੇ ਸ਼ਾਨ ਨੂੰ ਖਤਮ ਕਰਨ ਲਈ ਹੀ ਸਨ। ਫਰਵਰੀ 1984 ਵਿੱਚ ਹਰਿਆਣਾ ਵਿੱਚ ਸਿੱਖਾਂ ਨੂੰ ਕਈ ਦਿਨਾਂ ਤਕ ਬੱਸਾਂ ਵਿੱਚੋਂ ਕੱਢ ਕੇ ਉਨ੍ਹਾਂ ਦੀ ਮਾਰ ਕੁਟਾਈ ਅਤੇ ਹਰ ਤਰ੍ਹਾਂ ਨਾਲ ਨਿਰਾਦਰ ਕੀਤਾ ਜਾਣਾ, ਬਲਿਊ ਸਟਾਰ ਉਪਰੇਸ਼ਨ ਅਤੇ ਸਮੁੱਚੇ ਪੰਜਾਬ ਵਿੱਚ ਤਿੰਨ ਚਾਰ ਦਿਨਾਂ ਦਾ ਕਰਫਿਊ ਅਤੇ ਨਵੰਬਰ 1984 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਕਈ ਹੋਰ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਦੀ ਬੇਰੋਕ ਨਸਲਕੁਸ਼ੀ ਅਤੇ ਲੁੱਟਮਾਰ ਆਦਿ ਸਭ ਸਿੱਖਾਂ ਦੇ ਸਮੂਹਕ ਗੌਰਵ ਨੂੰ ਨਸ਼ਟ ਕਰਨ ਲਈ ਹੀ ਯੋਜਨਾ ਬੱਧ ਤਰੀਕੇ ਨਾਲ ਚੁੱਕੇ ਗਏ ਕਦਮ ਸਨ।

ਕੀ “ਬਲਿਊ ਸਟਾਰ ਉਪਰੇਸ਼ਨ” (ਦਰਬਾਰ ਸਾਹਿਬ ਉੱਤੇ ਹਮਲਾ) ਟਾਲਿਆ ਜਾ ਸਕਦਾ ਸੀ?

ਜੇਕਰ ਸਰਕਾਰ ਦਾ ਮੰਤਵ ਉਸ ਵੇਲੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹਿ ਰਹੇ ਖਾੜਕੂ ਸਿੰਘਾਂ ਨੂੰ ਬਾਹਰ ਕੱਢਣਾ ਹੀ ਸੀ ਤਾਂ ਉਸ ਲਈ ਇਹ ਘੱਲੂਘਾਰਾ ਕਰਨਾ ਜ਼ਰੂਰੀ ਨਹੀਂ ਸੀ। ਪਹਿਲੀ ਤਾਂ ਗੱਲ ਇਹ ਕਿ ਜੇਕਰ ਕੇਵਲ ਇਹੀ ਇੱਕ ਮੰਤਵ ਸੀ ਤਾਂ ਫਿਰ ਲਗਭਗ ਤਿੰਨ ਦਰਜਨ ਇਤਿਹਾਸਕ ਗੁਰਦੁਆਰਾ ਵਿਖੇ ਇੱਕੋ ਸਮੇਂ ਨਾਂ ਤਾਂ ਫੌਜੀ ਕਾਰਵਾਈ ਕਰਨ ਦੀ ਲੋੜ ਸੀ ਅਤੇ ਨਾ ਹੀ ਸਾਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਫਿਊ ਲਗਾਉਣ ਦੀ। ਪਰੰਤੂ ਜੇਕਰ ਮੰਨ ਵੀ ਲਈਏ ਕਿ ਇਸ ਫੌਜੀ ਕਾਰਵਾਈ ਦਾ ਮੰਤਵ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਖਾੜਕੂ ਸਿੰਘਾਂ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਬਾਹਰ ਕੱਢਣਾ ਸੀ ਤਾਂ ਬਾਕੀ ਸੰਭਵ ਤਰੀਕੇ ਵੀ ਵਰਤਣ ਦੀ ਲੋੜ ਸੀ। ਇਸ ਮੰਤਵ ਲਈ ਤਿੰਨ ਰਾਹ ਹੋ ਸਕਦੇ ਸਨ:-

(ੳ) ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਖਾੜਕੂ ਸਿੰਘਾਂ ਨੂੰ ਬਾਹਰ ਆਉਣ ਲਈ ਕਿਹਾ ਜਾਣਾ।

(ਅ) ਦੂਸਰਾ ਰਾਹ ਸੀ ਦਰਬਾਰ ਸਾਹਿਬ ਦੇ ਉਸ ਹਿੱਸੇ ਦੀ ਘੇਰਾ ਬੰਦੀ ਕਰਕੇ ਪਾਣੀ ਅਤੇ ਰਸਦ ਦੀ ਸਪਲਾਈ ਬੰਦ ਕਰਨਾ।

(ੲ) ਤੀਸਰਾ ਮਾਰਗ ਸੀ ਸ੍ਰੀ ਅਕਾਲ ਤਖਤ ਸਾਹਿਬ ”ਤੇ ਹਮਲਾ ਕਰਨਾ।

ਸਰਕਾਰ ਨੇ ਪਹਿਲਾ ਰਾਹ ਇਸ ਕਰਕੇ ਨਾ ਚੁਣਿਆ ਕਿਉਂਕਿ ਉਸ ਨੂੰ ਡਰ ਸੀ ਕਿ ਜੇਕਰ ਖਾੜਕੂ ਸਿੰਘ ਅਕਾਲ ਤਖਤ ਦੇ ਜਥੇਦਾਰ ਦੇ ਕਹਿਣ ”ਤੇ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦਾ ਮਾਣ ਸਤਿਕਾਰ ਸਿੱਖ ਲੋਕਾਂ ਵਿੱਚ ਹੋਰ ਵੀ ਵਧ ਜਾਵੇਗਾ। ਇਸ ਤੋਂ ਬਿਨਾਂ ਇਸ ਨਾਲ ਸਿੱਖ ਪ੍ਰੰਪਰਾ ਅਤੇ ਅਕਾਲ ਤਖਤ ਸਾਹਿਬ ਦੀ ਹੋਰ ਵੀ ਚੜ੍ਹਤ ਸਪੱਸ਼ਟ ਹੋਣੀ ਸੀ। ਉਪਰੋਕਤ ਦੋਵੇਂ ਨਤੀਜੇ ਕੇਂਦਰੀ ਸਰਕਾਰ ਨੂੰ ਕਿਸੇ ਤਰ੍ਹਾਂ ਮਨਜ਼ੂਰ ਨਹੀਂ ਹੋ ਸਕਦੇ। ਇਸੇ ਤਰ੍ਹਾਂ ਦੂਜਾ ਰਾਹ ਵੀ ਨਾ ਅਪਣਾਇਆ ਗਿਆ ਕਿਉਂਕਿ ਇਹ ਵੀ ਕੇਂਦਰੀ ਸਰਕਾਰ ਦੀ ਨੀਤੀ ਦੇ ਵੱਡੇ ਪਰਿਪੇਖ ਵਿੱਚ ਫਿੱਟ ਨਹੀਂ ਸੀ ਹੁੰਦਾ। ਇਸ ਪ੍ਰਕਾਰ ਸਰਕਾਰ ਨੇ ਤੀਜਾ ਰਾਹ ਹੀ ਅਪਣਾਇਆ ਜੋ ਇਸ ਵਿਸ਼ਾਲ ਸੋਚੀ ਸਮਝੀ ਦੀਰਘ ਕਾਲੀਨ ਯੋਜਨਾ ਦਾ ਸਿੱਟਾ ਸੀ। ਇਸ ਸੰਬੰਧ ਵਿੱਚ ਇੱਕ ਹੋਰ ਗੱਲ ਧਿਆਨਯੋਗ ਹੈ ਕਿ ਇਸ ਫੌਜੀ ਹਮਲੇ ਲਈ ਜੋ ਦਿਨ ਚੁਣਿਆ ਗਿਆ ਉਹ ਗੁਰਪੁਰਬ ਦਾ ਦਿਨ ਸੀ ਜਿਸ ਦਿਨ ਲੋਕ ਲੱਖਾਂ ਦੀ ਗਿਣਤੀ ਵਿੱਚ ਵੱਖ-ਵੱਖ ਗੁਰਦੁਆਰਿਆਂ ਵਿਖੇ ਦਰਸ਼ਨਾਂ ਲਈ ਜਾਂਦੇ ਅਤੇ ਉੱਥੇ ਠਹਿਰਦੇ ਹਨ। ਇਨ੍ਹਾਂ ਸ਼ਰਧਾਲੂਆਂ ਵਿੱਚ ਹਰ ਉਮਰ ਅਤੇ ਹਰ ਵਰਗ ਦੇ ਲੋਕ ਸ਼ਾਮਿਲ ਹੁੰਦੇ ਹਨ। ਇਨ੍ਹਾਂ ਲੱਖਾਂ ਲੋਕਾਂ ਦੇ ਗੁਰਧਾਮਾਂ ਵਿਖੇ ਇਸ ਗੁਰਪੁਰਬ ਸਮੇਂ ਹਾਜ਼ਰੀ ਦੌਰਾਨ ਲਗਭਗ ਤਿੰਨ ਦਰਜਨ ਥਾਵਾਂ ’ਤੇ ਹਮਲਾ ਕੀਤਾ ਜਾਣਾ ਉੱਪਰ ਲਿਖੀ ਸੋਚੀ ਸਮਝੀ ਯੋਜਨਾ ਦਾ ਹਿੱਸਾ ਸੀ।
ਦਰਬਾਰ ਸਾਹਿਬ ਉੱਤੇ ਹਮਲੇ ਦੇ ਮਨੋਰਥ ਕੀ ਸਨ?

ਕੇਂਦਰੀ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਬਲਿਊ ਸਟਾਰ ਉਪਰੇਸ਼ਨ ਦਾ ਮੁੱਖ ਮਨੋਰਥ ਹਰਿਮੰਦਰ ਸਾਹਿਬ ਕੰਪਲੈਕਸ ਵਿੱਚੋਂ ਖਾੜਕੂਆਂ ਨੂੰ ਬਾਹਰ ਕੱਢਣਾ ਸੀ। ਜੇਕਰ ਇਸ ਕਾਰਵਾਈ ”ਤੇ ਵਿਆਪਕ ਦ੍ਰਿਸ਼ਟੀ ਪਾਈ ਜਾਏ ਤਾਂ ਇਸ ਐਕਸ਼ਨ ਬਾਰੇ ਸਰਕਾਰੀ ਪੱਖੋਂ ਦੱਸਿਆ ਗਿਆ ਇਹ ਮੰਤਵ ਬਹੁਤਾ ਜਚਦਾ ਨਹੀਂ। ਇਸ ਕਾਰਵਾਈ ਪਿੱਛੇ ਕੇਂਦਰੀ ਸਰਕਾਰ ਅਤੇ ਭਾਰਤੀ ਹਾਕਮ ਜਮਾਤ ਦੇ ਅਸਲ ਮਨੋਰਥ ਹੇਠ ਲਿਖੇ ਅਨੁਸਾਰ ਸਨ:

(1) ਪੰਜਾਬ ਅਤੇ ਸਿੱਖਾਂ ਦੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਸੰਬੰਧੀ ਲਗਾਇਆ ਗਿਆ ਧਰਮ ਯੁੱਧ ਮੋਰਚਾ ਉਸ ਸਮੇਂ ਸਿਖਰ ਉੱਤੇ ਪਹੁੰਚ ਚੁੱਕਾ ਸੀ ਅਤੇ ਕੇਂਦਰੀ ਸਰਕਾਰ ਕੋਲ ਉਨ੍ਹਾਂ ਮੰਗਾਂ ਨੂੰ ਮੰਨਣ ਤੋਂ ਬਗੈਰ ਕੋਈ ਚਾਰਾ ਨਹੀਂ ਸੀ ਰਹਿ ਗਿਆ। ਸਿੱਖਾਂ ਦੇ ਸਾਰੇ ਧੜੇ ਅਤੇ ਬਹੁਤ ਭਾਰੀ ਗਿਣਤੀ ਵਿੱਚ ਸਿੱਖ ਇਸ ਮੋਰਚੇ ਵਿੱਚ ਭਰਪੂਰ ਸਹਿਯੋਗ ਦੇ ਰਹੇ ਸਨ। ਜੇਕਰ ਸਰਕਾਰ ਇਸ ਮੋਰਚੇ ਵਿੱਚ ਉਠਾਈਆਂ ਗਈਆਂ ਮੰਗਾਂ ਨੂੰ ਮੰਨ ਲੈਂਦੀ ਤਾਂ ਪੰਜਾਬ ਦੀ ਨਿਵੇਕਲੀ ਸ਼ਖਸ਼ੀਅਤ ਹੋਰ ਵੀ ਉਘੜ ਕੇ ਸਥਾਪਿਤ ਹੋਣੀ ਸੀ। ਅਜਿਹਾ ਵਾਪਰਨਾ ਭਾਰਤੀ ਹਾਕਮ ਜਮਾਤ ਦੇ ਇਕਸਾਰੀਕਰਨ ਦੇ ਮਾਡਲ ਨੂੰ ਭਾਰੀ ਤੌਰ ”ਤੇ ਖੰਡਿਤ ਕਰਨ ਦੇ ਸਮਰੱਥ ਹੋਣਾ ਸੀ।

(2) ਸੰਨ 1980 ਈ. ਦੇ ਆਸ ਪਾਸ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਜਗਤ ਦੀ ਪ੍ਰਮੁੱਖ ਸ਼ਖਸ਼ੀਅਤ ਬਣ ਚੁੱਕੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਸਿੱਖ ਪੰਥ ਵਿੱਚ ਸਥਿਤੀ ਲਗਾਤਾਰ ਮਜ਼ਬੂਤ ਹੁੰਦੀ ਗਈ। ਉਨ੍ਹਾਂ ਦੀ ਕਥਨੀ ਤੇ ਕਰਨੀ ਵਿੱਚ ਇਕਸੁਰਤਾ ਹੋਣ ਕਾਰਨ ਅਤੇ ਬੇਦਾਗ ਸ਼ਖਸ਼ੀਅਤ ਦੇ ਧਾਰਨੀ ਹੋਣ ਕਾਰਨ ਉਹ ਆਮ ਲੋਕਾਂ ਲਈ ਇੱਕ ਨਾਇਕ ਦੇ ਰੂਪ ਵਿੱਚ ਸਥਾਪਿਤ ਹੋ ਚੁੱਕੇ ਸਨ। ਅਜਿਹੇ ਲੀਡਰ ਦਾ ਕਾਇਮ ਰਹਿਣਾ ਦੇਸ਼ ਦੀ ਹਾਕਮ ਸ਼ੇ੍ਰਣੀ ਦੇ ਪ੍ਰਵਚਨ ਲਈ ਇੱਕ ਵੰਗਾਰ ਸੀ। ਬਲਿਊ ਸਟਾਰ ਉਪਰੇਸ਼ਨ ਦਾ ਇੱਕ ਮੰਤਵ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਿਰਕੱਢ ਸਾਥੀਆਂ ਨੂੰ ਖਤਮ ਕਰਨਾ ਸੀ।
(3) ਭਾਰਤੀ ਸ਼ਾਸਕ ਵਰਗ ਦੀ ਇੱਕ ਵੱਡੀ ਚਿੰਤਾ ਇਹ ਰਹੀ ਹੈ ਕਿ ਵੱਖ-ਵੱਖ ਤਰ੍ਹਾਂ ਨਾਲ ਵੰਡੇ ਹੋਏ ਦੇਸ਼ ਦੇ ਲੋਕਾਂ ਨੂੰ ਇੱਕ ਲੜੀ ਵਿੱਚ ਕਿਵੇਂ ਪਰੋਇਆ ਜਾਏ। ਅਜਿਹਾ ਕਰਨ ਲਈ ਜਦੋਂ ਇਸ ਵਰਗ ਅੱਗੇ ਕੋਈ ਕਿਿਰਆਤਮਕ ਉੱਦਮ ਨਹੀਂ ਹੁੰਦਾ ਤਾਂ ਉਹ ਕਿਸੇ ਧਾਰਮਿਕ ਘੱਟ ਗਿਣਤੀ ਨੂੰ ਘਿਰਣਾ ਅਤੇ ਹਿੰਸਾ ਦਾ ਨਿਸ਼ਾਨਾ ਬਣਾ ਕੇ ਹਿੰਦੂ ਧਰਮ ਦੇ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਵਿੱਚ ਹੁੰਦਾ ਹੈ। ਇਨ੍ਹਾਂ ਘਟ ਗਿਣਤੀਆਂ ਵਿੱਚ ਕਦੀ ਮੁਸਲਮਾਨ, ਕਦੀ ਸਿੱਖ ਅਤੇ ਕਦੀ ਇਸਾਈ ਹੁੰਦੇ ਹਨ। ਇਸ ਮੰਤਵ ਲਈ ਕਦੀ ਹਿੰਦੂ-ਮੁਸਲਿਮ ਦੰਗੇ ਕਰਵਾਏ ਜਾਂਦੇ ਹਨ, ਕਦੀ ਸ੍ਰੀ ਅਕਾਲ ਤਖਤ ਉੱਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਜਾਂਦਾ ਹੈ, ਕਦੀ ਬਾਬਰੀ ਮਸਜਿਦ ਗਿਰਾਈ ਜਾਂਦੀ ਹੈ ਅਤੇ ਕਦੇ ਗਿਰਜਾਘਰ ਜਲਾਏ ਜਾਂਦੇ ਹਨ। ਸੰਨ, 1980 ਤੋਂ 1995-96 ਤਕ ਅਜਿਹਾ ਨਿਸ਼ਾਨਾ ਸਿੱਖਾਂ ਨੂੰ ਬਣਾਇਆ ਗਿਆ ਸੀ। ਸੋ ਇਸ ਸਾਕੇ ਪਿੱਛੇ ਇੱਕ ਭਾਵਨਾ ਬਿਖਰੀ ਹੋਈ (ਭਾਰਤੀ) ਮੱੁਖ ਧਾਰਾ ਨੂੰ ਜੋੜਨਾ ਵੀ ਸੀ।
ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਭਾਰਤੀ ਮੁੱਖ ਧਾਰਾ ਨਾਲ ਸੰਬੰਧਤ ਕਿਸੇ ਵੀ ਰਾਜਨੀਤਿਕ ਪਾਰਟੀ ਨੇ, ਭਾਵੇਂ ਉਹ ਇਸ ਘੱਲੂਘਾਰੇ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਦੀ ਸਖਤ ਵਿਰੋਧੀ ਹੀ ਕਿਉਂ ਨਾ ਹੋਵੇ, ਬਲਿਊ ਸਟਾਰ ਉਪਰੇਸ਼ਨ ਦੀ ਨਿਖੇਧੀ ਨਹੀਂ ਕੀਤੀ। ਇਹ ਅਲੱਗ ਗੱਲ ਹੈ ਕਿ ਦੁਨੀਆਂ ਦੇ 200 ਤੋਂ ਵੱਧ ਮੁਲਕਾਂ ਵਿੱਚੋਂ ਉਸ ਵੇਲੇ ਦੇ ਸੋਵੀਅਤ ਯੂਨੀਅਨ (ਜੋ ਹੁਣ ਟੁੱਟ ਚੁੱਕਾ ਹੈ) ਅਤੇ ਫਲਸਤੀਨ ਦੇ ਇੱਕ ਨੇਤਾ ਯਾਸਰ ਅਰਾਫਾਤ ਤੋਂ ਬਿਨਾਂ ਕਿਸੇ ਵੀ ਮੁਲਕ ਨੇ ਇਸ ਘਟਨਾ ਦੀ ਹਮਾਇਤ ਨਹੀਂ ਸੀ ਕੀਤੀ।

(4) ਭਾਰਤੀ ਰਾਜਨੀਤੀ ਦੇ ਅਪਰਾਧੀਕਰਨ ਬਾਰੇ ਬੜਾ ਕੁਝ ਲਿਿਖਆ ਅਤੇ ਕਿਹਾ ਜਾਂਦਾ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਕਈ ਵਾਰ ਤਾਂ ਰਾਜਨੀਤਿਕ ਪਾਲਸੀ ਵੀ ਅਜਿਹੇ ਅਪਰਾਧੀਕਰਨ ਵਾਲੀ ਭਾਵਨਾ ਵਿੱਚੋਂ ਉਪਜੀ ਹੁੰਦੀ ਹੈ। ਸੰਨ 1980 ਵਿੱਚ ਕੇਂਦਰ ਵਿੱਚ ਸੱਤਾ ਵਿੱਚ ਆਈ ਪਾਰਟੀ ਨੇ ਸਿੱਖ ਵਿਰੋਧੀ ਪ੍ਰਚਾਰ, ਕਾਰਵਾਈ ਅਤੇ ਹਿੰਸਾ ਰਾਹੀਂ ਅੱਗੇ ਨੂੰ ਵੋਟਾਂ ਵਿੱਚ ਜਿੱਤ ਪ੍ਰਾਪਤ ਕਰਨ ਦੀ ਪਾਲਸੀ ਨੂੰ ਪਹਿਲ ਦਿੱਤੀ ਹੋਈ ਸੀ। ਇਸ ਮਨੋਰਥ ਦਾ ਬਲਿਊ ਸਟਾਰ ਘੱਲੂਘਾਰੇ ਬਾਰੇ ਫੈਸਲਾ ਲੈਣ ਵਿੱਚ ਕਾਫੀ ਯੋਗਦਾਨ ਕਿਹਾ ਜਾ ਸਕਦਾ ਹੈ।

(5) ਬਲਿਊ ਸਟਾਰ ਉਪਰੇਸ਼ਨ ਉਸ ਵੇਲੇ ਦੀ ਕੇਂਦਰੀ ਸਰਕਾਰ ਦਾ ਇੱਕ ਪਾਸਾ ਸੀ। ਇਸ ਦਾ ਦੂਜਾ ਪਹਿਲੂ ਸੀ ਪੰਜਾਬ ਦੇ ਸਰਹੱਦੀ ਜ਼ਿਿਲ੍ਹਆਂ ਵਿੱਚ ਸਿੱਖ ਨੌਜੁਆਨਾਂ ਦੀ “ਸਕਰੀਨਿੰਗ” ਕਰਨਾ, ਇਸ “ਸਕਰੀਨਿੰਗ” ਨੂੰ ਉਪਰੇਸ਼ਨ “ਵੁੱਡਰੋਜ਼” ਦਾ ਨਾਂ ਦਿੱਤਾ ਗਿਆ ਸੀ। ਇਸ ਅਧੀਨ ਪੰਜਾਬ ਦੇ ਸਰਹੱਦੀ ਜ਼ਿਿਲ੍ਹਆਂ ਵਿੱਚ ਸਿੱਖ ਨੌਜੁਆਨਾਂ, ਖਾਸ ਕਰਕੇ ਜੋ ਅੰਮ੍ਰਿਤਧਾਰੀ ਸਨ, ਦੀ ਛਾਣਬੀਣ ਕਰਨ ਦੀ ਆੜ ਵਿੱਚ ਕਈਆਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਅਤੇ ਤਸ਼ੱਦਦ ਕੀਤਾ ਗਿਆ। ਉਨ੍ਹਾਂ ਵਿੱਚੋਂ ਕਈ ਲਾਪਤਾ ਵੀ ਹੋਏ ਹੋਣਗੇ। ਅਜਿਹੀ ਕਾਰਵਾਈ ਕਰਨ ਤੋਂ ਪਹਿਲਾਂ ਬਲਿਊ ਸਟਾਰ ਉਪਰੇਸ਼ਨ ਵਰਗੀ ਵੱਡੀ ਕਾਰਵਾਈ ਜ਼ਰੂਰੀ ਸੀ ਤਾਂ ਜੁ ਸਿੱਖ ਲੋਕਾਂ ਵਿੱਚ ਵੱਡੇ ਪੱਧਰ ਉੱਤੇ ਡਰ ਤੇ ਸਹਿਮ ਪੈਦਾ ਕੀਤਾ ਜਾ ਸਕੇ। ਜੇਕਰ ਬਲਿਊ ਸਟਾਰ ਉਪਰੇਸ਼ਨ ਨਾ ਕੀਤਾ ਗਿਆ ਹੁੰਦਾ ਤਾਂ ਲੋਕ ਤਥਾ ਕਥਿਤ ਉਪਰੇਸ਼ਨ “ਵੁੱਡਰੋਜ਼” ਕਾਮਯਾਬ ਨਾ ਹੋਣ ਦਿੰਦੇ।

(6) ਬਹੁ-ਸਭਿਆਚਾਰਕ ਦੇਸ਼ਾਂ ਵਿੱਚ ਜਦੋਂ ਵੀ ਕੇਂਦਰੀ ਹਾਕਮ ਕਿਸੇ ਇੱਕ ਵਰਗ ਨੂੰ ਸਬਕ ਸਿਖਾਉਣ ਲਈ ਆਪਣੀ ਹਿੰਸਾ ਦਾ ਨਿਸ਼ਾਨਾ ਬਣਾਉਂਦੇ ਹਨ, ਤਾਂ ਇਸ ਦਾ ਸੁਨੇਹਾ ਦੇਸ਼ ਦੇ ਬਾਕੀ ਛੋਟੇ ਸਭਿਆਚਾਰਾਂ ਲਈ ਵੀ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ। ਭਾਰਤ ਵਿੱਚ ਸਿੱਖਾਂ ਵਰਗੀ ਘਟ-ਗਿਣਤੀ, ਜੋ ਕਿਸੇ ਭਰਮ ਵੱਸ 1984 ਈ. ਤਕ ਆਪਣੇ ਆਪ ਨੂੰ ਬਹੁ ਗਿਣਤੀ ਸਮਝਦੀ ਰਹੀ ਸੀ, ਦੇ ਸਭ ਤੋਂ ਪਵਿੱਤਰ ਅਸਥਾਨ ਉੱਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਨ ਦਾ ਮਤਲਬ ਬਾਕੀ ਘੱਟ ਗਿਣਤੀਆਂ ਨੂੰ ਵੀ ਇਹ ਦੱਸਣਾ ਸੀ ਕਿ ਦੇਸ਼ ਦੀ ਮੁੱਖ ਧਾਰਾ ਦਾ ਅਤੇ ਉਸ ਦੇ ਪ੍ਰਵਚਨ ਦਾ ਵਿਰੋਧ ਬਹੁਤ ਮਹਿੰਗਾ ਪੈਂਦਾ ਹੈ। ਲੋਕਾਂ ਨੂੰ ਪਕੜ ਕੇ ਅਤੇ ਪਿੱਛੇ ਹੱਥ ਬੰਨ੍ਹ ਕੇ ਗੋਲੀ ਮਾਰ ਕੇ ਮਾਰਨਾ, ਜਾਂ ਹੋਰ ਗੈਰ ਮਨੁੱਖੀ ਸਲੂਕ ਕਰਨਾ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਫੌਜੀ ਕਾਰਵਾਈ ਤੋਂ ਬਾਅਦ ਜਲਾਉਣਾ ਜਾਂ ਉਸ ਵਿਚਲੀਆਂ ਪੁਸਤਕਾਂ ਅਤੇ ਰਿਕਾਰਡ ਆਦਿ ਨੂੰ ਦਿੱਲੀ ਵਿੱਚ ਕਿਸੇ ਕੇਂਦਰੀ ਸੰਸਥਾ ਦੇ ਦਫਤਰ ਵਿੱਚ ਛੁਪਾ ਛੱਡਣਾ (ਜਿਵੇਂ ਕੁਝ ਸਮੇਂ ਤੋਂ ਕਿਹਾ ਜਾ ਰਿਹਾ ਹੈ) ਇਸੇ ਮੰਤਵ ਲਈ ਚੁੱਕੇ ਗਏ ਹੋਰ ਕਦਮ ਆਖੇ ਜਾ ਸਕਦੇ ਹਨ।

ਕੀ ਕਰਨਾ ਲੋੜੀਏ?

ਬਲਿਊ ਸਟਾਰ ਉਪਰੇਸ਼ਨ ਉਸ ਸਮੇਂ ਦੀ ਕੇਂਦਰ ਸਰਕਾਰ ਅਤੇ ਉਸਦੇ ਸਮਰਥਕਾਂ ਵਲੋਂ ਇੱਕ ਬਹੁਤ ਡੰੂਘੀ ਸੋਚ ਵਿਚਾਰ ਮਗਰੋਂ ਤਿਆਰ ਕੀਤੀ ਯੋਜਨਾ ਦਾ ਸਿੱਟਾ ਸੀ। ਅੰਗਰੇਜ਼ ਰਾਜ ਸਮੇਂ ਇੰਨੇ ਵੱਡੇ ਪੱਧਰ ”ਤੇ ਲੋਕਾਂ ਵਿਰੁੱਧ ਕੀਤੀ ਗਈ ਫੌਜੀ ਜਾਂ ਪੁਲਿਸ ਕਾਰਵਾਈ ਦੀ ਕੋਈ ਦੂਜੀ ਮਿਸਾਲ ਨਹੀਂ ਮਿਲਦੀ।
ਵਿਸ਼ਵ ਜੰਗ ਸਮੇਂ ਯੂੱਰਪ ਵਿੱਚ ਨਾਜ਼ੀਆਂ ਵਲੋਂ ਕੀਤੇ ਗਏ ਯਹੂਦੀਆਂ ਦੇ ਘਾਣ ਬਾਰੇ ਅਨੇਕਾ ਪੁਸਤਕਾਂ, ਖੋਜ ਪੱਤਰ ਲਿਖੇ ਗਏ ਹਨ। ਪਰੰਤੂ ਬਲਿਊ ਸਟਾਰ ਉਪਰੇਸ਼ਨ ਵੇਲੇ ਜੋ ਵਾਪਰਿਆ ਹੈ ਉਸ ਦਾ ਤਾਂ ਪੂਰਾ ਵੇਰਵਾ ਵੀ ਅਜੇ ਤਕ ਨਹੀਂ ਛਾਪਿਆ ਗਿਆ।

ਬਲਿਊ ਸਟਾਰ ਉਪਰੇਸ਼ਨ ਸਮੇਂ ਵੱਖ-ਵੱਖ ਥਾਵਾਂ ਉੱਤੇ ਫੌਜੀ ਐਕਸ਼ਨ ਦੌਰਾਨ ਜੋ ਕੁਝ ਵਾਪਰਿਆ ਉਸ ਦਾ ਵਿਸਤ੍ਰਿਤ ਬਿਓਰਾ ਇਕੱਠਾ ਕਰਨ ਦੀ ਲੋੜ ਹੈ। ਅਜਿਹੇ ਵੇਰਵੇ ਉਪਰੰਤ ਹੀ ਇਸ ਘੱਲੂਘਾਰੇ ਦੇ ਕਾਰਨਾਂ ਅਤੇ ਪ੍ਰਭਾਵਾਂ ਦੀ ਸਹੀ ਨਿਸ਼ਾਨਦੇਹੀ ਹੋ ਸਕਦੀ ਹੈ। ਜੇਕਰ ਪੂਰੇ ਵੇਰਵੇ ਪ੍ਰਾਪਤ ਨਹੀਂ ਹੁੰਦੇ ਤਾਂ ਸਰਕਾਰ ਦੁਆਰਾ ਜਾਰੀ ਕੀਤੇ ਤਥਾ ਕਥਿਤ “ਵਾਈਟ ਪੇਪਰ” ਵਿੱਚ ਉਠਾਏ ਗਏ ਮੁੱਦਿਆਂ ਤਕ ਹੀ ਸਾਰੇ ਬਿਰਤਾਂਤ ਸੀਮਿਤ ਰਹਿ ਜਾਣਗੇ। ਜੇਕਰ ਸਹੀ ਤਸਵੀਰ ਸਾਹਮਣੇ ਨਹੀਂ ਲਿਆਂਦੀ ਗਈ ਤਾਂ ਇਸ ਸਾਕੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਹੀ ਸਮਾਂ ਪੈਣ ”ਤੇ ਇਸ ਸਾਕੇ ਦੇ ਜ਼ੁੰਮੇਵਾਰ ਅਤੇ ਜ਼ਾਲਮ ਕਰਾਰ ਦਿੱਤਾ ਜਾਇਆ ਕਰੇਗਾ।

ਲੋੜ ਹੈ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਤੋਂ ਵੇਰਵੇ ਪ੍ਰਾਪਤ ਕਰਨ ਦੀ ਜਿੰਨ੍ਹਾਂ ਦੇ ਘਰਾਂ ਦੇ ਮੈਂਬਰ ਉਸ ਦਿਨ ਗੁਰੂ ਅਰਜਨ ਦੇਵ ਦਾ ਸ਼ਹੀਦੀ ਗੁਰਪੁਰਬ ਮਨਾਉਣ ਗਏ ਪਰੰਤੂ ਫਿਰ ਕਦੇ ਵਾਪਸ ਨਹੀਂ ਆਏ। ਪਤਾ ਕਰਨ ਦੀ ਲੋੜ ਹੈ ਕਿ ਉਨ੍ਹਾਂ ਦੀ ਉਸ ਦੁਖਦਾਈ ਵਿਛੋੜੇ ਦੇ ਸੰਦਰਭ ਵਿੱਚ ਇਸ ਘੱਲੂਘਾਰੇ ਬਾਰੇ ਕੀ ਸੋਚ ਰਹੀ ਹੈ। ਜਿੱਥੇ-ਜਿੱਥੇ ਵੀ ਫੌਜੀ ਕਾਰਵਾਈ ਕੀਤੀ ਗਈ ਉੱਥੋਂ ਦੇ ਅਜਿਹੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਵਿਚੋਂ ਘੱਟੋ-ਘੱਟ ਸੈਂਪਲ ਦੇ ਤੌਰ ”ਤੇ ਕਈਆਂ ਤੋਂ ਇੰਟਰਵਿਊ ਰਾਹੀਂ ਲੋੜੀਂਦੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ। ਇਸ ਤੋਂ ਬਿਨਾਂ ਇਸ ਹਮਲੇ ਦੌਰਾਨ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਹੋਈ ਲੁੱਟ ਖਸੁੱਟ ਦੀ ਵਿਸਤ੍ਰਿਤ ਲਿਸਟ ਤਿਆਰ ਕਰਨ ਅਤੇ ਉਸ ਨੂੰ ਇੱਕ ਟ੍ਰੈਕਟ ਦੇ ਰੂਪ ਵਿੱਚ ਛਾਪ ਕੇ ਲੱਖਾਂ ਦੀ ਗਿਣਤੀ ਵਿੱਚ ਵੰਡਣ ਦੀ ਵੀ ਲੋੜ ਹੈ।

ਜੇਕਰ ‘ਬਲਿਊ ਸਟਾਰ ਉਪਰੇਸ਼ਨ’ ਬਾਰੇ ਇਹ ਸਾਰੇ ਵੇਰਵੇ ਸੁਹਿਰਦਤਾ ਨਾਲ ਇਕੱਠੇ ਕਰਕੇ ਮੁਕੰਮਲ ਰੂਪ ਵਿੱਚ ਨਹੀਂ ਛਾਪੇ ਜਾਂਦੇ ਤਾਂ ਇਸ ਘੱਲੂਘਾਰੇ ਦੇ ਦੁਖਾਂਤ ਨੂੰ ਸਿੱਖ ਸਿਮ੍ਰਤੀ ਵਿਚੋਂ ਅਲੋਪ ਹੋਣ ਵਿੱਚ ਬਹੁਤੀ ਦੇਰ ਨਹੀਂ ਲੱਗੇਗੀ। ਭਾਰਤੀ ਹਾਕਮ ਜਮਾਤ ਚਾਹੇਗੀ ਕਿ ਇਸ ਘੱਲੂਘਾਰੇ ਦੀ ਮੁਕੰਮਲ ਤਸਵੀਰ ਸਿੱਖ ਸਿਮ੍ਰਤੀ ਵਿੱਚ ਸਹੀ ਰੂਪ ਵਿੱਚ ਅੰਕਿਤ ਨਾ ਹੋ ਸਕੇ। ਪਰੰਤੂ ਅਜਿਹੀ ਪਹੁੰਚ ਦਾ ਹੋਣਾ ਭਾਰਤ ਹਾਕਮ ਸ਼ੇ੍ਰਣੀ ਦੇ ਤੰਗ ਨਜ਼ਰੀਏ ਦਾ ਹੀ ਸੂਚਕ ਹੈ। ਜੇਕਰ ਇਤਿਹਾਸ ਤੋਂ ਲੋੜੀਂਦੀ ਅਗਵਾਈ ਪ੍ਰਾਪਤ ਕਰਨੀ ਹੋਵੇ ਤਾਂ ਉਸ ਸਭ ਕੁਝ ਦਾ ਅੰਕਣ ਅਤੇ ਮੰਥਨ ਜ਼ਰੂਰੀ ਹੁੰਦਾ ਹੈ ਜੋ ਲੋਕਾਂ ਦੀ ਮਾਨਸਿਕਤਾ ਨੂੰ ਝੰਜੋੜ ਗਿਆ ਹੋਵੇ। ਇਸ ਸਾਕੇ ਦਾ ਅਜਿਹਾ ਵਿਸਤ੍ਰਿਤ ਅੰਕਣ ਅਤੇ ਉਸ ਦਾ ਸੁਹਿਰਦ ਮੰਥਨ ਸਮੁੱਚੇ ਦੇਸ਼ ਲਈ ਵੀ ਹਿਤਕਾਰੀ ਹੋਵੇਗਾ।

ਇਸ ਘੱਲੂਘਾਰੇ ਤੋਂ ਇੱਕਦਮ ਬਾਅਦ ਸ੍ਰੀ ਅਕਾਲ ਤਖਤ ਦੀ ਸਰਕਾਰੀ ਸਰਪ੍ਰਸਤੀ ਹੇਠ ਪੁਨਰ ਉਸਾਰੀ ਅਜਿਹੇ ਚਿੰਨ੍ਹਾਂ ਨੂੰ ਮਿਟਾਉਣ ਦੀ ਸਰਕਾਰੀ ਕੋਸ਼ਿਸ਼ ਸੀ। ਇਸੇ ਤਰ੍ਹਾਂ ਬਲਿਊ ਸਟਾਰ ਉਪਰੇਸ਼ਨ ਉਪਰੰਤ ਸਰਕਾਰੀ ਦੇਖ ਰੇਖ ਵਿੱਚ ਸਿੱਖ ਪ੍ਰੰਪਰਾ ਵਿਰੁੱਧ ਬਣਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖ ਪੰਥ ਦੁਆਰਾ ਢਾਹ ਦਿੱਤਾ ਗਿਆ ਸੀ ਅਤੇ ਉਸ ਦੇ ਮਲਬੇ ਨੂੰ ਯਾਦਗਾਰ ਤੌਰ ’ਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰੱਖਿਆ ਗਿਆ ਸੀ। ਪਰੰਤੂ ਸੰਨ 1988 ਈ. ਵਿੱਚ “ਕਾਲੀ ਗਰਜ” ਸਾਕੇ ਵੇਲੇ ਸਰਕਾਰ ਨੇ ਇਸ ਨੂੰ ਚੁਕਾ ਕੇ ਕਿਤੇ ਗਾਇਬ ਕਰ ਦਿੱਤਾ ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਸਰਕਾਰ ਦੁਆਰਾ ਕੀਤੇ ਸਿੱਖਾਂ ਵਿਰੁੱਧ ਜ਼ੁਲਮ ਦੇ ਚਿੰਨ੍ਹਾਂ ਨੂੰ ਨਾਂ ਦੇਖ ਸਕਣ। ਪਰੰਤੂ ਅਫਸੋਸ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਮੇਤ ਬਹੁਤ ਥਾਵਾਂ ਦੇ ਬਲਿਊ ਸਟਾਰ ਉਪਰੇਸ਼ਨ ਦੇ ਬਹੁਤੇ ਚਿੰਨ੍ਹ ਸਿੱਖ ਪ੍ਰਬੰਧਕਾਂ ਦੀ ਸਹਿਮਤੀ ਨਾਲ ਮਿਟਾਏ ਗਏ ਹਨ। ਅਜਿਹਾ ਕਿਉਂ ਕੀਤਾ ਗਿਆ ਹੈ, ਇਹ ਆਪਣੇ ਆਪ ਵਿੱਚ ਇੱਕ ਵੱਖਰੇ ਅਧਿਐਨ ਦਾ ਵਿਸ਼ਾ ਹੈ। ਜਿਹੜੇ ਲੋਕ ਆਪਣੇ ਵਿਰਸੇ ਬਾਰੇ ਸਜੱਗ ਅਤੇ ਸੁਹਿਰਦ ਹੁੰਦੇ ਹਨ ਉਹ ਅਜਿਹੇ ਚਿੰਨ੍ਹਾਂ ਨੰੁ ਕਦੇ ਅਲੋਪ ਨਹੀਂ ਹੋਣ ਦਿੰਦੇ।

ਮਿਸਾਲ ਵਜੋਂ ਦੂਜੇ ਵਿਸ਼ਵ ਯੁੱਧ ਸਮੇਂ ਨਾਜ਼ੀ ਫਾਸ਼ੀਵਾਦ ਵੱਲੋਂ ਜੋ ਯਹੂਦੀਆਂ ਦਾ ਘਾਣ ਕੀਤਾ ਗਿਆ, ਉਸ ਬਾਰੇ ਯਹੂਦੀਆਂ ਵਲੋਂ ਯੂਰਪ ਵਿੱਚ ਕਈ ਥਾਵਾਂ ਉਤੇ ਦਿਲ ਟੰੁਬਣ ਵਾਲੀਆਂ ਯਾਦਗਾਰਾਂ ਕਾਇਮ ਕੀਤੀਆਂ ਗਈਆਂ ਹਨ। ਅਜਿਹੇ ਸਮਾਰਕਾਂ ਨੂੰ ਵੇਖਣ ਉਪਰੰਤ ਗੈਰ ਯਹੂਦੀ ਦਰਸ਼ਕ ਵੀ ਡੰੂਘੀ ਤਰ੍ਹਾਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਜਲ੍ਹਿਆਂ ਵਾਲੇ ਬਾਗ ਵਿੱਚ ਚੱਲੀਆਂ ਗੋਲੀਆਂ ਦੇ ਨਿਸ਼ਾਨ ਉਸੇ ਤਰ੍ਹਾਂ ਚੰਗੀ ਤਰ੍ਹਾਂ ਬਚਾ ਕੇ ਰੱਖੇ ਗਏ ਹਨ। ਪਰੰਤੂ ਇਸ ਦੇ ਉਲਟ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਹਜ਼ਾਰਾਂ ਗੋਲੀਆਂ ਅਤੇ ਤੋਪਾਂ ਦੇ ਨਿਸ਼ਾਨ ਲਗਭਗ ਮਿਟਾ ਦਿੱਤੇ ਗਏ ਹਨ। ਇੱਕ ਪਾਸੇ ਅਸੀਂ ਭਾਰਤ ਵਿੱਚ ਅੰਗਰੇਜ ਸਰਕਾਰ ਦੀ ਧੌਂਸ, ਧੱਕੇ ਅਤੇ ਜ਼ੁਲਮ ਨੂੰ ਅਗਲੀਆਂ ਨਸਲਾਂ ਨੂੰ ਦਿਖਾਉਣ ਲਈ ਮਹਿਫੂਜ਼ ਰੱਖ ਛੱਡਿਆ ਹੈ, ਜਦ ਕਿ ਦੂਜੇ ਪਾਸੇ ਉਸ ਤੋਂ ਕਿਤੇ ਵੱਡੇ ਧੱਕੇ ਤੇ ਜ਼ੁਲਮ ਦੇ ਸਾਰੇ ਨਿਸ਼ਾਨ ਖਤਮ ਕਰ ਦਿੱਤੇ ਹਨ। ਬਲਿਊ ਸਟਾਰ ਉਪਰੇਸ਼ਨ ਦੇ ਦ੍ਰਿਸ਼ਟੀਮਾਨ ਚਿੰਨ੍ਹਾਂ ਦਾ ਮਿਟਾਇਆ ਜਾਣਾ ਦੱਸਦਾ ਹੈ ਕਿ ਸਿੱਖ ਲੀਡਰਸ਼ਿਪ ਨੂੰ ਆਪਣੇ ਵਿਰਸੇ ਨੂੰ ਸੰਭਾਲਣ ਪ੍ਰਤੀ ਕਿਤੇ ਵਧੇਰੇ ਜਾਗਰੂਕ ਅਤੇ ਪ੍ਰਤੀਬੱਧ ਹੋਣ ਦੀ ਲੋੜ ਹੈ। ਜੇਕਰ ਸਿੱਖਾਂ ਦਾ ਵਿਰਸਾ ਹੀ ਵਿਸਰ ਗਿਆ ਤਾਂ ਫਿਰ ਸਿੱਖਾਂ ਲਈ ਕੁਝ ਵੀ ਨਿਆਰਾ ਨਹੀਂ ਬਚੇਗਾ।

 

*ਉਪਰੋਕਤ ਲਿਖਤ ਪਹਿਲਾਂ 05  ਜੂਨ 2016 ਨੂੰ ਛਾਪੀ ਗਈ ਸੀ

-0-

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,