Site icon Sikh Siyasat News

ਆਸ਼ੂਤੋਸ਼ ਦੇ ਪੁੱਤਰ ਨੇ ਹਾਈਕੋਰਟ ਵਿੱਚ ਪਿਉ ਦੀ ਲਾਸ਼ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਡੇਰੇ ਵਿੱਚ ਉਸਦੇ ਪਿਤਾ ਦਾ ਕੀਤਾ ਗਿਆ ਹੈ ਕਤਲ

Aushutoshਚੰਡੀਗੜ (12 ਸਤੰਬਰ, 2014): ਪਿਛਲੇ ਕਈ ਮਹੀਨਿਆਂ ਤੋਂ ਮਰ ਚੁੱਕੇ ਡੇਰਾ ਦਿਵਿਆ ਜਿਓਤੀ ਜਾਗਿ੍ਤੀ ਸੰਸਥਾਨ ਨੂਰ ਮਹਿਲ ਦੇ ਮੁਖੀ ਆਸ਼ੂਤੋਸ਼ ਉਰਫ਼ ਮਹੇਸ਼ ਕੁਮਾਰ ਝਾਅ ਦੀ ਲਾਸ਼ ਦੀ ਮੰਗ ਕਰਕੇ ਉਸਦੇ ਪੱਤਰ ਹੋਣ ਦਾ ਦਾਅਵਾ ਕਰਨ ਵਾਲੇ ਦਲੀਪ ਵੱਲੋਂ ਪਾਈ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ।

ਸੁਣਵਾਈ ਦੌਰਾਨ ਪਿਤਾ ਦੀ ਲਾਸ਼ ਮੰਗ ਰਹੇ ਦਲੀਪ ਕੁਮਾਰ ਝਾਅ ਨੇ ਅੱਜ ਖ਼ੁਦ ਨੂੰ ‘ਬਾਬੇ ਦਾ ਹੀ ਪੁੱਤ’ ਸਾਬਤ ਕਰਨ ਲਈ ਆਪਣੇ ਇਲਾਕੇ ਤੋਂ 2011 ਦੀ ਵੋਟਰ ਸੂਚੀ ਦੀ ਨਕਲ ਅਤੇ ਇਸਦੀ ਪੁਸ਼ਟੀ ਕਰਦੀ ਆਪਣੇ ਪਿੰਡ ਮਧੂਬਨੀ, ਤਹਿਸੀਲ ਲਖਨੌਰ, ਜ਼ਿਲ੍ਹਾ ਦਰਬੰਗਾ (ਬਿਹਾਰ) ਦੇ ਸਰਪੰਚ ਤੋਂ ਬਕਾਇਦਾ ਤੌਰ ‘ਤੇ ਲਿਖਵਾ ਕੇ ਵੀ ਹਾਈਕੋਰਟ ਨੂੰ ਸੌਪਿਆ।

ਇਸ ਸਬੰਧੀ ਅੱਜ ਫਿਰ ਡੇਰੇ ਦੇ ਨੁਮਾਇੰਦੇ ਵੀ ਅਦਾਲਤ ਦੇ ਕਮਰੇ ‘ਚ ਹਾਜ਼ਰ ਰਹੇ, ਜਿਨ੍ਹਾਂ ਆਪਣੇ ਵਕੀਲ ਰਾਹੀਂ ਦਲੀਪ ਕੁਮਾਰ ਵੱਲੋਂ ਪੇਸ਼ ਵੋਟਰ ਸੂਚੀ ਵਿਚ ਉਸ ਦੇ ਪਿਤਾ ਦਾ ਨਾਂਅ ‘ਆਸ਼ੂਤੋਸ਼’ ਦੀ ਥਾਂ ਮਹੇਸ਼ ਕੁਮਾਰ ਝਾਅ ਲਿਖਿਆ ਹੋਣ ‘ਤੇ ਕਿੰਤੂ ਕੀਤਾ, ਪਰ ਅਦਾਲਤ ਵੱਲੋਂ ਕਿਸੇ ਹੋਰ ਮਹੇਸ਼ ਕੁਮਾਰ ਝਾਅ ਦੀ ਦੱਸ ਪਾਉਣ ਜਾਂ ਇਸ ਨਾਂਅ ਦੇ ਦਲੀਪ ਨਾਲ ਸਬੰਧ ਰੱਖਦੇ ਕਿਸੇ ਹੋਰ ਵਿਅਕਤੀ ਨੂੰ ਬੈਂਚ ਕੋਲ ਪੇਸ਼ ਕੀਤੇ ਜਾਣ ਦੀ ਪੇਸ਼ਕਸ਼ ਕਰਨ ‘ਤੇ ਦੂਜੀ ਧਿਰ ਨੂੰ ਕੋਈ ਖਾਸ ਜੁਆਬ ਨਹੀਂ ਆਇਆ।

ਦਲੀਪ ਨੇ ਆਪਣੇ ਵਕੀਲ ਰਾਹੀਂ ਅੱਜ ਫਿਰ ਹਾਈਕੋਰਟ ਨੂੰ ਆਪਣਾ ਡੀ.ਐਨ.ਏ. ਟੈਸਟ ਕਰਵਾਉਣ ਦੀ ਪੇਸ਼ਕਸ਼ ਕਰਦਿਆਂ ਦਾਅਵਾ ਕੀਤਾ ਕਿ ਉਸ ਦੇ ਪਿਤਾ ਨੂੰ ਸੰਸਥਾਨ ਦੇ ਅੰਦਰ ਹੀ ਕਤਲ ਕੀਤਾ ਗਿਆ ਹੈ, ਜਿਸ ਲਈ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਿਕ ਆਪਣੇ ਪਿਤਾ ਦੀ ਲਾਸ਼ ਦਾ ਅੰਤਿਮ ਸਸਕਾਰ ਕਰਨ ਦਾ ਤਾਂ ਉਹ ਹੱਕਦਾਰ ਹੈ ਹੀ ਸਗੋਂ ਨਾਲ-ਨਾਲ ਉਹੋ ਅਦਾਲਤ ਕੋਲੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਲਾਸ਼ ਉਸ ਨੂੰ ਸੌਂਪਣ ਤੋਂ ਪਹਿਲਾਂ ਹਰ ਹਾਲ ਉਸ ਦਾ ਪੋਸਟਮਾਰਟਮ ਲਾਜ਼ਮੀ ਕੀਤਾ ਜਾਵੇ। ਹਾਈਕੋਰਟ ਨੇ ਇਹ ਕੇਸ ਹੁਣ ਆਉਂਦੀ 22 ਸਤੰਬਰ ਲਈ ਅੱਗੇ ਪਾ ਦਿੱਤਾ ਹੈ।

ਹਾਈਕੋਰਟ ਦੇ ਜਸਟਿਸ ਐਮ. ਐਮ. ਐਸ. ਬੇਦੀ ਵੱਲੋਂ ਕਾਰਵਾਈ ਅੱਗੇ ਤੋਰਦਿਆਂ ਦਲੀਪ ਕੁਮਾਰ ਝਾਅ ਨੂੰ ਹੋਰ ਸਬੰਧਿਤ ਅਤੇ ਸਹਾਇਕ ਸਬੂਤ ਪੇਸ਼ ਕਰਨ ਦੀ ਤਾਕੀਦ ਕਰਦਿਆਂ ਉਸ ਦੇ ਮਾਪਿਆਂ ਦੇ ਵਿਆਹ ਦੀ ਕੋਈ ਫੋਟੋ ਅਤੇ ਦਲੀਪ ਦੇ ਜਨਮ ਜਾਂ ਸਕੂਲ ਸਰਟੀਫਿਕੇਟ ਬਾਰੇ ਵੀ ਪੁੱਛਿਆ ਤਾਂ ਜੋ ਅਦਾਲਤ ਨੂੰ ਆਪਣਾ ਨਿਰਣਾ ਤੈਅ ਕਰਨ ਵਿਚ ਸਹਾਇਤਾ ਮਿਲ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version