ਬਾਪੂ ਚਮਨ ਲਾਲ ਜੀ ਦੇ ਭੋਗ ਸਮੇਂ ਖਾਲੜਾ ਮਿਸ਼ਨ ਆਰਗਨਾਈਜ਼ੇਸ਼ਨ ਵਲੋਂ

ਲੇਖ

ਹਕੂਮਤੀ ਜ਼ਬਰ ਨੂੰ ਸਬਰ ਨਾਲ ਟੱਕਰ ਦੇਣ ਵਾਲਾ ਜੁਝਾਰੂ – ਬਾਪੂ ਚਮਨ ਲਾਲ

By ਸਿੱਖ ਸਿਆਸਤ ਬਿਊਰੋ

October 04, 2018

ਕੁਝ ਕੁ ਕਹਾਣੀਆਂ, ਬਾਤਾਂ ਅਜਿਹੀਆਂ ਹੁੰਦੀਆ ਹਨ ਕਿ ਜਿਹਨਾਂ ਨੂੰ ਸੁਣ ਸਾਡਾ ਤਰਕਸ਼ੀਲ ਮਨ ਇਹ ਕਹਿ ਉੱਠਦੈ ਕਿ ਨਹੀਂ ਇਸ ਤਰ੍ਹਾ ਤਾਂ ਹੋ ਹੀ ਨਹੀਂ ਸਕਦਾ। ਕੋਈ ਅਜਿਹਾ ਕਿਵੇਂ ਹੋ ਸਕਦੈ! ਜਾਂ ਕੋਈ ਏਨਾ ਕੁਝ ਕਿਵੇਂ ਸਹਾਰ ਸਕਦੈ! ਕਿਸੇ ਵਿੱਚ ਏਨਾ ਸਬਰ ਕਿਵੇਂ ਹੋ ਸਕਦੈ! ਪਰ ਸਾਡੇ ਮੰਨਣ ਜਾਂ ਨਾਂ ਮੰਨਣ, ਸਮਝਣ ਜਾਂ ਨਾ ਸਮਝਣ ਨਾਲ ਇਹਨਾਂ ਗੱਲਾਂ ਦੀ ਸੱਚਾਈ ਉੱਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਕਹਾਣੀਆਂ ਦੇ ਪਾਤਰਾਂ ਨੇ ਸੋਨੇ ਵਾਂਗ ਭੱਠੀ ਦਾ ਸੇਕ ਜਰ ਕੇ ਆਪਣੇ ਆਪ ਨੂੰ ਸਾਬਿਤ ਕਰ ਦਿੱਤਾ ਹੁੰਦੈ ਕਿ ਉਹਨਾਂ ਦੀ ਭਾਵਨਾ ਵਿੱਚ ਕੋਈ ਖੋਟ ਨਹੀਂ।

ਜ਼ੋਰ ਵਾਲੇ ਹੰਕਾਰ ਵਿੱਚ ਅੰਨ੍ਹੇ ਹੋ ਕੇ ਕਮਜ਼ੋਰਾਂ ਨੂੰ ਉਹਨਾਂ ਦੇ ਮੁੱਢਲੇ ਹੱਕਾਂ ਤੋਂ ਹੀ ਵਿਰਵੇ ਕਰ ਛੱਡਦੇ ਹਨ। ਕੁਝ ਤਾਂ ਇਹਨਾਂ ਧੱਕਾ-ਜ਼ੋਰੀਆਂ ਉੱਤੇ ਬੁੱਲ੍ਹ ਸੀਅ ਕੇ ਚੁਪ ਕਰ ਜਾਂਦੇ ਨੇ ਪਰ ਵਿਰਲੇ ਅਜਿਹੇ ਵੀ ਹੁੰਦੇ ਨੇ ਜੋ ਇਹਦਾ ਡਟ ਕੇ ਮੁਕਾਬਲਾ ਕਰਦਿਆਂ ਹੋਰਾਂ ਲਈ ਨਮੂਨਾ ਪੇਸ਼ ਕਰਦੇ ਹਨ ਕਿ ਫਿਰ ਕੀ ਹੋਇਆ ਜਿ ਹਾਕਮ ਡਾਢਾ ਏ, ਸਾਡਾ ਸਿਰੜ ਤਾਂ ਵੇਖ ਲਏ। ਅਜਿਹੀ ਹੀ ਕਹਾਣੀ ਦਾ ਪਾਤਰ ਸੀ ਬਾਪੂ ਚਮਨ ਲਾਲ।

ਬਾਪੂ ਜੀ ਨੇ ਆਪਣੀ ਜ਼ਿੰਦਗੀ ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਦੇ ਨਾਂ ਲਾ ਦਿੱਤੀ ਸੀ। ਜਿਸ ਵੇਲੇ ਸੰਨ 1947 ਵਿੱਚ ਪੰਜਾਬ ਦੀ ਵੰਡ ਹੋਈ ਉਦੋ ਆਪ ਜੀ ਦੀ ਉਮਰ ਤਕਰੀਬਨ 32 ਸਾਲ ਸੀ। ਪਾਕਿਸਤਾਨ ਵਿੱਚ ਰਹਿ ਗਈ ਭੋਂਇ ਬਦਲੇ ਚਮਨ ਲਾਲ ਜੀ ਨੂੰ ਤਰਨਤਾਰਨ ਸ਼ਹਿਰ ਵਿੱਚ ਥਾਂ ‘ਅਲਾਟ’ ਹੋਈ। ਦਸਵੀਂ ਪਾਸ ਹੋਣ ਕਰਕੇ ਆਪ ਜੀ ਨੂੰ ਪਟਵਾਰੀ ਦੀ ਨੌਕਰੀ ਮਿਲ ਗਈ ਪਰ ਆਪ ਜੀ ਵਰਗੇ ਨਿਰਮਲ ਬੰਦੇ ਨੂੰ ਇਹ ਨੌਕਰੀ ਰਾਸ ਨਾ ਆਈ। ਇਸ ਲਈ ਬਾਪੂ ਜੀ ਪੰਜਾਂ ਸਾਲਾਂ ਵਿੱਚ ਹੀ ਨੌਕਰੀ ਛੱਡ ਆਏ। ਇਸ ਤੋਂ ਬਾਅਦ ਬਾਪੂ ਜੀ ਨੂੰ ਬੇਹੱਦ ਔਖਿਆਈ ਭਰੇ ਦਿਨ ਕੱਟਣੇ ਪਏ, ਕਦੇ-ਕਦੇ ਕਾਰਖਾਨਿਆਂ ਵਿੱਚ ਹੱਥੀਂ ਮਿਹਨਤ ਕਰਕੇ ਗੁਜਰ ਬਸਰ ਕਰਨਾ ਪੈਂਦਾ। 1947 ਦੀ ਪੰਜਾਬ ਦੀ ਵੰਡ ਵੇਲੇ ਪਏ ਰੌਲਿਆਂ ਨੇ ਬਾਪੂ ਜੀ ਕੋਲੋਂ ਉਹਨਾਂ ਦੇ ਪਰਿਵਾਰ ਦੇ 31 ਜਣੇ ਖੋਹ ਲਏ ਸਨ ਪਰ ਉਹਨਾਂ ਨੇ ਮੁਲਕ ਦੀ ਗੋਰਿਆਂ ਤੋਂ ਅਜ਼ਾਦੀ ਅਤੇ ਅਗਲੇਰੀਆਂ ਪੀੜ੍ਹੀਆਂ ਦੇ ਚੰਗੇ ਭਵਿੱਖ ਦਾ ਖਿਆਲ ਕਰਦਿਆਂ ਇਸ ਤੇ ਬਹੁਤਾ ਗਿਲਾ ਨਾ ਕੀਤਾ। ਪਰ ਬਾਪੂ ਜੀ ਨੂੰ ਕੀ ਪਤਾ ਸੀ ਜਿਹਨਾਂ ਅਜ਼ਾਦ ਫਿਜ਼ਾਵਾਂ ਵਿੱਚ ਖੁੱਲ੍ਹ ਕੇ ਸਾਹ ਲੈਣ ਦੀ ਆਸ ਆਪ ਜੀ ਨੂੰ ਸੀ ਉਹੀ ਉਹਨਾਂ ਦਾ ਦਮ ਘੁੱਟਣ ਲੱਗਣਗੀਆਂ।

1990 ਵਿਆਂ ਦੇ ਵੇਲੇ ਤਰਨਤਾਰਨ ਸ਼ਹਿਰ ਦੇ ਇੱਕ ਛੋਟੇ ਜਿਹੇ ਘਰ ਵਿੱਚ ਚਮਨ ਲਾਲ ਜੀ ਅਤੇ ਉਹਨਾਂ ਦਾ ਪਰਿਵਾਰ ਕੱਪੜੇ ਦੀ ਦੁਕਾਨ ਦੇ ਨਾਲ-ਨਾਲ ਸਬਜ਼ੀ ਆਦਿ ਵੇਚ ਕਿ ਆਪਣੀ ਜ਼ਿੰਦਗੀ ਹੰਢਾ ਰਿਹਾ ਸੀ ਪਰ ਉਹਨਾਂ ਨੂੰ ਕੀ ਖਬਰ ਸੀ ਕਿ ਪੂਰੇ ਪੰਜਾਬ ਵਿੱਚ ਬਲ ਰਹੀ ਹਾਕਮੀ ਜ਼ਬਰ ਅਤੇ ਝੂਠੇ ਪੁਲਸ ਮੁਕਾਬਲਿਆਂ ਦੀ ਅੱਗ ਦਾ ਸੇਕ ਉਹਨਾਂ ਉੱਤੇ ਵੀ ਪੈਣ ਵਾਲਾ ਸੀ।

ਇਹ ਉਹ ਵੇਲਾ ਸੀ ਜਦੋਂ ਪੂਰੇ ਪੰਜਾਬ ਵਿੱਚ ਸਰਕਾਰੀ ਅੱਤਵਾਦ ਪੂਰੇ ਸਿਖਰਾਂ ਉੱਤੇ ਸੀ। ਸਰਕਾਰੀ ਸ਼ਹਿ ਅਤੇ ਤਰੱਕੀਆਂ ਦੇ ਲਾਲਚ ਨੇ ਪੰਜਾਬ ਦੇ ਪੁਲਸ ਅਫਸਰਾਂ ਨੂੰ ਅਨ੍ਹਿਆਂ ਕਰ ਦਿੱਤਾ ਸੀ। ਇਹ ਉਹ ਵੇਲਾ ਸੀ ਜਦੋਂ ਪੰਜਾਬ ਵਿੱਚ ‘ਅੱਤਵਾਦ’ ਦੇ ਨਾਂ ਉੱਤੇ ਕਿਸੇ ਨੂੰ ਵੀ ਕਿਸੇ ਵੀ ਵੇਲੇ ਚੁੱਕ ਕੇ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਸੀ ਤੇ ਮਗਰੋਂ ਕੋਈ ਪੁੱਛ ਗਿੱਛ ਨਹੀਂ ਸੀ ਹੁੰਦੀ। ਮਰਨ ਵਾਲੇ ਦੀ ਦੇਹ ਤਾਂ ਪਰਿਵਾਰ ਨੂੰ ਦੇਣ ਦੀ ਗੱਲ ਤਾਂ ਦੂਰ ਰਹੀ, ਬਹੁਤੀ ਵਾਰ ਪਰਿਵਾਰ ਨੂੰ ਤਾਂ ਸੰਸਕਾਰ ਬਾਰੇ ਵੀ ਨਹੀਂ ਸੀ ਦੱਸਿਆ ਜਾਂਦਾ। ਇਹਦਾ ਇਨਸਾਫ ਮੰਗਣ ‘ਤੇ ਪਰਿਵਾਰ ਵਾਲਿਆਂ ਨੂੰ ਵੀ ਡਰਾਇਆ ਧਮਕਾਇਆ ਜਾਂਦਾ ਅਤੇ ਤਸੀਹੇ ਦਿੱਤੇ ਜਾਂਦੇ।

ਸਾਲ 1993 ਪੰਜਾਬ ਵਿੱਚ ਹਕੂਮਤੀ ਜ਼ਬਰ ਦਾ ਸਿਖਰ ਸੀ। ਏਸੇ ਸਾਲ ਹੀ ਪੰਜਾਬ ਪੁਲਸ ਨੇ ਕੁਲਵੰਤ ਸਿੰਘ ਨਾਂ ਦੇ ਮਨੁੱਖੀ ਹੱਕਾਂ ਦੇ ਵਕੀਲ ਨੂੰ ਘਰਵਾਲੀ ਅਤੇ ਪੁੱਤ ਸਮੇਤ ਲਾਪਤਾ ਕਰ ਦਿੱਤਾ ਸੀ ਅਤੇ ਅਕਾਲ ਤਖਤ ਦੇ ਕਾਰਜਕਾਰਨੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ।

ਬਾਪੂ ਚਮਨ ਲਾਲ ਦਾ 22 ਸਾਲਾ ਪੁੱਤਰ ਗੁਲਸ਼ਨ ਕੁਮਾਰ ਸਬਜ਼ੀ ਵਾਲੀ ਰੇਹੜੀ ਲਾਉਂਦਾ ਸੀ। ਇੱਕ ਦਿਨ ਉਸ ਨੇ ਵੇਖਿਆ ਕਿ ਬਲਵੰਤ ਸਿੰਘ ਨਾਂ ਦਾ ਇੱਕ ਬੰਦਾ ਇਲਾਕੇ ਦੀਆਂ ਧੀਆਂ ਨੂੰ ਤੰਗ ਕਰਦਾ ਹੈ। ਜਦੋਂ ਗੁਲਸ਼ਨ ਕੁਮਾਰ ਨੇ ਉਸ ਨੂੰ ਅਜਿਹਾ ਕਰਨੋਂ ਵਰਜਿਆ ਤਾਂ ਪੇਸ਼ੇ ਵਜੋਂ ਵਕੀਲ ਬਲਵੰਤ ਸਿੰਘ ਨੇ ਧਮਕੀ ਭਰੇ ਲਹਿਜ਼ੇ ਵਿੱਚ ਗੁਲਸ਼ਨ ਕੁਮਾਰ ਨੂੰ ਕਿਹਾ ਕਿ ਇਲਾਕੇ ਦਾ ਡੀਐਸਪੀ ਮੇਰਾ ਮਿੱਤਰ ਐ, ਉਹਨੂੰ ਕਹਿ ਕੇ ਮੈਂ ਤੈਨੂੰ ਅੱਤਵਾਦ ਦੇ ਮੁਕੱਦਮੇ ਵਿੱਚ ਪੁਲਸ ਹੱਥੋਂ ਫੜਵਾ ਦਿਆਂਗਾ।

ਘਰ ਵਿੱਚ ਗੁਲਸ਼ਨ ਕੁਮਾਰ ਦਾ ਵਿਆਹ ਧਰਿਆ ਜਾ ਚੁੱਕਿਆ ਸੀ। ਵਿਆਹ ਤੋਂ ਤਿੰਨ ਦਿਨ ਪਹਿਲਾਂ 22 ਜੂਨ ਨੂੰ ਇਲਾਕੇ ਦਾ ਡੀ.ਐਸ.ਪੀ. ਪੁਲਿਸ ਦੀ ਧਾੜ ਲੈ ਬਾਪੂ ਚਮਨ ਲਾਲ ਜੀ ਦੇ ਘਰ ਆ ਧਮਕਿਆ। ਘਰ ਅੰਦਰ ਪਹੁੰਚ ਕੇ ਉਹਨਾਂ ਪੁਲਸੀਆਂ ਨੇ ਵਿਹੜੇ ‘ਚ ਪਏ ਪਰਿਵਾਰ ਦੇ ਮਰਦ ਜੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਆਂਡੀਆਂ ਗੁਆਂਡੀਆਂ ਨੇ ਰੌਲਾ ਪਾਇਆ ਤਾਂ ਪੁਲਸੀਆਂ ਨੇ ਇਹ ਬਹਾਨਾ ਘੜ੍ਹ ਲਿਆ ਕਿ ਗੁਲਸ਼ਨ ਕੁਮਾਰ ਚੋਰ ਐ ਅਤੇ ਅਸੀਂ ਚੋਰੀ ਦਾ ਸਮਾਨ ਬਰਾਮਦ ਕਰਨ ਲਈ ਆਏ ਹਾਂ। ਪੁਲਸ ਨੂੰ ਕੁਝ ਲੱਭਣਾ ਤਾਂ ਕੀ ਸੀ ਪਰ ਬੇਈਮਾਨ ਸਰਕਾਰੀ ਚਾਕਰ ਪੁੱਠਾ ਚਮਨ ਲਾਲ ਦੇ ਘਰੋਂ ਹੀ ਤਿੰਨ ਸੋਨੇ ਦੀਆਂ ਮੁੰਦਰਾਂ ਅਤੇ ਸਾਂਭੇ ਹੋਏ ਰੁਪਈਏ ਚੁੱਕ ਕੇ ਲੈ ਗਏ। ਚਮਨ ਲਾਲ ਅਤੇ ਉਸਦੇ ਪੁੱਤਾਂ ਨੂੰ ਪੁਲਿਸ ਥਾਣੇ ਲੈ ਗਈ। ਪੁਲਸ ਤਾਂ ਚਮਨ ਲਾਲ ਦੀ ਧੀ ਇੰਦਰਜੀਤ ਨੂੰ ਵੀ ਲਿਜਾਣ ਲੱਗੀ ਸੀ ਪਰ ਗੁਆਂਢੀਆਂ ਦੇ ਰੋਕਣ ਉੱਤੇ ਨਾ ਲਿਜਾ ਸਕੀ। ਪੁਲਸ ਨੇ ਥਾਣੇ ਲਿਆਂਦੇ ਬਾਪੂ ਜੀ ਦੇ ਪਰਿਵਾਰ ਉੱਤੇ ਵਾਰੋ-ਵਾਰ ਤਸ਼ੱਦਦ ਕੀਤਾ। ਕੁਝ ਕੁ ਦਿਨਾਂ ਮਗਰੋਂ ਪੁਲਿਸ ਨੇ ਬਾਕੀ ਪਰਿਵਾਰ ਨੂੰ ਤਾਂ ਛੱਡ ਦਿੱਤਾ ਪਰ ਗੁਲਸ਼ਨ ਕੁਮਾਰ ਨੂੰ ਨਾ ਛੱਡਿਆ ਅਤੇ ਕਿਹਾ ਕਿ “ਜੇਕਰ ਤੁਸੀਂ ਗੁਲਸ਼ਨ ਕੁਮਾਰ ਨੂੰ ਲਿਜਾਣਾ ਚਾਹੁੰਦੇ ਹੋ ਤਾਂ ਸਾਨੂੰ ਦੋ ਲੱਖ ਰੁਪਏ ਲਿਆ ਕਿ ਦੇਵੋ”।

ਚਮਨ ਲਾਲ ਦਾ ਪਰਿਵਾਰ ਬੜੀ ਔਖਿਆਈ ਨਾਲ ਆਈ-ਚਲਾਈ ਕਰਦਾ ਸੀ, ਉਸ ਕੋਲ ਦੋ ਲੱਖ ਰੁਪਈਆ ਭਲਾ ਕਿੱਥੋਂ ਆਉਣਾ ਸੀ? ਪਰਿਵਾਰ ਨੇ ਬਥੇਰੇ ਤਰਲੇ ਕੀਤੇ ਪਰ ਪੁਲਿਸ ਨੇ ਉਹਨਾਂ ਦੀ ਇੱਕ ਨਾ ਮੰਨੀ।

22 ਜੂਨ ਤੋਂ ਲੈ ਕੇ 22 ਜੁਲਾਈ ਤੱਕ ਪੂਰੇ ਇੱਕ ਮਹੀਨੇ ਪੁਲਿਸ ਨੇ ਬਗੈਰ ਕਿਸੇ ਵਜ੍ਹਾ ਦੇ ਗੁਲਸ਼ਨ ਕੁਮਾਰ ਉੱਤੇ ਅਨ੍ਹੇਵਾਹ ਤਸ਼ੱਦਦ ਕੀਤਾ। ਪਰਿਵਾਰ ਸ਼ਾਮ ਸਵੇਰ ਰੋਟੀ ਦੇਣ ਲਈ ਥਾਣੇ ਜਾਂਦਾ ‘ਤੇ ਵੇਖਦਾ ਕਿ ਗੁਲਸ਼ਨ ਕੁਮਾਰ ਦੀ ਉਹਦੀ ਹਾਲਤ ਦਿਨੋ-ਦਿਨ ਤਰਸਯੋਗ ਹੁੰਦੀ ਜਾਂਦੀ ਐ। ਇਸ ਪੂਰੇ ਮਹੀਨੇ ਚਮਨ ਲਾਲ ਨੇ ਅਥਾਹ ਭੱਜ ਦੋੜ੍ਹ ਕੀਤੀ, ਅਫਸਰਾਂ ਨੂੰ ਮਿਲਿਆ ਪਰ ਕਿਸੇ ਨੇ ਵੀ ਉਸਦੀ ਬਾਂਹ ਨਾ ਫੜੀ। 22 ਜੁਲਾਈ ਦੀ ਦੁਪਹਿਰ ਜਦੋਂ ਚਮਨ ਲਾਲ ਆਪਣੇ ਪੁੱਤਰ ਲਈ ਚਾਹ ਲੈ ਕੇ ਗਿਆ ਤਾਂ ਉੱਥੇ ਮੌਜੂਦ ਸਿਪਾਹੀ ਨੇ ਦੱਸਿਆ ਕਿ ਪੁਲਸ ਗੁਲਸ਼ਨ ਕੁਮਾਰ ਨੂੰ ਲੈ ਗਈ ਹੈ ਅਤੇ ਸ਼ਾਇਦ ਉਸਦਾ ਮੁਕਾਬਲਾ ਬਣਾ ਦਿੱਤਾ ਜਾਵੇਗਾ। ਅਜਿਹਾ ਹੀ ਹੋਇਆ, ਪੁਲਸ ਨੇ ਪਲਸੌਰ ਦੇ ਲਾਗੇ ਪੁਲ ‘ਤੇ ਲਿਜਾ ਕੇ ਗੁਲਸ਼ਨ ਕੁਮਾਰ ਸਮੇਤ ਤਿੰਨ ਹੋਰ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਮੁਕਾ ਦਿੱਤਾ। ਪੁਲਸੀਏ ਨੇ ਚਮਨ ਲਾਲ ਨੂੰ ਦੱਸਿਆ ਕਿ ਉਹ ਹਸਪਤਾਲ ਚਲਾ ਜਾਵੇ। ਉੱਥੇ ਪਹੁੰਚ ਕੇ ਚਮਨ ਲਾਲ ਨੇ ਮੁਕਾਬਲੇ ਵਿੱਚ ਮਾਰੇ ਚਾਰਾਂ ਨੂੰ ਨੌਜਵਾਨਾਂ ਦੀਆਂ ਗੋਲੀਆਂ ਨਾਲ ਛਣੀਆਂ ਹੋਈਆਂ ਲਾਸ਼ਾਂ ਆਪ ਵੇਖੀਆਂ। ਪੁਲਸ ਨੇ ਉੱਥੇ ਵੀ ਬਾਪੂ ਜੀ ਨਾਲ ਕੁੱਟਮਾਰ ਕੀਤੀ ਅਤੇ ਵਾਪਿਸ ਜਾਣ ਲਈ ਕਿਹਾ। ਇਸ ਤੋਂ ਬਾਅਦ ਪੁਲਸ ਸ੍ਰੀ ਤਰਨਤਾਰਨ ਸਾਹਿਬ ਦੇ ਲਾਗੇ ਲਾਸ਼ਾਂ ਦਾ ਸਸਕਾਰ ਕਰਨ ਲਈ ਲੈ ਗਈ।

ਬਾਪੂ ਜੀ ਉੱਥੇ ਵੀ ਪਹੁੰਚ ਗਏ ਅਤੇ ਸਸਕਾਰ ਹੁੰਦਾ ਅਖੀਂ ਵੇਖਿਆ। ਇਸ ਵੇਲੇ ਬਾਪੂ ਜੀ ਦੀ ਉਮਰ 78 ਸਾਲ ਦੀ ਸੀ। ਪੁਲਸੀਆਂ ਨੇ ਸੋਚਿਆ ਹੋਵੇਗਾ ਕਿ ਏਨਾ ਬਜ਼ੁਰਗ ਬੰਦਾ ਸਾਡਾ ਕੀ ਵਿਗਾੜ ਲਏਗਾ। ਪਰ ਬਾਪੂ ਜੀ ਏਨੀ ਦਿੜ੍ਹਤਾ ਅਤੇ ਸੱਚੀ ਭਾਵਨਾ ਨਾਲ ਇਨਸਾਫ ਲਈ ਲੜੇ ਕਿ ਉਹਨਾਂ ਦੀ ਲੜਾਈ ਸਿਰਫ ਆਪਣੇ ਪੁੱਤ ਦੇ ਇਨਸਾਫ ਲਈ ਨਹੀਂ ਸੀ ਰਹਿ ਗਈ, ਇਹ ਉਸ ਵੇਲੇ ਕੋਹ ਕੋਹ ਕੇ ਸ਼ਹੀਦ ਕੀਤੇ ਗਏ ਹਰੇਕ ਨੌਜਵਾਨ ਲਈ ਇਨਸਾਫ ਦੀ ਲੜਾਈ ਬਣ ਗਈ ਸੀ। ੳਦੋਂ ਬਾਪੂ ਚਮਨ ਲਾਲ ਜੀ ਦੀ ਮੁਲਾਕਾਤ ਲਾਵਾਰਸ ਲਾਸ਼ਾਂ ਦੇ ਸੱਚ ਦੀ ਭਾਲ ਕਰ ਰਹੇ ਜਸਵੰਤ ਸਿੰਘ ਖਾਲੜਾ ਨਾਲ ਵੀ ਹੋਈ। ਖਾਲੜਾ ਸਾਬ੍ਹ ਨੂੰ ਪੁਲਿਸ ਵਲੋਂ ਲਾਪਤਾ ਕਰ ਦਿੱਤੇ ਜਾਣ ਮਗਰੋਂ ਵੀ ਖਾਲੜਾ ਸਾਹਬ ਦੇ ਕੰਮ ਨੂੰ ਅੱਗੇ ਤੋਰਨ ਲਈ ਬਾਪੂ ਜੀ ਉਹਨਾਂ ਦੇ ਸਾਥੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ। ਸੰਨ 1996 ਵਿੱਚ ਬਾਪੂ ਚਮਨ ਲਾਲ ਜੀ ਨੇ ਅਖਬਾਰ ਵਿੱਚ ਇਕ ਖਬਰ ਵੇਖ ਕੇ ਜਸਟਿਸ ਅਜੀਤ ਸਿੰਘ ਬੈਂਸ ਅਤੇ ਹੋਰਨਾਂ ਮਨੁੱਖੀ ਹੱਕਾਂ ਦੇ ਕਾਰਕੁੰਨਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਹਾਈਕੋਰਟ ਵਿੱਚ ਗੁਲਸ਼ਨ ਕੁਮਾਰ ਨੂੰ ਝੂਠੇ ਪੁਲਸ ਮੁਕਾਬਲੇ ਚ ਮਾਰਨ ਦੇ ਮਾਮਲੇ ਚ ਅਪਰਾਧਕ ਰਿੱਟ ਪਾਈ ਗਈ ਪਰ ਉਸ ਵਿੱਚ ਹਾਈਕੋਰਟ ਨੇ ਕੁਝ ਨਾ ਕੀਤਾ। ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਸਰਦਾਰ ਖਾਲੜਾ ਦੇ ਕੇਸ ਅਤੇ ਕੁਝ ਹੋਰਨਾਂ ‘ਲਾਵਾਰਿਸ ਲਾਸ਼ਾਂ’ ਦੇ ਮਾਮਲਿਆਂ ਦੀ ਜਾਂਚ ਸੀਬੀਆਈ ਵਲੋਂ ਕੀਤੀ ਜਾਵੇਗੀ।

ਅਦਾਲਤ ਵਿੱਚ ਕੇਸ ਚੱਲਣ ਤੋਂ ਬਾਅਦ ਇਹ ਲੱਗਿਆ ਕਿ ਦੋਸ਼ੀਆਂ ਨੂੰ ਬੜੀ ਛੇਤੀ ਸਜ਼ਾ ਹੋ ਜਾਵੇਗੀ ਕਿਉਂਕਿ ਇਹ ਕੇਸ ਬਿਲਕੁਲ ਸਾਫ ਸੀ ਅਤੇ ਚਮਨ ਲਾਲ ਜੀ ਅਤੇ ਹੋਰ ਕਈ ਗਵਾਹ ਮੌਜੂਦ ਸਨ। ਪੁਲਸ ਵਲੋਂ ਦਰਜ ਕੀਤੀ ਐਫ.ਆਈ.ਆਰ. ਵਿੱਚ ਦੋਸ਼ੀ ਪੁਲਿਸ ਅਫਸਰ ਦੇ ਨਾਂ ਬਿਲਕੁਲ ਸਾਹਮਣੇ ਸਨ। ਗੁਲਸ਼ਨ ਕੁਮਾਰ ਉੱਤੇ ਪਾਈ ਗਈ ਨਕਲੀ ਬੰਦੂਕ ਦਾ ਭੇਤ ਖੁਲ੍ਹ ਚੁੱਕਿਆ ਸੀ। ਗਵਾਹਾਂ ਨੇ ਸੀ.ਬੀ.ਆਈ ਨੂੰ ਸਭ ਸਚੋ-ਸੱਚ ਦੱਸ ਦਿੱਤਾ ਸੀ। ਪਰ ਅਸਲ ਵਿਚ ਹਾਲੀ ਭਾਰਤ ਦੇ ਨਿਆਂ ਪ੍ਰਬੰਧ ਦਾ ‘ਅਨੋਖਾ ਜਲਵਾ’ ਸਾਹਮਣੇ ਆਉਣਾ ਬਾਕੀ ਸੀ।

ਸੀਬੀਆਈ ਨੂੰ ਇਹਨਾਂ ਕੇਸਾਂ ਦੀ ਜਾਂਚ ਲਈ ਨਾ ਹੀ ਕੇਂਦਰ ਅਤੇ ਨਾਂ ਹੀ ਸੂਬਾ ਸਰਕਾਰ ਕੋਲੋਂ ਮੰਜੂਰੀ ਲੈਣ ਦੀ ਕੋਈ ਲੋੜ ਸੀ ਪਰ ਫਿਰ ਵੀ ਸੀਬੀਆਈ ਨੇ ਬੇਵਕੂਫੀ ਵਜੋਂ ਜਾਂ ਜਾਣਬੁੱਝ ਕੇ ਸੂਬਾ ਸਰਕਾਰ ਕੋਲੋਂ ਮਾਮਲਿਆਂ ਦੀ ਜਾਂਚ ਲਈ ਮੰਜੂਰੀ ਲਈ।ਇਸ ਨਾਲ ਦੋਸ਼ੀਆਂ ਨੂੰ ਇੱਕ ਕਨੂੰਨੀ ਨੁਕਤਾ ਮਿਲ ਗਿਆ ਕਿ ਉਸ ਵੇਲੇ ਪੰਜਾਬ ਵਿੱਚ ਕੇਂਦਰ ਦਾ ਰਾਜ ਸੀ ਇਸ ਲਈ ਜਾਂਚ ਦੇ ਹੁਕਮ ਕੇਂਦਰ ਕੋਲੋਂ ਲੈਣੇ ਚਾਹੀਦੇ ਸਨ। ਇਸੇ ਅਧਾਰ ਉੱਤੇ ਸੁਪਰੀਮ ਕੋਰਟ ਨੇ ਪੂਰੇ 15 ਸਾਲ ਇਹਨਾਂ ਕੇਸਾਂ ਉੱਤੇ ਰੋਕ ਲਾਈ ਰੱਖੀ। ਇਸ ਡੇਢ ਦਹਾਕੇ ਵਿੱਚ ਬਾਪੂ ਜੀ ਨੇ ਹਰ ਕਨੂੰਨੀ ਪਹੁੰਚ ਕੀਤੀ ਕਿ ਉਹਨਾਂ ਦੇ ਬਿਆਨ ਦਰਜ ਕਰ ਲਏ ਜਾਣ ਪਰ ਅਜਿਹਾ ਸੰਭਵ ਨਾ ਹੋ ਸਕਿਆ। ਬਾਪੂ ਜੀ ਮਨੁੱਖੀ ਹੱਕਾਂ ਬਾਰੇ ਹੁੰਦੀ ਹਰੇਕ ਸਭਾ ਵਿੱਚ ਹਿੱਸਾ ਲੈਂਦੇ ਸਨ ਅਤੇ ਆਪਣੀ ਕਹਾਣੀ ਬਿਆਨ ਕਰਦੇ।

25 ਅਪਰੈਲ 2016 ਨੂੰ ਸੁਪਰੀਮ ਕੋਰਟ ਨੇ ਇਹਨਾਂ ਕੇਸਾਂ ਤੋਂ ਰੋਕ ਹਟਾ ਦਿੱਤੀ ਅਤੇ ਦੋ ਜੁਲਾਈ ਨੂੰ ਇਹਨਾਂ ਕੇਸਾਂ ਦੀ ਕੇਂਦਰੀ ਜਾਂਚ ਏਜੰਸੀ ਦੀ ਪਟਿਆਲਾ ਅਦਾਲਤ ਵਿੱਚ ਮੁਕੱਦਮਾ ਸ਼ੁਰੂ ਹੋਣਾ ਸੀ। ਪਰ 30 ਜੂਨ 2016 ਨੂੰ ਬਾਪੂ ਜੀ ਏਸ ਜਹਾਨੋਂ ਕੂਚ ਕਰ ਗਏ।

ਹੁਣ ਪੰਜਾਬ ਦੇ ਮੌਜੂਦਾ ਡੀਜੀਪੀ ਸੁਰੇਸ਼ ਅਰੋੜੇ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਗੁਲਸ਼ਨ ਕੁਮਾਰ, ਕੁਲਦੀਪ ਸਿੰਘ, ਹਰਮਿੰਦਰ ਸਿੰਘ ਜਿਹੇ ਹਜ਼ਾਰਾ ਨੌਜਵਾਨਾਂ ਦੇ ਕਾਤਲਾਂ ਵਲ੍ਹ ਹਮਦਰਦੀ ਨਾਲ ਵੇਖਿਆ ਜਾਵੇ ਕਿੳਂਕਿ ਉਦੋਂ ਪੰਜਾਬ ਵਿੱਚ ਮਹੌਲ਼ ਠੀਕ ਨਹੀਂ ਸੀ। ਕੀ ਹੱਸਦੇ-ਵੱਸਦੇ ਘਰਾਂ ਨੂੰ ਉਜਾਣਨ ਵਾਲੇ ਇਸ ਦੱਸੀ ਜਾ ਰਹੀ ਹਮਦਰਦੀ ਦੇ ਹੱਕਦਾਰ ਹਨ? ਤੇ ਉਹ ਵੀ ਉਸ ਹਾਲਤ ਵਿਚ ਜਦੋਂ ਇਸ ਹਮਦਰਦੀ ਦਾ ਅਸਲ ਮਤਲਬ ਕੀਤੇ ਜ਼ੁਰਮਾਂ ਬਦਲੇ ਸਜਾ ਨਾ ਦੇਣ ਤੋਂ ਛੁੱਟ ਹੋਰ ਕੋਈ ਨਹੀਂ ਬਣਦਾ।

ਬਾਪੂ ਚਮਨ ਲਾਲ ਜੀ ਹਮੇਸ਼ਾਂ ਕਿਹਾ ਕਰਦੇ ਸਨ ਕਿ ਉਦੋਂ ਪੰਜਾਬ ਵਿੱਚ ਹੋਰ ਕੋਈ ਅੱਤਵਾਦ ਨਹੀਂ ਸਗੋਂ ਸਰਕਾਰੀ ਅੱਤਵਾਦ ਸੀ।

ਮਨੁੱਖੀ ਹੱਕਾਂ ਲਈ ਆਪਣੇ ਅਖੀਰਲੇ ਸਾਹ ਤੀਕ ਲੜਨ ਵਾਲੇ ਸੂਰਮੇ ਨੂੰ ਸਾਡਾ ਸੱਜਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: