ਅੰਮ੍ਰਿਤਸਰ: ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦੋ ਨਗਰ ਕੀਰਤਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੋਏ। ਇਕ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਸਾਈ ਜਾਹੋ-ਜਲਾਲ ਨਾਲ ਆਰੰਭ ਹੋਇਆ ਜੋ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ 4 ਸਤੰਬਰ ਦੀ ਸ਼ਾਮ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੰਪੂਰਨ ਹੋਵੇਗਾ।
ਦੂਜਾ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਚਾਟੀਵਿੰਡ ਗੇਟ ਸ੍ਰੀ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਇਆ। ਇਹ ਨਗਰ ਕੀਰਤਨ 5 ਸਤੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਸੰਪੂਰਨ ਹੋਵੇਗਾ।
ਨਗਰ ਕੀਰਤਨਾਂ ਦੀ ਅਰੰਭਤਾਂ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਨਗਰ ਕੀਰਤਨਾਂ ਨਾਲ ਸੰਗਤਾਂ ਅੰਦਰ ਬਾਬਾ ਜੀਵਨ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਸਬੰਧੀ ਚੇਤਨਾ ਪੈਦਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਨਗਰ ਕੀਰਤਨ ਦੌਰਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਮਹਾਨ ਜੀਵਨੀ ਤੇ ਸ਼ਹਾਦਤ ਸਬੰਧੀ ਸੰਗਤਾਂ ਵਿਚ ਕਿਤਾਬਚੇ ਵੰਡੇ ਜਾਣਗੇ ਅਤੇ ਸਮਾਜਕ ਕੁਰੀਤੀਆਂ ਖਿਲਾਫ਼ ਜਾਗਰੂਕ ਵੀ ਕੀਤਾ ਜਾਵੇਗਾ।