ਪਿੰਡ ਭਮਾਂ ਖੁਰਦ ਵਿੱਚ ਤਕਰਾਰਬਾਜ਼ੀ ਕਰਦੇ ਹੋਏ ਦੋਵਾਂ ਪਾਰਟੀਆਂ ਦੇ ਸਮਰਥਕ

ਸਿਆਸੀ ਖਬਰਾਂ

ਹਲਕਾ ਸਾਹਨੇਵਾਲ (ਲੁਧਿਆਣਾ) ਦੇ ਪਿੰਡ ਭਮਾਂ ਖੁਰਦ ਵਿੱਚ ਅਕਾਲੀ ਤੇ ‘ਆਪ’ ਸਮਰਥਕਾਂ ਵਿੱਚ ਹੋਇਆ ਤਕਰਾਰ

By ਸਿੱਖ ਸਿਆਸਤ ਬਿਊਰੋ

January 10, 2017

ਮਾਛੀਵਾੜਾ (ਲੁਧਿਆਣਾ): ਹਲਕਾ ਸਾਹਨੇਵਾਲ ਦੇ ਪਿੰਡ ਭਮਾਂ ਖੁਰਦ ਵਿਖੇ ਸੋਮਵਾਰ ‘ਆਪ’ ਅਤੇ ਅਕਾਲੀ ਦਲ ਨਾਲ ਸਬੰਧਤ ਸਮਰਥਕਾਂ ਵਿਚ ਤਕਰਾਰ ਹੋ ਗਈ ਜਦੋਂ ‘ਆਪ’ ਦੇ ਵਰਕਰ ਪਿੰਡ ਦੇ ਚੌਂਕ ਵਿਚ ਲੋਕਾਂ ਦੇ ਫਾਰਮ ਭਰ ਰਹੇ ਸਨ। ਇਸ ਦਾ ਪਤਾ ਲੱਗਣ ’ਤੇ ਅਕਾਲੀ ਸਮਰਥਕ ਪਿੰਡ ਦੇ ਸਾਬਕਾ ਸਰਪੰਚ ਤੇ ਬਲਾਕ ਸਮਿਤੀ ਮੈਂਬਰ ਜਸਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਜਿਸ ਕਾਰਣ ਪਿੰਡ ਦਾ ਮਾਹੌਲ ਤਣਾਅਪੂਰਨ ਹੋ ਗਿਆ।

ਮੀਡੀਆ ਦੀ ਖ਼ਬਰਾਂ ਅਨੁਸਾਰ ਕੱਲ੍ਹ (9 ਜਨਵਰੀ) ਪਿੰਡ ਭਮਾਂ ਖੁਰਦ ਵਿਖੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਜਸਵੀਰ ਸਿੰਘ ਖੇੜੀ ਕਲਾਂ ਨੇ ਆਪਣੇ ਸਾਥੀਆਂ ਨਾਲ ਪਿੰਡ ਦੇ ਚੌਕ ਵਿਚ ਮੇਜ਼, ਕੁਰਸੀਆਂ ਲਗਵਾ ਕੇ ਫਾਰਮ ਭਰਨੇ ਸ਼ੁਰੂ ਕਰ ਦਿੱਤੇ। ਆਪ ਵਰਕਰਾਂ ਨੇ ਅਜੇ ਕੁਝ ਹੀ ਫਾਰਮ ਭਰੇ ਸਨ ਕਿ ਅਕਾਲੀ ਦਲ ਨਾਲ ਸਬੰਧਿਤ ਸਾਬਕਾ ਸਰਪੰਚ ਤੇ ਬਲਾਕ ਸਮਿਤੀ ਮੈਂਬਰ ਜਸਵਿੰਦਰ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਆ ਕੇ ਉਨ੍ਹਾਂ ਨੂੰ ਰੋਕਿਆ ਅਤੇ ਇਹ ਕਿਹਾ ਕਿ ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ, ਇਸ ਕਰਕੇ ਉਹ ਖੁੱਲ੍ਹੇਆਮ ਫਾਰਮ ਨਹੀਂ ਭਰ ਸਕਦੇ, ਇਸ ’ਤੇ ਆਪ ਪਾਰਟੀ ਦੇ ਵਰਕਰ ਭੜਕ ਉਠੇ ਤੇ ਦੋਵਾਂ ਧਿਰਾਂ ਵਿਚਕਾਰ ਤਕਰਾਰਬਾਜ਼ੀ ਸ਼ੁਰੂ ਹੋ ਗਈ।

ਇਸ ’ਤੇ ਆਪ ਆਗੂਆਂ ਨੇ ਕੇਜਰੀਵਾਲ ਦੇ ਹੱਕ ਵਿਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਚਲਦਿਆਂ ਮਾਹੌਲ ਗਰਮ ਹੋ ਗਿਆ। ਸੂਚਨਾ ਮਿਲਣ ’ਤੇ ਹਲਕਾ ਸਾਹਨੇਵਾਲ ਦੇ ਚੋਣ ਅਧਿਕਾਰੀ ਭਾਰਤ ਭੂਸ਼ਣ ਆਪਣੇ ਅਮਲੇ ਨਾਲ ਮੌਕੇ ’ਤੇ ਪਹੁੰਚੇ ਅਤੇ ਦੂਸਰੇ ਪਾਸੇ ਕੂੰਮ ਕਲਾਂ ਪੁਲਿਸ ਦੇ ਅਧਿਕਾਰੀ ਜਸਵੀਰ ਸਿੰਘ ਤੇ ਸਵਰਨ ਸਿੰਘ ਵੀ ਪੁਲਿਸ ਪਾਰਟੀ ਸਮੇਤ ਉਥੇ ਪਹੁੰਚ ਗਏ ਅਤੇ ਉਨ੍ਹਾਂ ਲੋਕਾਂ ਨੂੰ ਸ਼ਾਂਤ ਕੀਤਾ। ਚੋਣ ਅਧਿਕਾਰੀ ਵੱਲੋਂ ਦੋਵਾਂ ਧਿਰਾਂ ਦੇ ਜਸਵੀਰ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਗੁਰਦੀਪ ਸਿੰਘ, ਕੁਲਵੰਤ ਕੌਰ ਤੇ ਹਰਬੰਸ ਕੌਰ ਦੇ ਬਿਆਨ ਕਮਲਬੰਦ ਕੀਤੇ ਗਏ, ਇਸ ਤੋਂ ਇਲਾਵਾ ਉਥੇ ਮੌਜੂਦ ਲੋਕਾਂ ਦੇ ਬਿਆਨ ਵੀ ਲਏ ਗਏ।

ਮੌਕੇ ’ਤੇ ਮੌਜੂਦ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ’ਤੇ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੂੰ ਪਿੰਡ ਦੇ ਚੌਂਕ ਵਿਚ ਸ਼ਰ੍ਹੇਆਮ ਮੇਜ਼, ਕੁਰਸੀਆਂ ਲਗਾ ਕੇ ਗਰੀਬ ਲੋਕਾਂ ਨੂੰ ਲਾਲਚ ਦੇਣ ਵਾਲੇ ਫਾਰਮ ਭਰਨ ਤੋਂ ਰੋਕਿਆ ਤਾਂ ਇਹ ਵਰਕਰ ਹੁੱਲੜਬਾਜ਼ੀ ’ਤੇ ਉਤਰ ਆਏ ਤੇ ਉਨ੍ਹਾਂ ਫੋਨ ਕਰਕੇ ਆਪਣੇ ਹੋਰ ਵਰਕਰਾਂ ਨੂੰ ਬੁਲਾ ਲਿਆ ਅਤੇ ਕੁਝ ਸਮੇਂ ਵਿਚ ਹੀ 7-8 ਗੱਡੀਆਂ ਵਰਕਰਾਂ ਦੀਆਂ ਭਰ ਕੇ ਆ ਗਈਆਂ ਜਿਨ੍ਹਾਂ ਨੇ ਪਿੰਡ ਵਿਚ ਹੁੱਲੜਬਾਜ਼ੀ ਕੀਤੀ ਅਤੇ ਸਾਰੇ ਪਿੰਡ ਵਿਚ ਗੇੜਾ ਮਾਰ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਬਾਅਦ ਉਹ ਪੁਲਿਸ ਆਉਣ ’ਤੇ ਖਿਸਕ ਗਏ ਜਦਕਿ ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਨੇ ਹੁੱਲੜਬਾਜ਼ੀ ਤੇ ਨਾਅਰੇਬਾਜ਼ੀ ਤੋਂ ਇਨਕਾਰ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਪਿਯੂਸ਼ ਕੁਮਾਰ, ਕਮਲ ਮਾਂਗਟ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ, ਰਣਜੀਤ ਸਿੰਘ, ਰਿੰਕੂ ਜਮਾਲਪੁਰ, ਸ਼ਿੰਮੀ ਭਮਾਂ ਖੁਰਦ, ਗੁਰੀ ਧਨਾਨਸੂ, ਰਾਹੁਲ ਕੁਮਾਰ, ਕੁਲਜੀਤ ਸਿੰਘ ਮਾਂਗਟ, ਮਨਜੀਤ ਸਿੰਘ ਠੁੱਲੀਵਾਲ, ਗੱਗੂ ਗਿੱਲ, ਪਿੰਦਾ ਮਾਂਗਟ, ਨੋਨੀ ਸਿੰਘ, ਲਾਲੀ ਝੱਜ ਵੀ ਮੌਜੂਦ ਸਨ ਜਦਕਿ ਦੂਜੇ ਪਾਸੇ ਅਕਾਲੀ ਸਮਰੱਥਕਾਂ ’ਚ ਸਾਬਕਾ ਸਰਪੰਚ ਜਸਵਿੰਦਰ ਸਿੰਘ, ਸੁਖਦਰਸ਼ਨ ਸਿੰਘ, ਬਲਦੇਵ ਸਿੰਘ, ਬੂਟਾ ਸਿੰਘ, ਗੁਰਦੀਪ ਸਿੰਘ, ਗੁਰਪਿੰਦਰ ਸਿੰਘ, ਪਰਦੂਮਨ ਸਿੰਘ, ਸਵਰਨ ਸਿੰਘ, ਸਤਨਾਮ ਸਿੰਘ, ਅਜੀਤ ਸਿੰਘ, ਸਿਮਰਨਜੀਤ ਸਿੰਘ, ਸਵਰਨਜੀਤ ਸਿੰਘ, ਸਰਬਜੀਤ ਸਿੰਘ, ਰਾਜਵਿੰਦਰ ਸਿੰਘ, ਪ੍ਰਭਜੋਤ ਸਿੰਘ ਆਦਿ ਮੌਜੂਦ ਸਨ।

ਚੋਣ ਅਧਿਕਾਰੀ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਹੀ ਧਿਰਾਂ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ ਅਤੇ ਇਸ ਦੀ ਰਿਪੋਰਟ ਬਣਾ ਕੇ ਉਹ ਉਚ ਅਧਿਕਾਰੀਆਂ ਨੂੰ ਭੇਜਣਗੇ। ਇਸ ਮਾਮਲੇ ’ਚ ਜਿਸ ਨੇ ਵੀ ਕੁਤਾਹੀ ਵਰਤੀ ਹੋਈ ਚੋਣ ਕਮਿਸ਼ਨ ਵੱਲੋਂ ਉਸ ਧਿਰ ਨੂੰ ਨੋਟਿਸ ਜਾਰੀ ਕਰ ਦਿੱਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: