ਸਿਆਸੀ ਖਬਰਾਂ

ਸੱਤਾ ਪ੍ਰਾਪਤੀ ਲਈ ਪੰਜਾਬੀ ਬੋਲੀ ਨੂੰ ਹਥਿਆਰ ਵਜੋਂ ਵਰਤਦਾ ਹੈ ਬਾਦਲ ਦਲ, ਠੋਸ ਕਦਮ ਕਦੇ ਨਹੀਂ ਚੁੱਕਦਾ:ਆਪ

October 21, 2017 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸੜਕਾਂ ਦੇ ਬੋਰਡਾਂ ਤੋਂ ਲੈ ਕੇ ਰਾਜਧਾਨੀ ਚੰਡੀਗੜ੍ਹ ਦੇ ਦਫ਼ਤਰੀ ਕੰਮਾਂ ਸਬੰਧੀ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਪੰਜਾਬੀ ਪ੍ਰੇਮੀਆਂ, ਬੁੱਧੀਜੀਵੀਆਂ, ਸਿਆਸੀ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ।

ਆਮ ਆਦਮੀ ਪਾਰਟੀ ਪੰਜਾਬੇ ਦੇ ਮੀਤ ਪ੍ਰਧਾਨ ਅਮਨ ਅਰੋੜਾ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਆਮ ਆਦਮੀ ਪਾਰਟੀ ਪੰਜਾਬੇ ਦੇ ਮੀਤ ਪ੍ਰਧਾਨ ਅਮਨ ਅਰੋੜਾ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

‘ਆਪ’ ਵਿਧਾਇਕਾਂ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਕੌਰ ਰੂਬੀ, ਨਾਜਰ ਸਿੰਘ ਮਾਨਸ਼ਾਹੀਆ ਆਦਿ ਨੇ ਬੀਤੇ ਕੱਲ੍ਹ (20 ਅਕਤੂਬਰ, 2017) ਪ੍ਰੈਸ ਬਿਆਨ ਜਾਰੀ ਕਰਕੇ ਅਫ਼ਸੋਸ ਪ੍ਰਗਟ ਕੀਤਾ ਕਿ 47 ਦੀ ਵੰਡ ਤੋਂ ਬਾਅਦ ਵੀ ਪੰਜਾਬੀ ਬੋਲੀ ਨਾਲ ਵਿਤਕਰਾ ਬੰਦ ਨਹੀਂ ਹੋਇਆ। ਇਸ ਵਿਤਕਰੇ ਲਈ ਉਨ੍ਹਾਂ ਨੇ ਕਾਂਗਰਸ ਅਤੇ ਬਾਦਲ-ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ, ਜੋ 70 ਸਾਲ ਤੋਂ ਕੇਂਦਰ ਅਤੇ ਸੂਬੇ ਦੀ ਸੱਤਾ ’ਤੇ ਕਾਬਜ਼ ਹਨ।

ਸਬੰਧਤ ਖ਼ਬਰ:

‘ਹਰ’ ਭਾਸ਼ਾ ਸਿੱਖਣੀ ਮੁਸ਼ਕਲ, ਇਸ ਲਈ ਚੰਡੀਗੜ੍ਹ ‘ਚ ਪੰਜਾਬੀ ਲਾਗੂ ਨਹੀਂ ਕੀਤੀ ਜਾ ਸਕਦੀ: ਰਾਜਨਾਥ ਸਿੰਘ …

ਪਾਰਟੀ ਦਾ ਕਹਿਣਾ ਹੈ ਕਿ ਬਾਦਲ ਦਲ ਤਾਂ ਸੱਤਾ ਹਾਸਲ ਕਰਨ ਲਈ ਪੰਜਾਬੀ ਭਾਸ਼ਾ ਨੂੰ ਹਥਿਆਰ ਵਜੋਂ ਵਰਤਦਾ ਰਿਹਾ ਹੈ ਪਰ ਸੱਤਾ ਵਿੱਚ ਆਉਣ ਮਗਰੋਂ ਬਾਦਲਾਂ ਨੇ ਪੰਜਾਬੀ ਬੋਲੀ ਲਈ ਕਦੇ ਕੋਈ ਠੋਸ ਕਦਮ ਨਹੀਂ ਚੁੱਕਿਆ। ਅੱਜ ਵੀ ਬਾਦਲ ਪਰਿਵਾਰ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ, ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਾ ਤਾਂ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦਾ ਰੁਤਬਾ ਬਹਾਲ ਕਰਵਾਉਣ ਲਈ ਕੁਝ ਕੀਤਾ ਅਤੇ ਨਾ ਹੀ ਸੂਬੇ ਦੀਆਂ ਸੜਕਾਂ ’ਤੇ ਪੰਜਾਬੀ ਭਾਸ਼ਾ ਨਾਲ ਹੋ ਰਹੇ ਤੀਜੇ ਦਰਜੇ ਵਾਲੇ ਸਲੂਕ ਵਿਰੁੱਧ ਆਵਾਜ਼ ਉਠਾਈ ਹੈ।

ਪਾਰਟੀ ਦੇ ਮੀਤ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਤਾਂ ਸੱਤਾ ਹਾਸਲ ਕਰਨ ਲਈ ਸਮਾਜ ਨੂੰ ਵੰਡ ਸਕਦੇ ਹਨ ਅਤੇ ਗੁਰਬਾਣੀ ਦੇ ਗੁਟਕੇ ’ਤੇ ਹੱਥ ਰੱਖ ਕੇ ਝੂਠ ਵੀ ਬੋਲ ਸਕਦੇ ਹਨ। ਸੱਤਾ ਵਿੱਚ ਆਉਣ ਤੋਂ ਬਾਅਦ ਇਹ ਆਗੂ ਸਾਰੇ ਵਾਅਦੇ ਭੁੱਲ ਜਾਂਦੇ ਹਨ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ‘ਆਪ’ ਪੰਜਾਬੀ ਬੋਲੀ ਦੇ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਚੁੱਕੇਗੀ।

ਸਬੰਧਤ ਖ਼ਬਰ:

ਚੰਡੀਗੜ੍ਹ ਪੰਜਾਬੀ ਮੰਚ ਵਲੋਂ 23 ਅਕਤੂਬਰ ਨੂੰ ਮੋਹਾਲੀ ਵਿਖੇ ਪੈਦਲ ਮਾਰਚ ਕੱਢਿਆ ਜਾਵੇਗਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,