Site icon Sikh Siyasat News

ਬਲਾਤਕਾਰ ਕੇਸ ਵਿਚ ਲੰਗਾਹ ਨੂੰ ਮਿਲੀ ਜ਼ਮਾਨਤ

ਬਾਦਲ ਦਲ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਫਾਈਲ ਫੋਟੋ

ਚੰਡੀਗੜ੍ਹ: ਬਲਾਤਕਾਰ ਕੇਸ ਵਿਚ ਜੇਲ੍ਹ ਅੰਦਰ ਬੰਦ ਬਾਦਲ ਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਨੂੰ ਸ਼ਿਕਾਇਤਕਰਤਾ ਔਰਤ ਵਲੋਂ ਬਿਆਨ ਬਦਲਣ ਤੋਂ ਬਾਅਦ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜ਼ਮਾਨਤ ਦੇ ਦਿੱਤੀ ਗਈ।

ਲੰਗਾਹ ਦੇ ਵਕੀਲ ਜੇਐਸ ਬੇਦੀ ਨੇ ਦੱਸਿਆ ਕਿ ਲੰਗਾਹ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਪਰ ਭਾਰਤ ਤੋਂ ਬਾਹਰ ਜਾਣ ਲਈ ਅਦਾਲਤ ਦੀ ਪ੍ਰਵਾਨਗੀ ਲੈਣੀ ਪਵੇਗੀ।

ਜਿਕਰਯੋਗ ਹੈ ਕਿ ਅਕਾਲੀ ਆਗੂ ਖਿਲਾਫ ਸ਼ਿਕਾਇਤ ਦਰਜ ਕਰਾਉਣ ਵਾਲੀ ਔਰਤ ਨੇ 28 ਫਰਵਰੀ ਨੂੰ ਗੁਰਦਾਸਪੁਰ ਅਦਾਲਤ ਵਿਚ ਆਪਣਾ ਬਿਆਨ ਬਦਲ ਲਿਆ ਸੀ। ਉਪਰੋਕਤ ਔਰਤ ਨੇ ਅਦਾਲਤ ਵਿਚ ਕਿਹਾ ਕਿ ਲੰਗਾਹ ਦੀ ਵਾਇਰਲ ਹੋਈ ਅਸ਼ਲੀਲ ਵੀਡੀਓ ਵਿਚ ਸ਼ਾਮਿਲ ਔਰਤ ਉਹ ਨਹੀਂ ਹੈ।

28 ਸਤੰਬਰ, 2017 ਨੂੰ ਉਪਰੋਕਤ ਔਰਤ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਗਈ ਸੀ ਕਿ ਲੰਗਾਹ ਵਲੋਂ ਉਸ ਨਾਲ 2009 ਤੋਂ ਬਲਾਤਕਾਰ ਕੀਤਾ ਜਾ ਰਿਹਾ ਹੈ, ਜਿਸ ਮਗਰੋਂ ਪੁਲਿਸ ਵਲੋਂ ਲੰਗਾਹ ਖਿਲਾਫ ਭਾਰਤੀ ਪੈਨਲ ਕੋਡ ਦੀ ਧਾਰਾ 376 (ਬਲਾਤਕਾਰ), ਧਾਰਾ 384 (ਜਬਰਦਸਤੀ), ਧਾਰਾ 420 (ਧੋਖਾਧੜੀ) ਅਤੇ 506 (ਅਪਰਾਧਿਕ ਧਮਕੀ) ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਲੰਗਾਹ ਨੂੰ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਅਕਾਲ ਤਖਤ ਸਾਹਿਬ ਤੋਂ ਲੰਗਾਹ ਨੂੰ ਪੰਥ ਵਿਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version