ਪੰਜਾਬ ਦੀ ਰਾਜਨੀਤੀ

ਬਲਦੇਵ ਸਿੰਘ ਕਿਆਮਪੁਰਾ ਸੀਨੀਅਰ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਚੁਣੇ ਗਏ

By ਸਿੱਖ ਸਿਆਸਤ ਬਿਊਰੋ

November 06, 2016

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਤਕਰੀਬਨ ਛੇ ਸਾਲ ਦੇ ਅਰਸੇ ਬਾਅਦ ਜੁੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਅਜਲਾਸ ਨੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਕਮੇਟੀ ਪ੍ਰਧਾਨ ਚੁਣ ਲਿਆ ਗਿਆ। ਇਸਦੇ ਨਾਲ ਹੀ ਹਰਿਆਣਾ ਤੋਂ ਕਮੇਟੀ ਮੈਂਬਰ ਬਲਦੇਵ ਸਿੰਘ ਕਿਆਮਪੁਰਾ ਨੂੰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਗੁਰਖੇੜੀ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ ਚਾਵਲਾ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ।

ਬਾਅਦ ਦੁਪਿਹਰ ਇੱਕ ਵਜੇ ਦੇ ਕਰੀਬ ਸਾਲ 2011 ਵਿੱਚ ਚੁਣੇ ਕਮੇਟੀ ਮੈਂਬਰਾਨ ‘ਤੇ ਅਧਾਰਿਤ ਜੁੜੇ ਹਾਊਸ ਦੀ ਨਿਯਮਾਂ ਮੁਤਾਬਕ ਜਿਉਂ ਹੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਕਾਰਵਾਈ ਆਰੰਭ ਕੀਤੀ ਤਾਂ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਅਤੇ ਲੁਧਿਆਣਾ ਤੋਂ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਇਤਰਾਜ਼ ਜਤਾਇਆ ਕਿ ਮੁਖ ਚੋਣ ਅਧਿਕਾਰੀ ਦਾਹੜੀ ਕੱਟਦਾ ਹੈ ਤੇ ਰੰਗੀ ਵੀ ਹੋਈ ਹੈ। ਇਕ ਪਤਿਤ ਸਿੱਖ ਕੌਮ ਦੀ ਧਾਰਮਿਕ ਸੰਸਥਾ ਦੀ ਕਾਨੂੰਨੀ ਕਾਰਵਾਈ ਕਿਵੇਂ ਚਲਾ ਸਕਦਾ ਹੈ। ਲੇਕਿਨ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੈਂਬਰ ਜਾਂ ਅਧਿਕਾਰੀ ਪਾਸ ਇਸਦਾ ਕੋਈ ਜਵਾਬ ਨਹੀਂ ਸੀ।

ਕੁਝ ਦੇਰ ਦੇ ਰੌਲੇ ਰੱਪੇ ਬਾਅਦ ਜਦੋਂ ਮੁੜ ਕਾਰਵਾਈ ਸ਼ੁਰੂ ਹੋਈ ਤਾਂ ਖੇਤੀਬਾੜੀ ਮੰਤਰੀ ਤੇ ਕਮੇਟੀ ਮੈਂਬਰ ਤੋਤਾ ਸਿੰਘ ਨੇ ਹੱਥ ਵਿੱਚ ਫੜੇ ਹੋਏ ਲਿਫਾਫੇ ਨੂੰ ਖੋਲ੍ਹ ਕੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਨਾਮ ਪੜ੍ਹਿਆ ਤੇ ਪੇਸ਼ ਕੀਤਾ। ਜਿਸਦੀ ਤਾਈਦ ਬੀਬੀ ਜਗੀਰ ਕੌਰ ਅਤੇ ਤਾਈਦ-ਮਜੀਦ ਸ. ਨਵਤੇਜ ਸਿੰਘ ਕਾਉਣੀ ਨੇ ਉਸੇ ਹੀ ਲਿਫਾਫੇ ‘ਤੇ ਲਿਖੀ ਇਬਾਰਤ ਅਨੁਸਾਰ ਕੀਤੀ। ਹਾਊਸ ਵਿੱਚ ਗੈਰ-ਬਾਦਲ ਧਿਰ ਵਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਕਾਲਾਬੂਲਾ ਦਾ ਨਾਮ ਵਿਰੋਧੀ ਧਿਰ ਵਲੋਂ ਪ੍ਰਧਾਨਗੀ ਪੱਦ ਲਈ ਉਮੀਦਵਾਰ ਵਜੋਂ ਸ. ਅਮਰੀਕ ਸਿੰਘ ਨੇ ਪੇਸ਼ ਕੀਤਾ ਤੇ ਤਾਈਦ ਸ. ਹਰਪਾਲ ਸਿੰਘ ਨੇ ਤੇ ਤਾਈਦ ਮਜੀਦ (ਅਗਿਉਂ ਤਾਈਦ) ਹਰਦੀਪ ਸਿੰਘ ਮੁਹਾਲੀ ਨੇ ਕੀਤੀ।

ਹਾਊਸ ਵਿੱਚ ਕੁਝ ਸਮੇਂ ਲਈ ਘੁਸਰ ਮੁਸਰ ਤੇਜ ਹੋਈ। ਵਿਰੋਧੀ ਧਿਰ ਵਲੋਂ ਥੋੜ੍ਹਾ ਜਿਹਾ ਸਟੈਂਡ ਲੈਣ ਨਾਲ ਹੀ ਪ੍ਰੋ. ਬਡੂੰਗਰ, ਅਮਰਜੀਤ ਸਿੰਘ ਚਾਵਲਾ, ਤੋਤਾ ਸਿੰਘ ਅਤੇ ਬੀਬੀ ਜਗੀਰ ਕੌਰ ਵਲੋਂ ਨਾਮ ਵਾਪਿਸ ਲੈਣ ਲਈ ਮਨਾ ਲਿਆ ਗਿਆ। ਇੱਕ ਵਾਰ ਫਿਰ ਹਾਊਸ ਨੇ ਪ੍ਰੋ. ਬਡੂੰਗਰ ਦੀ ਜਿੱਤ ਦਾ ਐਲਾਨ ਕਰਦਿਆਂ ਹੱਥ ਖੜ੍ਹੇ ਕਰਕੇ ਜੈਕਾਰਾ ਬੁਲਾ ਦਿੱਤਾ। ਪਰ ਹਾਊਸ ਵਿੱਚ ਪੁੱਜੇ ਹੋਏ ਕਮੇਟੀ ਦੇ ਸਾਬਕਾ ਸਕੱਤਰ ਸ. ਦਿਲਮੇਘ ਸਿੰਘ ਨੇ ਸਟੇਜ ਸੰਭਾਲ ਰਹੀ ਬੀਬੀ ਜਗੀਰ ਕੌਰ ਤੇ ਹੋਰਨਾਂ ਨੂੰ ਆਗਾਹ ਕੀਤਾ ਕਿ ਜਦ ਤੀਕ ਸ. ਕਾਲਾਬੂਲਾ ਖੁੱਦ ਮੰਚ ‘ਤੇ ਆਕੇ ਆਪਣਾ ਨਾਮ ਵਾਪਿਸ ਨਾ ਲੈਣ ਪ੍ਰੋ. ਬਡੂੰਗਰ ਨੂੰ ਪ੍ਰਧਾਨ ਨਹੀਂ ਐਲਾਨਿਆ ਜਾ ਸਕਦਾ। ਫਿਰ ਕਾਲਾਬੂਲਾ ਨੇ ਮੰਚ ‘ਤੇ ਆਕੇ ਆਪਣੇ ਨਾਮ ਦੀ ਵਾਪਸੀ ਦਾ ਐਲਾਨ ਕੀਤਾ। ਇਸ ਉਪਰੰਤ ਹਾਊਸ ਵਿੱਚ ਪ੍ਰਮੁੱਖ ਵਿਰੋਧੀ ਧਿਰ ਮੈਂਬਰ ਸ. ਸੁਖਦੇਵ ਸਿੰਘ ਭੌਰ, ਸ. ਹਰਦੀਪ ਸਿੰਘ ਮੁਹਾਲੀ, ਬੀਬੀ ਕੁਲਦੀਪ ਕੌਰ ਖਟੜਾ ਆਦਿ ਹਾਊਸ ‘ਚੋਂ ਬਾਹਰ ਚਲੇ ਗਏ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਨਾਮ ਸ. ਸੁਰਿੰਦਰ ਸਿੰਘ ਹੁਸ਼ਿਆਰਪੁਰ ਨੇ ਪੇਸ਼ ਕੀਤਾ, ਤਾਈਦ ਰਘੂਜੀਤ ਸਿੰਘ ਵਿਰਕ ਅਤੇ ਤਾਈਦ-ਮਜੀਦ ਸ. ਜਰਨੈਲ ਸਿੰਘ ਡੋਗਰਾਂ ਨੇ ਕੀਤੀ। ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਨਾਮ ਸ. ਸੁਰਜੀਤ ਸਿੰਘ ਗੜ੍ਹੀ ਨੇ ਪੇਸ਼ ਕੀਤਾ, ਤਾਈਦ ਅਲਵਿੰਦਰ ਪਾਲ ਸਿੰਘ ਪਖੋਕੇ ਨੇ ਕੀਤੀ।

ਇਸੇ ਤਰ੍ਹਾਂ 11 ਕਾਰਜਕਾਰਣੀ ਮੈਂਬਰ ਲਏ ਜਾਣ ਬਾਰੇ ਪੇਸ਼ ਮਤੇ ਨੂੰ ਪ੍ਰਵਾਨਗੀ ਮਿਲਦਿਆਂ ਨਵੇਂ ਬਣੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸ. ਜੈਪਾਲ ਸਿੰਘ ਮੰਡੀਆ, ਨਿਰਮਲ ਸਿੰਘ ਹਰਿਆਉਂ, ਕੁਲਵੰਤ ਸਿੰਘ ਮੰਨਣ, ਸਤਪਾਲ ਸਿੰਘ ਤਲਵੰਡੀ, ਭਾਈ ਦਵਿੰਦਰ ਸਿੰਘ ਵੇਈਂ ਪੂਈਂ, ਗੁਰਮੇਲ ਸਿੰਘ ਸੰਗਤ ਪੁਰਾ, ਬੀਬੀ ਜੋਗਿੰਦਰ ਕੌਰ, ਭਾਈ ਰਾਮ ਸਿੰਘ ਅੰਮ੍ਰਿਤਸਰ, ਗੁਰਚਰਨ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਭਿੱਟੇਵੱਢ ਅਤੇ ਸੁਰਜੀਤ ਸਿੰਘ ਕਾਲਾਬੂਲਾ ਨੂੰ ਕਾਰਜਕਾਰਣੀ ਮੈਂਬਰਾਨ ਵਜੋਂ ਪੇਸ਼ ਕੀਤਾ ਜਿਸਦੀ ਹਾਊਸ ਨੇ ਜੈਕਾਰਿਆਂ ਦੀ ਗੂੰਜ ਦਰਮਿਆਨ ਪ੍ਰਵਾਨਗੀ ਦਿੱਤੀ।

ਇਸੇ ਦੌਰਾਨ ਦਲ ਖਾਲਸਾ ਨਾਲ ਸਬੰਧਤ ਹਲਕਾ ਫਿਲੌਰ ਤੋਂ ਚੁਣੇ ਗਏ ਕਮੇਟੀ ਮੈਂਬਰ ਸ. ਕੁਲਬੀਰ ਸਿੰਘ ਬੜਾਪਿੰਡ ਜਨਰਲ ਅਜਲਾਸ ਦੀ ਸਮਾਪਤੀ ਤੋਂ ਕੁਝ ਸਮਾਂ ਦੇਰ ਨਾਲ ਬਾਅਦ ਦੁਪਿਹਰ 2.30 ਵਜੇ ਸ਼੍ਰੋਮਣੀ ਕਮੇਟੀ ਦਫਤਰ ਪੁੱਜੇ। ਸ. ਬੜਾਪਿੰਡ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਅੱਜ ਜਨਰਲ ਅਜਲਾਸ ਵਿੱਚ ਸ਼ਾਮਿਲ ਹੋਣ ਆਏ ਸਨ ਪਰ ਕਪੂਰਥਲਾ ਜੇਲ੍ਹ ਪਾਸ ਅਦਾਲਤ ਦੇ ਹੁਕਮ ਸਮੇਂ ਸਿਰ ਨਾ ਪੁੱਜਣ ਕਾਰਣ ਉਹ ਦੁਪਿਹਰ 12.30 ਵਜੇ ਦੇ ਕਰੀਬ ਜੇਲ੍ਹ ਤੋਂ ਹੀ ਤੁਰੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: