ਸਿਆਸੀ ਖਬਰਾਂ

ਬੰਦੀਛੋੜ ਦਿਹਾੜਾ:’ਸੰਦੇਸ਼ ਪੜ੍ਹਨ’ਦਾ ਮਾਮਲਾ:ਪੁਲਿਸ ਵੱਲੋਂ ਕਾਰਜਕਾਰੀ ਜਥੇਦਾਰਾਂ ਦੀਆਂ ਗ੍ਰਿਫਤਾਰੀਆਂ

By ਸਿੱਖ ਸਿਆਸਤ ਬਿਊਰੋ

October 19, 2017

ਅੰਮ੍ਰਿਤਸਰ: ਬੰਦੀ ਛੋੜ ਦਿਹਾੜੇ ਮੌਕੇ ਦਰਬਾਰ ਸਾਹਿਬ ਵਿਚ ਕੌਮ ਦੇ ਨਾਂ ਸੰਦੇਸ਼ ਪੜ੍ਹਨ ਦੇ ਮੁੱਦੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 2015 ‘ਚ ਪਿੰਡ ਚੱਬਾ ‘ਚ ਹੋਏ ਇਕੱਠ ‘ਚ ਥਾਪੇ ਗਏ ਮੁਤਵਾਜ਼ੀ ਜਥੇਦਾਰਾਂ ਵਿਚਾਲੇ ਸੰਭਾਵਤ ਟਕਰਾਅ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਮੁਤਵਾਜ਼ੀ ਜਥੇਦਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਹਿਰਾਸਤ ਵਿਚ ਲੈਣਾਂ ਸ਼ੁਰੂ ਕਰ ਦਿੱਤਾ।

ਇਸ ਤਹਿਤ ਬੀਤੇ ਕੱਲ੍ਹ (18 ਅਕਤੂਬਰ, 2017) ਮੁਤਵਾਜ਼ੀ ਜਥੇਦਾਰਾਂ ਵਿਚ ਸ਼ਾਮਲ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਅਜਨਾਲਾ ਤੋਂ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਮਾਲਵਾ ਇਲਾਕੇ ਵਿਚੋਂ ਹਿਰਾਸਤ ਵਿਚ ਲੈ ਲਿਆ ਹੈ। ਹਾਲਾਂਕਿ ਪੰਜਾਬ ਪੁਲਿਸ ਭਾਈ ਧਿਆਨ ਸਿੰਘ ਮੰਡ ਨੂੰ ਹਿਰਾਸਤ ‘ਚ ਲੈਣ ਵਿਚ ਕਾਮਯਾਬ ਨਹੀਂ ਹੋ ਸਕੀ। ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਦੇ ਘਰੀਂ ਵੀ ਪੰਜਾਬ ਪੁਲਿਸ ਵਲੋਂ ਛਾਪੇ ਮਾਰੇ ਗਏ।

ਇਸ ਦੌਰਾਨ ਭਾਈ ਦਾਦੂਵਾਲ ਨੇ ਆਖਿਆ ਕਿ ਬੰਦੀ ਛੋੜ ਦਿਹਾੜੇ ਮੌਕੇ ਉਹ ਪਹਿਲਾਂ ਵਾਂਗ ਹੀ ਦਰਬਾਰ ਸਾਹਿਬ ‘ਚ ਮੱਥਾ ਟੇਕਣ ਜਾਣਗੇ ਅਤੇ ਭਾਈ ਮੰਡ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨਗੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਆਪੂੰ ਬਣੇ ਜਥੇਦਾਰਾਂ ਵਲੋਂ ਕੌਮ ਦੇ ਨਾਂ ਸੰਦੇਸ਼ ਪੜ੍ਹਨ ਮੌਕੇ ਜੇ ਅੱਜ (19 ਅਕਤੂਬਰ, 2017) ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਪੰਜਾਬ ਦੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: