ਖਾਸ ਖਬਰਾਂ

ਬੀ.ਸੀ.ਜੀ.ਸੀ ਅਤੇ ਓ.ਜੀ.ਸੀ. ਵੱਲੋਂ ਇੰਡੀਅਨ ਫੋਰਿਨ ਇੰਟਰਫੀਰੈਂਸ ਬਾਰੇ ਜਨਤਕ ਰਿਪੋਰਟ ਕੀਤੀ ਗਈ ਜਾਰੀ

By ਸਿੱਖ ਸਿਆਸਤ ਬਿਊਰੋ

May 24, 2023

ਚੰਡੀਗੜ੍ਹ –  ਓਨਟੇਰੀਓ ਗੁਰਦੁਆਰਾ ਕਮੇਟੀ ਅਤੇ ਬੀ.ਸੀ. ਗੁਰਦੁਆਰਾ ਕੌਂਸਲ ਵੱਲੋਂ ਇੰਡੀਅਨ ਫੋਰਿਨ ਇੰਟਰਫੀਰੈਂਸ ਬਾਰੇ ਬੀਤੇ ਦਿਨੀਂ ਇੱਕ ਜਨਤਕ ਰਿਪੋਰਟ ਜਾਰੀ ਕੀਤੀ ਗਈ ਹੈ ਇਹ ਰਿਪੋਰਟ ਅਸੀ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਇੰਨ-ਬਿੰਨ ਸਾਂਝੀ ਕਰ ਰਹੇ ਹਾਂ – 

ਲੰਘੇ ੨੦ ਮਾਰਚ ਨੂੰ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾਜ਼ ਕੌਂਸਲ (ਬੀ.ਸੀ.ਜੀ.ਸੀ) ਅਤੇ ਓਨਟਾਰੀਓ ਗੁਰਦੁਆਰਾਜ਼ ਕਮੇਟੀ (ਓ.ਜੀ.ਸੀ.) ਨੇ ਸਾਂਝੇ ਤੌਰ ‘ਤੇ ਇੱਕ ਜਨਤਕ ਲੇਖਾ (ਰਿਪੋਰਟ) ਜਾਰੀ ਕੀਤਾ ਸੀ ਜੋ ਕਨੇਡਾ ਵਿੱਚ ਇੰਡੀਅਨ ਫੋਰਿਨ ਇੰਟਰਫੀਰੈਂਸ (ਨਜਾਇਜ਼ ਦਖਲ ਅੰਦਾਜ਼ੀ) ਅਤੇ ਖੁਫੀਆ ਗਤੀਵਿਧੀਆਂ ਦਾ ਪਰਦਾਫਾਸ਼ ਕਰਦਾ ਹੈ। “ਇੰਡੀਅਨ ਫੋਰਿਨ ਇੰਟਰਫੀਰੈਂਸ: ਇਨਟੀਮੀਡੇਸ਼ਨ, ਡਿਸਇਨਫਰਮੇਸ਼ਨ ਐਂਡ ਅੰਡਰਮਾਈਨਿੰਗ ਕੈਨੇਡੀਅਨ ਇੰਸਟੀਚਿਊਸ਼ਨਜ਼” ਸਿਰਲੇਖ ਵਾਲਾ ਲੇਖਾ, ਠੋਸ ਹਵਾਲਿਆਂ ‘ਦੇ ਅਧਾਰ ‘ਤੇ ਇੰਡੀਅਨ ਫੋਰਿਨ ਇੰਟਰਫੀਰੈਂਸ ਦੀਆਂ ਘਟਨਾਵਾਂ ਦੇ ਵੇਰਵੇ ਦਿੰਦਾ ਹੈ ਜਿਨ੍ਹਾਂ ਬਾਰੇ ਕਨੇਡੀਅਨ ਮੀਡੀਆ ਦੁਆਰਾ ਰਿਪੋਰਟ ਕੀਤਾ ਗਿਆ ਹੈ ਜਾਂ ਸਰਕਾਰੀ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਦੁਆਰਾ ਸਵੀਕਾਰ ਕੀਤਾ ਗਿਆ ਹੈ।

ਪਿਛਲੇ ਕੁੱਝ ਸਮੇਂ ਤੋਂ ਫੋਰਿਨ ਇੰਟਰਫੀਰੈਂਸ ਦੇ ਸੰਦਰਭ ਵਿੱਚ ਕਨੇਡੀਅਨ ਸਰਕਾਰ ਵੱਲੋਂ ਚੀਨ ਅਤੇ ਰੂਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਅਤੇ ਕਈ ਘਟਨਾਵਾਂ ਵਿੱਚ ਸਖਤ ਕਾਰਵਾਈ ਵੀ ਕੀਤੀ ਗਈ ਹੈ। ਇਸ ਦੇ ਨਾਲ ਨਾਲ ਇਹ ਲਾਜ਼ਮੀ ਹੈ ਕਿ ਕਨੇਡਾ, ਇੰਡੀਆ ਵਰਗੇ ਸੰਭਾਵੀ ਸਹਿਯੋਗੀਆਂ (ਐਲਾਇ) ਦੀਆਂ ਗਤੀਵਿਧੀਆਂ ਨੂੰ ਗੰਭੀਰਤਾ ਨਾਲ ਲਵੇ ਜੋ ਆਪਣੀਆਂ ਨੀਤੀਆਂ ਅਤੇ ਮੁਫਾਦਾਂ ਨੂੰ ਮੁੱਖ ਰੱਖਦੇ ਹੋਏ ਕਨੇਡਾ ਵਿੱਚ ਨਜਾਇਜ਼ ਦਖਲਅੰਦਾਜ਼ੀ ਰਾਹੀਂ ਜਨਤਕ ਬ੍ਰਿਤਾਂਤ ਅਤੇ ਮੀਡੀਆ ਦੀਆਂ ਸੂਚਨਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਜਿੰਮੇਵਾਰੀ ਦੀ ਅਹਿਮੀਅਤ ਉਦੋਂ ਵੱਧਦੀ ਹੈ ਜਦੋਂ ਇੰਡੀਅਨ ਦੂਤਘਰਾਂ ਦੇ ਨੁਮਾਇੰਦੇ ਅਧਿਕਾਰਿਤ ਤੌਰ ‘ਤੇ ਅਜਿਹੇ ਬਿਆਨ ਦਿੰਦੇ ਹਨ ਜਿਨ੍ਹਾਂ ਦੇ ਸਿੱਧੇ ਅਰਥ ਇਹੀ ਹਨ ਕਿ ਇੰਡੀਆ ਨਾਲ ਵਪਾਰਕ ਸਬੰਧ ਵਧਾਉਣ ਦੀ ਇੱਕੋ ਸ਼ਰਤ ਹੈ ਕਿ ਕਨੇਡਾ ਸਿੱਖ ਸਰਗਰਮੀਆਂ ਨੂੰ ਪਹਿਲਾਂ ਸਖਤੀ ਨਾਲ ਕੁਚਲੇ।

ਇੰਡੀਆ ੧੯੮੦ਵਿਆਂ ਤੋਂ ਹੀ ਕਨੇਡਾ ਵਿੱਚ ਖੁਫੀਆ ਗਤੀਵਿਧੀਆਂ ਅਤੇ ਨਜਾਇਜ਼ ਦਖਲ ਅੰਦਾਜ਼ੀ ਨੂੰ ਅੰਜਾਮ ਦਿੰਦਾ ਆ ਰਿਹਾ ਹੈ ਜਿਸ ਦੇ ਤਹਿਤ ਇੰਡੀਆ ਦਾ ਵਿਰੋਧ ਕਰਨ ਵਾਲੇ ਕਾਰਕੁਨਾਂ ਦੇ ਨਾਲ ਨਾਲ ਕਨੇਡਾ ਦੇ ਸਰਕਾਰੀ ਅਦਾਰਿਆਂ ਨੂੰ ਵੀ ਸਿੱਧਾ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਗੁਪਤ ਕਾਰਵਾਈਆਂ ਦੇ ਬੇਸ਼ੁਮਾਰ ਸਬੂਤ ਜਨਤਕ ਤੌਰ ‘ਤੇ ਉਪਲਬਧ ਹਨ ਜੋ ਸਪੱਸ਼ਟ ਕਰਦੇ ਹਨ ਕਿ ਇੰਡੀਆ ਆਪਣੀ ਦਖਲ ਅੰਦਾਜ਼ੀ ਰਾਹੀਂ ਕਨੇਡਾ ਦੀਆਂ ਨੀਤੀਆਂ ਅਤੇ ਖਬਰਖਾਨੇ ਦੀਆਂ ਸੂਚਨਾਵਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ। ਇਸ ਤਰ੍ਹਾਂ ਸਿੱਖ ਸਰਗਰਮੀਆਂ ਨੂੰ ਕੁਚਲਣ ਦੇ ਮਨਸੂਬੇ ਨਾਲ ਇੰਡੀਅਨ ਅਧਿਕਾਰੀ ਅਤੇ ਖੁਫੀਆ ਏਜੰਸੀਆਂ ਨੇ “ਸਿੱਖ ਐਕਸਟ੍ਰੀਮਿਜ਼ਮ (ਅੱਤਵਾਦ)” ਵਰਗੇ ਨਿਰਮੂਲ ਬ੍ਰਿਤਾਂਤ ਨੂੰ ਘੜਿਆ ਅਤੇ ਉਛਾਲਿਆ ਹੈ।

ਕਨੇਡਾ ਵੱਲੋਂ ਇੰਡੀਅਨ ਫੋਰਿਨ ਇੰਟਰਫੀਰੈਂਸ ਨੂੰ ਨੱਥ ਪਾਉਣ ਦੀ ਬਜਾਏ ਬਿਲਕੁਲ ਨਜ਼ਰ ਅੰਦਾਜ਼ ਕਰਨ ਪਿੱਛੇ ਕਾਰਨ ਘੱਟ-ਗਿਣਤੀ ਅਤੇ ਨਸਲੀ ਭਾਈਚਾਰਿਆਂ ਨਾਲ ਵਿਤਕਰਾ ਅਤੇ ਇੰਡੀਆ ਨਾਲ ਵਪਾਰਕ ਸਬੰਧਾਂ ਨੂੰ ਵਧਾਉਣ ਦੀ ਮਨਸ਼ਾ ਹੀ ਨਜ਼ਰ ਆਉਂਦੀ ਹੈ। ਇਸ ਪੱਖਪਾਤੀ ਰਵਈਏ ‘ਤੇ ਟਿੱਪਣੀ ਕਰਦਿਆਂ ਬੀ.ਸੀ.ਜੀ.ਸੀ. ਦੇ ਬੁਲਾਰੇ ਭਾਈ ਮੋਨਿੰਦਰ ਸਿੰਘ ਨੇ ਕਿਹਾ ਕਿ ਕਨੇਡਾ ਨੂੰ ਸਪੱਸ਼ਟ ਸ਼ਬਦਾਂ ਵਿੱਚ ਇੰਡੀਅਨ ਫੋਰਿਨ ਇੰਟਰਫੀਰੈਂਸ ਦੀ ਨਿਖੇਧੀ ਕਰਕੇ ਉਸ ਨੂੰ ਰੋਕਣ ਲਈ ਠੋਸ ਕਦਮ ਪੁੱਟਣੇ ਚਾਹੀਦੇ ਹਨ। ਨਾਲ ਹੀ ਦੱਸਿਆ ਕਿ ਹੁਣ ਤੱਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਿੱਖਾਂ ਨੂੰ ਇਹੀ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੀ ਕੀਮਤ ‘ਤੇ ਇੰਡੀਆ ਨਾਲ ਵਪਾਰਕ ਸਬੰਧਾਂ ਨੂੰ ਵਧਾਉਣ ਲਈ ਸਿੱਖਾਂ ਦੇ ਅਧਿਕਾਰਾਂ ਨੂੰ ਸੌਦੇਬਾਜ਼ੀ ਵਿੱਚ ਵੇਚਿਆ ਜਾ ਰਿਹਾ ਹੈ। ਕਨੇਡੀਅਨ ਸਰਕਾਰ ਨੂੰ ਇਸ ਸਬੰਧੀ ਸਿੱਖ ਸੰਸਥਾਵਾਂ ਨਾਲ ਇਸ ਮੁੱਦੇ ‘ਤੇ ਪਾਰਦਰਸ਼ਕ ਤਰੀਕੇ ਨਾਲ ਗੱਲਬਾਤ ਦੇ ਰਾਹ ਖੋਲਣੇ ਚਾਹੀਦੇ ਹਨ ਜਿਸ ਨਾਲ ਇੰਡੀਅਨ ਦਖਲ ਅੰਦਾਜ਼ੀ ਨੂੰ ਨੱਥ ਪਾਉਂਦਿਆਂ ਸਿੱਖਾਂ ਦੇ ਮੁੱਢਲੇ ਅਧਿਕਾਰਾਂ ਨੂੰ ਬਹਾਲ ਕੀਤਾ ਜਾਵੇ।

*****

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾਜ਼ ਕੌਂਸਲ (ਬੀ.ਸੀ.ਜੀ.ਸੀ.)ਅਤੇ ਓਨਟਾਰੀਓ ਗੁਰਦੁਆਰਾਜ਼ ਕਮੇਟੀ (ਓ.ਜੀ.ਸੀ.) ਸੁਤੰਤਰ ਅਤੇ ਨਿਰਪੱਖ, ਗੈਰ-ਸਰਕਾਰੀ ਸੰਸਥਾਵਾਂ ਹਨ ਜੋ ਸਮੂਹਿਕ ਤੌਰ ‘ਤੇ ਦੇਸ਼ ਭਰ ਦੀਆਂ ਤੀਹ ਤੋਂ ਵੱਧ ਸਿੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਦੀਆਂ ਹਨ। ਦੋਵੇਂ ਸੰਸਥਾਵਾਂ ਕਨੇਡਾ ਵਿੱਚ ਸਿੱਖਾਂ ਦੇ ਸਿਆਸੀ ਸਰੋਕਾਰਾਂ ਦੀ ਸਮੂਹਿਕ ਤੌਰ ‘ਤੇ ਵਕਾਲਤ ਕਰਨ ਲਈ ਸਥਾਪਤ ਕੀਤੀਆਂ ਗਈਆਂ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: