ਦਲ ਖ਼ਾਲਸਾ ਦੇ ਆਗੂ ਮੀਡੀਆ ਨਾਲ ਗੱਲ ਕਰਦੇ ਹੋਏ

ਖਾਸ ਖਬਰਾਂ

ਡੇਰਾ ਪ੍ਰੇਮੀਆਂ ਦੀ ਗੁੰਡਾਗਰਦੀ ਤੋਂ ਆਪਣੀ ਹਿਫਾਜ਼ਤ ਲਈ ਪੰਜਾਬ ਦੇ ਲੋਕ ਤਿਆਰ ਰਹਿਣ: ਦਲ ਖ਼ਾਲਸਾ

By ਸਿੱਖ ਸਿਆਸਤ ਬਿਊਰੋ

August 22, 2017

ਹੁਸ਼ਿਆਰਪੁਰ: ਦਲ ਖਾਲਸਾ ਨੇ ਸਿਰਸਾ ਡੇਰੇ ਦੇ ਮੁਖੀ ਦੀ 25 ਅਗਸਤ ਨੂੰ ਪੰਚਕੂਲਾ ਕੋਰਟ ਵਲੋਂ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਕਿਸੇ ਸੰਭਾਵਿਤ ਹਿੰਸਾ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਆਪਣੀ ਹਿਫਾਜ਼ਤ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।

ਪ੍ਰੈਸ ਕਾਨਫਰੰਸ ਕਰਦਿਆਂ ਪਾਰਟੀ ਆਗੂਆਂ ਹਰਚਰਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ, ਜਸਬੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਹਿਫਾਜ਼ਤ ਲਈ ਸਰਕਾਰ ਜਾਂ ਪ੍ਰਸ਼ਾਸਨ ਉਤੇ ਮੁੰਕਮਲ ਟੇਕ ਲਾ ਕੇ ਨਾ ਬੈਠਣ ਕਿਉਂਕਿ ਹਰ ਸਰਕਾਰ ਅਤੇ ਪੁਲਿਸ ਨੇ ਹਮੇਸ਼ਾਂ ਹੀ ਇਸ ਡੇਰੇ ਦਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕ ਡੇਰਾ ਪ੍ਰੇਮੀਆਂ ਵਲੋਂ ਕਿਸੇ ਤਰ੍ਹਾਂ ਦੀ ਸੰਭਾਵਿਤ ਹਿੰਸਾ ਨਾਲ ਨਜਿੱਠਣ ਲਈ ਤਿਆਰ ਰਹਿਣ।

ਉਹਨਾਂ ਹਿੰਦੂ, ਮੁਸਲਮਾਨ, ਈਸਾਈ ਅਤੇ ਸਿੱਖ ਭਰਾਵਾਂ ਨੂੰ ਬੇਨਤੀ ਕੀਤੀ ਕਿ ਉਹ ਹੁਲੜਬਾਜ਼ ਅਨਸਰਾਂ ਅਤੇ ਤਾਕਤਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦੇਣ। ਉਹਨਾਂ ਕਿਹਾ ਕਿ ਜਿਸ ਬਲਾਤਕਾਰ ਦੇ ਕੇਸ ਵਿੱਚ ਅਦਾਲਤ ਵਲੋਂ ਫੈਸਲਾ ਆਉਣਾ ਹੈ ਉਸ ਦਾ ਪੰਜਾਬ ਜਾਂ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਫਿਰ ਕਿਉਂ ਪੰਜਾਬ ਦੇ ਲੋਕਾਂ ਨੂੰ ਪ੍ਰਸ਼ਾਸਨ ਸੁਰੱਖਿਆ ਤਿਆਰੀਆਂ ਦਾ ਨਾਮ ਹੇਠ ਖੌਫਜ਼ਦਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਡੇਰਾ ਪ੍ਰੇਮੀਆਂ ਦੀਆਂ ਖੁੱਲ੍ਹੇਆਮ ਧਮਕੀਆਂ, ਪ੍ਰਸ਼ਾਸਨ ਅਤੇ ਸਰਕਾਰਾਂ ਵਲੋਂ ਰਚਿਆ ਜਾ ਰਿਹਾ ਅਡੰਬਰ ਸਪੱਸ਼ਟ ਦਰਸਾਉਂਦਾ ਹੈ ਕਿ ਇਹ ਸੱਭ ਕੁਝ ਅਦਾਲਤਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਰਿਹਾ ਹੈ।

ਜਥੇਬੰਦੀ ਦੇ ਆਗੂਆਂ ਨੇ ਕੇਸ ਦੇ ਫੈਸਲੇ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਕੀ ਭਾਰਤੀ ਸਟੇਟ ਆਪਣੇ ਵੀ.ਆਈ.ਪੀ ਚਹੇਤੇ ਮਹਿਮਾਨ ਨੂੰ ਬਚਾਉਂਦੀ ਹੈ ਜਾਂ ਇਨਸਾਫ ਕਰਦੀ ਹੈ। ਉਹਨਾਂ ਸਟੇਟ ਉਤੇ ਸਿਰਸਾ ਡੇਰੇ ਨੂੰ ਪੁਸ਼ਤਪਨਾਹੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹਰ ਸਰਕਾਰ ਨੇ ਗੁਰਮੀਤ ਰਾਮ ਰਹੀਮ ਨੂੰ ਸੰਗੀਨ ਕੇਸਾਂ ਵਿੱਚ ਦੋਸ਼ੀ ਹੋਣ ਦੇ ਬਾਵਜੂਦ ਜ਼ੈਡ ਸੁਰੱਖਿਆ ਦੇ ਰੱਖੀ ਹੈ। ਉਹਨਾਂ ਅੱਗੇ ਕਿਹਾ ਕਿ ਇਹ ਵੀ ਦੇਖਣਾ ਹੋਵੇਗਾ ਕਿ ਸੂਬਾ ਸਰਕਾਰ ਵੋਟ ਰਾਜਨੀਤੀ ਤੋਂ ਉਪਰ ਉਠ ਕੇ ਹੁਲੜਬਾਜ਼ਾਂ ਨੂੰ ਨੱਥ ਪਾਉਂਦੀ ਹੈ ਜਾ ਖੁੱਲ੍ਹ ਖੇਡਣ ਦਾ ਮੌਕਾ ਦੇਂਦੀ ਹੈ।

ਉਹਨਾਂ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰਾਂ ਨੇ ਵੋਟ-ਬੈਂਕ ਦੀ ਸੌੜੀ ਰਾਜਨੀਤੀ ਕਾਰਨ ਅਜਿਹੇ ਅਖੌਤੀ ਬਾਬਿਆਂ ਅਤੇ ਸਾਧਾਂ ਨੂੰ ਪੂਰੇ ਸਮਾਜ ਉਤੇ ਭਾਰੂ ਕਰ ਦਿੱਤਾ ਹੈ।

ਉਹਨਾਂ ਕਾਂਗਸਰ ਅਤੇ ਭਾਜਪਾ-ਬਾਦਲ ਦਲ ਨੂੰ ਇੱਕੋ ਡਾਲ ਦੇ ਪੰਛੀ ਦੱਸਦਿਆਂ ਕਿਹਾ ਕਿ ਇਹ ਸਾਰੇ ਹੀ ਡੇਰਾ ਸਿਰਸਾ ਨੂੰ ਹੱਲਾਸ਼ੇਰੀ ਅਤੇ ਪੁਸ਼ਤਪਨਾਹੀ ਦੇਣ ਲਈ ਬਰਾਬਰ ਦੇ ਜ਼ਿੰਮੇਵਾਰ ਹਨ।

ਉਹਨਾਂ ਕਿਹਾ ਕਿ ਪੰਜਾਬ ਅਤੇ ਵਿਸ਼ੇਸ਼ ਕਰ ਮਾਲਵੇ ਦੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਬਿਨਾਂ ਕਿਸੇ ਕਸੂਰ ਦੇ ਡੇਰਾ ਪ੍ਰੇਮੀਆਂ ਦੀ ਹਿੰਸਾ ਦਾ ਅਚਨਚੇਤ ਸ਼ਿਕਾਰ ਨਾ ਬਨਣ।

ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕੋਟਕਪੂਰਾ ਵਿਖੇ ਪਿਛਲੇ ਸਾਲ ਵਾਪਰੇ ਗੋਲੀ ਕਾਂਡ ਅਤੇ ਲਾਠੀਚਾਰਜ ਦੀ ਨਵੀਂ ਵੀਡੀਉ ਸਾਹਮਣੇ ਆਉਣ ਉਤੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਦਾ ਝੂਠ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਬਿਨਾਂ ਕਿਸੇ ਭੜਕਾਹਟ ਦੇ ਨਿਹੱਥੀ ਸਿੱਖ ਸੰਗਤ ਜੋ ਪੁਰਅਮਨ ਢੰਗ ਨਾਲ ਧਰਨਾ ਦੇ ਰਹੀ ਸੀ, ਉਤੇ ਗੋਲੀ ਚਲਾਈ ਅਤੇ ਡਾਂਗਾਂ ਵਰਾਈਆਂ ਅਤੇ ਇਸ ਸ਼ਰਮਨਾਕ ਕਾਰੇ ਲਈ ਉਸ ਸਮੇਂ ਦੇ ਪੁਲਿਸ ਮੁੱਖੀ ਸੁਮੇਧ ਸਿੰਘ ਸੈਣੀ ਅਤੇ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਅਤੇ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਹਨਾਂ ਦਾਗੀ ਅਫਸਰਾਂ ਨੂੰ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਵੇ।

ਇਸ ਮੌਕੇ ਰਣਬੀਰ ਸਿੰਘ, ਨੋਬਲਜੀਤ ਸਿੰਘ, ਗੁਰਦੀਪ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ ਖੁਡਾ ਆਦਿ ਹਾਜ਼ਿਰ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Be Prepared To Defend Yourself If Sirsa Premis Resort To Hooliganism on Aug 25: Dal Khalsa …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: