ਸਿਆਸੀ ਖਬਰਾਂ

ਇੰਦੌਰ ਵਿਚ ਗੁਰਦੁਆਰਾ ਸਾਹਿਬ ਤੋੜਨ ਤੋਂ ਪਹਿਲਾਂ ਬਦਲਵੀਂ ਥਾਂ ਦੇਣੀ ਚਾਹੀਦੀ ਸੀ: ਪ੍ਰੋ. ਬਡੂੰਗਰ

By ਸਿੱਖ ਸਿਆਸਤ ਬਿਊਰੋ

April 24, 2017

ਅੰਮ੍ਰਿਤਸਰ: ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਰਾਜ ਮੁਹੱਲਾ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ‘ਕਰਤਾਰ ਕੀਰਤਨ’ ਦੀ ਇਮਾਰਤ ਨੂੰ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤੇ ਜਾਣ ਦੀ ਖਬਰ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਸ਼ਨੀਵਾਰ ਨੂੰ ਹਫਤਾਵਰੀ ਸਮਾਗਮ ਚੱਲ ਰਿਹਾ ਸੀ। ਇਸੇ ਦੌਰਾਨ ਲਗਭਗ 400 ਪੁਲਿਸ ਕਰਮੀਆਂ ਸਮੇਤ ਬਾਕੀ ਲੋਕਾਂ ਦੀ ਫੋਰਸ ਨੇ ਗੁਰਦੁਆਰਾ ਸਹਿਾਬ ‘ਚ ਪ੍ਰਕਾਸ਼ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਬਰੀ ਚੁੱਕਣਾ ਸ਼ੁਰੂ ਕਰ ਦਿੱਤਾ।

ਇਸ ਕਾਰਵਾਈ ਦਾ ਸੰਗਤ ਨੇ ਵਿਰੋਧ ਕੀਤਾ ਪਰ ਅਧਿਕਾਰੀਆਂ ਦੀ ਗਿਣਤੀ ਵੱਧ ਹੋਣ ਕਾਰਨ ਸੰਗਤ ਨੂੰ ਧੱਕੇ ਮਾਰ ਕੇ ਗੁਰੂ ਘਰ ‘ਚੋਂ ਬਾਹਰ ਕੱਢਿਆ ਜਾਣ ਲੱਗਾ। ਪੁਲਿਸ ਵੱਲੋਂ ਬੀਬੀਆਂ ਨੂੰ ਘੜੀਸ ਕੇ ਪੌੜੀਆਂ ਤੋਂ ਥੱਲ੍ਹੇ ਉਤਾਰਿਆ ਗਿਆ। ਇਸ ਦੌਰਾਨ ਇੱਕ 80 ਸਾਲਾ ਬਜ਼ੁਰਗ ਦੇ ਜ਼ਖਮੀ ਹੋਣ ਦੀ ਖਬਰ ਹੈ।

ਗੁਰਦੁਆਰਾ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਇਮਾਰਤ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗੁਰੂ ਘਰ ਅੰਦਰ ਪਈਆਂ 300 ਸਾਲ ਪੁਰਾਣੀਆਂ ਕਿਰਪਾਨਾਂ (ਸੋਨੇ ਤੇ ਚਾਂਦੀ ਦੇ ਮੁੱਠੇ ਵਾਲੀਆਂ), ਦੋ ਚਾਂਦੀ ਦੇ ਗੁਲਦਸਤੇ ਅਤੇ ਗੋਲਕ ਵਿਚਲੀ 75 ਤੋਂ 80 ਹਜ਼ਾਰ ਦੇ ਕਰੀਬ ਭੇਟਾ ਰਾਸ਼ੀ ਤੇ ਲਾਕਰ ਦੀ 3 ਲੱਖ ਤੋਂ ਵੱਧ ਨਗਦੀ ਚੁੱਕ ਕੇ ਲੈ ਗਈ ਹੈ। ਦੂਜੀ ਮੰਜ਼ਲ ‘ਤੇ ਬਣਾਈ ਹੋਈ ਲਾਇਬ੍ਰੇਰੀ ਦੀਆਂ 40,000 ਕਿਤਾਬਾਂ ਵੀ ਪੁਲਿਸ ਨਾਲ ਲੈ ਗਈ। ਸੰਗਤ ਦਾ ਰੋਸ ਹੈ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਇਸ ਤਰ੍ਹਾਂ ਬਿਨਾਂ ਦੱਸੇ ਕੀਤੀ ਗਈ ਕਾਰਵਾਈ ਸ਼ਰੇਆਮ ਧੱਕਾ ਹੈ।

ਸੰਗਤਾਂ ਦੇ ਦੱਸਣ ਮੁਤਾਬਕ ਗੁਰਦੁਆਰਾ ਸਾਹਿਬ ਦੀ ਇਮਾਰਤ ਤੋਂ 10 ਮੀਟਰ ਦੀ ਦੂਰੀ ‘ਤੇ ਇੱਕ ਮੰਦਰ ਵੀ ਬਣਿਆ ਹੋਇਆ ਹੈ ਜੋ ਪੂਰੀ ਤਰਾਂ ਸੁਰੱਖਿਅਤ ਹੈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ ਭਾਜਪਾ ਆਗੂ ਵੀ ਹਨ ਤੇ ਸੰਗਤ ਵੱਲੋਂ ਇਸ ਘਟਨਾ ਪਿੱਛੇ ਉਨ੍ਹਾਂ ਦੀ ਸ਼ਹਿ ਵੀ ਦੱਸੀ ਜਾ ਰਹੀ ਹੈ, ਜੋ 2018 ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਭਾਜਪਾ ਵੱਲੋਂ ਟਿਕਟ ਲੈਣ ਦੀ ਤਾਕ ਵਿੱਚ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਸਥਿਤ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਨੂੰ ਨਗਰ ਨਿਗਮ ਵੱਲੋਂ ਤੋੜੇ ਜਾਣ ਦੇ ਸਬੰਧ ‘ਚ ਕਿਹਾ ਕਿ ਪਹਿਲਾਂ ਗੁਰਦੁਆਰਾ ਸਾਹਿਬ ਲਈ ਬਦਲਵੀਂ ਥਾਂ ਦੇਣੀ ਚਾਹੀਦੀ ਸੀ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਇੱਕ ਪੱਤਰ ਲਿਖ ਕੇ ਸਿੱਖ ਭਾਵਨਾਵਾਂ ਦਾ ਖਿਆਲ ਰੱਖਦਿਆਂ ਇਸ ਦਾ ਢੁੱਕਵਾਂ ਹੱਲ ਲੱਭਣ ਲਈ ਕਿਹਾ ਗਿਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Govt. Should have allotted new place before demolishing Gurdwara Sahib in Indore: says SGPC Chief …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: