ਵਿਦੇਸ਼

ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਖਾਲਿਸਤਾਨੀ ਸਿੱਖਾਂ ਨੂੰ ਨਵੇਂ ਰੁਲਦਿਆਂ ਤੋਂ ਬਚਣ ਦਾ ਸੱਦਾ

By ਸਿੱਖ ਸਿਆਸਤ ਬਿਊਰੋ

October 18, 2016

ਲੰਡਨ: ਯੁਨਾਇਟਿਡ ਖ਼ਾਲਸਾ ਦਲ ਯੂ.ਕੇ. ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬਹੁਤ ਹੀ ਭਰੋਸੇ ਯੋਗ ਸੂਤਰਾਂ ਅਨੁਸਾਰ ਖਬਰ ਮਿਲੀ ਹੈ ਕਿ ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਬੁਲੰਦ ਆਵਾਜ਼ ਨੂੰ ਮੱਧਮ ਅਤੇ ਖਤਮ ਕਰਨ ਦੇ ਮਨਸੂਬੇ ਤਹਿਤ ਭਾਰਤ ਸਰਕਾਰ ਵਲੋਂ ਕੁਝ ਨਵੇਂ ਰੁਲਦੇ ਸਰਗਰਮ ਹੋਣ ਜਾ ਰਹੇ ਹਨ। ਇਹ ਲੋਕ ਉਹਨਾਂ ਖਾਲਿਸਤਾਨੀਆਂ ਤੱਕ ਪਹੁੰਚ ਕਰਨ ਜਾ ਰਹੇ ਹਨ ਜਿਹੜੇ ਲੰਬੇ ਸਮੇਂ ਤੋਂ ਭਾਰਤ ਨਹੀਂ ਗਏ ਕਿਉਂਕਿ ਸਰਕਾਰ ਨੇ ਉਹਨਾਂ ਦੇ ਵੀਜੇ ਬੰਦ ਕੀਤੇ ਹੋਏ ਹਨ।

ਹਰ ਵਿਅਕਤੀ ਭਾਰਤ ਸਮੇਤ ਕਿਸੇ ਵੀ ਦੇਸ਼ ਜਾ ਸਕਦਾ ਹੈ। ਇਹ ਉਸਦਾ ਬੁਨਿਆਦੀ ਹੱਕ ਹੈ। ਬਸ਼ਰਤੇ ਕਿ ਉਸਦਾ ਰਸਤਾ ਸ਼ਹੀਦਾਂ ਦੇ ਪਵਿੱਤਰ ਖੂਨ ਨਾਲ ਦਗਾ ਕਮਾ ਕੇ ਨਾ ਖੁੱਲ੍ਹਦਾ ਹੋਵੇ। ਪਰ ਦੇਖਣ ਵਿੱਚ ਆਇਆ ਹੈ ਕਿ ਅਤੀਤ ਜਿਹਨਾਂ ਦੇ ਵੀਜੇ ਲੱਗੇ ਹਨ ਜਾਂ ਜਿਹਨਾਂ ਨੂੰ ਭਾਰਤੀ ਪਾਸਪੋਰਟ ਪ੍ਰਾਪਤ ਹੋਏ ਹਨ ਉਹਨਾਂ ਵਲੋਂ ਸਿੱਖ ਦੁਸ਼ਮਣ ਸਰਕਾਰ ਦੀਆਂ ਸਿਫਤਾਂ ਕਰਾਈਆਂ ਗਈਆਂ, ਧੰਨਵਾਦੀ ਪੱਤਰ, ਪਛਤਾਊ ਨਾਮੇ ਜਾਂ ਗਲਤੀ ਨਾਮੇ ਲਿਖਵਾਏ ਜਾਂ ਅਖਵਾਏ ਹਨ। ਭਾਵੇਂ ਕਿ ਅਜੇ ਤੱਕ ਇਹ ਜਨਤਕ ਨਹੀਂ ਕੀਤੇ ਗਏ।

ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਦਲ ਦੇ ਜਨਰਲ ਸਕੱਤਰ ਲਵਸਿ਼ੰਦਰ ਸਿੰਘ ਡੱਲੇਵਾਲ ਨੇ ਵਿਦੇਸ਼ਾਂ ਵਿੱਚ ਵਸਦੇ ਖਾਲਿਸਤਾਨ ਦੀ ਅਵਾਜ਼ ਨੂੰ ਬੁਲੰਦ ਰੱਖਣ ਵਾਲੇ ਅਤੇ ਇਸ ਸੰਘਰਸ਼ ਵਿੱਚ ਯੋਗਦਾਨ ਪਾ ਰਹੇ ਵੀਰਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਉਹ ਇਹਨਾਂ ਪਖੰਡੀ ਲੋਕਾਂ ਦੇ ਝਾਂਸੇ ਵਿੱਚ ਨਾ ਆਉਣ। ਭਾਵੇਂ ਕੁੱਝ ਵੀ ਹੋਵੇ ਖਾਲਿਸਤਾਨ ਦੇ ਸੰਘਰਸ਼ ਨੂੰ ਉਸਾਰੂ ਅਤੇ ਸਾਰਥਕ ਬਣਾਉਣ ਲਈ, ਫਤਿਹ ਦੀ ਪੂਰਤੀ ਆਖਰੀ ਦਮ ਤੱਕ ਯਤਨ ਜਾਰੀ ਰੱਖਣੇ ਹਨ। ਅਗਰ ਇੱਕ ਵਾਰ ਦੁਸ਼ਮਣ ਮੂਹਰੇ ਨੀਵੇਂ ਹੋ ਜਾਉ ਤਾਂ ਬਾਕੀ ਕੁੱਝ ਨਹੀਂ ਬਚਦਾ। ਜਿਹੜਾ ਵਿਅਕਤੀ ਖਾਲਸਈ ਫਲਫਸੇ ਦਾ ਧਾਰਨੀ ਹੈ ਉਹ ਖਾਲਿਸਤਾਨ ਦਾ ਹਾਮੀ ਜ਼ਰੂਰ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: