ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਬਾਦਲਾਂ ਅਤੇ ਚੌਟਾਲਿਆਂ ਦੀਆਂ ਖ਼ਤਰਨਾਕ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ ਕਿਉਂਕਿ ਉਹ ਕੇਵਲ ਸਿਆਸੀ ਹਿਤਾਂ ਲਈ ਸਤਲੁਜ-ਯਮੁਨਾ ਸੰਪਰਕ (ਐੱਸ.ਵਾਈ.ਐੱਲ.) ਨਹਿਰ ਦਾ ਮੁੱਦਾ ਚੁੱਕ ਕੇ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਪੈਦਾ ਕਰ ਰਹੇ ਹਨ।
ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ, ਜਿਸ ਦੇ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਸੰਭਾਵਨਾ ਹੈ, ਹਰਿਆਣਾ ਨੂੰ ਬਿਲਕੁਲ ਵੀ ਪਾਣੀ ਨਹੀਂ ਜਾਣ ਦੇਵੇਗੀ ਕਿਉਂਕਿ ਪੰਜਾਬ ਕੋਲ ਵਾਧੂ ਪਾਣੀ ਹੈ ਹੀ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸਟੈਂਡ ਉੱਤੇ ਪੂਰੀ ਤਰ੍ਹਾਂ ਕਾਇਮ ਹੈ ਅਤੇ ਦਰਿਆਈ ਪਾਣੀਆਂ ਦਾ ਮੁੱਦਾ ਹੱਲ ਕਰਨ ਲਈ ਹਰ ਤਰ੍ਹਾਂ ਦੇ ਕਾਨੂੰਨੀ ਅਤੇ ਸਿਆਸੀ ਕਦਮ ਚੁੱਕੇਗੀ।
ਸਬੰਧਤ ਖ਼ਬਰ: ‘ਇਕ ਬੂੰਦ ਪਾਣੀ ਨਾ ਦੇਣ’ ਦੇ ਬਿਆਨ ਵਾਲਿਆਂ ਨੂੰ ਆਪਣੀ ਧਰਤੀ ’ਤੇ ਕਦਮ ਨਹੀਂ ਰੱਖਣ ਦਿਆਂਗੇ: ਚੌਟਾਲਾ …
ਮਾਨ ਨੇ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਇਹ ਵੀ ਪੁੱਛਿਆ ਕਿ ਉਹ ਪਿਛਲੇ ਦਸ ਸਾਲਾਂ ਤੱਕ ਐੱਸ.ਵਾਈ.ਐੱਲ. ਨਹਿਰ ਦੇ ਮੁੱਦੇ ਉੱਤੇ ਚੁੱਪ ਕਿਉਂ ਰਹੀ, ਜਦ ਕਿ ਇਸ ਸਮੇਂ ਦੌਰਾਨ ਪੰਜਾਬ ‘ਚ ਚੌਟਾਲਿਆਂ ਦੇ ਪਰਿਵਾਰਕ ਮਿੱਤਰ ਬਾਦਲਾਂ ਦਾ ਰਾਜ ਸੀ।
ਮਾਨ ਨੇ ਕਿਹਾ ਕਿ ਬਾਦਲ ਦਲ ਦਾ ਵਿਵਹਾਰ ਬਿਲਕੁਲ ਹਾਰੀ ਹੋਈ ਫ਼ੌਜ ਵਰਗਾ ਹੈ, ਜੋ ਹੁਣ ਮੈਦਾਨ-ਏ-ਜੰਗ ‘ਚੋਂ ਵਾਪਸ ਜਾਂਦੇ ਸਮੇਂ ਬਾਰੂਦੀ ਸੁਰੰਗਾਂ ਵਿਛਾ ਰਹੀ ਹੈ।
ਸਬੰਧਤ ਖ਼ਬਰ: ਬਾਦਲ ਪਰਿਵਾਰ ਦੇ ਦੋਸਤ ਅਭੈ ਚੌਟਾਲਾ ਦਾ ਐਲਾਨ; ਹਰ ਹਾਲ ‘ਚ 23 ਨੂੰ ਨਹਿਰ ਪੁੱਟਾਂਗੇ …
ਮਾਨ ਨੇ ਕਿਹਾ ਕਿ ਬਾਦਲ ਦਲ ਤੇ ਕਾਂਗਰਸ ਹੀ ਮੁੱਖ ਤੌਰ ਉੱਤੇ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਨੂੰ ਵੇਚਣ ਲਈ ਜ਼ਿੰਮੇਵਾਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ 1978 ਵਿੱਚ ਮੁੱਖ ਮੰਤਰੀ ਹੁੰਦੇ ਸਨ, ਜਦੋਂ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਨੂੰ ਐੱਸ.ਵਾਈ.ਐੱਲ. ਨਹਿਰ ਲਈ ਸਰਵੇਖਣ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਮਾਨ ਨੇ ਵਿਧਾਨ ਸਭਾ ਦੇ ਰਿਕਾਰਡਾਂ ਦਾ ਹਵਾਲਾ ਦਿੰਦੇ ਹੋਏ ਕਿਹਾ, ”ਉਦੋਂ ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ‘ਚ ਇਹ ਐਲਾਨ ਕੀਤਾ ਸੀ ਕਿ ਜੋ ਉਨ੍ਹਾਂ ਤੋਂ ਪਹਿਲਾਂ ਦੇ ਮੁੱਖ ਮੰਤਰੀ ਭਜਨ ਲਾਲ ਤੇ ਬੰਸੀ ਲਾਲ ਹਾਸਲ ਨਹੀਂ ਕਰ ਸਕੇ ਸਨ, ਹੁਣ ਉਹ (ਦੇਵੀ ਲਾਲ) ਆਪਣੇ ਪਿਆਰੇ ਦੋਸਤ ਪ੍ਰਕਾਸ਼ ਸਿੰਘ ਬਾਦਲ ਦੀ ਮਦਦ ਨਾਲ ਹਾਸਲ ਕਰ ਕੇ ਵਿਖਾਉਣਗੇ।”
ਸਬੰਧਤ ਖ਼ਬਰ: ਐਸ.ਵਾਈ.ਐਲ. ਨਹਿਰ ਪੁੱਟਣ ਦਾ ਬਾਦਲਾਂ ਦੇ ਦੋਸਤ ਚੌਟਾਲਾ ਦਾ ਐਲਾਨ ਮਹਿਜ ਸ਼ਰਾਰਤ ਅਤੇ ਸਟੰਟ : ਦਲ ਖਾਲਸਾ …
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਹਿਤਾਂ ਦਾ ਹਰਿਆਣਾ ਨਾਲ ਸਮਝੌਤਾ ਕਰਨ ਬਦਲੇ ਦੇਵੀ ਲਾਲ ਨੇ ਬਾਦਲ ਪਰਿਵਾਰ ਨੂੰ ਓਰਬਿਟ ਰਿਜ਼ੌਰਟਸ ਸਥਾਪਤ ਕਰਨ ਲਈ ਗੁੜਗਾਓਂ ‘ਚ ਪ੍ਰਮੁੱਖ ਸਥਾਨ ਉੱਤੇ 18 ਏਕੜ ਜ਼ਮੀਨ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਜਦੋਂ ਬਾਦਲ ਪਰਿਵਾਰ ਹਕੂਮਤ ‘ਚ ਸੀ, ਤਦ ਉਨ੍ਹਾਂ ਨੇ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਅਧਿਕਾਰ ਨੂੰ ਲੈ ਕੇ ਕਦੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਨਹੀਂ ਕੀਤੀ ਅਤੇ ਪੰਜਾਬ ਵਿਰੁੱਧ ਹਰਿਆਣਾ ਸਰਕਾਰ ਦੀ ਪਟੀਸ਼ਨ ਦਾ ਕਮਜ਼ੋਰ ਤਰੀਕੇ ਨਾਲ ਬਚਾਅ ਕਰਦੇ ਰਹੇ ਸਨ।
ਮਾਨ ਨੇ ਕਿਹਾ ਕਿ ਬਾਦਲ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਉੱਤੇ ਦੋਸ਼ ਲਾਉਂਦੇ ਰਹੇ ਹਨ ਕਿ ਉਹ ਪੰਜਾਬ ਨਾਲ ਮਤਰੇਆ ਵਿਵਹਾਰ ਕਰਦੀ ਰਹੀ ਹੈ ਤੇ ਉਸ ਨੇ ਦਰਿਆਈ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਨੂੰ ਇਨਸਾਫ਼ ਨਹੀਂ ਦਿੱਤਾ ਪਰ ਹੁਣ ਪਿਛਲੇ ਤਿੰਨ ਸਾਲਾਂ ਤੋਂ ਇਸ ਮਾਮਲੇ ਉੱਤੇ ਪੂਰੀ ਤਰ੍ਹਾਂ ਚੁੱਪ ਹਨ, ਜਦ ਕਿ ਹੁਣ ਕੇਂਦਰ ਵਿੱਚ ਉਨ੍ਹਾਂ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਦਾ ਰਾਜ ਹੈ।
ਸਬੰਧਤ ਖ਼ਬਰ: ਐਸ.ਵਾਈ.ਐਲ. ਮੁੱਦੇ ‘ਤੇ ਕਾਂਗਰਸ ਦੇ 41 ਵਿਧਾਇਕਾਂ ਦਾ ਅਸਤੀਫਾ ਸਿਰਫ਼ “ਡਰਾਮਾ”: ਆਪ …
ਮਾਨ ਨੇ ਕਿਹਾ ਕਿ 1982 ‘ਚ ਜਦੋਂ ਕਾਂਗਰਸ ਹਰਿਆਣਾ ਅਤੇ ਕੇਂਦਰ ਦੀ ਸੱਤਾ ਉੱਤੇ ਕਾਬਜ਼ ਹੋਈ ਸੀ, ਤਦ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਵਿਵਾਦਗ੍ਰਸਸਤ ਨਹਿਰ ਦਾ ਨੀਂਹ ਪੱਥਰ ਰੱਖਿਆ ਸੀ। ਕੈਪਟਨ ਅਮਰਿੰਦਰ ਸਿੰਘ ਉਦੋਂ ਪਟਿਆਲਾ ਤੋਂ ਐੱਮ.ਪੀ. ਸਨ ਤੇ ਉਹ ਤਦ ਕਪੂਰੀ ਵਿਖੇ ਹੋਏ ਸਮਾਰੋਹ ਵਿੱਚ ਨਾ ਕੇਵਲ ਸ਼ਾਮਲ ਹੋਏ ਸਨ, ਸਗੋਂ ਉਨ੍ਹਾਂ ਇਸ ਨਹਿਰ ਦੀ ਉਸਾਰੀ ਦੀ ਸ਼ੁਰੂਆਤ ਚਾਂਦੀ ਦੀ ਕਹੀ ਨਾਲ ਜ਼ਮੀਨ ਪੁੱਟ ਕੇ ਕੀਤੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਦੋਵਾਂ ਨੇ ਪੰਜਾਬ ਦੀ ਜਨਤਾ ਵਿਰੁੱਧ ਕੰਮ ਕੀਤੇ ਅਤੇ ਹੁਣ ਉਹ ਇਹ ਸਿੱਧ ਕਰਨ ਦਾ ਜਤਨ ਕਰ ਰਹੇ ਹਨ ਕਿ ਪੰਜਾਬ ਦੇ ਮੁਕਤੀਦਾਤਾ ਕੇਵਲ ਉਹੀ ਹਨ।
ਮਾਨ ਨੇ ਕਿਹਾ ਕਿ ਹਰਿਆਣਾ ‘ਚ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਾਦਲ ਦਲ ਨੇ ਇੰਡੀਅਨ ਨੈਸ਼ਨਲ ਲੋਕ ਦਲ ਦਾ ਸਮਰਥਨ ਕੀਤਾ ਸੀ ਅਤੇ ਚੌਟਾਲਾ ਤੇ ਬਾਦਲ ਪਰਿਵਾਰਾਂ ਵਿਚਾਲੇ ਦੋਸਤੀ ਕਿਸੇ ਤੋਂ ਲੁਕੀ-ਛਿਪੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਸਤਲੁਜ-ਯਮੁਨਾ ਸੰਪਰਕ ਨਹਿਰ ਦਾ ਮੁੱਦਾ ਚੁੱਕ ਕੇ ਇਹ ਪਾਰਟੀਆਂ ਪੰਜਾਬ ਤੇ ਹਰਿਆਣਾ ਦੀ ਜਨਤਾ ਨੂੰ ਮੂਰਖ ਬਣਾ ਰਹੀਆਂ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Bhagwant Mann Targets SAD (Badal) and INLD (Chautalas) over Controversial SYL Canal Issue …