ਸਿੱਖ ਖਬਰਾਂ

ਭਾਈ ਧਰਮ ਸਿੰਘ ਕਾਸ਼ਤੀਵਾਲ ਅਤੇ ਭਾਈ ਸਾਹਿਬ ਸਿੰਘ ਕਾਸ਼ਤੀਵਾਲ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ

By ਸਿੱਖ ਸਿਆਸਤ ਬਿਊਰੋ

November 28, 2016

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਲ ਅਤੇ ਭਾਈ ਸਾਹਿਬ ਸਿੰਘ ਕਾਸ਼ਤੀਵਾਲ ਦਾ ਸ਼ਹੀਦੀ ਦਿਹਾੜਾ ਅੱਜ ਮਨਾਇਆ ਗਿਆ। ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਸੁਸਾਇਟੀ ਦੇ ਖੁੱਲ੍ਹੇ ਵਿਹੜੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਨਾਏ ਗਏ ਸ਼ਹੀਦੀ ਸਮਾਗਮ ਮੌਕੇ ਬੁਲਾਰਿਆਂ ਨੇ ਅਹਿਦ ਦੁਹਰਾਇਆ ਕਿ ਉਹ ਸਿੱਖ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਸਿੰਘ-ਸਿੰਘਣੀਆਂ ਵਲੋਂ ਮਿੱਥੇ ਅਜ਼ਾਦ ਖਾਲਸਾ ਰਾਜ ਦੇ ਨਿਸ਼ਾਨੇ ਦੀ ਪੂਰਤੀ ਲਈ ਯਤਨਸ਼ੀਲ ਰਹਿਣਗੇ।

ਸ਼ਹੀਦੀ ਸਮਾਗਮ ਮੌਕੇ ਜੁੜ ਬੈਠੇ ਸ਼ਹੀਦ ਸਿੰਘਾਂ ਦੀਆਂ ਮਾਤਾਵਾਂ, ਭੈਣਾਂ, ਪਤਨੀਆਂ, ਬਜੁਰਗਾਂ, ਭਰਾਵਾਂ ਤੇ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਦਲ ਖਾਲਸਾ ਦੇ ਕੰਵਰਪਾਲ ਸਿੰਘ, ਕਰਨੈਲ ਸਿੰਘ ਪੀਰ ਮੁਹੰਮਦ, ਸ਼੍ਰੋਮਣੀ ਕਮੇਟੀ ਦੇ ਸਾਬਕਾ ਅੰਮ੍ਰਿਤ ਸੰਚਾਰ ਜਥੇ ਦੇ ਭਾਈ ਸਤਨਾਮ ਸਿੰਘ ਝੱਜੀਆਂ, ਰਣਜੀਤ ਸਿੰਘ ਸੰਘੇੜਾ ਅਤੇ ‘ਵੰਗਾਰ’ ਮਾਸਕ ਪੱਤ੍ਰਕਾ ਦੇ ਸੰਪਾਦਕ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ‘ਇਹ ਹਰਗਿਜ਼ ਨਾ ਸੋਚਿਆ ਜਾਏ ਕਿ ਸ਼ਹੀਦ ਹੋਣ ਵਾਲੇ ਇਨ੍ਹਾਂ ਪ੍ਰੀਵਾਰਾਂ ਦੇ ਹੀ ਪਰਿਵਾਰਕ ਜੀਅ ਹਨ। ਉਹ ਕੌਮੀ ਸਰਮਾਇਆ ਹਨ, ਸਮੁੱਚੀ ਕੌਮ ਉਨ੍ਹਾਂ ਦੀ ਕਰਜਾਈ ਹੈ। ਅਸੀਂ ਉਨ੍ਹਾਂ ਸ਼ਹੀਦਾਂ ਵਿੱਚੋਂ ਬਹੁਤਾਤ ਦੇ ਨਾਲ ਸੰਘਰਸ਼ ਦੇ ਅਹਿਮ ਪਲ ਬਿਤਾਏ ਹਨ। ਅਸੀਂ ਉਨ੍ਹਾਂ ਵਲੋਂ ਆਰੰਭੇ ਅਜ਼ਾਦ ਪੰਜਾਬ, ਅਜ਼ਾਦ ਪੰਥ ਦੇ ਮਿੱਥੇ ਨਿਸ਼ਾਨਿਆਂ ਦੀ ਪੂਰਤੀ ਤੀਕ ਸੰਘਰਸ਼ ਜਾਰੀ ਰਖਾਂਗੇ’।

ਯੂਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਵਿੱਚੋਂ ਜੁਲਮੀ ਰਾਜ ਨੂੰ ਖਤਮ ਕਰਨ ਦਾ ਸੱਦਾ ਦਿੱਤਾ। ਇਸਤੋਂ ਪਹਿਲਾਂ ਸਜੇ ਦੀਵਾਨ ਵਿੱਚ ਰਾਗੀ ਸਿੰਘਾਂ ਨੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਬੀਬੀ ਅਮਨਦੀਪ ਕੌਰ ਖਾਲਸਾ ਇੰਟਰਨੈਸ਼ਨਲ ਗੋਲਡ ਮੈਡਲਿਸਟ ਦੇ ਢਾਡੀ ਜਥੇ ਨੇ ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਸੰਘਰਸ਼ੀ ਜੀਵਨ ਦੀ ਗਾਥਾ ਦੇ ਕੁਝ ਅੰਸ਼ ਸੰਗਤਾਂ ਨੂੰ ਗਾ ਕੇ ਸੁਣਾਏ। ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਵਲੋਂ ਬੀਬੀ ਅਮਨਦੀਪ ਕੌਰ ਖਾਲਸਾ ਵਲੋਂ ਗਾਇਨ ਕੀਤੀ ਇਸ ਜੀਵਨ ਗਾਥਾ ਸੀਡੀ ਦਾ ਪੋਸਟਰ ਜਾਰੀ ਕੀਤਾ ਗਿਆ।

ਇਸ ਮੌਕੇ ਸਰਬਜੀਤ ਸਿੰਘ ਘੁਮਾਣ, ਰਣਬੀਰ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪਰਮਜੀਤ ਸਿੰਘ, ਨੋਬਲਜੀਤ ਸਿੰਘ, ਗੁਰਦੀਪ ਸਿੰਘ ਕਾਹਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦੇ ਪਪਲਪ੍ਰੀਤ ਸਿੰਘ, ਨਵਦੀਪ ਸਿੰਘ, ਗੁਰਸ਼ਰਨ ਸਿੰਘ ਸੋਹਲ, ਜਗਜੀਤ ਸਿੰਘ ਦੋਦੇ, ਪ੍ਰਤਾਪ ਸਿੰਘ ਫੌਜੀ, ਗੁਰਬਚਨ ਸਿੰਘ ਪੁਆਰ, ਧਰਮਿੰਦਰ ਸਿੰਘ, ਰਜੀਵ ਸਿੰਘ, ਬਲਵਿੰਦਰ ਸਿੰਘ ਕਾਲਾ, ਮਹਾਂਬੀਰ ਸਿੰਘ ਸੁਲਤਾਨ ਪਿੰਡ, ਮੁਖਤਾਰ ਸਿੰਘ ਖਾਲਸਾ ਹਾਜ਼ਰ ਸਨ। ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਬੀਬੀ ਸੰਦੀਪ ਕੌਰ ਨੇ ਪੁਜੇ ਹੋਏ ਪੰਥਕ ਆਗੂਆਂ ਤੇ ਸ਼ਹੀਦ ਪਰਿਵਾਰਾਂ ਦਾ ਧੰਨਵਾਦ ਕੀਤਾ। ਟਰੱਸਟ ਵਲੋਂ ਸ਼ਹੀਦ ਪਰਿਵਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਆ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: