ਅੰਬਾਲਾ ( 6 ਜਨਵਰੀ 2015): ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਆਰੰਭੀ ਭੁੱਖ ਹੜਤਾਲ ਨੂੰ 54 ਦਿਨ ਹੋ ਗਏ ਹਨ ਅਤੇ ਭਾਈ ਖਾਲਸਾ ਦੀ ਸਿਹਤ ਦੀ ਹਾਲਾਤ ਅਤਿ ਨਾਜ਼ੁਕ ਬਣੇ ਹੋਏ ਹਨ ਅਤੇ ਉਨ੍ਹਾਂ ਨੇ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਦੀ ਆਪਣੀ ਆਖਰੀ ਇੱਛਾ ਸੰਗਤਾਂ ਸਾਹਮਣੇ ਰੱਖੀ ਸੀ ਜਿਸਨੂੰ ਸੰਗਤ ਵੱਲੋਂ ਆਗਿਆ ਦੇ ਦਿੱਤੀ ਗਈ ਹੈ।
ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰਾਂ ਸਮਰਪਿਤ ਹਨ ਇਸ ਲਈ ਇਹ ਉਹਨਾਂ ਦੀ ਅੰਤਿਮ ਇੱਛਾ ਹੈ ਕਿ ਉਹ ਇੱਕ ਵਾਰ ਜਰੂਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ।ਉਹ ਮਿਤੀ 8 ਜਨਵਰੀ ਨੂੰ ਸਵੇਰੇ 9 ਵਜੇ ਉਹ ਇੱਕ ਕਾਫਲੇ ਦੇ ਰੂਪ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਣਗੇ। ਭਾਈ ਖਾਲਸਾ ਮਿਤੀ 8 ਜਨਵਰੀ ਦਿਨ ਵੀਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੇ ਹਨ।
ਇਹ ਕਾਫਲਾ ਅੰਬਾਲਾ ਸ਼ਹਿਰ ਤੋਂ ਹੁੰਦਾ ਹੋਇਆ ਰਾਜਪੁਰਾ,ਸਰਹਿੰਦ,ਗੋਬਿੰਦਗੜ,ਖੰਨਾ,ਦੋਰਾਹਾ,ਸਾਹਨੇਵਾਲ,ਲ਼ੁਧਿਆਣਾ,ਫਿਲੌਰ,ਗੁਰਾਇਆਂ,ਗਵਾੜਾ,ਜਲੰਧਰ ਸ਼ਹਿਰ,ਬਿਧੀਪੁਰ ਫਾਟਕ,ਕਰਤਾਰਪੁਰ,ਬਿਆਸ,ਜੰਡਿਆਲਾ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇਗਾ।ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਸਾਰੀ ਨਾਨਕ ਨਾਮ ਲੇਵਾ ਸੰਗਤ,ਸਾਰੀਆਂ ਸਿੱਖ ਜੱਥੇਬੰਦੀਆਂ,ਸਿੱਖ ਆਗੂਆਂ,ਸੰਤਾਂ ਮਹਾਂਪੁਰਸ਼ਾਂ,ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸੰਘਰਸ਼ ਵਿੱਚ ਉਹਨਾਂ ਨੂੰ ਸਮਰਥਨ ਕਰ ਚੁੱਕੀਆਂ ਰਾਜਨੀਤਕ ਪਾਰਟੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਕਾਫਲੇ ਦਾ ਹਿੱਸਾ ਬਣਨ।