ਸਿੱਖ ਖਬਰਾਂ

ਭਾਈ ਹਵਾਰਾ ਵੱਲੋਂ ਵਿਸ਼ਵ ਭਰ ਦੀਆਂ ਸਿੱਖ ਜਥੇਬੰਦੀਆਂ ਨੂੰ ਸਾਂਝੀ “ਐਗਜ਼ੈਕਟਿਵ ਕਮੇਟੀ” ਬਣਾਉਣ ਦੀ ਅਪੀਲ

By ਸਿੱਖ ਸਿਆਸਤ ਬਿਊਰੋ

March 11, 2016

ਚੰਡੀਗੜ੍ਹ: ਸਰਬੱਤ ਖਾਲਸਾ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਇਸ ਵਕਤ ਦਿੱਲੀ ਵਿਚਲੀ ਤਿਹਾੜ ਜ਼ੇਲ੍ਹ ਵਿਚ ਨਜ਼ਰਬੰਦ ਹਨ, ਉਨ੍ਹਾਂ ਵਲੋਂ ਦੇਸ਼ਾਂ ਵਿਦੇਸ਼ਾਂ ਵਿਚ ਵਸਦੀ ਸਮੁੱਚੀ ਸਿੱਖ ਸੰਗਤ, ਪੰਥ ਦਰਦੀਆਂ ਅਤੇ ਜਥੇਬੰਦੀਆਂ ਨੂੰ ਉਨ੍ਹਾਂ ਦੇ ਸਹਿਯੋਗ ਲਈ ਇਕ ਕਾਰਜ਼ਕਾਰੀ ਕਮੇਟੀ ਬਣਾਏ ਜਾਣ ਦੀ ਬਨਤੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਥਕ ਐਡਵੋਕੇਟ ਅਮਰ ਸਿੰਘ ਚਹਿਲ ਨੇ ਪ੍ਰੈਸ ਨੂੰ ਦਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਸਮੁੱਚੇ ਸਿੱਖ ਜਗਤ ਨੂੰ ਸਮੇਂ ਦੀ ਨਜ਼ਾਕਤ ਵੇਖਦਿਆਂ ਹਮੇਸ਼ਾਂ ਬੇਨਤੀ ਕੀਤੀ ਗਈ ਹੈ ਕਿ ਪੰਥਕ ਜਥੇਬੰਦੀਆਂ ਜਲਦੀ ਇਕਜੁੱਟ ਹੋਕੇ ਸਿੱਖ ਪੰਥ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਤਾਂ ਜੋ ਪੰਥ ਦੀ ਚੜ੍ਹਦੀਕਲਾ ਹੋ ਸਕੇ। ਐਡਵੋਕੇਟ ਚਹਿਲ ਨੇ ਦਸਿਆ ਕਿ ਜਥੇਦਾਰ ਹਵਾਰਾ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਕਾਇਮ ਰਖੱਣ ਅਤੇ ਸਿਧਾਂਤਾਂ ਤੇ ਪਹਿਰਾ ਦੇਣ ਲਈ ਉਨ੍ਹਾਂ ਦੇ ਸਹਿਯੋਗ ਲਈ ਯੋਗ ਪੰਥਕ ਆਗੂਆਂ ਦੀ ਇਕ ਕਾਰਜ਼ਕਾਰਨੀ ਕਮੇਟੀ ਬਣਾਏ ਜਾਣ ਦੀ ਅਪੀਲ ਕੀਤੀ ਗਈ ਹੈ ਜਿਸ ਲਈ ਆਖਰੀ ਤਰੀਕ 13 ਮਾਰਚ 2016 ਤਹਿ ਕੀਤੀ ਜਾ ਚੁੱਕੀ ਹੈ ।

ਐਡਵੋਕੇਟ ਚਹਿਲ ਨੇ ਦਸਿਆ ਕਿ ਕਨੇਡਾ, ਅਮਰੀਕਾ ਅਤੇ ਇੰਗਲੈਂਡ ਵਿਚ ਵਸਦੇ ਪੰਥਕ ਚਿੰਤਕ ਵੀਰਾਂ ਵਲੋਂ ਕਾਰਜ਼ਕਾਰੀ ਕਮੇਟੀ ਵਿਚ ਸ਼ਮੂਲੀਅਤ ਕਰਨ ਵਾਸਤੇ ਕਾਫ਼ੀ ਨਾਂਅ ਆ ਚੁਕੇ ਹਨ ਪਰ ਪੰਜਾਬ ਸਮੇਤ ਭਾਰਤ ਵਿਚਲੀਆਂ ਪੰਥਕ ਜਥੇਬੰਦੀਆਂ , ਪੰਥਕ ਆਗੂਆਂ ਅਤੇ ਸਿੱਖ ਸੰਗਤ ਵਲੋਂ ਨਾਂਅ ਦੇਣ ਵਿਚ ਕਾਫੀ ਢਿੱਲ ਵਰਤੀ ਜਾ ਰਹੀ ਹੈ ।

ਉਨ੍ਹਾਂ ਸਮੁੱਚੀ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਣ ਅਤੇ ਉਸਦੇ ਕਾਰਜ਼ ਨੂੰ ਸਹੀ ਢੰਗ ਨਾਲ ਚਲਾਉਣ ਲਈ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸਾਥ ਦੇਣ ਲਈ 13 ਮਾਰਚ 2016 ਤਕ ਉਨ੍ਹਾਂ(ਐਡਵੋਕੇਟ ਅਮਰ ਸਿੰਘ ਚਹਿਲ) ਨੂੰ ਕੋਠੀ ਨੰ: 115 ਸੈਕਟਰ 8ਏ, ਚੰਡੀਗੜ੍ਹ ਵਿਖੇ ਅਤੇ ਗੁਰਦੁਆਰਾ ਸਾਹਿਬ ਸ਼ਾਹਪੁਰ, ਸੈਕਟਰ 38 ਬੀ, ਚੰਡੀਗੜ੍ਹ ਵਿਖੇ ਵੀ ਭੇਜ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀਰ ਉਕਤ ਪਤਿਆਂ ’ਤੇ ਚੰਡੀਗੜ੍ਹ ਨਹੀਂ ਪਹੁੰਚ ਸਕਦੇ ਉਹ ਉਨ੍ਹਾਂ ਦੇ ਮੋਬਾਇਲ ਨੰ: 98147-08558 ’ਤੇ ਵੀ ਆਪਣਾ ਜਾਂ ਕਿਸੇ ਸੂਝਵਾਨ ਪੰਥਕ ਆਗੂ ਦਾ ਨਾਂਅ ਲਿਖਵਾ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: