ਸਿੱਖ ਖਬਰਾਂ

17 ਵਰਿਆਂ ਦੀ ਜੇਲ ਕੱਟ ਕੇ ਹਾਲੇ ਵੀ ਉਹ ਸੀਖਾਂ ਅੰਦਰ ਬੰਦ ਹਨ, ਕਿਉਂਕਿ ਉਹ ਸਿੱਖ ਹਨ…

February 15, 2010 | By

(ਨਾਭੇ ਦੀ ਮੈਕਸੀਮਮ ਸਕਿਊਰਿਟੀ ਜੇਲ ਅੰਦਰ ਭਾਈ ਲਾਲ ਸਿੰਘ ਅਕਾਲਗੜ ਉਰਫ ਮਨਜੀਤ ਸਿੰਘ 1992 ਤੋਂ ਉਸ ਦਿਨ ਦੀ ਉਡੀਕ ਕਰ ਰਿਹਾ ਹੈ ਜਦੋਂ ਉਹ ਆਪਣੇ ਪਰਿਵਾਰ ਵਿਚ ਆਜ਼ਾਦੀ ਨਾਲ ਵਿਚਰੇਗਾ। ਭਾਰਤੀ ਅਦਾਲਤੀ ਪ੍ਰਣਾਲੀ ਨੂੰ ਉਸਦਾ ‘ਸਿੱਖ’ ਹੋਣਾ ਐਨਾ ਵੱਡਾ ਅਪਰਾਧ ਲੱਗਾ ਕਿ ਉਮਰਕੈਦ ਤੋਂ ਵੱਧ ਸਜ਼ਾ ਕੱਟਣ ਮਗਰੋਂ ਵੀ ਉਸਨੂੰ ਛੱਡਿਆ ਨਹੀਂ ਜਾ ਰਿਹਾ। ਕੀ ਤੁਸੀਂ ਜਾਣਦੇ ਹੋ ਕਿ ਉਹ ਇਕੱਲਾ ਹੀ ਸ਼ਖਸ ਹੈ ਜਿਹੜਾ ਅਸਲਾ ਕਾਨੂੰਨ ਅਧੀਨ ਉਮਰਕੈਦ ਭੁਗਤ ਰਿਹਾ ਹੈ। ਹਿੰਦੁਸਤਾਨੀ ਹਕੂਮਤ ਨੇ ਪੁਰੂਲੀਆ ਕਾਂਡ ਵਾਲੇ ਵਿਦੇਸ਼ੀ ਬੰਦਿਆਂ ਨੂੰ ਸਾਫ ਬਰੀ ਕਰ ਦਿੱਤਾ ਜਿਨਾਂ ਤੋਂ ਏ.ਕੇ.47 ਦਾ ਜ਼ਖੀਰਾ ਫੜਿਆ ਗਿਆ ਸੀ। ਪਰ ਲਾਲ ਸਿੰਘ 17 ਵਰਿਆਂ ਤੋਂ ਰਿਹਾਈ ਦਾ ਪਰਵਾਨਾ ਉਡੀਕ ਰਿਹਾ ਹੈ।)

ਕਿਸੇ ਬੰਦੇ ਨੂੰ ਜਦੋਂ ਕਾਨੂੰਨ ਅਨੁਸਾਰ ਕੀਤੀ ਸਜ਼ਾ ਤੋਂ ਵੀ ਵੱਧ ਸਮਾਂ ਜੇਲ ਦੀਆਂ ਸਲਾਖਾਂ ਪਿਛੇ ਬਿਤਾਉਣਾ ਪਵੇ, ਤਾਂ ਉਹਦਾ ਦਿਲ ਪੁੱਛਿਆ ਹੀ ਜਾਣਦਾ ਹੈ। ਜਦੋਂ ਬੰਦਾ ਦੇਖਦਾ ਹੈ, ਜਿਨਾਂ ਨੂੰ ਉਹਦੇ ਨਾਲ ਹੀ ਉਮਰਕੈਦਾਂ ਹੋਈਆਂ ਸਨ, ਉਹ ਤਾਂ ਕਦੋਂ ਦੇ ਘਰੀਂ ਚਲੇ ਗਏ, ਪਰ ਉਹਦੀ ਰਿਹਾਈ ਦਾ ਕੋਈ ਆਸਾਰ ਹੀ ਨਹੀਂ ਦੀਂਹਦਾ ਤਾਂ ਬੰਦੇ ਦੇ ਮਾਨਸਿਕ ਸੰਤਾਪ ਦੀ ਇੰਤਹਾ ਹੋ ਜਾਂਦੀ ਹੈ। ਜੇਲ ਦੀਆਂ ਉਚੀਆਂ ਲੰਬੀਆਂ ਕੰਧਾਂ, ਬੈਰਕਾਂ, ਚੱਕੀਆਂ ਦੇ ਗਧੀਗੇੜ ਵਿਚ ਉਲਝਿਆ ਬੰਦਾ ਕਿਥੇ ਦਾਦ ਫਰਿਆਦ ਕਰੇ? ਤੇ ਜੇ ਕਿਤੇ ਇਹੋ ਜਿਹਾ ਬੰਦਾ ‘ਸਿੱਖ’ ਹੋਵੇ ਤਾਂ ਭਾਰਤੀ ਹਕੂਮਤ ਦਾ ਹਰ ਪੁਰਜ਼ਾ ਕੰਨੋਂ ਬੋਲਾ ਤੇ ਅੱਖੋਂ ਅੰਨਾ ਹੋ ਜਾਂਦਾ ਹੈ। ਫਿਰ ਤਾਂ ਬੰਦਾ ਰੱਬ ਅੱਗੇ ਅਰਦਾਸਾਂ ਤੇ ਆਪਣੀ ਕੌਮ ਅੱਗੇ ਦੁੱਖੜੇ ਫੋਲਣ ਜੋਗਾ ਰਹਿ ਜਾਂਦਾ ਹੈ।

ਨਾਭੇ ਦੀ ਮੈਕਸੀਮਮ ਸਕਿਊਰਿਟੀ ਜੇਲ ਅੰਦਰ ਭਾਈ ਲਾਲ ਸਿੰਘ ਅਕਾਲਗੜ ਉਰਫ ਮਨਜੀਤ ਸਿੰਘ 1992 ਤੋਂ ਉਸ ਦਿਨ ਦੀ ਉਡੀਕ ਕਰ ਰਿਹਾ ਹੈ ਜਦੋਂ ਉਹ ਆਪਣੇ ਪਰਿਵਾਰ ਵਿਚ ਆਜ਼ਾਦੀ ਨਾਲ ਵਿਚਰੇਗਾ। ਭਾਰਤੀ ਅਦਾਲਤੀ ਪ੍ਰਣਾਲੀ ਨੂੰ ਉਸਦਾ ‘ਸਿੱਖ’ ਹੋਣਾ ਐਨਾ ਵੱਡਾ ਅਪਰਾਧ ਲੱਗਾ ਕਿ ਉਮਰਕੈਦ ਤੋਂ ਵੱਧ ਸਜ਼ਾ ਕੱਟਣ ਮਗਰੋਂ ਵੀ ਉਸਨੂੰ ਛੱਡਿਆ ਨਹੀਂ ਜਾ ਰਿਹਾ। ਕੀ ਤੁਸੀਂ ਜਾਣਦੇ ਹੋ ਕਿ ਉਹ ਇਕੱਲਾ ਹੀ ਸ਼ਖਸ ਹੈ ਜਿਹੜਾ ਅਸਲਾ ਕਾਨੂੰਨ ਅਧੀਨ ਉਮਰਕੈਦ ਭੁਗਤ ਰਿਹਾ ਹੈ। ਹਿੰਦੁਸਤਾਨੀ ਹਕੂਮਤ ਨੇ ਪੁਰੂਲੀਆ ਕਾਂਡ ਵਾਲੇ ਵਿਦੇਸ਼ੀ ਬੰਦਿਆਂ ਨੂੰ ਸਾਫ ਬਰੀ ਕਰ ਦਿੱਤਾ ਜਿਨਾਂ ਤੋਂ ਏ.ਕੇ.47 ਦਾ ਜ਼ਖੀਰਾ ਫੜਿਆ ਗਿਆ ਸੀ। ਪਰ ਲਾਲ ਸਿੰਘ 17 ਵਰਿਆਂ ਤੋਂ ਰਿਹਾਈ ਦਾ ਪਰਵਾਨਾ ਉਡੀਕ ਰਿਹਾ ਹੈ।

ਨਾਭੇ ਜੇਲ ਦੇ ਹਸਪਤਾਲ ਵਿਚ ਮੁਸ਼ੱਕਤ ਕਰਦੇ ਮੇਜਰ ਸਿੰਘ ਦੀ ਤਰਾਸਦੀ ਇਹ ਹੈ ਕਿ ਉਹ ਬਿਨਾਂ ਕਸੂਰੋਂ ਹੀ ਉਮਰਕੈਦ ਕੱਟ ਰਿਹਾ ਹੈ। ਜਿਨਾਂ ਦਾ ਬੰਦਾ ਮਰਿਆ, ਉਹ ਵੀ ਮੇਜਰ ਸਿੰਘ ਨਾਲ ਹੋਏ ਧੱਕੇ ਤੋਂ ਹੈਰਾਨ ਪ੍ਰੇਸ਼ਾਨ ਹਨ। ਉਨਾਂ ਨੇ ਅਦਾਲਤ ਵਿਚ ਵੀ ਹਲਫੀਆ ਬਿਆਨ ਦਿੱਤਾ ਸੀ ਕਿ ਸਾਡਾ ਬੰਦਾ ਮੇਜਰ ਸਿੰਘ ਨੇ ਨਹੀਂ ਮਾਰਿਆ। ਉਨਾਂ ਦੀ ਮੇਜਰ ਨਾਲ ਪੂਰੀ ਹਮਦਰਦੀ ਹੈ ਤੇ ਉਹ ਮਿਲਵਰਤਣ ਵੀ ਰੱਖਦੇ ਹਨ ਪਰ ਜਦ ਮੇਜਰ ਸਿੰਘ ਨੇ ਆਪਣੀ ਰਿਹਾਈ ਲਈ ਅਪੀਲ ਕੀਤੀ ਤਾਂ ਪੁਲਿਸ ਨੇ ਨਵਾਂ ਹੀ ਸ਼ਗੂਫਾ ਛੱਡ ਦਿੱਤਾ, ਅਖੇ, ਮੇਜਰ ਸਿੰਘ ਨੂੰ ਜੇਲ ਤੋਂ ਬਾਹਰ ਉਨਾਂ ਤੋਂ ਖਤਰਾ ਹੈ, ਜਿਨਾਂ ਦਾ ਬੰਦਾ ਮਰਿਆ ਸੀ। ਦੱਸੋ, ਹੁਣ ਮੇਜਰ ਸਿੰਘ ਆਪਣੀ ਸਜ਼ਾ ਪੂਰੀ ਹੋਣ ਮਗਰੋਂ ਵੀ ਸਦਾ ਲਈ ਜੇਲ ਅੰਦਰ ਹੀ ਰਵੇ? ਨਾਲੇ ਜਿੰਨਾਂ ਦਾ ਬੰਦਾ ਮਰਿਆ ਉਨਾਂ ਨੇ ਤਾਂ ਹਲਫੀਆ ਬਿਆਨ ਦੇ ਦਿੱਤਾ ਹੈ ਕਿ ਸਾਡਾ ਮੇਜਰ ਸਿੰਘ ਨਾਲ ਕੋਈ ਮਸਲਾ ਨਹੀਂ, ਉਹ ਤਾਂ ਪਹਿਲੋਂ ਹੀ ਨਜਾਇਜ਼ ਸਜ਼ਾ ਕੱਟ ਰਿਹਾ ਹੈ। ਪਰ 1990 ਤੋਂ ਹੁਣ ਤਕ 19 ਵਰੇ ਹੋ ਗਏ ਨੇ ਮੇਜਰ ਸਿੰਘ ਸਲਾਖਾਂ ਪਿਛੇ ਹੀ ਬੰਦ ਹੈ ਤੇ ਪਤਾ ਨਹੀਂ ਕਦੇ ਉਸਦੀ ਰਿਹਾਈ ਹੋਣੀ ਵੀ ਹੈ ਕਿ ਨਹੀਂ?

ਇਹੋ ਜਿਹਾ ਹੀ ਮਾਮਲਾ ਜ਼ੀਰੇ ਕੋਲ ਦੇ ਚੂਚਕਵਿੰਡ ਦੇ ਦਰਬਾਰਾ ਸਿੰਘ ਦਾ ਹੈ। ਉਸਦੀ ਫਾਂਸੀ ਦੀ ਸਜ਼ਾ ਉਮਰਕੈਦ ਵਿਚ ਤਾਂ ਤਬਦੀਲ ਹੋ ਗਈ ਪਰ ਚੰਗੇ ਰਿਕਾਰਡ ਦੇ ਬਾਵਜੂਦ ਉਸਨੂੰ ਕੋਈ ਮਾਫੀ ਨਹੀਂ ਦਿੱਤੀ ਜਾ ਰਹੀ। ਹੋਰ ਉਮਰਕੈਦੀ ਜਿਨਾਂ ਨੂੰ ਉਸਦੇ ਨਾਲ ਹੀ ਸਜ਼ਾ ਹੋਈ ਸੀ, ਉਹ ਕਦੋਂ ਦੇ ਚਲੇ ਗਏ ਪਰ ਦਰਬਾਰਾ ਸਿੰਘ ‘ਸਿੱਖ’ ਹੈ। 19 ਵਰੇ ਜੇਲ ਦੀਆਂ ਸਲਾਖਾਂ ਪਿਛੇ ਕੱਟਣ ਵਾਲੇ ਇਸ ਗੁਰਸਿੱਖ ਦਾ ਪਰਿਵਾਰ ਅਦਾਲਤਾਂ ਦੇ ਗੇੜੇ ਮਾਰ ਮਾਰ ਹੰਭ ਗਿਆ ਪਰ ਕੁਝ ਨਹੀਂ ਬਣਿਆ। 1984 ਤੋਂ ਚੱਲਦੇ ਕੇਸ ਦੌਰਾਨ ਉਹ ਪੰਜ ਸਾਲ ਜ਼ਮਾਨਤ ਉਤੇ ਰਿਹਾ, ਹੁਣ ਉਹ ਜੇਲ ਤੋਂ ਨਿਯਮਾਂ ਅਨੁਸਾਰ ਛੁੱਟੀ ਵੀ ਆਪਣੇ ਪਿੰਡ ਜਾਂਦਾ ਹੈ। ਸਪੱਸ਼ਟ ਹੈ ਕਿ ਉਸਦਾ ਰਿਕਾਰਡ ਚੰਗਾ ਹੋਣ ਕਰਕੇ ਹੀ ਉਸਨੂੰ ਜ਼ਮਾਨਤ ਮਿਲੀ ਸੀ ਤੇ ਹੁਣ ਤਾਂਹੀ ਉਹਨੂੰ ਛੁੱਟੀ ਮਿਲਦੀ ਹੈ। ਪਰ ਉਸਨੂੰ ਕੋਈ ਮਾਫੀ ਨਹੀਂ ਦਿੱਤੀ ਜਾ ਰਹੀ। ਰਾਜਸਥਾਨ ਸਰਕਾਰ ਨੇ ਉਸਨੂੰ ਬੰਦੀ ਬਣਾਈ ਰੱਖਣ ਲਈ 2006 ਵਿਚ ਸਪੈਸ਼ਲ ਕਾਨੂੰਨ ਬਣਾਇਆ ਕਿ ਜਿਸ ਬੰਦੀ ਕੋਲ ਚਾਰ ਸਾਲ ਦੀ ਮਾਫੀ ਨਹੀਂ ਉਸਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਗੰਭੀਰ ਅਪਰਾਧਾਂ ਤੇ ਦਾਗੀ ਰਿਕਾਰਡ ਵਾਲੇ ਉਮਰਕੈਦੀ ਤਾਂ ਰਿਹਾਅ ਹੋ ਰਹੇ ਨੇ ਪਰ ਦਰਬਾਰਾ ਸਿੰਘ ਸਾਫ ਸੁਥਰੇ ਰਿਕਾਰਡ ਦੇ ਬਾਵਜੂਦ ਅੰਦਰ ਹੈ, ਕਿਉਂਕਿ ਉਹ ‘ਸਿੱਖ’ ਜੋ ਹੈ।

ਪੰਜਾਬ ਵਿਚ 12-12 ਸਾਲ ਮਗਰੋਂ ਵੀ ਉਮਰਕੈਦੀ ਰਿਹਾਅ ਕੀਤੇ ਜਾਂਦੇ ਨੇ। ਰਾਜਸਥਾਨ ਵਿਚ ਵੱਖ ਵੱਖ ਮੌਕਿਆਂ ਉਤੇ 13-14 ਸਾਲ ਕੱਟ ਚੁੱਕੇ ਉਮਰਕੈਦੀ ਰਿਹਾਅ ਹੁੰਦੇ ਰਹਿੰਦੇ ਨੇ। ਅੰਗਰੇਜ਼ਾਂ ਵੇਲੇ ਵੀ ਉਮਰਕੈਦ 14 ਸਾਲ ਦੀ ਕਟਾਈ ਜਾਂਦੀ ਸੀ ਪਰ ਇਨਾਂ ਗੱਲਾਂ ਦਾ ਦਰਬਾਰਾ ਸਿੰਘ ਦੇ ਮਾਮਲੇ ਵਿਚ ਕੋਈ ਮਤਲਬ ਨਹੀਂ। ਕਮਾਲ ਤਾਂ ਇਹ ਹੈ ਕਿ ਸੁਪਰੀਮ ਕੋਰਟ ਨੇ ਹਰ ਉਮਰਕੈਦੀ ਨੂੰ 14 ਸਾਲ ਬਾਅਦ ਰਿਹਾ ਕਰਨ ਦਾ ਜੋ ਫੈਸਲਾ ਕੀਤਾ ਹੈ, ਉਸਦੇ ਆਧਾਰ ’ਤੇ ਦਰਬਾਰਾ ਸਿੰਘ ਨੇ ਰਾਸ਼ਟਰਪਤੀ ਤੋਂ ਰਿਹਾਈ ਮੰਗੀ ਤਾਂ ਜਵਾਬ ਮਿਲਿਆ ਕਿ ਧਾਰਾ 72 ਅਨੁਸਾਰ ਤੁਹਾਡੀ ਰਿਹਾਈ ਦਾ ਫੈਸਲਾ ਰਾਜਸਥਾਨ ਸਰਕਾਰ ਨੇ ਕਰਨਾ ਹੈ। ਨਾਲੇ ਕਹਿੰਦੇ ਨੇ ਕਿ ਸਾਰਾ ਭਾਰਤ ਇਕ ਹੈ, ਕਾਨੂੰਨ ਸਾਰਿਆਂ ਲਈ ਇਕ ਹੈ ਪਰ ਸੁਪਰੀਮ ਕੋਰਟ ਦਾ ਫੈਸਲਾ ਦਰਬਾਰਾ ਸਿੰਘ ਦੀ ਰਿਹਾਈ ਨਹੀਂ ਕਰਵਾ ਸਕਦਾ! ਜੇ ਦਰਬਾਰਾ ਸਿੰਘ ਦੀ ਰਿਹਾਈ ਰਾਜਸਥਾਨ ਸਰਕਾਰ ਦੇ ਹੱਥ ਵਿਚ ਹੈ ਤਾਂ ਭਾਈ ਲਾਲ ਸਿੰਘ ਦੀ ਰਿਹਾਈ ਗੁਜਰਾਤ ਸਰਕਾਰ ਦੇ ਹੱਥ ਵਸ ਹੈ। ਮੇਜਰ ਸਿੰਘ ਦਾ ਕੇਸ ਉਤਰ ਪ੍ਰਦੇਸ਼ ਦਾ ਹੈ। ਦੱਸੋ, ਇਨਾਂ ਦੇ ਪਰਿਵਾਰ ਉਥੋਂ ਦੀਆਂ ਸਰਕਾਰਾਂ ਤਕ ਕਿਵੇਂ ਪਹੁੰਚਣ?

ਕੈਦੀਆਂ ਦੀ ਰਿਹਾਈ ਲਈ ਪੁਲਿਸ ਰਿਪੋਰਟ ਮੰਗੀ ਜਾਂਦੀ ਹੈ। ਭਲਾ ਪੁਲਿਸ ਕਿਸੇ ਦੀ ਰਿਹਾਈ ਲਈ ਸਹੀ ਰਿਪੋਰਟ ਕਿਉਂ ਦੇਵੇਗੀ? ਪੁਲਿਸ ਤਾਂ ਕਿਸੇ ਦੀ ਵੀ ਰਿਹਾਈ ਲਈ ਹਾਮੀ ਨਹੀਂ ਭਰਦੀ। ਨਾਲੇ ਜਿਹੜੇ ਬੰਦੇ ਹਰ ਸਾਲ ਦੋ ਦੋ ਵੇਰ ਛੁੱਟੀਆਂ ਕੱਟਣ ਆਪਣੇ ਪਿੰਡ ਜਾਂਦੇ ਹਨ ਉਨਾਂ ਲਈ ਹੁਣ ਹੋਰ ਪੁਲਿਸ ਰਿਪੋਰਟ ਦਾ ਕੀ ਮਤਲਬ? ਪਰ ਕੌਣ ਪੁੱਛਦਾ ਹੈ ਤੇ ਸਜ਼ਾ ਉਹ ਭੁਗਤਦੇ ਨੇ ਜਿਨਾਂ ਕੋਲ ਸਾਧਨ ਨਹੀਂ। ਆਪਣੀ ਸਜ਼ਾ ਤੋਂ ਵੀ ਵੱਧ ਸਮਾਂ ਜੇਲ ਵਿਚ ਕੱਟਣ ਵਾਲੇ ਇਨਾਂ ਗੁਰਸਿੱਖਾਂ ਨੂੰ ਸਮਝ ਨਹੀਂ ਪੈਂਦੀ ਕਿ ਜਦ ਉਹ ਛੁੱਟੀਆਂ ਕੱਟਣ ਆਪਣੇ ਪਿੰਡ ਜਾਂਦੇ ਨੇ, ਉਦੋਂ ਤਾਂ ਕੋਈ ਗੜਬੜ ਨਹੀਂ ਹੁੰਦੀ ਫੇਰ ਹੁਣ ਜੇ ਉਹ ਸਜ਼ਾ ਪੂਰੀ ਹੋਣ ਕਰਕੇ ਪੱਕੇ ਤੌਰ ’ਤੇ ਪਿੰਡ ਚਲੇ ਜਾਣਗੇ ਤਾਂ ਕੀ ਹੋ ਜਾਏਗਾ? ਜੇ ਸੁਪਰੀਮ ਕੋਰਟ ਦੇ ਹੁਕਮ ਵੀ ਉਨਾਂ ਦੀ ਰਿਹਾਈ ਨਹੀਂ ਕਰਵਾ ਸਕਦੇ ਤਾਂ ਉਹ ਹੋਰ ਕੀ ਕਰਨ? ਕੀ ਸਿੱਖਾਂ ਦੇ ਮਨੁੱਖੀ ਅਧਿਕਾਰ ਨਹੀਂ ਹੁੰਦੇ? ਇਹ ਇਕ ਤੱਥ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਧਰਮ ਯੁੱਧ ਮੋਰਚੇ ਤੋਂ ਸ਼ੁਰੂ ਹੋਏ ਹਾਲਾਤਾਂ ਨੇ ਦਰਬਾਰ ਸਾਹਿਬ ਉਤੇ ਹਮਲੇ ਮਗਰੋਂ ਇਸ ਤਰਾਂ ਗੇੜ ਖਾਧਾ ਕਿ ਜ਼ਖਮੀ ਸਿੱਖ ਜਜ਼ਬਾਤਾਂ ਨੂੰ ਹੱਥਾਂ ਵਿਚ ਹਥਿਆਰ ਲੈਣੇ ਪਏ। ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਫਰਜ਼ਾਂ ਤੋਂ ਕੁਤਾਹੀ ਕੀਤੀ। ਅਕਾਲੀ ਆਗੂਆਂ ਨੇ ਸੰਘਰਸ਼ਸ਼ੀਲ ਸਿੱਖਾਂ ਦੇ ਦੁਖਾਂ ਤਕਲੀਫਾਂ ਤੋਂ ਕਿਨਾਰਾ ਕਰਦਿਆਂ ਸਾਰੇ ਹਾਲਾਤਾਂ ਤੋਂ ਪੱਲਾ ਹੀ ਝਾੜ ਲਿਆ। ਪਿਛਲੇ ਸਮੇਂ ਹੋਈਆਂ ਚੋਣਾਂ ਮੌਕੇ ਅਕਾਲੀ ਆਗੂ ਜੇਲ ਵਿਚ ਬੰਦ ਸਿੱਖ ਸੰਘਰਸ਼ ਨਾਲ ਜੁੜੇ ਨੌਜਵਾਨਾਂ ਦੀ ਰਿਹਾਈ ਦਾ ਵਾਅਦਾ ਕਰਦੇ ਰਹੇ ਹਨ। ਹੁਣ ਲੋਕ ਸਭਾ ਚੋਣਾਂ ਮੌਕੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਨੂੰ ਪੁੱਛਣਾ ਬਣਦਾ ਹੈ ਕਿ ਜੇਲਾਂ ਵਿਚ ਉਮਰਕੈਦਾਂ ਤੋਂ ਵੀ ਵੱਧ ਸਮਾਂ ਕੱਟ ਚੁੱਕੇ ਗੁਰਸਿੱਖਾਂ ਦੀ ਰਿਹਾਈ ਲਈ ਜੇ ਤੁਸੀਂ ਸਰਕਾਰ ਦੇ ਹੁੰਦਿਆਂ ਵੀ ਆਪਣੇ ਸਿਆਸੀ ਭਾਈਵਾਲਾਂ ਰਾਹੀਂ ਕੁਝ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਪੰਥ ਦੀ ਵੋਟ ਦੇ ਕਿਵੇਂ ਹੱਕਦਾਰ ਹੋ? ਹਰ ਜਾਗਦੀ ਜ਼ਮੀਰ ਵਾਲੇ ਵਿਅਕਤੀ, ਪੰਥਕ ਜਥੇਬੰਦੀ, ਮਨੁੱਖੀ ਅਧਿਕਾਰ ਸੰਗਠਨ ਤੇ ਸੰਤ ਸਮਾਜ ਦਾ ਫਰਜ਼ ਹੈ ਕਿ ਹੋਰਨਾਂ ਮੁੱਦਿਆਂ ਦੇ ਨਾਲ ਇਹ ਮੁੱਦਾ ਵੀ ਜ਼ੋਰ ਸ਼ੋਰ ਨਾਲ ਚੁੱਕਿਆ ਜਾਵੇ।

ਹੁਣ ਤਕ ਤਾਂ ਇਹੀ ਦਿਖ ਰਿਹਾ ਹੈ ਕਿ ਸੁਪਰੀਮ ਕੋਰਟ, ਕਾਨੂੰਨ, ਅਦਾਲਤਾਂ ਜੋ ਮਰਜ਼ੀ ਕਹੀ ਜਾਣ ਪਰ ਭਾਈ ਲਾਲ ਸਿੰਘ, ਮੇਜਰ ਸਿੰਘ, ਦਰਬਾਰਾ ਸਿੰਘ ਵਰਗੇ ‘ਸਿੱਖ’ ਹੋਣ ਦੀ ਸਜ਼ਾ ਭੁਗਤਦੇ ਹੀ ਰਹਿਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: