ਨਵੀਂ ਦਿੱਲੀ: ਪਿਛਲੇ ਦਿਨੀ ਦਿੱਲੀ ਨਗਰ ਨਿਗਮ ਵੱਲੋਂ ਭਾਈ ਮਤੀ ਦਾਸ ਛਬੀਲ ਢਾਹੇ ਜਾਣ ਦੇ ਮਾਮਲੇ ਸਬੰਧੀ ਅੱਜ ਦਿੱਲੀ ਸਰਕਾਰ ਦੇ ਪੀਡਬਲਿਊਡੀ ਮੰਤਰੀ ਸਤਿੰਦਰ ਜੈਨ ਵੱਲੋਂ ਗੁਰਦੁਆਰਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਹੋਰ ਅਧਿਕਾਰੀਆਂ ਦੀ ਬੈਠਕ ਬੁਲਾਈ ਗਈ।
ਇਸ ਵਿੱਚ ਇਸ ਛਬੀਲ ਨੂੰ ਉਸੇ ਸਥਾਨ ਉਪਰ ਕਾਇਮ ਰੱਖਣ ਤੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਵਾਲੇ ਚੌਕ ਨੂੰ ਸ਼ਾਨਦਾਰ ਸਮਾਰਕ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਗਿਆ । ਇਸ ਬੈਠਕ ਵਿੱਚ ਸ਼ਾਹਜਹਾਨਾਬਾਦ ਮੁੜਵਿਕਾਸ ਪ੍ਰਾਜੈਕਟ ਦੀ ਡਾਇਰੈਕਟਰ ਚਾਂਦਨੀ ਚੌਕ ਦੀ ਵਿਧਾਇਕਾ ਅਲਕਾ ਲਾਂਬਾ ਵੀ ਸ਼ਾਮਲ ਹੋਈ।
ਇਸ ਬੈਠਕ ਦੇ ਵੇਰਵੇ ਦਿੰਦੇ ਹੋਏ ਰਾਜ਼ੌਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ ਨੇ ਦੱਸਿਆ ਕਿ ਸ੍ਰੀ ਜੈਨ ਨੇ ਸਾਰੀਆਂ ਧਿਰਾਂ ਦੀ ਗੱਲ ਸੁਣੀ ਤੇ ਫ਼ੈਸਲਾ ਕੀਤਾ ਕਿ ਪਿਆ ਨੂੰ ਉਸੇ ਥਾਂ ਉਪਰ ਕਾਇਮ ਰੱਖਿਆ ਜਾਵੇ ਤੇ ਮਤੀ ਦਾਸ/ਸਤੀ ਦਾਸ ਦੀ ਯਾਦਗਾਰ ਨੂੰ ਹੋਰ ਸੁੰਦਰ ਬਣਾਇਆ ਜਾਵੇ। ਉਹਨਾਂ ਦੱਸਿਆ ਕਿ ਇਸ ਲਈ ਬਕਾਇਦਾ ਨਕਸ਼ਾਨਵੀਸ ਨੂੰ ਬੈਠਕ ਵਿੱਚ ਬੁਲਾ ਕੇ ਮੌਕੇ ‘ਤੇ ਹੀ ਸਮਾਰਕ ਦਾ ਖਾਕਾ ਤਿਆਰ ਕਰਨ ਲਈ ਮੰਤਰੀ ਸਤਿੰਦਰ ਜੈਨ ਵੱਲੋਂ ਆਖ ਦਿੱਤਾ ਗਿਆ ਹੈ।
ਸ੍ਰ ਜਨਰੈਲ ਸਿੰਘ ਮੁਤਾਬਕ ਇਸ ਸਮਾਰਕ ਨੂੰ ਬਣਾਉਣ ਤੋਂ ਪਹਿਲਾਂ ਸਾਰੀਆਂ ਧਿਰਾਂ ਦੀ ਰਾਇ ਤੇ ਸਹਿਮਤੀ ਨਾਲ ਯਾਦਗਾਰ ਬਣਾਈ ਜਾਵੇਗੀ। ਸ੍ਰ ਜਰਨੈਲ ਸਿੰਘ ਮੁਤਾਬਕ ਦਿੱਲੀ ਹਾਈ ਕੋਰਟ ਵਿੱਚ ਚੱਲ ਰਹੇ ਮੁਕੱਦਮੇ ਨੂੰ ਬੰਦ ਕਰਵਾਉਣ ਲਈ ਵੀ ਇਸ ਬੈਠਕ ਵਿੱਚ ਰਣਨੀਤੀ ਤਿਆਰ ਕੀਤੀ ਗਈ ਕਿ ਦਿੱਲੀ ਦੇ ਗ਼ੈਰਕਾਨੂੰਨੀ ਧਾਰਮਿਕ ਸਥਾਨਾਂ ਦੀ ਕਮੇਟੀ ਰਾਹੀਂ ਦਿੱਲੀ ਦੇ ਉਪਰਾਜਪਾਲ ਨੂੰ ਇਸ ਛਬੀਲ ਦੇ ਗੁਰਦੁਆਰੇ ਦਾ ਹਿੱਸਾ ਹੋਣ ਬਾਰੇ ਦੱਸਿਆ ਜਾਵੇ ਤੇ ਅੱਗੋਂ ਇਹ ਤੱਥ ਦਿੱਲੀ ਹਾਈ ਕੋਰਟ ਨੂੰ ਦੱਸਿਆ ਜਾਵੇ।
ਇਸ ਬੈਠਕ ਵਿੱਚ ਰਾਜੌਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ, ਤਿਲਕ ਨਗਰ ਤੋਂ ਵਿਧਾਇਕ ਤੇ ਪੰਜਾਬੀ ਅਕਾਦਮੀ ਦਿੱਲ ਦੇ ਮੀਤ ਚੇਅਰਮੈਨ ਜਰਨੈਲ ਸਿੰਘ, ਹਰੀ ਨਗਰ ਤੋਂ ਵਿਧਾਇਕ ਜਗਦੀਪ ਸਿੰਘ, ਦਿੱਲੀ ਕਮੇਟੀ ਵੱਲੋਂ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਤੇ ਜਤਿੰਦਰ ਸਿੰਘ ਸ਼ੰਟੀ ਤੇ ਪਰਮਜੀਤ ਸਿੰਘ ਰਾਣਾ ਤੇ ਅਲਕਾ ਲਾਂਬਾ ਸ਼ਾਮਲ ਹੋਈ।