ਪੰਜ ਪਿਆਰੇ ਫੈਸਲਾ ਸੁਣਾਉਦੇਂ ਹੋਏ (ਫਾਈਲ ਫੋਟੋ)

ਵਿਦੇਸ਼

ਸਥਾਪਿਤ ਪ੍ਰੰਪਰਾਵਾਂ ਤੇ ਰਹਿਤ ਮਰਿਆਦਾ ਤੇ ਪਹਿਰਾ ਦੇਣ ਲਈ ਪੰਥ ਅੱਜ ਵੀ ਤਿਆਰ ਬਰ ਤਿਆਰ ਹੈ: ਪੰਜ ਪਿਆਰੇ

By ਸਿੱਖ ਸਿਆਸਤ ਬਿਊਰੋ

May 05, 2016

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ): ਅਮਰੀਕਾ ਦੇ ਸੂਬੇ ਵਰਜੀਨੀਆ ਵਿਖੇ ਅੰਮ੍ਰਿਤ ਸੰਚਾਰ ਮੌਕੇ ਸਿਰਫ ਦੋ ਬਾਣੀਆਂ ਪੜ੍ਹਕੇ ਮਰਿਆਦਾ ਨਾਲ ਕੀਤੇ ਖਿਲਵਾੜ ਦਾ ਗੰਭੀਰ ਨੋਟਿਸ ਲੈਂਦਿਆਂ ਸਾਲ 2015 ਵਿੱਚ ਸਿੱਖ ਕੌਮ ਨੂੰ ਧਾਰਮਿਕ ਸੇਧ ਦੇਣ ਹਿੱਤ ਅੱਗੇ ਆਏ ਭਾਈ ਸਤਨਾਮ ਸਿੰਘ ਖੰਡੇਵਾਲਾ ਤੇ ਸਾਥੀਆਂ ਨੇ ਵਿਸ਼ਵ ਭਰ ਵਿੱਚ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਅ ਰਹੇ ਪੰਜ ਪਿਆਰੇ ਸਾਹਿਬਾਨ ਨੂੰ ਬੇਨਤੀ ਰੂਪੀ ਅਪੀਲ ਕੀਤੀ ਹੈ ਕਿ: ‘ਆਉ!ਸਾਰੇ ਰਲਕੇ ਸ਼ਬਦ ਗੁਰੂ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਮੁਹਿੰਮ ਨੂੰ ਇੱਕ ਲਹਿਰ ਦੇ ਰੂਪ ਵਿੱਚ ਚਲਾਕੇ ਪੰਥ ਦੀ ਸੇਵਾ ਕਰੀਏ ਤੇ ਪੰਥ ਨੂੰ ਦਰਪੇਸ਼ ਮਸਲਿਆਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਹੱਲ ਕਰਨ ਹਿੱਤ ਯਤਨਸ਼ੀਲ ਹੋਈਏ’।

ਅੱਜ ਇਥੇ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਮੇਜਰ ਸਿੰਘ, ਭਾਈ ਤਰਲੋਕ ਸਿੰਘ ਤੇ ਭਾਈ ਮੰਗਲ ਸਿੰਘ ਨੇ ਇੱਕ ਇਕਤਰਤਾ ਉਪਰੰਤ ਜਾਰੀ ਪ੍ਰੈਸ ਰਲੀਜ ਰਾਹੀਂ ਇਹ ਅਪੀਲ ਕੀਤੀ ਹੈ ।

ਉਨ੍ਹਾਂ ਕਿਹਾ ਕਿ ਵਰਜੀਨੀਆ ਵਿਖੇ ਪੰਥ ਦੋਖੀਆਂ ਵਲੋਂ ਅੰਜ਼ਾਮ ਦਿੱਤੀ ਗਈ ਕਾਰਵਾਈ ਨਿੰਦਣਯੋਗ ਹੈ। ਪੰਥ ਪ੍ਰਵਾਨਿਤ ਰਹਿਤ ਮਰਿਆਦਾ ਨੂੰ ਚਣੌਤੀ ਦੇਣ ਜਾਂ ਇਸ ਵਿੱਚ ਬਦਲਾਵ ਦਾ ਕਿਸੇ ਕੋਲ ਕੋਈ ਅਧਿਕਾਰ ਨਹੀ ਹੈ ਤੇ ਨਾ ਹੀ ਕੋਈ ਅਜੇਹੀ ਜ਼ੁਰਅਤ ਕਰੇ।

ਪ੍ਰੈਸ ਰਲੀਜ ਰਾਹੀਂ ਦੱਸਿਆ ਗਿਆ ਹੈ ਕਿ ਪੰਥ ਪ੍ਰਵਾਨਿਤ ਮਰਿਆਦਾ ਅਨੁਸਾਰ ਸਮੁਚੀ ਕੌਮ ਵਿੱਚ ਅੰਮ੍ਰਿਤ ਸੰਚਾਰ ਦੀਆਂ ਪੰਜ ਬਾਣੀਆਂ ਪ੍ਰਤੀ ਕੋਈ ਮਤਭੇਦ ਨਹੀ ਹੈ ਲੇਕਿਨ ਜੋ ਲੋਕ ਅਜੇਹਾ ਕਰਕੇ ਆਪਣੇ ਆਪ ਨੂੰ ਪੰਥ ਤੋਂ ਉਪਰ ਸਮਝਦੇ ਹਨ ਉਨ੍ਹਾਂ ਨੂੰ ਸਮਝ ਲੈੈਣਾ ਚਾਹੀਦਾ ਕਿ ਪੰਥ ਕਦੇ ਕਿਸੇ ਨੂੰ ਆਪਣੇ ਗੁਰੁ ਸਾਹਿਬ ਦੁਆਰਾ ਦ੍ਰਿੜ ਕਰਵਾਈ ਮਰਿਆਦਾ ਨਾਲ ਛੇੜਛਾੜ ਕਰਨ ਦੀ ਕਿਸੇ ਨੂੰ ਨਾ ਪਹਿਲਾਂ ਇਜਾਜਤ ਦਿੱਤੀ ਹੈ ਨਾ ਅੱਗੇ ਦੇਣੀ ਹੈ।

ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਪੰਥਕ ਰਹਿਤ ਮਰਿਆਦਾ ਨਾਲ ਛੇੜਛਾੜ ਕਰਨ ਵਾਲੇ ਇਹ ਵੀ ਯਾਦ ਰੱਖਣ ਕਿ ਪੰਥ ਆਪਣੀਆਂ ਸਥਾਪਿਤ ਪ੍ਰੰਪਰਾਵਾਂ ਤੇ ਮਰਿਆਦਾ ਤੇ ਪਹਿਰਾ ਦੇਣ ਲਈ ਤਿਆਰ ਬਰ ਤਿਆਰ ਰਹਿੰਦਾ ਹੈ।

ਪੰਥ ਵਿਰੋਧੀ ਆਪਣੀਆਂ ਹਰਕਤਾਂ ਤੋਂ ਬਾਜ ਆਉਣ। ਭਾਈ ਸਤਨਾਮ ਸਿੰਘ ਤੇ ਸਾਥੀਆਂ ਨੇ ਵਿਸ਼ਵ ਭਰ ਵਿੱਚ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਅ ਰਹੇ ਪੰਜ ਪਿਆਰੇ ਸਾਹਿਬਾਨ ਨੂੰ ਬੇਨਤੀ ਰੂਪੀ ਅਪੀਲ ਕੀਤੀ ਹੈ ਕਿ ‘ਆਉ! ਸਾਰੇ ਰਲਕੇ ਸ਼ਬਦ ਗੁਰੂ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਮੁਹਿੰਮ ਨੂੰ ਇੱਕ ਲਹਿਰ ਦੇ ਰੂਪ ਵਿੱਚ ਚਲਾਕੇ ਪੰਥ ਦੀ ਸੇਵਾ ਕਰੀਏ ਤੇ ਪੰਥ ਨੂੰ ਦਰਪੇਸ਼ ਮਸਲਿਆਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਹੱਲ ਕਰਨ ਹਿੱਤ ਯਤਨਸ਼ੀਲ ਹੋਈਏ’।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: