Site icon Sikh Siyasat News

ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ‘ਰਾਵਣ’ ਡਲਹੌਜੀ ਤੋਂ ਗ੍ਰਿਫਤਾਰ

ਲਖਨਊ: ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ‘ਰਾਵਣ’ ਨੂੰ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਡਲਹੌਜੀ ਤੋਂ ਗ੍ਰਿਫਤਾਰ ਕਰ ਲਿਆ ਹੈ। ਚੰਬਾ ਜਿਲ੍ਹੇ ਦੇ ਐਸ.ਪੀ. ਵਿਰੇਂਦਰ ਤੋਮਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਇਸ ਖ਼ਬਰ ਨੂੰ ਤਸਦੀਕ ਕੀਤਾ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਟੀਮ ਨੇ ਚੰਦਰਸ਼ੇਖਰ ਨੂੰ ਗ੍ਰਿਫਤਾਰ ਕਰਕੇ ਨਾਲ ਲੈ ਗਈ।

ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਅਜ਼ਾਦ ‘ਰਾਵਣ’ ਦਿੱਲੀ ਜੰਤਰ ਮੰਤਰ ‘ਚ ਦਲਿਤਾਂ ਦੇ ਇਕੱਠ ਨੂੰ ਸੰਬੋਧਨ ਕਰਦਾ ਹੋਇਆ

5 ਮਈ ਨੂੰ ਸ਼ੱਬੀਰਪੁਰ ਪਿੰਡ ‘ਚ ਦਲਿਤਾਂ ਦੇ ਘਰ ਸਾੜਨ ਤੋਂ 4 ਦਿਨਾਂ ਬਾਅਦ ਸਹਾਰਨਪੁਰ ‘ਚ ਦਲਿਤਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਚੰਦਰਸ਼ੇਖਰ ‘ਤੇ ਯੂ.ਪੀ. ਪੁਲਿਸ ਨੇ ਹਿੰਸਾ ਭੜਕਾਉਣ ਦੀਆਂ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਸੀ।

ਦਲਿਤਾਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਯੂ.ਪੀ. ਪੁਲਿਸ ਨੇ ਭੀਮ ਆਰਮੀ ਅਤੇ ਨਕਸਲੀਆਂ ਵਿਚਕਾਰ ਸਬੰਧਾਂ ਦੀ ਜਾਂਚ ਕਰਾਉਣ ਦੀ ਗੱਲ ਕਹੀ ਗਈ ਸੀ।

ਰਾਜਪੂਤਾਂ ਵਲੋਂ ਚੰਦਰਸ਼ੇਖਰ ਦੇ ਨਕਸਲੀਆਂ ਨਾਲ ਸਬੰਧਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਸਹਾਰਨਪੁਰ: ਰਾਜਪੂਤਾਂ ਨੇ ਦਲਿਤਾਂ ਦੇ ਘਰ ਸਾੜ ਦਿੱਤੇ ਅਤੇ ਤੋੜ ਭੰਨ੍ਹ ਕੀਤੀ (ਫਾਈਲ ਫੋਟੋ)

ਪਰ ਚੰਦਰਸ਼ੇਖਰ ਦਾ ਦਾਅਵਾ ਹੈ, “ਅਸੀਂ ਆਪਣੀ ਬਿਰਾਦਰੀ ਲਈ ਸੰਘਰਸ਼ ਕਰ ਰਹੇ ਹਾਂ। ਆਪਣੇ ਲੋਕਾਂ ਦੇ ਹੱਕਾਂ ਲਈ ਗੱਲ ਕਰਨ ‘ਤੇ ਪ੍ਰਸ਼ਾਸਨ ਮੈਨੂੰ ਨਕਸਲੀ ਕਹਿੰਦਾ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ।”

ਦੇਹਰਾਦੂਨ ਤੋਂ ਲਾਅ ਦੀ ਪੜ੍ਹਾਈ ਕਰਨ ਵਾਲਾ ਚੰਦਰਸ਼ੇਖਰ ਆਪਣੇ ਆਪ ਨੂੰ ‘ਰਾਵਣ’ ਕਹਾਉਣਾ ਪਸੰਦ ਕਰਦਾ ਹੈ। ਇਸ ਪਿੱਛੇ ਉਹ ਤਰਕ ਦਿੰਦਾ ਹੈ, “ਰਾਵਣ ਨੇ ਆਪਣੀ ਭੈਣ ਦੇ ਸਨਮਾਨ ਲਈ ਰਾਮ ਨਾਲ ਜੰਗ ਲੜੀ।”

ਚੰਦਰਸ਼ੇਖਰ ਕਹਿੰਦਾ ਹੈ, “ਭਾਵੇਂ ਕਿ ਰਾਵਣ ਨੂੰ ਨਕਾਰਾਤਮਕ ਰੂਪ ‘ਚ ਦੇਖਿਆ ਜਾਂਦਾ ਹੈ ਪਰ ਜਿਹੜਾ ਵਿਅਕਤੀ ਆਪਣੀ ਭੈਣ ਦੇ ਸਨਮਾਨ ਲਈ ਲੜ ਸਕਦਾ ਹੋਵੇ ਅਤੇ ਆਪਣਾ ਸਭ ਕੁਝ ਦਾਅ ‘ਤੇ ਲਾ ਸਕਦਾ ਹੋਵੇ ਉਹ ਗਲਤ ਕਿਵੇਂ ਹੋ ਸਕਦਾ ਹੈ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version