ਸਿਆਸੀ ਖਬਰਾਂ

‘1984’ ਤੇ ‘2002’ ’ਤੇ ਭਾਜਪਾ ਅਤੇ ਕਾਂਗਰਸ ਦੀ ਸਿਆਸਤ

May 11, 2019 | By

ਭਾਰਤੀ ਉਪਮਹਾਂਦੀਪ ਨੂੰ ਇਸ ਖਿੱਤੇ ਦੀ ਵਿਲੱਖਣਤਾ ਨੂੰ ਮਸਲ ਕੇ ਇਕ ਸਿਆਸਤੀ ਹਸਤੀ ਬਣਾਈ ਰੱਖਣ ਅਤੇ ਇਸ ਤੋਂ ਵੀ ਵੱਧ ਕੇ ‘ਇਕ ਕੌਮ’ ਬਣਾਉਣ ਦੀ ਭਾਰਤੀ ਹਾਕਮ ਵਰਗ ਦੀ ਮੁਹਿੰਮ ਦੇ ਨਤੀਜੇ ਵੱਖ-ਵੱਖ ਭਾਈਚਾਰਿਆਂ, ਕੌਮਾਂ ਤੇ ਕੌਮੀਅਤਾਂ ਦੇ ਘਾਣ ਵਿਚ ਨਿਕਲਦੇ ਰਹੇ ਹਨ। 1984 ਵਿਚ ਭਾਰਤੀ ਉਪਮਹਾਂਦੀਪ ਭਰ ਵਿਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਤੇ 2002 ਵਿਚ ਗੁਜਰਾਤ ਵਿਚ ਕੀਤੀ ਗਈ ਮੁਸਲਮਾਨਾਂ ਦੀ ਨਸਲਕੁਸ਼ੀ ਭਾਰਤੀ ਹਾਕਮ ਵਰਗ ਦੀਆਂ ਦੋ ਵੱਡੀਆਂ ਜਮਾਤਾਂ ਕਾਂਗਰਸ ਅਤੇ ਭਾਜਪਾ ਵੱਲੋਂ ਜਥੇਬੰਦ ਕੀਤੇ ਗਏ ਮਨੁੱਖਤਾ ਖਿਲਾਫ ਦੋ ਵੱਡੇ ਜ਼ੁਰਮ ਹਨ।

ਜੂਨ 1984 ਵਿਚ ਸਿੱਖਾਂ ਉੱਤੇ ਹਮਲਾ ਤਾਂ ਕਾਂਗਰਸ ਦੀ ਸਰਕਾਰ ਨੇ ਕੀਤਾ ਸੀ ਪਰ ਇਸ ਹਮਲੇ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਤੋਂ ਭਾਜਪਾ ਕਦੇ ਪਿੱਛੇ ਨਹੀਂ ਰਹੀ ਤੇ ਭਾਜਪਾ ਆਗੂਆਂ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵਰਗਿਆਂ ਵੱਲੋਂ ਦਰਬਾਰ ਸਾਹਿਬ ਉੱਤੇ ਫੌਜੀ ਚੜ੍ਹਾਈ ਲਈ ਕੀਤੇ ਗਏ ਜਲੂਸ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿਚ ਇਸ ਬਾਬਤ ਕੀਤੇ ਗਏ ਦਾਅਵੇ ਇਸ ਦੇ ਪ੍ਰਤੱਖ ਪ੍ਰਮਾਣ ਹਨ।

ਨਵੰਬਰ 1984 ਵਿਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ ਮੁੱਖ ਸੂਤਰਧਾਰ ਕਾਂਗਰਸ ਸੀ ਪਰ ਭਾਰਤੀ ਜਨਤਾ ਪਾਰਟੀ ਤੇ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਨਾ ਸਿਰਫ ਇਸ ਨਸਲਕੁਸ਼ੀ ਦੀ ਵਿਚਾਰਧਾਰਕ ਹਿਮਾਇਤ ਤੇ ਪ੍ਰੋੜਤਾ ਕੀਤੀ ਗਈ ਬਲਕਿ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨ ਦੇ ਨਾਂ ਵੀ ਸਿੱਖਾਂ ਤੇ ਹਮਲੇ ਕਰਨ ਵਾਲਿਆਂ ਵਿਚ ਸ਼ਾਮਲ ਰਹੇ ਹਨ ਤੇ ਇਸ ਗੱਲ ਦੀਆਂ ਪੁਖਤਾ ਗਵਾਹੀਆਂ ਹੁਣ ਸਾਮਣੇ ਆ ਚੁੱਕੀਆਂ ਹਨ।

ਪ੍ਰਤੀਕਾਤਮਕ ਤਸਵੀਰ

2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਦੀ ਸੂਤਰਧਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਗੁਜਰਾਤ ਦਾ ਤਤਕਾਲੀ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ। ਕਾਂਗਰਸ ਤੇ ਭਾਜਪਾ ਨੇ ਕ੍ਰਮਵਾਰ 1984 ਅਤੇ 2002 ਵਿਚ ਤਾਂ ਕਤਲੇਆਮ/ਨਸਲਕੁਸ਼ੀ ਦੀ ਸਿਆਸਤ ਖੇਡੀ ਤੇ ਹੁਣ ਇਨ੍ਹਾਂ ਨਸਲਕੁਸ਼ੀਆਂ ਦੇ ਕਾਂਡਾਂ ਨੂੰ ਅਧਾਰ ਬਣਾ ਕੇ ਸਿਆਸਤ ਕਰ ਰਹੇ ਹਨ।

ਭਾਰਤੀ ਉਪਮਹਾਂਦੀਪ ਵਿਚ ਇਸ ਵੇਲੇ ਲੋਕ ਸਭਾ ਲਈ ਚੋਣਾਂ ਹੋ ਰਹੀਆਂ ਹਨ। ਵੋਟਾਂ ਦੇ ਆਖਰੀ ਦੋ ਪੜਾਅ ਬਾਕੀ ਹਨ। ਪੰਜਾਬ ਵਿਚ 19 ਮਈ ਨੂੰ ਆਖਰੀ ਪੜਾਅ ਵਿਚ ਵੋਟਾਂ ਪੈਣੀਆਂ ਹਨ ਤੇ ਭਾਰਤੀ ਜਨਤਾ ਪਾਰਟੀ ਤੇ ਖਾਸ ਕਰਕੇ ਨਰਿੰਦਰ ਮੋਦੀ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਵਾਰ-ਵਾਰ ਚੁੱਕ ਰਹੇ ਹਨ। ਅਜਿਹੇ ਸਮੇਂ ਕਾਂਗਰਸ ਦੇ ਇਕ ਆਗੂ ਸੈਮ ਪਿਤਰੋਦਾ ਨੇ 1984 ਦੀ ਨਸਲਕੁਸ਼ੀ ਬਾਰੇ ਇਕ ਬਿਆਨ ਦਿੱਤਾ ਕਿ ‘1984 ਮੇਂ ‘ਜੋ ਹੂਆ ਸੋ ਹੂਆ’’। ਭਾਜਪਾ ਨੇ ਸੈਮ ਪਿਤਰੋਦਾ ਦੇ ਬਿਆਨ ਨੂੰ ਆਪਣਾ ਹਥਿਆਰ ਬਣਾ ਕੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਇਕ ਤਾਂ ਉਸ ਬਿਆਨ ਇਹ ਕਹਿੰਦਿਆਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ‘ਪਾਰਟੀ ਦਾ ਮਤ ਨਹੀਂ ਹੈ’ ਅਤੇ ਦੂਜਾ ਪਾਰਟੀ ਆਂਗੂਆਂ ਨੂੰ ‘ਸੰਵੇਦਨਸ਼ੀਲ ਮਾਮਲਿਆਂ’ ‘ਚ ‘ਸੋਚ ਸਮਝ’ ਕੇ ਬੋਲਣ’ ਦੀ ਨਸੀਹਤ ਦਿੱਤੀ ਹੈ। ਇਸ ਮਾਮਲੇ ਵਿਚ ਭਾਜਪਾ ਵੱਲੋਂ ਖਿਲਾਫ ਬਿਆਨਬਾਜ਼ੀ ਜਾਰੀ ਰਹਿਣ ਉੱਤੇ ਕਾਂਗਰਸ ਵੱਲੋਂ ਭਾਜਪਾ ਨੂੰ 2002 ਦੇ ਕਤਲੇਆਮ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਕਾਂਗਰਸ ਭਾਜਪਾ ਵੱਲੋਂ ਮਸਜਿਦਾਂ ਵਿਚ ਬੰਬ ਧਮਾਕੇ ਕਰਵਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸਾਧਵੀ ਪ੍ਰੱਗਿਆ ਠਾਕੁਰ ਨੂੰ ਟਿਕਟ ਦੇਣ ਤੇ ਵੀ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ।

ਹਾਲਾਤ ਇਹ ਹਨ ਕਿ ਕਾਂਗਰਸ ਅਤੇ ਭਾਜਪਾ-ਮੋਦੀ ਦੋਵਾਂ ਦੇ ਹੱਥ ਨਿਰਦੋਸ਼ਾਂ ਦੇ ਖੂਨ ਨਾਲ ਰੰਗੇ ਹੋਏ ਹਨ ਪਰ ਦੋਵੇਂ ਹੀ ਦੂਜੇ ਨੂੰ ਕਾਤਲ ਦੱਸ ਰਹੇ ਹਨ ਤੇ ਆਪਣੇ ਦਾਮਨ ਤੇ ਲੱਗੇ ਦਾਗਾਂ ਬਾਰੇ ਗੱਲ ਨਹੀਂ ਕਰਦੇ। ਨਾ ਤਾਂ ਨਰਿੰਦਰ ਮੋਦੀ ਨੂੰ 1984 ਦੀ ਨਸਲਕੁਸ਼ੀ ਦਾ ਸ਼ਿਕਾਰ ਹੋਏ ਸਿੱਖਾਂ ਨਾਲ ਹੇਜ ਹੈ, ਕਿਉਂਕਿ ਲੰਘੇ ਪੰਜ ਸਾਲ ਉਸਦੀ ਸਰਕਾਰ ਨੇ 1984 ਦੀ ਸਿੱਖ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਮਿਲਣ ਦੀ ਹਰ ਘਟਨਾ ਦਾ ਵਿਰੋਧ ਕੀਤਾ ਤੇ ਇਸ ਬਾਰੇ ਉੱਦਮ ਕਰਨ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ, ਤੇ ਨਾ ਹੀ ਕਾਂਗਰਸ ਨੂੰ ਗੁਜਰਾਤ ਵਿਚ ਮਾਰੇ ਗਏ ਮੁਸਲਮਾਨਾਂ ਨਾਲ ਕੋਈ ਖਾਸ ਹੇਜ ਹੈ। ਇਨ੍ਹਾਂ ਦੋਵਾਂ ਦਾ ਹੇਜ ਸਿਰਫ ਆਪਣੇ ਸਿਆਸੀ ਮੁਫਾਦ ਤੇ ਸਵਾਰਥ ਨਾਲ ਹੈ ਤੇ ਦੋਵੇਂ 1984 ਤੇ 2002 ਨੂੰ ਇਕ ਦੂਜੇ ਖਿਲਾਫ ਸਿਆਸੀ ਹਥਿਆਰ ਵਾਙ ਵਰਤ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,