ਚੰਡੀਗੜ੍ਹ- ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤ ‘ਤੇ ਇਤਿਹਾਸਿਕ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਡਾ. ਸੇਵਕ ਸਿੰਘ ਹੋਰਾਂ ਦੀ ਕਿਤਾਬ “ਸ਼ਬਦ ਜੰਗ” ਸਤਿਗੁਰਾਂ ਨੂੰ ਅਰਦਾਸ ਬੇਨਤੀ ਕਰਕੇ ਸੰਗਤਾਂ ਵਿੱਚ ਜਾਰੀ ਕੀਤੀ ਗਈ।
ਡਾ. ਸੇਵਕ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਸਿੱਖ ਸੰਘਰਸ਼ ਦੇ ਹਰਿਆਵਲ ਦਸਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮੁੜ ਸੁਰਜੀਤੀ ਲਈ ਯਤਨ ਕੀਤੇ ਤੇ ਮੁੜ ਸੁਰਜੀਤੀ ਤੋਂ ਬਾਅਦ ਇਹਦੇ ਪ੍ਰਧਾਨ ਬਣ ਕੇ ਸੇਵਾ ਕੀਤੀ। ਸਿੱਖ ਸ਼ਹਾਦਤ ਨਾਂ ਦੇ ਰਸਾਲੇ ਦੇ ਸਹਿ ਸੰਪਾਦਕ ਤੇ ਸੰਪਾਦਕ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ। ਉਸ ਤੋਂ ਬਾਅਦ ਲਗਾਤਾਰ ਪੰਥ ਸੇਵਾ ਵਿੱਚ ਵਿਚਰ ਰਹੇ ਹਨ ਤੇ ਦੇਸ਼ ਵਿਦੇਸ਼ ਵਿੱਚ ਆਪਣੇ ਵਖਿਆਨ ਅਤੇ ਲਿਖਤਾਂ ਨਾਲ ਕੀਮਤੀ ਵਿਚਾਰ ਸੰਗਤਾਂ ਦੀ ਝੋਲੀ ਪਾਉਂਦੇ ਆ ਰਹੇ ਹਨ।
ਡਾ. ਸੇਵਕ ਸਿੰਘ ਦੀ ਇਹ ਕਿਤਾਬ ਦਾ ਨਾਂ “ਸ਼ਬਦ ਜੰਗ” ਜਿਨ੍ਹਾਂ ਦੋ ਸ਼ਬਦਾਂ ਤੋਂ ਬਣਿਆ ਹੈ ਉਨ੍ਹਾਂ ਦੋਹਾਂ ਦਾ ਸਿੱਖਾਂ ਵਿੱਚ ਬਹੁਤ ਸਤਿਕਾਰ ਹੈ। ਸ਼ਬਦ ਜੰਗ ਬਾਤ ਪਾਉਂਦੀ ਹੈ ਕਿ ਕਿੱਦਾਂ ਸ਼ਬਦਾਂ ਦੀ ਚੋਣ ਮਾਅਨੇ ਰੱਖਦੀ ਹੈ ਤੇ ਉਹਨਾਂ ਦੀ ਵਿਆਖਿਆ ਤੇ ਉਸ ਵਿਆਖਿਆ ਦਾ ਪ੍ਰਚਾਰ ਕਿਵੇਂ ਸਵਾਲਾਂ ਰਾਹੀਂ ਨਿਖੇਧ ਦਾ ਰਾਹ ਖੋਲ੍ਹਦਾ ਹੈ। ਸ਼ਬਦ ਤੋਂ ਲੈ ਕੇ ਨਿਖੇਧ ਤੱਕ ਦੇ ਇਹ ਸਾਰੇ ਵਰਤਾਰੇ ਕਿਵੇਂ ਜੰਗ ਲਈ ਵਰਤੇ ਗਏ, ਸ਼ਬਦ ਜੰਗ ਇਸਦੀ ਸਾਖੀ ਹੈ।
ਇਸ ਸਮਾਗਮ ਦਾ ਮੰਚ ਪ੍ਰਬੰਧ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਕੀਤਾ ਤੇ ਸਭ ਤੋਂ ਪਹਿਲਾਂ ਡਾ. ਕੰਵਲਜੀਤ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਕਾਲਜ ਨੇ ਸੰਬੋਧਨ ਕੀਤਾ ਤੇ ਸ਼ਬਦ ਜੰਗ ਦੀ ਜਾਣ ਪਛਾਣ ਸੰਗਤਾਂ ਨਾਲ ਕਰਵਾਈ। ਕਿਤਾਬ ਦੇ ਸੁਭਾਅ, ਵਿਸ਼ੇ ਤੇ ਪੂਰੀ ਲਿਖਤ ਬਾਰੇ ਵਿਚਾਰ ਡਾ. ਕੰਵਲਜੀਤ ਸਿੰਘ ਨੇ ਸਾਂਝੇ ਕੀਤੇ।
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਆਪਣੇ ਸੰਬੋਧਨ ਵਿੱਚ ਜ਼ਿਕਰ ਕੀਤਾ ਕਿ ਕਿਵੇਂ ਉਹਨਾਂ ਦੇ ਪੇਸ਼ੇ ਵਿਚ ਪ੍ਰਚਲਤ ਸ਼ਬਦ ਸਹੀ ਤਰਜਮਾਨੀ ਨਹੀਂ ਕਰਦੇ, ਤੇ ਕਿਵੇਂ ਉਹ ਇਸ ਸ਼ਬਦ ਜੰਗ ਖਿਲਾਫ ਯਤਨ ਤੇ ਸੰਘਰਸ਼ ਕਰ ਰਹੇ ਹਨ ਬਾਰੇ ਕਿਤਾਬ ਤੇ ਡਾਕਟਰ ਸੇਵਕ ਸਿੰਘ ਦੇ ਹਵਾਲੇ ਨਾਲ ਜ਼ਿਕਰ ਕੀਤਾ।
ਡਾ. ਸਿਕੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਨੇ ਭਾਈ ਸੁਰਿੰਦਰਪਾਲ ਸਿੰਘ (ਜਿਨ੍ਹਾਂ ਦਾ ਜਿਕਰ ਕਿਤਾਬ ਦੇ ਮੁੱਢ ਵਿੱਚ ਹੈ) ਦੇ ਹਵਾਲੇ ਨਾਲ ਕਿਤਾਬ ਸ਼ਬਦ ਜੰਗ ਬਾਰੇ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਕਿਵੇਂ ਸ਼ਬਦ ਦੀ ਅਹਿਮੀਅਤ ਕਰਕੇ ਇਹ ਜੰਗ ਦਾ ਪਿੜ ਹੈ ਇਹਦੇ ਬਾਰੇ ਭਰਪੂਰ ਹਵਾਲਿਆਂ ਨਾਲ ਆਪਣੀ ਗੱਲ ਵਿਸਥਾਰ ਨਾਲ ਰੱਖੀ।
ਭਾਈ ਮਨਧੀਰ ਸਿੰਘ ਪੰਥ ਸੇਵਕ ਜਥਾ ਦੁਆਬਾ ਨੇ ਕਿਤਾਬਾਂ ਪੜ੍ਹਨ ਦੀ ਅਹਿਮੀਅਤ ਬਾਰੇ ਜਿਥੇ ਪ੍ਰੋ. ਪੂਰਨ ਸਿੰਘ ਦੇ ਹਵਾਲੇ ਨਾਲ ਗੱਲ ਕੀਤੀ ਉਥੇ ਹੀ ਸਮਾਗਮ ਵਿਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਅਖੀਰ ਪੰਥ ਦੀਆਂ ਮਾਇਆਨਾਜ ਸ਼ਖਸ਼ੀਅਤਾਂ ਨੇ ਕਿਤਾਬ ਜਾਰੀ ਕੀਤੀ ਤੇ ਡਾ. ਸੇਵਕ ਸਿੰਘ ਦਾ ਇਸ ਕਾਰਜ ਲਈ ਸਨਮਾਨ ਕੀਤਾ ਗਿਆ। ਇਸ ਸਮਾਗਮ ਦਾ ਉਪਰਾਲਾ ਲੱਖੀ ਜੰਗਲ ਖਾਲਸਾ ਜਥਾ ਵੱਲੋਂ ਕੀਤਾ ਗਿਆ।