ਫ਼ਿਲਮ ‘ਦਾ ਬਲੈਕ ਪ੍ਰਿੰਸ’ ਦਾ ਪੋਸਟਰ

ਸਿੱਖ ਖਬਰਾਂ

ਕੈਨੇਡਾ: ਫ਼ਿਲਮ ‘ਦਾ ਬਲੈਕ ਪ੍ਰਿੰਸ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ

By ਸਿੱਖ ਸਿਆਸਤ ਬਿਊਰੋ

July 26, 2017

ਟਰਾਂਟੋ (ਪ੍ਰਤੀਕ ਸਿੰਘ): ਬੀਤੇ ਸ਼ੁੱਕਰਵਾਰ ਦੁਨੀਆਂ ਭਰ ਵਿੱਚ ਜਾਰੀ ਹੋਈ ਫ਼ਿਲਮ ‘ਦਾ ਬਲੈਕ ਪ੍ਰਿੰਸ’ ਨੂੰ ਦਰਸ਼ਕਾਂ ਨੇ ਖੁੱਲ੍ਹੇ ਦਿਲ ਅਤੇ ਉਤਸ਼ਾਹ ਨਾਲ ਪ੍ਰਵਾਨ ਕੀਤਾ ਹੈ। ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ’ਤੇ ਬਣੀ ਲਗਭਗ 50 ਲੱਖ ਡਾਲਰ ਦੇ ਬਜਟ ਦੀ ਇਸ ਫ਼ਿਲਮ (ਅੰਗਰੇਜ਼ੀ ਤੇ ਪੰਜਾਬੀ) ਨੂੰ ਭਾਰਤ, ਪਾਕਿਸਤਾਨ, ਅਮਰੀਕਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਇਲਾਵਾ ਕੈਨੇਡਾ ਦੇ 18 ਸਿਨੇਮਾ ਘਰਾਂ ਵਿੱਚ ਵਿਖਾਇਆ ਜਾ ਰਿਹਾ ਹੈ ਜਿਨ੍ਹਾਂ ’ਚੋਂ ਸੱਤ ਸਿਨੇਮਾ ਹਾਲ ਇਕੱਲੇ ਉਂਟਾਰੀਓ ’ਚ ਹਨ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਇਸ ਦੇ ਸਾਰੇ ਸ਼ੋਅ ਸੋਲਡ ਆਊਟ ਜਾ ਰਹੇ ਹਨ ਅਤੇ ਪਹਿਲੇ ਤਿੰਨ ਦਿਨਾਂ ’ਚ ਇਸ ਨੇ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਬਰੈਂਪਟਨ ਦੇ ਸਿਨੇਪਲੈਕਸ ਵਿੱਚ ਸ਼ਾਮ ਦੇ ਸ਼ੋਅ ’ਚ ਪਰਿਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨਾਂ ਦੀ ਸੀ। ਸਿਨੇਮਾ ਹਾਲ ਵਿੱਚ ਫ਼ਿਲਮ ਦੌਰਾਨ ਚੁੱਪ ਵਰਤੀ ਰਹੀ ਜਿਵੇਂ ਹਰ ਕੋਈ ਇਤਿਹਾਸ ਜਾਣਨ ਲਈ ਉਤਸੁਕ ਹੋਵੇ। ਮਿਸੀਸਾਗਾ ਦੀ ਮਨਦੀਪ ਸੰਧੂ ਨੂੰ ਸਰਤਾਜ ਦੀ ਅਦਾਕਾਰੀ ਨੇ ਕੀਲਿਆ ਤਾਂ ਸਰਬਜੀਤ ਨੂੰ ਸ਼ਬਾਨਾ ਆਜ਼ਮੀ ਦਾ ਰਾਣੀ ਜਿੰਦਾਂ ਦਾ ਰੋਲ ਬਹੁਤ ਜਾਨਦਾਰ ਲੱਗਾ। ਗਾਇਕ ਹੈਪੀ ਅਰਮਾਨ ਨੇ ਕਿਹਾ ਕਿ ਉਹ ਅਜਿਹੀ ਕਹਾਣੀ ਵੇਖਕੇ ਸੁੰਨ ਹੋ ਗਿਆ। ਉਸ ਨੇ ਕਿਹਾ ਕਿ ਇਹ ਸਿੱਖ ਇਤਿਹਾਸ ਦਾ ਅਹਿਮ ਦਸਤਾਵੇਜ਼ ਹੈ ਤੇ ਹਰ ਪੰਜਾਬੀ ਲਈ ਵੇਖਣਾ ਲਾਜ਼ਮੀ ਹੈ। ਸਰਤਾਜ ਦੇ ਗਾਏ ਗੀਤਾਂ ਅਤੇ ਫ਼ਿਲਮਾਂਕਣ ਨੇ ਕਈਆਂ ਨੂੰ ਰੁਆਇਆ।

ਪਾਕਿਸਤਾਨ ਵਿੱਚ ਪ੍ਰਮੋਸ਼ਨ ਲਈ ਗਏ ਹੋਏ ਫ਼ਿਲਮ ਦੇ ਨਿਰਦੇਸ਼ਕ ਕਵੀ ਰਾਜ ਨੇ ਲਾਹੌਰ ਤੋਂ ਗੱਲਬਾਤ ਕਰਦਿਆਂ ਲੋਕਾਂ ਦੇ ਹੁੰਗਾਰੇ ਬਾਰੇ ਤਸੱਲੀ ਪ੍ਰਗਟ ਕੀਤੀ ਅਤੇ ਇਸ ਨੂੰ ਆਪਣੇ ਅਗਲੇ ਪ੍ਰਾਜੈਕਟ ਲਈ ਹੌਸਲਾ ਆਖਿਆ।                (ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)

ਸਬੰਧਤ ਖ਼ਬਰ: ਮਹਾਂਰਾਜਾ ਦਲੀਪ ਸਿੰਘ ਦੀ ਕਹਾਣੀ (ਦਾ ਬਲੈਕ ਪ੍ਰਿੰਸ) ਨੂੰ ਸਿੱਖ ਸੰਸਥਾਵਾਂ ਨਜ਼ਰਅੰਦਾਜ਼ ਕਿਉਂ ਕਰ ਰਹੀਆਂ ਹਨ? …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: