ਵਿਦੇਸ਼

ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਕੌਮ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਚਿੰਤਨ ਲਈ ਹੋਇਆ ਵਿਸ਼ੇਸ਼ ਸੈਮੀਨਾਰ

By ਸਿੱਖ ਸਿਆਸਤ ਬਿਊਰੋ

September 22, 2017

ਨਿਊਯਾਰਕ: ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸੰਤ ਸਾਗਰ ਵਿਖੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੌਮੀ ਸਮੱਸਿਆਵਾਂ ਦੇ ਹੱਲ ਅਤੇ ਚਿੰਤਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਸੰਗਤ ਨੇ ਵਧ ਚੜ੍ਹ ਕੇ ਹਾਜ਼ਰੀ ਲਵਾਈ। ਇਸ ਸੈਮੀਨਾਰ ਵਿੱਚ ਮੁੱਖ ਤੌਰ ’ਤੇ ਭਾਰਤ ਅੰਦਰ ਸਿੱਖਾਂ ਨਾਲ ਪਿਛਲੇ ਕਈ ਦਹਾਕਿਆਂ ਤੋਂ ਹੁੰਦੇ ਆ ਰਹੇ ਧੱਕੇ ਦਾ ਮੁੱਦਾ ਭਾਰੂ ਰਿਹਾ।

ਸੰਗਤਾਂ ਨੂੰ ਸੰਬੋਧਨ ਕਰਦਿਆਂ ਪੱਤਰਕਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਅੱਜ ਹਾਲਾਤ ਇਹ ਬਣਾ ਦਿੱਤੇ ਗਏ ਹਨ ਕਿ ਪੰਜਾਬ ਦੀ ਧਰਤੀ ’ਤੇ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ‘ਤੇ ਸਵਾਲੀਆ ਚਿੰਨ੍ਹ ਲੱਗਾ ਹੋਇਆ ਹੈ। ਸਿੱਖਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਉਹਨਾਂ ਵਿੱਚ ਭੰਬਲਭੂਸਾ ਪੈਦਾ ਕੀਤਾ ਜਾ ਰਿਹਾ ਹੈ। ਸਾਡਾ ਦੁਸ਼ਮਣ ਨਹੀਂ ਚਾਹੁੰਦਾ ਕਿ ਅਸੀਂ ਹੱਕੀ ਮੰਗਾਂ ਲਈ ਇੱਕਮੁਠ ਹੋ ਕੇ ਲਾਮਬੰਦ ਹੋਈਏ, ਇਸ ਲਈ ਸਾਡੇ ਵਿੱਚ ਨਿਰਅਧਾਰ ਗੱਲਾਂ ਨੂੰ ਲੈ ਕੇ ਟਕਰਾਅ ਦੀ ਸਥਿਤੀ ਬਣਾ ਦਿੱਤੀ ਜਾਂਦੀ ਹੈ। ਪਾਣੀਆਂ ਦਾ ਮਸਲਾ, ਭਾਸ਼ਾ ਦਾ ਮਸਲਾ ਅਤੇ ਰਾਜਨੀਤਕ ਗੁਲਾਮੀ ਦਾ ਮਸਲਾ ਸਾਡੀ ਅਸਲ ਸਮੱਸਿਆ ਹੈ, ਜਿਨ੍ਹਾਂ ਤੋਂ ਸਾਡਾ ਧਿਆਨ ਭਟਕਾਇਆ ਜਾ ਰਿਹਾ ਹੈ।

ਸਬੰਧਤ ਖ਼ਬਰ: ਫਰੈਕਫੋਰਟ: “ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ…” ਬਾਰੇ ਹੋਏ ਸੈਮੀਨਾਰ ਨੇ ਛੱਡੀਆਂ ਅਮਿਟ ਯਾਦਾਂ (ਰਿਪੋਰਟ) …

ਸੁਰਿੰਦਰ ਸਿੰਘ ਤੋਂ ਬਾਅਦ ਡਾ. ਅਮਰਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਬਿਮਾਰੀ ਦੇ ਲੱਛਣਾਂ ਵੱਲ ਧਿਆਨ ਦੇਣ ਦੀ ਥਾਂ ’ਤੇ ਬਿਮਾਰੀ ਦੀ ਜੜ੍ਹ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਸਾਡਾ ਦੁਸ਼ਮਣ ਬ੍ਰਾਹਮਣਵਾਦੀ ਵਿਚਾਰਧਾਰਾ ਹੈ। ਬ੍ਰਾਹਮਣਵਾਦ ਨੇ ਪਹਿਲਾਂ ਭਾਰਤ ਦੀ ਧਰਤੀ ਤੋਂ ਬੁੱਧ ਧਰਮ ਦਾ ਖਾਤਮਾ ਕੀਤਾ ਅਤੇ ਅੱਜ ਸਿੱਖੀ ਨੂੰ ਖਤਮ ਕਰਨ ਦੀਆਂ ਡੂੰਘੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸਾਡੇ ਦੁਸ਼ਮਣ ਨੂੰ ਵੀ ਪਤਾ ਹੈ ਕਿ ਮਹਾਤਮਾ ਬੁੱਧ ਤੋਂ ਬਾਅਦ ਭਾਰਤ ਦੀ ਧਰਤੀ ’ਤੇ ਸਿਰਫ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੇ ਹੀ ਬ੍ਰਾਹਮਣਵਾਦ ਨੂੰ ਚੁਣੌਤੀ ਦਿੱਤੀ। ਸਿੱਖੀ, ਵਰਣ-ਆਸ਼ਰਮ ਜਾਤ-ਪਾਤ ’ਤੇ ਅਧਾਰਿਤ ਵਿਚਾਰਧਾਰਾ ਲਈ ਵੱਡਾ ਖਤਰਾ ਹੈ। ਅੱਜ ਲੋੜ ਹੈ ਕਿ ਸਿੱਖ ਸੁਹਿਰਦਤਾ ਨਾਲ ਬ੍ਰਾਹਮਣਵਾਦ ਦੀਆਂ ਚਾਲਾਂ ਨੂੰ ਸਮਝਣ ਅਤੇ ਆਪਸੀ ਵਖਰੇਵਿਆਂ ਤੋਂ ਉਪਰ ਉ¤ਠ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨਾਂ ਅਨੁਸਾਰ ਖਾਲਿਸਤਾਨ ਦੀ ਪ੍ਰਾਪਤੀ ਲਈ ਲਾਮਬੰਦੀ ਕਰਨ। ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ ਅਤੇ ਜੇ ਅਸੀਂ ਇਸ ਚੱਲ ਰਹੇ ਵਰਤਾਰੇ ਨੂੰ ਨਾ ਰੋਕ ਸਕੇ ਤਾਂ ਸਿੱਖ ਭਾਰਤੀ ਸੰਵਿਧਾਨ ਅਨੁਸਾਰ ਪੰਜਾਬ ਦੀ ਧਰਤੀ ‘ਤੇ ਮਹਿਜ਼ ਕੇਸਾਧਾਰੀ ਹਿੰਦੂ ਬਣ ਕੇ ਰਹਿ ਜਾਣਗੇ।

ਸਬੰਧਤ ਖ਼ਬਰ: ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਬੈਲਿੰਗਮ ਵਿੱਚ ਹੋਇਆ ਸੈਮੀਨਾਰ …

ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਅੱਜ ਦੇ ਸਮੇਂ ਪੰਜਾਬ ਨੂੰ ਹਰ ਪੱਖੋਂ ਪ੍ਰਫੁਲੱਤ ਕਰਨ ਵੱਲ ਸੰਗਤਾਂ ਦਾ ਧਿਆਨ ਕੇਂਦਰਿਤ ਕੀਤਾ ਅਤੇ ਕਿਹਾ ਕਿ ਸਾਨੂੰ ਵਿੱਦਿਆ ਪੱਖੋਂ, ਉਦਯੋਗ ਪੱਖੋਂ ਅਤੇ ਮਾਨਸਿਕ ਤੌਰ ‘ਤੇ ਤਿਆਰ ਬਰ ਤਿਆਰ ਹੋ ਕੇ ਸਮੇਂ ਦਾ ਟਾਕਰਾ ਕਰਨਾ ਚਾਹੀਦਾ ਹੈ ਅਤੇ ਰਾਜਸੀ ਅਜ਼ਾਦੀ ਲਈ ਪੇਸ਼ਕਦਮੀਂ ਕਰਨੀ ਚਾਹੀਦੀ ਹੈ। 

ਇਸ ਸੈਮੀਨਾਰ ਵਿੱਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਤੋਂ ਹਰਜਿੰਦਰ ਸਿੰਘ ਪਾਈਨਹਿੱਲ ਅਤੇ ਸਿੱਖਸ ਫਾਰ ਜਸਟਿਸ ਤੋਂ ਡਾ. ਬਖਸ਼ੀਸ਼ ਸਿੰਘ ਸੰਧੂ ਵਲੋਂ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ। ਸਟੇਜ ਸੱਕਤਰ ਦੀ ਸੇਵਾ ਰਜਿੰਦਰ ਸਿੰਘ ਵਲੋਂ ਬੜੀ ਖੂਬਸੂਰਤੀ ਨਾਲ ਨਿਭਾਈ ਗਈ ਅਤੇ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਸੈਮੀਨਾਰ ਵਿੱਚ ਹਾਜ਼ਰ ਹੋਈ ਸੰਗਤਾਂ ਦੀ ਵੱਡੀ ਗਿਣਤੀ ਨੇ ਪ੍ਰਬੰਧਕਾਂ ਦੇ ਹੌਂਸਲੇ ਬੁਲੰਦ ਕੀਤੇ। ਟੀ.ਵੀ.84 ਅਤੇ ਰੇਡੀਓ ਵਾਇਸ ਆਫ ਖਾਲਸਾ ਵੱਲੋਂ ਇਸ ਸੈਮੀਨਾਰ ਨੂੰ ਕਵਰ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: