ਬਲਵੀਰ ਸਿੰਘ ਸਿੱਧੂ

ਪੰਜਾਬ ਦੀ ਰਾਜਨੀਤੀ

ਪੰਜਾਬ ਦੇ ਹਿੰਦ-ਨਵਾਜ਼ ਆਗੂਆਂ ਨੂੰ ਵੀ ਆਉਣ ਲੱਗਿਆ ਚੰਡੀਗੜ੍ਹ ਦਾ ਮੋਹ

By ਸਿੱਖ ਸਿਆਸਤ ਬਿਊਰੋ

July 22, 2018

ਚੰਡੀਗੜ੍ਹ: ਪੰਜਾਬ ਨਾਲ ਭਾਰਤ ਦੀ ਧੋਖਾਧੜੀ ਦਾ ਜ਼ਿਕਰ ਪੰਜਾਬ ਦੇ ਹਿੰਦ-ਨਵਾਜ਼ ਆਗੂ ਵੀ ਗਾਹੇ-ਬਗਾਹੇ ਕਰਦੇ ਰਹਿੰਦੇ ਹਨ, ਭਾਵੇਂ ਕਿ ਉਹਨਾਂ ਦੀਆਂ ਇਹ ਗੱਲਾਂ ਸਿਰਫ ਬਿਆਨਬਾਜ਼ੀ ਤਕ ਹੀ ਸੀਮਤ ਰਹਿੰਦੀਆਂ ਹਨ ਕਿਉਂਕਿ ਉਹ ਪੰਜਾਬ ਦੇ ਹੱਕ ਲੈਣ ਖਾਤਿਰ ਭਾਰਤੀ ਨਿਜ਼ਾਮ ਤੋਂ ਮਿਲਦੀਆਂ ਚੌਧਰਾਂ ਨੂੰ ਨਹੀਂ ਤਿਆਗ ਸਕਦੇ। ਅਜਿਹਾ ਹੀ ਇਕ ਬਿਆਨ ਪੰਜਾਬ ਦੇ ਕਾਂਗਰਸੀ ਆਗੂ ਅਤੇ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਭਾਰਤ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਰਾਜਧਾਨੀ ਵਜੋਂ ਉਸਾਰੇ ਚੰਡੀਗੜ੍ਹ ਸ਼ਹਿਰ ’ਚੋਂ ਪੰਜਾਬੀ ਅਤੇ ਪੰਜਾਬੀਅਤ ਨੂੰ ਗਿਣੀ ਮਿਥੀ ਸਾਜ਼ਿਸ਼ ਤਹਿਤ ਖ਼ਤਮ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਪਸ਼ੂ ਪਾਲਣ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸੰਘ ਪਰਿਵਾਰ ਵੱਲੋਂ ਤਿਆਰ ਕੀਤੇ ਉਸ ‘ਗੁਪਤ ਮਨਸੂਬੇ’ ਨੂੰ ਲਾਗੂ ਕਰ ਰਹੀ, ਜਿਸ ਤਹਿਤ ਵੱਖ ਵੱਖ ਖੇਤਰੀ ਭਾਸ਼ਾਵਾਂ ਅਤੇ ਸੱਭਿਆਚਾਰਾਂ ਦਾ ਗਲਾ ਘੁੱਟ ਕੇ ਪੂਰੇ ਮੁਲਕ ਦੇ ਲੋਕਾਂ ਉੱਤੇ ਇੱਕੋ ਬੋਲੀ ਤੇ ਸੱਭਿਆਚਾਰ ਠੋਸਣ ਦੀ ਯੋਜਨਾ ਘੜੀ ਗਈ ਹੈ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨਾ ਤਾਂ ਇੱਕ ਪਾਸੇ, ਉਲਟਾ ਰਾਜਧਾਨੀ ’ਚੋਂ ਪੰਜਾਬੀ ਨੂੰ ਖ਼ਤਮ ਕਰਨ ਦੇ ਰਾਹ ’ਤੇ ਪੈ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਚੰਡੀਗੜ੍ਹ ਵਿੱਚ ਕੇਂਦਰ ਅਧੀਨ ਖਿੱਤੇ ਦੇ ਕਾਡਰ ਦੇ ਅਧਿਕਾਰੀਆਂ ਦੀ ਨਿਯੁਕਤੀ ਕਰਕੇ ਪੰਜਾਬੀ ਸੂਬਾ ਬਣਨ ਸਮੇਂ ਹੋਏ ਸਮਝੌਤੇ ਦੀ ਉਲੰਘਣਾ ਕਰ ਰਹੀ ਹੈ, ਜਿਸ ਤਹਿਤ ਇੱਥੇ ਪੰਜਾਬ ਤੇ ਹਰਿਆਣਾ ’ਚੋਂ ਕ੍ਰਮਵਾਰ 60:40 ਅਨੁਪਾਤ ਵਿਚ ਅਫਸਰਾਂ ਤੇ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਜਾਣੀ ਸੀ। ਇਸ ਦੇ ਉਲਟ ਕੇਂਦਰ ਨੇ ਹੋਰਨਾਂ ਕੇਂਦਰ ਅਧੀਨ ਖਿੱਤਿਆਂ ਦੀ ਤਰਜ਼ ’ਤੇ ਚੰਡੀਗੜ੍ਹ ਵਿਚ ਵੀ ਕੇਂਦਰ ਅਧੀਨ ਖਿੱਤੇ ਦੇ ਕਾਡਰ ਦੇ ਅਫਸਰ ਨਿਯੁਕਤ ਕਰ ਕਰ ਰਿਹਾ ਹੈ, ਜਿਸ ਦਾ ਮਕਸਦ ਸ਼ਹਿਰ ਦੇ ਪੰਜਾਬੀ ਖ਼ਾਸੇ ਨੂੰ ਖ਼ਤਮ ਕਰਨਾ ਹੈ, ਤਾਂ ਕਿ ਪੰਜਾਬ ਦਾ ਇਸ ਉੱਤੇ ਦਾਅਵਾ ਹੀ ਨਾ ਰਹੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਵਜੋਂ ਵਸਾਏ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਦੀ ਦਫ਼ਤਰੀ ਭਾਸ਼ਾ ਅੰਗਰੇਜ਼ੀ ਬਣਾਉਣ ਦਾ ਫੈਸਲਾ ਲੋਕਾਂ ਨਾਲ ਧੋਖਾ ਹੈ, ਜਿਸ ਖ਼ਿਲਾਫ਼ ਪੰਜਾਬੀਆਂ ਵਿਚ ਸਖ਼ਤ ਰੋਸ ਅਤੇ ਰੋਹ ਹੈ। ਉਨ੍ਹਾਂ ਕੇਂਦਰ ਨੂੰ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਨੂੰ ਤੁਰੰਤ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਵਜੋਂ ਲਾਗੂ ਕਰੇ ਤਾਂ ਕਿ ਪੰਜਾਬੀ ਨੂੰ ਇਸ ਦੀ ਬਣਦੀ ਥਾਂ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਹੀ ਦੁਨੀਆਂ ਦਾ ਅਜਿਹਾ ਸੂਬਾ ਹੈ ਜਿਹੜਾ ਆਪਣੀ ਹੋਂਦ ਦੇ ਪੰਜਾਹ ਸਾਲਾਂ ਬਾਅਦ ਵੀ ਆਪਣੀ ਰਾਜਧਾਨੀ ਤੋਂ ਵਿਰਵਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਏ ਚੰਡੀਗੜ੍ਹ ਵਿਚੋਂ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਖਤਮ ਕਰਨ ਦੀਆਂ ਭਾਰਤੀ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਹ ਯਤਨ ਸਾਰੀਆਂ ਸਰਕਾਰਾਂ ਵੇਲੇ ਬਿਨ੍ਹਾਂ ਕਿਸੇ ਤਬਦੀਲੀ ਤੋਂ ਚਲਦੇ ਆ ਰਹੇ ਹਨ। ਬੀਤੇ ਦਿਨਾਂ ਦੌਰਾਨ ਪੰਜਾਬ ਦੀ ਸੱਤਾ ‘ਤੇ ਕਾਬਜ਼ ਕਾਂਗਰਸ ਦੇ ਆਗੂਆਂ ਨੇ ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਭਾਜਪਾ ਨੂੰ ਪੰਜਾਬ ਨਾਲ ਵਿਤਕਰਿਆਂ ਲਈ ਦੋਸ਼ੀ ਐਲਾਨਦਿਆਂ ਕੁਝ ਬਿਆਨ ਜਾਰੀ ਕੀਤੇ ਹਨ ਪਰ ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਪੰਜਾਬ ਨਾਲ ਭਾਰਤ ਦੀ ਕੇਂਦਰੀ ਸੱਤਾ ਵਲੋਂ ਕੀਤੇ ਜਾ ਰਹੇ ਵਿਤਕਰੇ ਕੋਈ ਨਵੇਂ ਨਹੀਂ ਹਨ, ਇਹ ਮੋਜੂਦਾ ਭਾਰਤ ਦੇ ਹੋਂਦ ਵਿਚ ਆਉਣ ਤੋਂ ਹੀ ਸ਼ੁਰੂ ਹੋ ਗਏ ਸਨ। ਭਾਰਤ ਦੀ ਕੇਂਦਰੀ ਸੱਤਾ ‘ਤੇ ਭਾਵੇਂ ਕੋਈ ਵੀ ਪਾਰਟੀ ਕਾਬਜ਼ ਹੋਵੇ ਉਸਦਾ ਪੰਜਾਬ ਪ੍ਰਤੀ ਰਵੱਈਆ ਧੱਕੇ ਵਾਲਾ ਹੀ ਰਿਹਾ ਹੈ। ਪਰ ਪੰਜਾਬ ਕਾਂਗਰਸ ਦੇ ਆਗੂ ਸਿਰਫ ਸੌੜੇ ਤੇ ਨਿਜੀ ਸਿਆਸੀ ਹਿੱਤਾਂ ਲਈ ਇਕ ਪਾਰਟੀ ਨੂੰ ਅਧਾਰ ਬਣਾ ਕੇ ਬਿਆਨਬਾਜ਼ੀ ਕਰ ਰਹੇ ਹਨ।

ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਸਿੱਖਾਂ ਵਲੋਂ ਅੱਗੇ ਹੋ ਕੇ ਪੰਜਾਬ ਦੇ ਹੱਕਾਂ ਲਈ ਕੀਤੇ ਗਏ ਸੰਘਰਸ਼ ਵਿਚ ਚੰਡੀਗੜ੍ਹ ਪੰਜਾਬ ਲਈ ਲੈਣਾ ਇਕ ਮੁੱਖ ਮੰਗ ਸੀ, ਪਰ ਅੱਜ ਤਕ ਵੀ ਪੰਜਾਬ ਦੀ ਕੋਈ ਸਰਕਾਰ ਵੱਡੇ ਲੋਕ ਸੰਘਰਸ਼ ਦੇ ਬਾਵਜੂਦ ਚੰਡੀਗੜ੍ਹ ‘ਤੇ ਪੰਜਾਬ ਦੇ ਹੱਕ ਨੂੰ ਬਹਾਲ ਕਰਨ ਲਈ ਕੋਈ ਦਲੇਰੀ ਵਾਲਾ ਕਦਮ ਨਹੀਂ ਚੁੱਕ ਸਕੀ ਤੇ ਪੰਜਾਬ ਦੇ ਸਾਰੇ ਹਿੰਦ-ਨਵਾਜ਼ ਆਗੂ ਭਾਵੇਂ ਉਹ ਬਾਦਲ ਦਲ ਨਾਲ ਸਬੰਧਿਤ ਹੋਣ ਜਾ ਕਾਂਗਰਸ ਨਾਲ, ਤਰਲੇ ਮਿੰਨਤਾਂ ਵਾਲੀ ਨੀਤੀ ਉੱਤੇ ਹੀ ਚਲ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: