ਖਾਸ ਖਬਰਾਂ

2015 ਵਿੱਚ ਕੀਤੀ ਅਸਹਿਣਸ਼ੀਲਤਾ ਵਾਲੀ ਟਿੱਪਣੀ ਕਰਕੇ ਹਾਈ ਕੋਰਟ ਵੱਲੋਂ ਆਮਿਰ ਖਾਨ ਨੂੰ ਨੋਟਿਸ ਜਾਰੀ

By ਸਿੱਖ ਸਿਆਸਤ ਬਿਊਰੋ

March 18, 2020

ਬਿਲਾਸਪੁਰ/ਚੰਡੀਗੜ੍ਹ: ਸਾਲ 2015 ਵਿੱਚ ਭਾਰਤੀ ਉਪਮਹਾਂਦੀਪ ‘ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬਿਪਰਵਾਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਮੁਸਲਮਾਨਾਂ ਉੱਪਰ ਹਮਲੇ ਵਧ ਰਹੇ ਸਨ, ਉਸ ਵੇਲੇ ਇਸ ਖਿੱਤੇ ਵਿੱਚ ਪਸਰ ਰਹੀ ਅਸਹਿਣਸ਼ੀਲਤਾ ਬਾਰੇ ਬਹਿਸ ਜ਼ੋਰਾਂ ਉੱਪਰ ਸੀ। ਇਸੇ ਦੌਰਾਨ ਇੱਕ ਗੱਲਬਾਤ ਵਿੱਚ ਹਿੰਦੀ ਫਿਲਮਾਂ ਦੇ ਅਦਾਕਾਰ ਆਮਿਰ ਖਾਨ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਇਸ ਖਿੱਤੇ ਵਿੱਚ ਵਧ ਰਹੀ ਅਸਹਿਣਸ਼ੀਲਤਾ ਕਾਰਨ ਉਸ ਦੀ ਧਰਮ ਪਤਨੀ ਨੇ ਇਹ ਸਲਾਹ ਦਿੱਤੀ ਸੀ ਕਿ ਉਹ ਇਸ ਖਿੱਤੇ ਨੂੰ ਛੱਡ ਦੇਣ। ਹੁਣ ਤਕਰੀਬਨ ਚਾਰ ਸਾਲ ਤੋਂ ਵੱਧ ਸਮੇਂ ਤੋਂ ਬਾਅਦ ਇਸ ਟਿੱਪਣੀ ਨੂੰ ਲੈ ਕੇ ਛੱਤੀਸਗੜ੍ਹ ਹਾਈ ਕੋਰਟ ਵੱਲੋਂ ਆਮਿਰ ਖਾਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਇਹ ਨੋਟਿਸ ਦੀਪਕ ਦੀਵਾਨ ਨਾਮੀ ਇੱਕ ਵਿਅਕਤੀ ਵੱਲੋਂ ਹਾਈ ਕੋਰਟ ਵਿੱਚ ਪਾਈ ਗਈ ਪਟੀਸ਼ਨ ਦੇ ਆਧਾਰ ਉੱਤੇ ਜਾਰੀ ਹੋਇਆ ਹੈ।

ਖਬਰਾਂ ਹਨ ਕਿ ਹਾਈ ਕੋਰਟ ਨੇ 16 ਮਾਰਚ 2020 ਨੂੰ ਛੱਤੀਸਗੜ੍ਹ ਸਰਕਾਰ ਨੂੰ ਵੀ ਇਸ ਸਬੰਧੀ ਨੋਟਿਸ ਭੇਜਿਆ ਸੀ।

ਪਟੀਸ਼ਨ ਕਰਤਾ ਦੀਪਕ ਦੀਵਾਨ ਦੇ ਵਕੀਲ ਅਮਿਆਕਾਂਤ ਤਿਵਾੜੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਰਾਏਪੁਰ ਦੇ ਮੈਜਿਸਟ੍ਰੇਟ ਕੋਲ ਵੀ ਆਮਿਰ ਖਾਨ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਪਰ ਉਹ ਸ਼ਿਕਾਇਤ ਰੱਦ ਹੋਣ ਤੋਂ ਬਾਅਦ ਹੋਰ ਉਨ੍ਹਾਂ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ।

ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 17 ਅਪਰੈਲ ਤੱਕ ਅੱਗੇ ਪਾ ਦਿੱਤੀ ਹੈ ਅਤੇ ਛੱਤੀਸਗੜ੍ਹ ਸਰਕਾਰ ਤੇ ਆਮਿਰ ਖਾਨ ਨੂੰ ਜਵਾਬ ਦਾਖਿਲ ਕਰਨ ਲਈ ਕਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: