ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਭਾਰਤੀ ਫੌਜ ਦੇ ਹਮਲੇ ਦੇ ਰੋਸ ਵਜੋਂ ਪੂਰਨ ਬੰਦ ਰਿਹਾ ਅੰਮ੍ਰਿਤਸਰ ਸ਼ਹਿਰ

June 7, 2018 | By

ਅੰਮ੍ਰਿਤਸਰ: ਘੱਲੂਘਾਰਾ ਜੂਨ 1984 ਦੀ 34ਵੀਂ ਬਰਸੀ ਮੌਕੇ ਰੋਸ ਵਜੋਂ ਦਲ ਖਾਲਸਾ ਜਥੇਬੰਦੀ ਵੱਲੋਂ ਅੱਜ ਲਈ ਦਿੱਤੇ ਗਏ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਮੁੱਚੇ ਸ਼ਹਿਰ ਵਿੱਚ ਲਗਭਗ ਸਾਰਾ ਦਿਨ ਦੁਕਾਨਾਂ ਅਤੇ ਕਾਰੋਬਾਰ ਆਪਣੇ ਆਪ ਹੀ ਲੋਕਾਂ ਵੱਲੋਂ ਬੰਦ ਰੱਖੇ ਗਏ। ਗੌਰਤਲਬ ਹੈ ਕਿ ਬੀਤੇ ਕੁਝ ਸਾਲਾਂ ਤੋਂ ਦਲ ਖ਼ਾਲਸਾ ਵਲੋਂ 6 ਜੂਨ ਨੂੰ ਦਿੱਤੇ ਜਾਂਦੇ ਬੰਦ ਦੇ ਸੱਦੇ ਨੂੰ ਸ਼ਹਿਰ ਵਾਸੀ ਪੂਰਨ ਸਮਰਥਨ ਦਿੰਦੇ ਹਨ ਤੇ ਹਰ ਵਾਰ ਸਾਰਾ ਸ਼ਹਿਰ ਮੁਕੰਮਲ ਬੰਦ ਰੱਖ ਕੇ ਭਾਰਤੀ ਫੌਜੀ ਹਮਲੇ ਖਿਲਾਫ ਰੋਸ ਪ੍ਰਗਟ ਕੀਤਾ ਜਾਂਦਾ ਹੈ।

ਸ਼ਹਿਰ ਵਿੱਚ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਜਿਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੱਡੀ ਗਿਣਤੀ ਵਿੱਚ ਸਾਦੇ ਕੱਪੜਿਆਂ ਵਿੱਚ ਪੁਲੀਸ ਤਾਇਨਾਤ ਰਹੀ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ- ਦੁਆਲੇ ਵੀ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਸੀ। ਪੁਲੀਸ ਵੱਲੋਂ ਪਾਣੀ ਦੀਆਂ ਬੁਛਾੜਾਂ ਵਾਲੇ ਵਾਹਨ ਤੇ ਹੋਰ ਤੁਰੰਤ ਕਾਰਵਾਈ ਵਾਲੇ ਵਾਹਨ ਵੀ ਤਿਆਰ ਰੱਖੇ ਗਏ ਸਨ ਅਤੇ ਸਮੁੱਚੇ ਸ਼ਹਿਰ ਵਿੱਚ ਨਾਕੇ ਲਾਏ ਹੋਏ ਸਨ। ਪੁਲੀਸ ਤੋਂ ਇਲਾਵਾ ਨੀਮ ਫੌਜੀ ਬਲ ਵੀ ਤਾਇਨਾਤ ਕੀਤੇ ਗਏ ਸਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸ਼ਹਿਰ ਵਿੱਚ ਅਮਨ ਸ਼ਾਂਤੀ ਕਾਇਮ ਰਹੀ।

ਬੰਦ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸਮੇਤ ਸਮੁੱਚੇ ਸ਼ਹਿਰ ਵਿੱਚ ਵੀ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਇਸ ਦੌਰਾਨ ਦਲ ਖਾਲਸਾ ਜਾਂ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਕਿਸੇ ਵੀ ਤਰ੍ਹਾਂ ਜਬਰੀ ਬੰਦ ਕਰਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਜਲੂਸ ਆਦਿ ਕੱਢਿਆ ਗਿਆ। ਲੋਕਾਂ ਵੱਲੋਂ ਆਪਣੇ ਤੌਰ ’ਤੇ ਹੀ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖੇ ਗਏ। ਕੁਝ ਥਾਵਾਂ ’ਤੇ ਸ਼ਾਮ ਵੇਲੇ ਦੁਕਾਨਾਂ ਆਦਿ ਖੁਲ੍ਹ ਗਈਆਂ ਸਨ। ਲੋਕਾਂ ਵੱਲੋਂ ਬੰਦ ਲਈ ਦਿੱਤੇ ਸਹਿਯੋਗ ’ਤੇ ਧੰਨਵਾਦ ਕਰਦਿਆਂ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਆਖਿਆ ਕਿ ਸਮੂਹ ਧਰਮਾਂ ਤੇ ਫਿਰਕਿਆਂ ਦੇ ਲੋਕਾਂ ਨੇ ਸਹਿਯੋਗ ਦਿੱਤਾ ਹੈ, ਜਿਸ ਕਾਰਨ ਸ਼ਹਿਰ ਵਿੱਚ ਮੁਕੰਮਲ ਬੰਦ ਰਿਹਾ। ਉਨ੍ਹਾਂ ਆਖਿਆ ਕਿ ਅੱਜ ਮੁੱਖ ਸਮਾਗਮ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਵਿਰੋਧ ਕੀਤਾ ਗਿਆ, ਜਿਨ੍ਹਾਂ ਨੂੰ ਸੰਗਤ ਵੱਲੋਂ ਨਕਾਰਿਆ ਜਾ ਚੁੱਕਾ ਹੈ।

ਹਿੰਦੁਤਵੀ ਸੰਗਠਨਾਂ ਨੇ ਹਮਲਾਵਰ ਇੰਦਰਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਜਲੰਧਰ: ਘੱਲੂਘਾਰਾ ਜੂਨ ’84 ਦੌਰਾਨ ਸਿੱਖ ਭਾਵਨਾਵਾਂ ਦੇ ਵਿਰੁੱਧ ਕੁਝ ਹਿੰਦੁਤਵੀ ਸੰਗਠਨਾਂ ਨੇ ਐਲਾਨ ਕੀਤਾ ਸੀ ਕਿ ਉਹ ਸਿੱਖ ਜੁਝਾਰੂਆਂ ਵਲੋਂ ਮਾਰੇ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਚੜ੍ਹਾਉਣਗੇ ਪਰ ਪੁਲੀਸ ਨੇ ਉਨ੍ਹਾਂ ਨੂੰ ਬੁੱਤ ਦੇ ਨੇੜੇ ਫੜਕਣ ਨਹੀਂ ਦਿੱਤਾ। ਹਿੰਦੂ ਸੰਗਠਨਾਂ ਦੇ ਕਾਰਕੁਨਾਂ ਨੇ ਵੱਖਰੇ ਥਾਂ ਸਮਾਗਮ ਕਰਕੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮਾਡਲ ਟਾਊਨ ਦੇ ਗੁਰਦੁਆਰਾ ਸਿੰਘ ਸਭਾ ਨੂੰ ਜਾਣ ਵਾਲੀ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਰਹੇ। ਇਸੇ ਤਰ੍ਹਾਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿੱਚ ਵੀ ਪੁਲੀਸ ਨੇ ਪਹਿਰਾ ਰੱਖਿਆ। ਘੱਲੂਘਾਰਾ ਦਿਵਸ ਅਮਨ-ਅਮਾਨ ਨਾਲ ਲੰਘਣ ’ਤੇ ਪੁਲੀਸ ਨੇ ਸੁੱਖ ਦਾ ਸਾਹ ਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,