ਸਿਆਸੀ ਖਬਰਾਂ » ਸਿੱਖ ਖਬਰਾਂ

ਭਾਈ ਹਵਾਰਾ ਦਾ ਪੱਤਰ ਜਨਤਕ ਕਰਨ ਲਈ ਨਹੀਂ ਸੀ; ਭਾਈ ਹਵਾਰਾ ਨੇ ਅਸਤੀਫਾ ਨਹੀਂ ਦਿੱਤਾ: ਐਡਵੋਕੇਟ ਅਮਰ ਸਿੰਘ ਚਾਹਲ

December 4, 2016 | By

ਚੰਡੀਗੜ੍ਹ: ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਅਤੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਅੱਜ ਸਪਸ਼ਟ ਕੀਤਾ ਕਿ ਭਾਈ ਜਗਤਾਰ ਸਿੰਘ ਨੇ “ਜਥੇਦਾਰੀ” ਤੋਂ ਅਸਤੀਫਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਹਵਾਰਾ ਦਾ ਜੋ ਪੱਤਰ ਜਨਤਕ ਹੋਇਆ ਹੈ ਉਹ ਪੁਰਾਣਾ ਹੈ ਅਤੇ ਉਸ ਤੋਂ ਬਾਅਦ ਹਾਲਾਤ ਬਦਲ ਚੁੱਕੇ ਹਨ।

ਸਿੱਖ ਸਿਆਸਤ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਐਡਵੋਕੇਟ ਅਮਰ ਸਿੰਘ ਚਾਹਲ ਨੇ ਕਿਹਾ ਕਿ ਉਹ ਕੁਝ ਹੋਰ ਸੱਜਣਾਂ ਨਾਲ ਭਾਈ ਹਵਾਰਾ ਨੂੰ ਕੁਝ ਦਿਨ ਪਹਿਲਾਂ (ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਚਿੱਠੀ ਦੀ ਮਿਤੀ ਭਾਵ 21/ਨਵੰਬਰ/2016 ਤੋਂ ਬਾਅਦ) ਮਿਲੇ ਸਨ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੇ ਇਕ ਹੋਰ ਨਵਾਂ ਪੱਤਰ ਜਾਰੀ ਕੀਤਾ ਹੈ।

ਐਡਵੋਕੇਟ ਚਾਹਲ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜਾਰੀ ਕੀਤੇ ਨਵੇਂ ਪੱਤਰ ਦੀਆਂ ਹਿਦਾਇਤਾਂ ਮੁਤਾਬਕ ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਪਿੰਡ ਰੋਡੇ ਵਿਖੇ 28 ਨਵੰਬਰ ਨੂੰ ਕਰਵਾਏ ਗਏ ਇਕੱਠ ਵਿੱਚ ਸ਼ਾਮਲ ਹੋ ਕੇ ‘ਸਰਬੱਤ ਖਾਲਸਾ’ (8 ਦਸੰਬਰ ਦੇ ਤਲਵੰਡੀ ਸਾਬੋ ਵਾਲੇ ਇਕੱਠ) ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ।

ਐਡਵੋਕੇਟ ਅਮਰ ਸਿੰਘ ਚਹਿਲ ਸਿੱਖ ਸਿਆਸਤ ਨਿਊਜ਼ ਨਾਲ ਗੱਲਬਾਤ ਕਰਦੇ ਹੋਏ (ਫਾਈਲ ਫੋਟੋ)

ਐਡਵੋਕੇਟ ਅਮਰ ਸਿੰਘ ਚਹਿਲ ਸਿੱਖ ਸਿਆਸਤ ਨਿਊਜ਼ ਨਾਲ ਗੱਲਬਾਤ ਕਰਦੇ ਹੋਏ (ਪੁਰਾਣੀ ਤਸਵੀਰ)

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਇਹ ਪੱਤਰ ਪ੍ਰਮਾਣਕ ਹੈ ਜਾਂ ਫਿਰ ਜਾਅਲੀ ਹੈ ਜਾਂ ਫਿਰ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤਾਂ ਐਡਵੋਕੇਟ ਚਾਹਲ ਨੇ ਕਿਹਾ ਕਿ: ‘ਇਹ ਪੱਤਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਹੋਰਨਾਂ ਜਥੇਦਾਰ ਸਾਹਿਬਾਨ ਨੂੰ ਲਿਿਖਆ ਗਿਆ ਸੀ, ਇਸ ਕਰਕੇ ਇਹ ਹੈ ਤਾਂ ਠੀਕ ਪਰ ਇਕ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਇਹ ਨਿੱਜੀ ਚਿੱਠੀ ਪੱਤਰ ਸੀ, ਜੋ ਇਕ ਜਥੇਦਾਰ ਸਾਹਿਬ ਵੱਲੋਂ ਦੂਜੇ ਜਥੇਦਾਰ ਸਾਹਿਬਾਨ ਨੂੰ ਲਿਿਖਆ ਗਿਆ ਸੀ ਅਤੇ ਇਹ ਚਿੱਠੀ ਜਨਤਕ ਪੱਤਰ ਨਹੀਂ ਸੀ। ਕਿਸੇ ਕੋਲ ਵੀ ਇਹ ਹੱਕ ਨਹੀਂ ਸੀ ਕਿ ਇਸ ਪੱਤਰ ਨੂੰ ਸੋਸ਼ਲ ਮੀਡੀਆ ਰਾਹੀਂ ਵਾਇਰਲ ਕਰੇ ਅਤੇ ਜਿਸ ਨੇ ਵੀ ਕੀਤਾ ਹੈ ਸਹੀ ਨਹੀਂ ਕੀਤਾ ਤੇ ਇਹ ਪੰਥ ਦੇ ਹਿਤ ਵਿੱਚ ਨਹੀਂ ਹੈ’।

ਐਡਵੋਕੇਟ ਚਾਹਲ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਬਣਾਇਆ ਸੀ ਅਤੇ ਸਿਰਫ ਸਰਬੱਤ ਖਾਲਸਾ ਹੀ ਉਨ੍ਹਾਂ ਦੇ ਅਸਤੀਫੇ ਬਾਰੇ ਫੈਸਲਾ ਲੈ ਸਕਦਾ ਹੈ ਅਤੇ ਮੁਤਵਾਜ਼ੀ ਜਥੇਦਾਰਾਂ ਸਮੇਤ ਇਹ ਹੱਕ ਕਿਸੇ ਹੋਰ ਕੋਲ ਨਹੀਂ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਜਨਤਕ ਹੋਏ ਭਾਈ ਜਗਤਾਰ ਸਿੰਘ ਹਵਾਰਾ ਦਾ ਪੱਤਰ ਸਿੱਖ ਸਫਾਂ ਵਿਚ ਭਖਵੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸੰਬੰਧੀ ਵਾਪਰ ਰਹੀਆਂ ਘਟਨਾਵਾਂ ਦਾ ਗੌਰ ਨਾਲ ਮੁਤਾਲੀਆ ਕਰਕੇ ਸਿੱਖ ਸਿਆਸਤ ਨੇ ਅਖੰਡ ਕੀਰਤਨੀ ਜਥੇ ਦੇ ਆਗੂ ਭਾਈ ਆਰ. ਪੀ. ਸਿੰਘ ਨਾਲ ਗੱਲਬਾਤ ਕਰਕੇ 3 ਦਸੰਬਰ ਨੂੰ ਇਕ ਖਬਰ ਲਾਈ ਸੀ।

ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਅਖੰਡ ਕੀਰਤਨੀ ਜਥੇ ਦੇ ਆਗੂ ਭਾਈ ਆਰ. ਪੀ. ਸਿੰਘ ਨੇ ਇਸ ਗੱਲ ਦੀ ਤਸਦੀਕ ਕੀਤੀ ਸੀ ਕਿ ਭਾਈ ਜਗਤਾਰ ਸਿੰਘ ਵੱਲੋਂ ਮੁਤਵਾਜ਼ੀ ਜਥੇਦਾਰਾਂ – ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਉਨ੍ਹਾਂ ਦਾ ਨਾਮ ਜਥੇਦਾਰ ਵਜੋਂ ਨਾ ਵਰਤਣ ਅਤੇ 8 ਦਸੰਬਰ ਦੇ ਇਕੱਠ ਤੋਂ ਵੀ ਆਪਣੇ ਆਪ ਨੂੰ ਵੱਖਰ ਕਰਨ ਬਾਰੇ ਲਿਿਖਆ ਪੱਤਰ ਸਹੀ ਹੈ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਆਗੂ ਭਾਈ ਮਹਿੰਦਰਪਾਲ ਸਿੰਘ ਨੇ ਸਿੱਖ ਸਿਆਸਤ ਨੂੰ ਦੱਸਿਆ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਅਸਤੀਫਾ ਨਹੀਂ ਦਿੱਤਾ ਅਤੇ ਉਨ੍ਹਾਂ ‘ਸਰਬੱਤ ਖਾਲਸਾ’ ਦੀ ਵੀ ਤਸਦੀਕ ਕੀਤੀ ਹੈ। ਭਾਈ ਮਹਿੰਦਰਪਾਲ ਸਿੰਘ ਨੇ ਕਿਹਾ ਸੀ ਕਿ ਵਾਇਰਲ ਹੋਈ ਚਿੱਠੀ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ।

ਸਿੱਖ ਸਿਆਸਤ ਨੇ ਅੱਜ ਮੁੜ ਭਾਈ ਆਰ. ਪੀ. ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਚਿੱਠੀ ਤੇ ਇਸ ਵਿਚ ਦਰਜ਼ ਗੱਲਾਂ ਸਹੀ ਹਨ ਪਰ ਹੁਣ ਹਾਲਾਤ ਬਦਲ ਗਏ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਚਿੱਠੀ ਨੂੰ ਜਾਅਲੀ ਦੱਸਦਾ ਹੈ ਤਾਂ ਉਸ ਨੂੰ ਆਪਣਾ ਦਾਅਵਾ ਸਾਬਤ ਕਰਨਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,