ਲੇਖ

ਕਰੋਨਾਵਾਇਰਸ ਰੋਗ (ਕੋਵਿਡ-19): ਕਾਰਨ, ਬਚਾਅ ਅਤੇ ਇਲਾਜ

March 27, 2020 | By

ਲੇਖਕ: ਗੁਰਵਿੰਦਰ ਸਿੰਘ

ਅੱਜ ਕੋਵਿਡ-19 ਨਾਮੀ ਬਿਮਾਰੀ ਦੁਨੀਆਂ ਵਿੱਚ ਇੱਕ ਮਹਾਂਮਾਰੀ ਦੇ ਰੂਪ ਵਿੱਚ ਫੈਲ ਚੁੱਕੀ ਹੈ। ਜਿਆਦਾਤਰ ਲੋਕ ਕਰੋਨਾ ਜੀਵਾਣੂ ਨੂੰ ਹੀ ਬਿਮਾਰੀ ਸਮਝ ਰਹੇ ਨੇ ਜਦ ਕਿ ਇਹ ਜੀਵਾਣੂ ਹੈ ਜੋ ਕੋਵਿਡ-19 ਰੋਗ ਲਈ ਜ਼ਿੰਮੇਵਾਰ ਹੈ।

ਕੋਵਿਡ-19- ਕਰੋਨਾ ਜੀਵਾਣੂ ਰੋਗ 19 (CORONAVIRUS Disease 19) ਦਾ ਸੰਖੇਪ ਰੂਪ ਹੈ। ਇਥੇ ‘19’ ਇਸ ਲਈ ਵਰਤਿਆ ਗਿਆ ਹੈ ਕਿਉਂਕਿ ਇਸ ਰੋਗ ਲਈ ਜਿੰਮੇਵਾਰ ਜੀਵਾਣੂ ਦੀ ਪਛਾਣ ਦਸੰਬਰ 2019 ਵਿੱਚ ਕੀਤੀ ਗਈ ਹੈ।

ਅੱਗੇ ਤੁਰਨ ਤੋਂ ਪਹਿਲਾਂ ਸਾਨੂੰ ਥੋੜ੍ਹਾ ਜਿਹਾ ਇਨ੍ਹਾਂ ਜੀਵਾਣੂਆਂ ਬਾਰੇ ਜਾਣ ਲੈਣਾ ਚਾਹੀਦਾ ਹੈ ਕਿ ਇਹ ਕਰੋਨਾ ਜੀਵਾਣੂ ਕੀ ਹਨ ਅਤੇ ਕਿਸ ਤਰ੍ਹਾਂ ਸਾਡੇ ਸਰੀਰ ਤੇ ਪ੍ਰਭਾਵ ਪਾਉਂਦੇ ਹਨ।

ਸਾਰਸ-ਕੋਵ-2 ਜੀਵਾਣੂ:

ਕਰੋਨਾ ਜੀਵਾਣੂ ਜੀਵਾਣੂਆਂ ਦਾ ਇਕ ਵੱਡਾ ਪਰਿਵਾਰ ਹੈ ਜੋ ਕਿ ਖੰਘ ਜੁਕਾਮ ਤੋਂ ਲੈ ਕੇ ਸਾਰਸ (SARS-CoV) ਅਤੇ ਮੱਧ-ਪੂਰਬ ਸਾਹ ਸਿੰਡਰੋਮ (ਮਰਸ) (MERS-CoV) ਵਰਗੀਆਂ ਕਈ ਘਾਤਕ ਸਾਹ ਬਿਮਾਰੀਆਂ ਲਈ ਜ਼ਿੰਮੇਵਾਰ ਹੈ। ਮੱਧ-ਪੂਰਬ ਸਾਹ ਰੋਗ(ਮਰਸ) 2012 ਵਿੱਚ ਸਾਊਦੀ ਅਰਬ ਤੋਂ ਸ਼ੁਰੂ ਹੋਇਆ ਸੀ।

2003 ਵਿੱਚ ਫੈਲੇ ਸਾਰਸ ਰੋਗ ਦਾ ਕਾਰਨ ਵੀ ਇਹੀ ਜੀਵਾਣੂ ਸਨ। ਭਾਵੇਂ ਕਿ ਸਾਰਸ ਰੋਗ ਅਤੇ ਮੌਜੂਦਾ ਕੋਵਿਡ-19 ਬਿਮਾਰੀ ਲਈ ਕਰੋਨਾ ਜੀਵਾਣੂ ਪਰਿਵਾਰ ਹੀ ਜ਼ਿੰਮੇਵਾਰ ਹੈ ਪਰ ਇਨ੍ਹਾਂ ਦੋਵੇਂ ਰੋਗਾਂ ਲਈ ਜ਼ਿੰਮੇਵਾਰ ਜੀਵਾਣੂ ਇੱਕ ਜੀਵਾਣੂ ਪਰਿਵਾਰ ਦੇ ਜੀਅ ਹੋ ਕੇ ਵੀ ਇਕ ਦੂਜੇ ਤੋਂ ਵੱਖਰੇ ਹਨ।

ਜੀਵਾਣੂਆ ਦੇ ਵਰਗੀਕਰਨ ਦੀ ਕੌਮਾਂਤਰੀ ਸਭਾ [International Committee on Taxonomy of Viruses (ICTV)] ਨੇ ਇਸ ਜੀਵਾਣੂ ਦਾ ਨਾਮ ਸਾਰਸ-ਕੋਵ-2 (SARS-CoV-2) ਰੱਖਿਆ ਹੈ।

ਕਰੋਨਾ ਜੀਵਾਣੂ ਮਨੁੱਖੀ ਸਰੀਰ ਤੇ ਕਿਸ ਤਰ੍ਹਾਂ ਅਸਰ ਪਾਉਂਦੇ ਹਨ:

ਕਰੋਨਾ ਜੀਵਾਣੂ ਇਸਦੇ ਅਸਰ ਹੇਠ ਆਏ ਮਨੁੱਖਾਂ ਦੇ ਖੰਘਣ ਅਤੇ ਛਿੱਕਣ ਨਾਲ ਛਿੱਟਿਆਂ(ਬੂੰਦਾਂ) ਦੇ ਰੂਪ ਵਿੱਚ ਉਹਨਾਂ ਦੇ ਨੇੜੇ(ਲਗਭਗ ਇਕ ਮੀਟਰ ਦੇ ਘੇਰੇ ਅੰਦਰ) ਵਿਚਰ ਰਹੇ ਮਨੁੱਖਾਂ ਤੱਕ ਪਹੁੰਚ ਜਾਂਦੇ ਹਨ ਅਤੇ ਅੱਖਾਂ ਨੱਕ ਅਤੇ ਮੂੰਹ ਰਾਹੀਂ ਉਹਨਾਂ ਦੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ ਜਾਂ ਜਦੋਂ ਅਸੀਂ ਇਹਨਾਂ ਜੀਵਾਣੂਆਂ ਨਾਲ ਭਰੀ ਕਿਸੇ ਸਤਹ ਤੇ ਹੱਥ ਲਾਉਂਦੇ ਹਾਂ ਅਤੇ ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹ ਲੈਂਦੇ ਹਾਂ ਤਾਂ ਇਹ ਜੀਵਾਣੂ ਸਾਡੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ।ਇਥੇ ਇਹ ਸਮਝ ਲੈਣਾ ਜਰੂਰੀ ਹੈ ਕਿ ਇਹ ਕੋਵਿਡ-19 ਰੋਗ ਹਵਾ ਜਾਂ ਮੱਖੀਆਂ ਰਾਹੀਂ ਨਹੀਂ ਫੈਲਦਾ। ਵਿਸ਼ਵ ਸਿਹਤ ਸੰਸਥਾ ਅਨੁਸਾਰ ਇਹ ਜੀਵਾਣੂ ਆਪਣੇ ਭਰਾਵਾਂ (ਸਾਰਸ ਰੋਗ ਦੇ ਜੀਵਾਣੂਆਂ) ਵਾਂਗ ਮਨੁੱਖਾਂ ਦੇ ਸਰੀਰ ਵਿੱਚ ਦਾਖਲ ਹੋ ਕੇ ਮਨੁੱਖ ਦੇ ਫੇਫੜਿਆਂ ਤੇ ਤਿੰਨ ਪੜ੍ਹਾਵਾਂ ਵਿੱਚ ਹਮਲਾ ਕਰਦੇ ਹਨ।

ਪਹਿਲੇ ਪੜਾਅ ਵਿੱਚ ਜੀਵਾਣੂ ਆਪਣੀ ਸੰਖਿਆ ਵਿੱਚ ਵਾਧਾ ਕਰਦੇ ਹਨ।

ਦੂਜੇ ਪੜਾਅ ਵਿੱਚ ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ ਲੋੜੋਂ ਵਾਧੂ ਪ੍ਰਤੀਕਿਰਿਆ ਦਿਖਾਕੇ ਜੀਵਾਣੂਆਂ ਅਤੇ ਜੀਵਾਣੂ-ਗ੍ਰਸਤ ਸੈੱਲਾਂ ਦੇ ਨਾਲ-ਨਾਲ ਸਿਹਤਮੰਦ ਸੈੱਲਾਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੰਦੀ ਹੈ।

ਤੀਜਾ ਪੜਾਅ ਫੇਫੜਿਆਂ ਦੀ ਤਬਾਹੀ ਦਾ ਹੈ।

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਕੋਈ ਜਰੂਰੀ ਨਹੀਂ ਹੈ ਕਿ ਕਰੋਨਾਵਾਇਰਸ ਨਾਲ ਪੀੜਤ ਮਨੁੱਖ ਇਹਨਾਂ ਤਿੰਨੇ ਪੜ੍ਹਾਵਾਂ ਵਿੱਚੋਂ ਲੰਘੇ ਅਤੇ  ਕਰੋਨਾਵਾਇਰਸ ਤੋਂ ਪੀੜਤ ਕਈ ਮਰੀਜ ਠੀਕ ਵੀ ਹੋ ਰਹੇ ਹਨ।

ਪਹਿਲੇ ਪੜਾਅ ਵਿੱਚ ਇਹ ਜੀਵਾਣੂ ਮਨੁੱਖੀ ਸਰੀਰ ਦੇ ਸੈੱਲਾਂ ਉੱਤੇ ਕਬਜਾ ਕਰਕੇ ਆਪਣੀ ਸੰਖਿਆ ਵਿੱਚ ਵਾਧਾ ਕਰਦੇ ਹਨ। ਇਹ ਲੱਗਭਗ ਪੰਜ ਦਿਨਾਂ ਦਾ ਸਮਾਂ ਹੁੰਦਾ ਹੈ।

ਸੁਰੂਆਤੀ ਦਿਨਾਂ ਵਿੱਚ ਮਰੀਜ ਵਿੱਚ ਸਿਰਦਰਦ, ਜੁਕਾਮ, ਖੰਘ, ਸਰੀਰ ਦਰਦ ਅਤੇ ਠੰਢ ਆਦਿ ਦੇ ਲੱਛਣ ਪਾਏ ਜਾਂਦੇ ਹਨ। ਪਰ ਇਹ ਪੱਕੇ ਲੱਛਣ ਨਹੀਂ ਹਨ ਅਤੇ ਕਈ ਵਾਰ ਇਹ ਲੱਛਣ ਸਿੱਧੇ ਰੂਪ ਵਿੱਚ ਦਿਖਾਈ ਵੀ ਨਹੀਂ ਦਿੰਦੇ।

ਸਾਡੇ ਫੇਫੜਿਆਂ ਵਿੱਚੋ ਦੋ ਤਰਾਂ ਦੇ ਸੈੱਲ ਹੁੰਦੇ ਹਨ। ਇਨ੍ਹਾਂ ਵਿੱਚੋਂ ਇੱਕ ਸੈੱਲ ਬਲਗਮ ਬਣਾਉਣ ਦਾ ਕੰਮ ਕਰਦੇ ਹਨ। ਬਲਗਮ ਭਾਵੇਂ ਸਾਡੇ ਸਰੀਰ ਤੋਂ ਬਾਹਰ ਇੱਕ ਫੋਕਟ ਪਦਾਰਥ ਹੈ ਪਰ ਇਹ ਸਰੀਰ ਅੰਦਰ ਫੇਫੜਿਆਂ ਨੂੰ ਜਰਾਸੀਮਾਂ ਤੋਂ ਬਚਾਉਂਦੀ ਹੈ ਅਤੇ ਉਨ੍ਹਾਂ ਨੂੰ ਖੁਸ਼ਕ ਹੋਣ ਤੋਂ ਬਚਾਉਂਦੀ ਹੈ। ਸੀਲੀਆ (Cilia) ਨਾਂ ਦੇ ਦੂਜੇ ਸੈੱਲ ਬਲਗਮ ਵਿੱਚ ਵਿਚਰਦੇ ਹੋਏ ਜੀਵਾਣੂਆਂ ਅਤੇ ਧੂੜ ਕਣਾਂ ਆਦਿ ਨੂੰ ਬਾਹਰ ਕੱਢ ਕੇ ਫੇਫੜਿਆਂ ਨੂੰ ਸਾਫ ਕਰਦੇ ਹਨ।

ਕਰੋਨਾ ਜੀਵਾਣੂ ਇਨ੍ਹਾਂ ਸੀਲੀਆ ਸੈੱਲਾਂ ਨੂੰ ਮਾਰ ਦਿੰਦੇ ਹਨ ਅਤੇ ਇਨ੍ਹਾਂ ਤੋਂ ਬਿਨਾਂ ਫੇਫੜੇ ਧੂੜ ਕਣਾਂ ਅਤੇ ਪਸ ਸੈੱਲਾਂ ਵਰਗੇ ਤਰਲ ਪਦਾਰਥਾਂ ਨਾਲ ਭਰ ਜਾਂਦੇ ਹਨ ਅਤੇ ਮਰੀਜ ਨੂੰ ਨਿਮੋਨੀਆ ਹੋ ਜਾਂਦਾ ਹੈ ਅਤੇ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਇਹ ਦੂਸਰੇ ਪੜਾਅ ਦੀ ਸ਼ੁਰੂਆਤ ਹੈ ਅਤੇ ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ ਕਾਰਜਸ਼ੀਲ ਹੋ ਜਾਂਦੀ ਹੈ। ਇਨ੍ਹਾਂ ਜੀਵਾਣੂਆਂ ਦੇ ਹਮਲੇ ਕਰਕੇ ਸਾਡਾ ਸਰੀਰ ਵੱਡੀ ਗਿਣਤੀ ਵਿੱਚ ਰੱਖਿਅਕ ਸੈੱਲਾਂ ਨੂੰ ਫੇਫੜਿਆਂ ਵਿਚ ਭੇਜ ਕੇ ਨੁਕਸਾਨ ਦੀ ਪੂਰਤੀ ਅਤੇ ਮੁਰੰਮਤ ਕਰਨ ਲਈ ਲੜਾਈ ਕਰਦਾ ਹੈ। ਜਦੋਂ ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ ਠੀਕ ਢੰਗ ਨਾਲ ਕੰਮ ਕਰਦੀ ਹੈ ਤਾਂ ਇਹ ਕੇਵਲ ਸਰੀਰ ਦੇ ਪ੍ਰਭਾਵਿਤ ਹਿੱਸਿਆਂ ਵਿਚਲੇ ਜੀਵਾਣੂਆਂ ਅਤੇ ਜੀਵਾਣੂ ਗ੍ਰਸਤ ਸੈੱਲਾਂ ਨੂੰ ਹੀ ਮਾਰਦੀ ਹੈ। ਪਰ ਕਈ ਵਾਰ ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ ਲੋੜੋਂ ਵਾਧੂ ਪ੍ਰਤੀਕਿਰਿਆ ਦਿਖਾਉਣੀ ਸ਼ੁਰੂ ਕਰ ਦਿੰਦੀ ਹੈ ਅਤੇ ਇਸ ਤਰ੍ਹਾਂ ਇਹ ਸਿਹਤਮੰਦ ਸੈੱਲਾਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਇੰਝ ਤੀਸਰੇ ਪੜਾਅ ਦੀ ਸ਼ੁਰੂਆਤ ਹੋ ਜਾਂਦੀ ਹੈ।

ਇਸ ਲੋੜੋਂ ਵਾਧੂ ਪ੍ਰਤੀਕਿਰਿਆ ਕਰਕੇ ਫੇਫੜਿਆਂ ਦਾ ਨੁਕਸਾਨ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਾਹ ਪ੍ਰਣਾਲੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਜੋ ਮਰੀਜ ਦੀ ਮੌਤ ਦਾ ਕਾਰਨ ਬਣਦੀ ਹੈ।

ਅਜਿਹੀ ਹਾਲਤ ਵਿੱਚ ਮਰੀਜ ਨੂੰ ਜਿਉਂਦਾ ਰੱਖਣ ਲਈ ਧੌਂਕਣੀ (ventilator) ਦੀ ਵਰਤੋਂ ਕਰਨੀ ਪੈਂਦੀ ਹੈ। ਹਾਲਾਤ ਇਹ ਹਨ ਕਿ ਇਟਲੀ ਵਰਗੇ ਵਿਕਸਤ ਦੇਸ਼ ਵੀ ਇਹਨਾਂ ਧੌਂਕਣੀਆਂ (ventilators) ਦੀ ਵੱਧਦੀ ਮੰਗ ਨੂੰ ਪੂਰਾ ਨਹੀਂ ਕਰ ਸਕੇ। ਇੰਗਲੈਂਡ 30000 ਅਤੇ ਜਰਮਨੀ 10000 ਨਵੀਆਂ ਧੌਂਕਣੀਆਂ ਖਰੀਦ ਰਿਹਾ ਹੈ।

ਇਸ ਤੀਸਰੇ ਪੜਾਅ ਵਿੱਚ ਜੇ ਮਰੀਜ ਦੀ ਮੌਤ ਨਾ ਵੀ ਹੋਵੇ ਤਾਂ ਫੇਫੜੇ ਪੱਕੇ ਤੌਰ ਤੇ ਖਰਾਬ ਹੋ ਜਾਂਦੇ ਹਨ ਅਤੇ ਉਹਨਾਂ ਵਿੱਚ ਛੇਕ ਹੋ ਜਾਂਦੇ ਹਨ।

ਬਚਾਅ:

ਕਰੋਨਾ ਜੀਵਾਣੂਆਂ ਰਾਹੀਂ ਫੈਲ ਰਹੀ ਇਸ ਬਿਮਾਰੀ ਦਾ ਹਾਲੇ ਤੱਕ ਕੋਈ ਰੋਕੂ ਟੀਕਾ ਜਾਂ ਪੱਕਾ ਇਲਾਜ ਨਹੀਂ ਲੱਭਿਆ ਹੈ। ਕਈ ਵਿਗਿਆਨੀ ਤੇ ਸੰਸਥਾਵਾਂ ਇਲਾਜ ਲੱਭਣ ਵਿੱਚ ਲੱਗੇ ਹੋਏ ਹਨ।ਸਿਆਣੇ ਕਹਿੰਦੇ ਹਨ ਕਿ ਇਲਾਜ ਤੋਂ ਪਰਹੇਜ ਚੰਗਾ ਹੁੰਦਾ ਹੈ ਅਤੇ ਇਸੇ ਕਹਾਵਤ ਅਨੁਸਾਰ ਇਸ ਬਿਮਾਰੀ ਨੂੰ ਰੋਕਣ ਲਈ ਪ੍ਰਹੇਜ਼ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਸਰਕਾਰਾਂ, ਵਿਸ਼ਵ ਸਿਹਤ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਰਹਿਣ, ਖੰਘਣ ਅਤੇ ਛਿੱਕਣ ਸਮੇਂ ਆਪਣਾ ਮੂੰਹ ਢੱਕ ਕੇ ਰੱਖਣ, ਵਾਰ-ਵਾਰ ਸਾਬਣ ਨਾਲ ਹੱਥ ਧੋਣ, ਹੱਥਾਂ ਨੂੰ ਧੋਣ ਵੇਲੇ ਸਾਬਣ ਲਗਾ ਕੇ ਘੱਟੋ-ਘੱਟ 20 ਸਕਿੰਟ ਤੱਕ ਮਲਣ ਅਤੇ ਆਪਣੇ ਹੱਥ ਅੱਖਾਂ, ਨੱਕ ਅਤੇ ਮੂੰਹ ਨਾਲ ਨਾ ਲਾਉਣ ਦੀਆਂ ਹਦਾਇਤਾਂ ਦੇ ਰਹੇ ਹਨ।

PUNJABI_Coronavirus-min

ਇਸ ਤੋਂ ਇਲਾਵਾ ਘਰ ਵਿਚ ਰਹਿਣ, ਲੋਕਾਂ ਨੂੰ ਨਾ ਮਿਲਣ, ਮਿਲਣ ਵੇਲੇ ਹੱਥ ਨਾ ਮਿਲਾਉਣ, ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਉੱਤੇ ਜੋਰ ਦਿੱਤਾ ਜਾ ਰਿਹਾ ਹੈ।

ਜਿਆਦਾ ਸਾਵਧਾਨੀ ਕਿਉਂ:

ਕੋਵਿਡ-19 ਜੀਵਾਣੂ, ਸਾਰਸ ਕੋਵ-2, ਆਪਣੇ ਭਰਾਵਾਂ ਸਾਰਸ ਅਤੇ ਮਰਸ ਜਿੰਨੇ ਖਤਰਨਾਕ ਨਹੀਂ ਹਨ। ਕੋਵਿਡ-19 ਕਰਕੇ ਮੌਤ ਦਰ ਇਹਨਾਂ ਨਾਲੋਂ ਘੱਟ ਹੈ।

ਫਿਰ ਸਵਾਲ ਉੱਠਦਾ ਹੈ ਕਿ ਦੁਨੀਆਂ ਇਹਨਾਂ ਜੀਵਾਣੂਆਂ ਪ੍ਰਤੀ ਇੰਨੀ ਚਿੰਤਤ ਕਿਉਂ ਹੈ? ਕਾਰਨ ਇਹ ਹੈ ਕਿ ਭਾਵੇਂ ਇਹ ਜੀਵਾਣੂ ਦੂਸਰੇ ਕਰੋਨਾ ਜੀਵਾਣੂਆਂ ਦੇ ਮੁਕਾਬਲੇ ਘੱਟ ਖਤਰਨਾਕ ਹਨ ਪਰ ਇਹਨਾਂ ਵਿੱਚ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਫੈਲਣ ਦੀ ਸਮਰੱਥਾ ਦੂਸਰੇ ਜੀਵਾਣੂਆਂ ਨਾਲੋਂ ਕਿਤੇ ਜਿਆਦਾ ਹੈ। ਦੂਸਰੇ ਜੀਵਾਣੂ ਭਾਵੇਂ ਖਤਰਨਾਕ ਹਨ ਪਰ ਉਹਨਾਂ ਦਾ ਫੈਲਾਅ ਘੱਟ ਸੀ।

ਇਸਦੇ ਤੇਜੀ ਨਾਲ ਫੈਲਣ ਦੀ ਵਜਾ ਕਰਕੇ ਹੀ ਇਸ ਪ੍ਰਤੀ ਜਿਆਦਾ ਸਾਵਧਾਨੀ ਦੀ ਲੋੜ ਹੈ। ਇਹ ਇੰਨੀ ਤੇਜੀ ਨਾਲ ਫੈਲ ਰਿਹਾ ਹੈ ਕਿ ਇੰਗਲੈਂਡ ਵਰਗੇ ਵਿਕਸਤ ਦੇਸ਼ ਵਿੱਚ ਵੀ ਡਾਕਟਰੀ ਸਹਾਇਤਾ ਮੁਹਈਆ ਕਰਾਉਣੀ ਮੁਸਕਿਲ ਹੋ ਰਹੀ ਹੈ। ਅਜਿਹੀ ਹਾਲਤ ਵਿੱਚ ਸ਼ੱਕੀ ਮਰੀਜਾਂ ਨੂੰ ਪਹਿਲੇ ਸੱਤ ਦਿਨਾਂ ਤੱਕ ਘਰ ਵਿੱਚ ਰਹਿਣ ਅਤੇ ਕੇਵਲ ਪੈਰਾਸੀਟਾਮੋਲ (Paracetamol) ਦੀ ਗੋਲੀਆਂ ਲੈਣ ਅਤੇ ਜਿਆਦਾ ਤਰਲ ਪਦਾਰਥਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਹੈ। ਹਿਦਾਇਤ ਹੈ ਕਿ ਸਧਾਰਨ ਪੈਰਾਸੀਟਾਮੋਲ ਲੈਣੀ ਹੈ ਅਤੇ ਇਵੂਪਰੋਫਨ (Ibuprofen) ਵਾਲੀ ਪੈਰਾਸੀਟਾਮੋਲ ਦੀ ਵਰਤੋ ਨਹੀਂ ਕਰਨੀ।

7 ਦਿਨਾਂ ਵਿੱਚ ਠੀਕ ਨਾ ਹੋਣ ਤੇ ਹੀ ਡਾਕਟਰੀ ਸਹਾਇਤਾ ਲਈ ਪਹੁੰਚ ਕਰਨ ਲਈ ਕਿਹਾ ਹੈ।

ਮਰੀਜ ਦੇ ਠੀਕ ਹੋਣ ਦੀ ਲਗਭਗ 82% ਸੰਭਾਵਨਾ ਹੁੰਦੀ ਹੈ। ਕੁਝ ਕੁ ਹਾਲਤਾਂ ਵਿੱਚ ਜਿਵੇਂ ਕਿ ਕਮਜੋਰ ਰੱਖਿਆ ਪ੍ਰਣਾਲੀ ਵਾਲੇ ਮਰੀਜਾਂ (ਖਾਸ ਤੌਰ ਤੇ ਬਜੁਰਗਾਂ) ਜਾਂ ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ ਵੱਲੋਂ ਲੋੜੋਂ ਵਾਧੂ ਪ੍ਰਤੀਕਿਰਿਆ ਦਿਖਾਉਣ ਦੀ ਹਾਲਤ (ਜਵਾਨ ਅਵਸਥਾ ਵਾਲਿਆਂ ਵਿੱਚ ਵੀ ਇਹ ਕਿਰਿਆ ਵਾਪਰ ਸਕਦੀ ਹੈ) ਕਰਕੇ ਰੋਗ ਦੇ ਵਿਗੜਨ ਦੀ ਸੰਭਾਵਨਾ ਹੁੰਦੀ ਹੈ।

ਅਜਿਹੀ ਹਾਲਤ ਵਿਚ ਹੀ ਸਾਨੂੰ ਡਾਕਟਰੀ ਸਹਾਇਤਾ ਲਈ ਪਹੁੰਚ ਕਰਨੀ ਚਾਹੀਦੀ ਹੈ।

ਦੁਨੀਆ ਭਰ ਵਿੱਚ ਸੁਝਾਈਆਂ ਜਾ ਰਹੀਆਂ ਇਲਾਜ ਵਿਧੀਆਂ ਬਾਰੇ ਮੁਢਲੀ ਜਾਣਜਾਰੀ:

ਐਲੋਪੈਥਿਕ ਪ੍ਰਣਾਲੀ/ਅੰਗਰੇਜੀ ਦਿਵਾਈ/ਇਲਾਜਵਿਧੀ:

ਜਿੱਥੋਂ ਤੱਕ ਇਲਾਜ ਦਾ ਸਬੰਧ ਹੈ ਵਿਸ਼ਵ ਸਿਹਤ ਸੰਸਥਾ ਵੱਲੋਂ ਪਹਿਲਾਂ ਤੋਂ ਹੀ ਮੌਜੂਦ ਜੀਵਾਣੂ ਵਿਰੋਧੀ ਦਵਾਈਆਂ ਦੀ ਅਜਮਾਇਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-

੧.ਕਲੋਰੋਕਵੀਨ (Chloroquine) — ਕੁਨੈਬ/ਮਲੇਰੀਏ ਦੀ ਦਵਾਈ:

ਕਲੋਰੋਕਵੀਨ ਵਿਸ਼ਵ ਪੱਧਰ ਤੇ ਮਲੇਰੀਏ ਦੇ ਇਲਾਜ ਲਈ ਵਰਤੀ ਜਾਣ ਵਾਲੀ ਸਸਤੀ ਅਤੇ ਆਮ ਮਿਲਣ ਵਾਲੀ ਦਵਾਈ ਹੈ। ਇਹ ਬੱਚਿਆਂ ਅਤੇ ਔਰਤਾਂ ਲਈ ਵੀ ਸਹੀ ਹੈ। ਪ੍ਰਯੋਗਸ਼ਾਲਾ ਵਿੱਚ ਕੀਤੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਇਹ ਦਵਾਈ ਕਰੋਨਾ ਜਵਾਣੂਆਂ ਨੂੰ ਮਾਰ ਸਕਦੀ ਹੈ ਹਾਲਾਂਕਿ ਅਜੇ ਇਸ ਨੂੰ ਇੱਕ ਤਸਤਰੀ ਵਿੱਚ ਪਏ ਜੀਵਾਣੂਆਂ ਤੇ ਹੀ ਵਰਤ ਕੇ ਦੇਖਿਆ ਗਿਆ ਹੈ।

ਫਰਾਂਸ ਵਿੱਚ 24 ਵਿਅਕਤੀਆਂ ਦੇ ਛੋਟੇ ਸਮੂਹ ਤੇ ਇਸ ਦੀ ਵਰਤੋਂ ਕਰਨ ਤੇ ਉਨ੍ਹਾਂ ਦੇ ਛੇਤੀ ਠੀਕ ਹੋਣ ਦੇ ਨਤੀਜੇ ਮਿਲੇ ਹਨ।

ਡਾਕਟਰਾਂ ਮੁਤਾਬਕ ਦਵਾਈ ਲੈਣ ਵਾਲਿਆਂ ਵਿੱਚੋਂ 6 ਦਿਨਾਂ ਬਾਅਦ 25% ਇਨ੍ਹਾਂ ਜੀਵਾਣੂਆਂ ਨਾਲ ਗ੍ਰਸਤ ਪਾਏ ਗਏ ਜਦ ਕਿ ਦਵਾਈ ਨਾ ਲੈਣ ਵਾਲਿਆਂ ਵਿੱਚੋਂ 90% ਤੇ ਇਨ੍ਹਾਂ ਜੀਵਾਣੂਆਂ ਦਾ ਅਸਰ ਸੀ।

ਕਲੋਰੋ ਕਵੀਨ ਅਤੇ ਉਸ ਵਰਗੀ ਇੱਕ ਹੋਰ ਦਵਾਈ ਹਾਈਡ੍ਰੋਕਲੋਰੋਕੁਵੀਨ ਨੂੰ ਵਿਸ਼ਵ ਸਿਹਤ ਸੰਸਥਾ ਵੱਲੋਂ ਕੌਮਾਂਤਰੀ ਪੱਧਰ ਤੇ ਡਾਕਟਰੀ ਪ੍ਰੀਖਣ ਲਈ ਚੁਣੀਆਂ ਚਾਰ ਦਵਾਈਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਇੰਗਲੈਂਡ ਨੇ ਇਸ ਦਵਾਈ ਨੂੰ ਬਾਹਰ ਭੇਜਣ ਤੇ ਰੋਕ ਵਾਲੀ ਸੂਚੀ ਵਿੱਚ ਸ਼ਾਮਿਲ ਕਰ ਦਿੱਤਾ ਹੈ।

੨. ਐੱਚ.ਆਈ.ਵੀ. (HIV) ਜੀਵਾਣੂ ਰੋਕੂ ਦਵਾਈ — ਕੈਲੇਤਰਾ (Kaletra):

ਐੱਚ.ਆਈ.ਵੀ. ਨਾਮੀ ਜਿਵਾਣੂ ਏਡਜ਼ ਰੋਗ ਦੇ ਜੀਵਾਣੂ ਹਨ। ਕੈਲੇਤਰਾ ਦੋ ਜੀਵਾਣੂ ਵਿਰੋਧੀ ਦਵਾਈਆਂ, ਲੋਪਿਨਵਿਰ (lopinavir) ਅਤੇ ਰਿਟੋਨਾਵਿਰ (ritonavir), ਦਾ ਮਿਸ਼ਰਣ ਹੈ। ਇਹ ਦਵਾਈ ਏਡਜ਼ ਦੇ ਇਲਾਜ ਲਈ ਵਰਤੀ ਜਾਂਦੀ ਹੈ। ਕੀਤੇ ਗਏ ਤਜਰਬੇ ਦੱਸਦੇ ਹਨ ਕਿ ਕੋਵਿਡ-19 ਦੇ ਇਲਾਜ ਲਈ ਇਹ ਸੰਭਾਵਤ ਦਵਾਈ ਹੋ ਸਕਦੀ ਹੈ ਪਰ ਚੀਨ ਵਿੱਚ ਗੰਭੀਰ ਰੂਪ ਵਿੱਚ ਬੀਮਾਰ 200 ਮਰੀਜਾਂ ਤੇ ਇਸ ਦਵਾਈ ਵਰਤਣ ਨਾਲ ਕੋਈ ਅਸਰ ਨਹੀਂ ਹੋਇਆ। ਇਸ ਤਜਰਬੇ ਨਾਲ ਇਸ ਦੇ ਸੰਭਾਵੀ ਦਵਾਈ ਹੋਣ ਦੀ ਸੰਭਾਵਨਾ ਬਿਲਕੁੱਲ ਖਤਮ ਨਹੀਂ ਹੋ ਜਾਂਦੀ। ਹੋ ਸਕਦਾ ਹੈ ਇਹ ਦਵਾਈ ਰੋਗ ਦੇ ਸ਼ੁਰੂਆਤੀ ਪੜਾਅ ਲਈ ਲਾਹੇਵੰਦ ਹੋਵੇ। ਵਿਸ਼ਵ ਸਿਹਤ ਸੰਸਥਾ ਨੇ ਬਹੁਦੇਸ਼ੀ ਡਾਕਟਰੀ ਪ੍ਰੀਖਣ ਲਈ ਇਸ ਦਵਾਈ ਨੂੰ ਸ਼ਾਮਿਲ ਕੀਤਾ ਹੈ ।

੩. ਫਲੂ ਵਿਰੋਧੀ ਦਵਾਈ — ਫੈਵੀਪਿਰਾਵਿਰ (Favipiravir):

ਫੂਜੀਫਿਲਮ (Fusifilm) ਦੀ ਸਹਾਇਕ ਕੰਪਨੀ ਵੱਲੋਂ ਤਿਆਰ ਕੀਤੀ ਜਾਪਾਨੀ ਫਲੂ ਦਵਾਈ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਚੀਨ ਵਿੱਚ 340 ਵਿਅਕਤੀਆਂ ਤੇ ਕੀਤੇ ਤਜਰਬੇ ਤੋਂ ਦੇਖਿਆ ਗਿਆ ਹੈ ਕਿ ਇਸ ਦਵਾਈ ਵਰਤਣ ਨਾਲ ਉਹ ਚਾਰ ਦਿਨਾਂ ਵਿੱਚ ਵਿੱਚ ਠੀਕ ਹੋ ਗਏ ਸਨ ਜਦ ਕਿ ਇਹ ਦਵਾਈ ਨਾ ਵਰਤਨ ਵਾਲਿਆਂ ਨੂੰ ਠੀਕ ਹੋਣ ਵਿੱਚ 11 ਦਿਨ ਲੱਗੇ।

੪. ਐਵੀਗਨ (Avigan) ਦੇ ਨਾਂ ਨਾਲ ਵੀ ਜਾਣੀ ਜਾਂਦੀ ਇਹ ਜੀਵਾਣੂ ਵਿਰੋਧੀ ਦਵਾਈ ਤਾਂ ਹੀ ਵਧੀਆ ਕੰਮ ਕਰਦੀ ਹੈ ਜੇ ਇਸ ਦਵਾਈ ਨੂੰ ਕਰੋਨਾ ਜੀਵਾਣੂਆਂ ਦੀ ਗਿਣਤੀ ਸਿਖਰ ਤੇ ਪਹੁੰਚਣ ਤੋਂ ਪਹਿਲਾਂ ਦਿੱਤਾ ਜਾਵੇ।

ਇੱਕ ਜਾਪਾਨੀ ਸਿਹਤ ਅਫਸਰ ਮੁਤਾਬਿਕ ਇਹ ਦਵਾਈ ਜਦੋਂ ਗੰਭੀਰ ਹਾਲਤ ਵਾਲੇ ਮਰੀਜਾਂ, ਜਿੰਨ੍ਹਾਂ ਵਿੱਚ ਜੀਵਾਣੂਆਂ ਨੂੰ ਆਪਣੀ ਸੰਖਿਆ ਵਧਾਉਣ ਦਾ ਸਮਾਂ ਮਿਲ ਗਿਆ ਸੀ, ਨੂੰ ਦਿੱਤੀ ਗਈ ਤਾਂ ਇਸ ਦਵਾਈ ਨੇ ਕੋਈ ਅਸਰ ਨਹੀਂ ਕੀਤਾ।

੫. ਇਬੋਲਾ ਦਵਾਈ – ਰੈਮਡੀਸਿਵਿਰ (Remdesivir):

ਇਹ ਦਵਾਈ ਇਬੋਲਾ ਇਲਾਜ ਲਈ ਵਰਤੀ ਜਾਂਦੀ ਸੀ ਪਰ ਇਹ ਦਵਾਈ ਕੋਵਿਡ 19 ਦੇ ਇਲਾਜ ਲਈ ਸੰਭਾਵਿਤ ਦਵਾਈਆਂ ਵਿਚੋਂ ਮੋਹਰੀ ਦਵਾਈ ਵਜੋਂ ਉੱਭਰੀ ਹੈ।

ਅਸਲ ਵਿੱਚ ਇਸ ਦਵਾਈ ਪ੍ਰਤੀ ਜਿਆਦਾ ਉਤਸਾਹ ਇਸ ਕਰਕੇ ਹੈ ਕਿ ਤਜਰਬੇ ਦਿਖਾਉਂਦੇ ਹਨ ਕਿ ਇਹ ਦਵਾਈ ਸਾਰਸ ਅਤੇ ਮਰਸ ਜੀਵਾਣੂਆਂ ਵਿਰੁੱਧ ਕੰਮ ਕਰਦੀ ਹੈ। ਇਹ ਦਵਾਈ ਜੀਵਾਣੂਆਂ ਦੀ ਆਪਣੀ ਸੰਖਿਆ ਵਧਾਉਣ ਦੀ ਸਮਰੱਥਾ ਨੂੰ ਕਾਬੂ ਕਰਦੀ ਹੈ। ਇਸ ਦਾ ਮਤਲਬ ਇਹ ਦਵਾਈ ਉਸ ਸਮੇ ਕਾਰਗਾਰ ਹੈ ਜਦੋਂ ਮਰੀਜ ਤਾਜਾ-ਤਾਜਾ ਜੀਵਾਣੂਆਂ ਦੇ ਸੰਪਰਕ ਵਿੱਚ ਆਇਆ ਹੈ ਅਤੇ ਜੀਵਾਣੂ ਸਿਰਫ ਸਾਹ ਪ੍ਰਣਾਲੀ ਦੇ ਉਪਰਲੇ ਹਿੱਸੇ ਤੱਕ ਹੀ ਸੀਮਤ ਹੋਣ। ਪਰ ਸਮੱਸਿਆ ਇਹ ਹੈ ਕਿ ਜਦੋਂ ਤੱਕ ਲੱਛਣ ਸਾਹਮਣੇ ਆਉਦੇ ਹਨ ਮਰੀਜਾਂ ਵਿੱਚ ਜੀਵਾਣੂਆਂ ਦਾ ਪਧਰ ਕਾਫੀ ਵੱਧ ਚੁੱਕਿਆ ਹੁੰਦਾ ਹੈ।

ਚੀਨ, ਅਮਰੀਕਾ ਅਤੇ ਏਸ਼ੀਆ ਵਿੱਚ ਇਸ ਦੇ ਤਜਰਬੇ ਜਾਰੀ ਹਨ ਅਪ੍ਰੈਲ ਤੱਕ ਨਤੀਜੇ ਆਉਣੇ ਹਨ।

੬. ਇੰਟਰਫੈਰੋਨ ਬੀਟਾ (Interferon Beta):

ਇੰਗਲੈਂਡ ਦੀ ਜੈਵਤਕਨੀਕੀ (Biotech) ਸੰਸਥਾ ਨੂੰ ਫੇਫੜਿਆਂ ਦੀ ਬਿਮਾਰੀ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ ਦੇ ਪ੍ਰੀਖਣ ਦੀ ਫੌਰੀ ਤੌਰ ਤੇ ਇਜਾਜਤ ਦਿੱਤੀ ਗਈ ਹੈ। ਇੰਟਰਫੈਰੋਨ ਬੀਟਾ ਨਾਂ ਦਾ ਮਿਸ਼ਰਣ ਫੇਫੜਿਆਂ ਦੇ ਕੁਦਰਤੀ ਰੱਖਿਆ ਪ੍ਰਣਾਲੀ ਦਾ ਇੱਕ ਹਿੱਸਾ ਹੈ ਜੋ ਜੀਵਾਣੂਆਂ ਨਾਲ ਲੜਦਾ ਹੈ। ਇਹ ਮਿਸ਼ਰਣ ਫੇਫੜਿਆਂ ਦੀ ਬਿਮਾਰੀ ਸੀ.ਓ.ਪੀ.ਡੀ. (COPD — Chronic Obstructive Pulmonary Disease) ਦੇ ਮਰੀਜਾਂ ਲਈ ਤਿਆਰ ਕੀਤਾ ਗਿਆ ਸੀ। ਇਹ ਉਮੀਦ ਹੈ ਕਿ ਜਦੋਂ ਇਹ ਮਰੀਜਾਂ, ਖਾਸ ਤੌਰ ਤੇ ਕਮਜੋਰ ਰੱਖਿਆ ਪ੍ਰਣਾਲੀ ਵਾਲੇ ਮਰੀਜਾਂ, ਨੂੰ ਦਿੱਤਾ ਜਾਵੇਗਾ ਤਾਂ ਇਹ ਸਰੀਰ ਦੀ ਜੀਵਾਣੂਆਂ ਨਾਲ ਲੜਨ ਦੀ ਸਮਰੱਥਾ ਵਧਾ ਦੇਵੇਗਾ। ਫਰਵਰੀ ਵਿੱਚ ਵਿਸ਼ਵ ਸਿਹਤ ਸੰਸਥਾ ਵਲੋਂ ਕੋਵਿਡ-19 ਦੇ ਦੂਸਰੇ ਪੜਾਅ ਵਾਲੇ ਮਰੀਜਾਂ ਲਈ ਕੇਵਲ ਇਸ ਇਲਾਜ ਪ੍ਰਣਾਲੀ ਵਜੋਂ ਪਛਾਣ ਕੀਤੀ ਗਈ ਜੋ ਮਰੀਜ ਖੁਦ ਛੋਟੀ ਬੈਟਰੀ ਨਾਲ ਚਲਣ ਵਾਲੇ ਛਿੜਕਾਅ ਵਾਲੇ ਯੰਤਰ (Nebuliser) ਵਰਤਕੇ ਸਾਹ ਕਿਰਿਆ ਰਾਹੀਂ ਅੰਦਰ ਖਿੱਚ ਸਕਦੇ ਹਨ।

ਐਂਟੀਬਾਡੀ ਇਲਾਜ ਪ੍ਰਣਾਲੀ (Antibody Therapies):

ਚੀਨ ਵਿੱਚ ਡਾਕਟਰਾਂ ਨੇ ਠੀਕ ਹੋਏ ਮਰੀਜਾਂ ਦਾ ਲਹੂ ਪਲਾਜਮਾ ਲੈ ਕੇ ਵੱਧ ਬੀਮਾਰ ਮਰੀਜਾਂ ਦਾ ਇਲਾਜ ਕੀਤਾ ਹੈ। ਇਹ ਇਲਾਜ ਵਿਧੀ 1918 ਦੇ ਸਪੇਨੀ ਫਲੂ ਮਹਾਂਮਾਰੀ ਵੇਲੇ ਅਪਣਾਈ ਗਈ ਸੀ। ਇਸ ਪਿਛੇ ਤਰਕ ਇਹ ਹੈ ਕਿ ਲਹੂ ਵਿਚਲੇ ਐਂਟੀਬਾਡੀ ਪ੍ਰੋਟੀਨ ਅਣੂ ਜੀਵਾਣੂਆਂ ਨਾਲ ਲੜਦੇ ਹਨ। ਪਰ ਸਮੱਸਿਆ ਇਹ ਹੈ ਕਿ ਐਂਟੀਬਾਡੀ ਅਣੂਆਂ ਦੀ ਗਿਣਤੀ ਥੋੜੀ ਹੁੰਦੀ ਹੈ। ਅਤੇ ਵੱਡੇ ਪੱਧਰ ਤੇ ਇਹ ਇਲਾਜ ਵਿਧੀ ਨਹੀਂ ਅਪਣਾਈ ਜਾ ਸਕਦੀ। ਅਮਰੀਕਾ ਦੀ ਰੀਜੈਨਰੋਨ ਕੰਪਨੀ ਸਮੇਤ ਕਈ ਟੋਲੀਆਂ ਖੂਨੀ ਸੀਰਮ ਵਿੱਚ ਮੌਜੂਦ ਕੋਵਿਡ-19 ਨਾਲ ਲੜਨ ਵਾਲੇ ਐਂਟੀਬਾਡੀ ਅਣੂਆਂ ਦੀ ਪਛਾਣ ਕਰਨ ਵਿੱਚ ਲੱਗੀਆਂ ਹੋਈਆਂ ਹਨ।

ਰੀਜੈਨਰੋਨ ਦਾ ਦਾਅਵਾ ਹੈ ਕਿ ਕੁਝ ਹਫਤਿਆਂ ਵਿੱਚ ਇਹਨਾਂ ਐਂਟੀਬਾਡੀ ਅਣੂਆਂ ਦੀ ਪਛਾਣ ਕਰ ਲਵੇਗੀ। ਜੇ ਇਹ ਤਜਰਬਾ ਸਫਲ ਹੋ ਜਾਂਦਾ ਹੈ ਤਾਂ ਇਹ ਐਂਟੀਬਾਡੀ ਇਲਾਜ ਪ੍ਰਣਾਲੀ ਮਰੀਜਾਂ ਦੇ ਇਲਾਜ ਦੇ ਨਾਲ-ਨਾਲ ਸਿਹਤ ਕਾਮਿਆਂ ਅਤੇ ਹੋਰ ਸਮੂਹਾਂ ਜਿਹਨਾਂ ਨੂੰ ਜਿਆਦਾ ਖਤਰਾ ਬਣਿਆ ਰਹਿੰਦਾ ਹੈ ਲਈ ਰੋਗ ਨਿਰੋਧਕ ਦਵਾਈ ਸਾਬਿਤ ਹੋ ਸਕਦੀ ਹੈ।

ਦੂਸਰੀਆਂ ਇਲਾਜ ਵਿਧੀਆਂ (Alternative medicines):

ਭਾਵੇਂ ਅੱਜਕਲ ਜਿਆਦਾਤਰ ਐਲੋਪੈਥੀ ਇਲਾਜ ਵਿਧੀ ਅਪਣਾਈ ਜਾਂਦੀ ਹੈ ਪਰ ਇਸ ਇਲਾਜ ਵਿਧੀ ਦੇ ਵਿਰੋਧੀ ਇਹ ਦਾਅਵਾ ਕਰਦੇ ਹਨ ਕਿ ਮਰੀਜ ਨੂੰ ਦਿੱਤੀਆਂ ਜਾਣ ਵਾਲੀਆਂ ਇਹ ਦਵਾਈਆਂ ਹੀ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਲੋੜ ਤੋਂ ਵੀ ਵੱਧ ਕਿਰਿਆਸ਼ੀਲ ਕਰ ਦਿੰਦਿਆਂ ਹਨ ਅਤੇ ਮਰੀਜ ਦੀ ਮੌਤ ਦਾ ਕਾਰਨ ਬਣਦੀਆਂ ਹਨ। ਐਲੋਪੈਥੀ ਤੋਂ ਬਿਨਾਂ ਹੋਮਿਉਪੈਥੀ, ਅਯੂਰਵੈਦਿਕ, ਯੂਨਾਨੀ, ਸਿੱਧ, ਅਤੇ ਕੁਦਰਤੀ ਇਲਾਜ ਪ੍ਰਣਾਲੀ ਆਦਿ ਵਿਧੀਆਂ ਪ੍ਰਚਲਿਤ ਹਨ। ਕਰੋਨਾਵਾਇਰਸ ਰੋਗ ਇਲਾਜ ਸੰਬੰਧੀ ਇਹਨਾਂ ਇਲਾਜ ਵਿਧੀਆਂ ਦਾ ਸੰਖੇਪ ਵੇਰਵਾ ਇਸ ਤਰਾਂ ਹੈ –

ਹੋਮਿਉਪੈਥੀ:

ਹੋਮਿਉਪੈਥੀ, ਰੋਗ ਦਾ ਕਾਰਕ ਹੀ ਰੋਗ ਦਾ ਇਲਾਜ ਹੈ (Like cures like), ਦੇ ਸਿਧਾਂਤ ਤੇ ਕੰਮ ਕਰਦੀ ਹੈ। ਹੋਮਿਉਪੈਥੀ ਮੁੱਖ ਰੂਪ ਵਿੱਚ ਤਿੰਨ ਰੋਗਾਂ, ਖਾਜ (ਖੁਰਕ), ਸਿਫਲਿਸ (Syphilis), ਚਿਹਰੇ ਦੀ ਖੁਰਕ (Sycesis) ਨੂੰ ਮੰਨਦੀ ਹੈ, ਬਾਕੀ ਸਾਰੇ ਰੋਗ ਇਹਨਾਂ ਬਿਮਾਰੀਆਂ ਤੋਂ ਹੀ ਪੈਦਾ ਹੋਏ ਮੰਨਦੀ ਹੈ। 18ਵੀਂ ਸਦੀ ਵਿੱਚ ਸ਼ੁਰੂ ਹੋਈ ਇਸ ਇਲਾਜ ਵਿਧੀ ਨੂੰ ਨਵੀਆਂ ਖੋਜਾਂ ਨੇ ਗੈਰ ਵਿਗਿਆਨਕ ਕਰਾਰ ਦਿੱਤਾ ਅਤੇ ਫਰਾਂਸ, ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਇਲਾਜ ਵਿਧੀ ਨੂੰ ਨਕਾਰ ਦਿੱਤਾ ਹੈ ਅਤੇ ਸਪੇਨ ਤਾਂ ਇਸ ਤੇ ਪਾਬੰਦੀ ਲਗਵਾਉਣ ਬਾਰੇ ਸੋਚ ਰਿਹਾ ਹੈ। ਪਰ ਇਸ ਦੇ ਬਾਵਜੂਦ ਹੋਮਿਉਪੈਥੀ ਪ੍ਰਤੀ ਲੋਕਾਂ ਦਾ ਰੁਝਾਣ ਵਧ ਰਿਹਾ ਹੈ। ਭਾਰਤੀ ਆਯੂਸ (Ayush) ਮੰਤਰਾਲੇ ਨੇ ਆਰਸੀਨਿਕਮ ਐਲਬਮ 30(Arsenicum Album 30) ਨੂੰ ਕਰੋਨਾਵਾਇਰਸ ਰੋਗ -19 ਦੇ ਇਲਾਜ ਲਈ ਵਰਤਣ ਦੀ ਸਲਾਹ ਦਿੱਤੀ ਹੈ। ਇਹ ਦਵਾਈ ਤਿੰਨ ਦਿਨਾਂ ਵਾਸਤੇ ਸਵੇਰੇ ਖਾਲੀ ਪੇਟ ਲੈਣ ਲਈ ਕਿਹਾ ਹੈ। ਆਰਗੈਨਿਕ ਟ੍ਰਾਈਅਕਸਾਈਡ ਇਕ ਜਹਿਰੀਲਾ ਪਦਾਰਥ ਹੈ। ਹੋਮਿਉਪੈਥੀ ਦਾ ਦੂਸਰਾ ਸਿਧਾਂਤ ਇਹ ਹੈ ਕਿ ਮੂਲ ਪਦਾਰਥ ਨੂੰ ਪਾਣੀ, ਅਲਕੋਹਲ ਆਦਿ ਵਿੱਚ ਘੋਲ ਕੇ ਇਸ ਹੱਦ ਤੱਕ ਪਤਲਾ ਕਰਨਾ ਕਿ ਘੋਲ ਵਿੱਚ ਮੂਲ ਪਦਾਰਥ ਦੇ ਇੱਕ ਦੋ ਅਣੂ ਰਹਿ ਜਾਣ ਜਾਂ ਬਿੱਲਕੁਲ ਹੀ ਖਤਮ ਹੋ ਜਾਵੇ। ਹੋਮਿਉਪੈਥੀ ਦਾ ਮੰਨਣਾ ਹੈ ਕਿ ਅਜਿਹੇ ਘੋਲ ਵਿੱਚ ਭਾਵੇਂ ਮੂਲ ਪਦਾਰਥ ਨਾਂਹ ਦੇ ਬਰਾਬਰ ਹੀ ਹੈ ਪਰ ਘੋਲ ਇਸ ਪਦਾਰਥ ਦੇ ਗੁਣ ਆਪਣੇ ਵਿੱਚ ਸਮਾ ਲੈਂਦਾ ਹੈ। ਇਸ ਤਰਾਂ ਇਹ ਘੋਲ ਜਹਿਰ ਨਾ ਰਹਿ ਕੇ ਇੱਕ ਦਵਾਈ ਦਾ ਕੰਮ ਕਰਦਾ ਹੈ। ਇਸ ਤਰਾਂ ਹੋਮਿਉਪੈਥੀ ਜਹਿਰ ਵਿਗਿਆਨ (Toxicology) ਦੇ ਪਿਤਾਮਾ ਸਵਿਟਜਰਲੈਂਡ ਦੇ ਪ੍ਰਸਿੱਧ ਵੈਦ ਪੈਰਾਸਿਲਸਸ ਦੇ ਕਥਨ “ਕੋਈ ਵੀ ਚੀਜ ਜਹਿਰ ਤੋਂ ਮੁਕਤ ਨਹੀਂ ਹੈ। ਕਿਸੇ ਪਦਾਰਥ ਦੀ ਵਰਤੀ ਗਈ ਮਾਤਰਾ ਤਹਿ ਕਰਦੀ ਹੈ ਕਿ ਉਹ ਜਹਿਰ ਹੈ ਜਾਂ ਦਵਾਈ” ਦੀ ਪ੍ਰੋੜਤਾ ਕਰਦੀ ਹੈ।

ਇੱਕ ਅਖਬਾਰੀ ਅਦਾਰੇ ਨਾਲ ਗਲਬਾਤ ਕਰਦਿਆਂ ਹੋਮਿਉਪੈਥੀ ਮਾਹਿਰ ਡਾ. ਵਿਲਾਸ ਡਾਂਗਰੇ ਨੇ ਕਿਹਾ ਕਿ ਹੋਮਿਉਪੈਥੀ ਵਿੱਚ ਦਵਾਈਆਂ ਦਾ ਸੁਮੇਲ ਕੋਵਿਡ – 19 ਦੇ ਰੋਗ ਇਲਾਜ ਲਈ ਵਰਤਿਆ ਜਾ ਸਕਦਾ ਹੈ। ਪਰ ਸਾਰਿਆਂ ਮਰੀਜਾਂ ਲਈ ਇਕੋ ਮਿਸ਼ਰਣ ਕੰਮ ਨਹੀਂ ਕਰ ਸਕਦਾ। ਇਹ ਹਰ ਵਿਅਕਤੀ ਲਈ ਵੱਖਰਾ ਹੋਵੇਗਾ। ਕਿਉਂਕਿ ਹੋਮਿਉਪੈਥੀ ਦਾ ਸਿਧਾਂਤ ਹੈ ਕਿ ਦਵਾਈ ਵਿਅਕਤੀਗਤ ਸੁਭਾਅ ਤੇ ਨਿਰਭਰ ਕਰਦੀ ਹੈ । ਇਸ ਲਈ ਕਰੋਨਾਵਾਇਰਸ ਦੇ ਰੋਕਥਾਮ ਜਾਂ ਇਲਾਜ ਦੇ ਲਈ ਸਾਰਿਆਂ ਨੂੰ ਇਕੋ ਹੀ ਦਵਾਈ ਦੇਣਾ ਗੈਰ ਵਿਗਿਆਨਕ ਅਤੇ ਹੋਮਿਉਪੈਥੀ ਦੇ ਸ਼ਖਸੀਅਤ ਸਿਧਾਂਤ ਦੇ ਉਲਟ ਹੈ।

ਯੂਨਾਨੀ ਇਲਾਜ ਵਿਧੀ:

ਯੂਨਾਨੀ ਇਲਾਜ ਵਿਧੀ ਹਿਪੋਕਰੇਟਸ ਦੇ ਸਿਧਾਂਤ ਤੇ ਅਧਾਰਿਤ ਹੈ। ਹਿਪੋਕਰੇਟਸ ਮੁਤਾਬਕ ਮਨੁੱਖੀ ਸਰੀਰ ਵਿੱਚ ਚਾਰ ਤਰਲ ਹੁੰਦੇ ਹਨ- ਲਹੂ, ਬਲਗਮ, ਪੀਲਾ ਪਿੱਤ (Yellow Bile) ਅਤੇ ਕਾਲਾ ਪਿੱਤ (Black Bile) ਅਤੇ ਹਵਾ,ਪਾਣੀ, ਅੱਗ ਅਤੇ ਮਿੱਟੀ (ਧਰਤੀ) ਚਾਰ ਤੱਤ ਹੰਦੇ ਹਨ। ਇਕ ਤੰਦਰੁਸਤ ਮਨੁੱਖ ਵਿੱਚ ਇਹਨਾਂ ਦਾ ਸੰਤੁਲਨ ਬਣਿਆ ਹੁੰਦਾ ਹੈ। ਇਹਨਾਂ ਦੇ ਸੰਤੁਲਨ ਦਾ ਵਿਗੜਨਾ ਹੀ ਬਿਮਾਰੀ ਦਾ ਕਾਰਨ ਬਣਦਾ ਹੈ। ਬਿਮਾਰੀ ਦਾ ਇਲਾਜ ਵਿਅਕਤੀ ਦੇ ਸੁਭਾਅ (ਜਿਸਨੂੰ ਮਿਜਾਜ ਕਿਹਾ ਜਾਂਦਾ ਹੈ) ਅਨੁਸਾਰ ਰੋਗ ਦੇ ਪਿਛੋਕੜ, ਨਬਜ, ਟੱਟੀ ਅਤੇ ਪਿਸ਼ਾਬ ਦੀ ਪਰਖ ਕਰਕੇ ਤਹਿ ਕੀਤਾ ਜਾਂਦਾ ਹੈ। ਯੂਨਾਨੀ ਚਕਿਤਸਾ ਮੂਲ ਰੂਪ ਰੋਗਾਂ ਦੀ ਇਲਾਜ ਦੀ ਬਜਾਏ ਰੋਗ ਦੀ ਰੋਕਥਾਮ ਨੂੰ ਪਹਿਲ ਦਿੰਦੀ ਹੈ।

ਤੰਦਰੁਸਤ ਅਤੇ ਨਿਰੋਗ ਰਹਿਣ ਲਈ ਸਾਫ ਹਵਾ, ਸ਼ੁੱਧ ਖਾਣ-ਪੀਣ, ਕਸਰਤ ਕਰਨੀ, ਪੂਰੀ ਨੀਂਦ ਅਤੇ ਚੇਤਨਤਾ, ਸਰੀਰ ਦੀ ਨਿਕਾਸੀ ਪ੍ਰਣਾਲੀ ਦਾ ਠੀਕ ਹੋਣ ਤੇ ਜੋਰ ਦਿੱਤਾ ਗਿਆ ਹੈ। ਮੌਜੂਦਾ ਕੋਵਿਡ 19 ਰੋਗ ਦੇ ਸੰਬੰਧ ਵਿੱਚ ਸਿਆਲੀ (Indian Kudju), ਸੁੱਕੇ ਬੇਰ [ਉੱਨਬ (Unnab)], ਅਤੇ ਲਸੂੜੇ (sebesten) ਦਾ ਕਾੜ੍ਹਾ ਲੈਣ ਦੀ ਸਲਾਹ ਦਿੱਤੀ ਗਈ ਹੈ।

ਅਯੂਰਵੈਦਿਕ:

ਅਯੂਰਵੈਦਿਕ ਮਨੁੱਖ ਨੂੰ ਸਰੀਰ, ਮਨ ਅਤੇ ਆਤਮਾ ਦਾ ਸੁਮੇਲ ਮੰਨਦੀ ਹੈ। ਇਸ ਵਿਧੀ ਵਿੱਚ ਜੜੀਆਂ ਬੂਟੀਆਂ ਦੀ ਪ੍ਰਧਾਨਤਾ ਹੈ। ਅਯੂਰਵੈਦਿਕ ਵਿੱਚ ਤ੍ਰਿਦੋਸ਼ਾ ਸਿਧਾਂਤ ਅਨੁਸਾਰ ਮਨੁੱਖੀ ਸਰੀਰ ਵਿੱਚ ਵਾਤ, ਪਿੱਤ ਅਤੇ ਕਫ (ਬਲਗਮ) ਦੇ ਸੰਤੁਲਨ ਵਿਗੜਨ ਤੇ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜਿਵੇਂ ਕਿ ਅਸੀਂ ਪਹਿਲਾਂ ਹੀ ਵੇਖਿਆ ਹੈ ਕਿ ਕੋਵਿਡ-19 ਰੋਗ ਜੀਵਾਣੂਆਂ ਕਰਕੇ ਫੇਫੜਿਆਂ ਵਿੱਚ ਕਫ ਵੱਧ ਜਾਂਦੀ ਹੈ। ਅਜਿਹੀ ਹਾਲਤ ਵਿੱਚ ਆਯੂਸ (Ayush) ਮੰਤਰਾਲੇ ਨੇ ਮਲੇਰੀਆ ਦੀ ਦਵਾਈ ਆਯੂਸ 64 ਅਤੇ ਔਲਾ, ਗਲੋਅ, ਤੁਲਸੀ, ਸ਼ਿਲਾਜੀਤ, ਨਿੰਮ ਆਦਿ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਯੂਰਵੈਦ ਦੇ ਇਕ ਮਸਹੂਰ ਪ੍ਰਚਾਰਕ ਨੇ ਦਾਅਵਾ ਕੀਤਾ ਹੈ ਕਿ ਅਸ਼ਵਗੰਧਾ ਕਰੋਨਾ ਜੀਵਾਣੂਆਂ ਨੂੰ ਸੈਲਾਂ ਨਾਲ ਜੁੜਨ ਤੋਂ ਰੋਕਦਾ ਹੈ ਪਰ ਇਸ ਸੰਬੰਧੀ ਉਸਨੇ ਕੋਈ ਸਬੂਤ ਪੇਸ਼ ਨਹੀਂ ਕੀਤੇ ਅਤੇ ਕਿਹਾ ਹੈ ਕਿ ਉਹਨਾਂ ਨੇ ਆਪਣੀ ਖੋਜ ਇਕ ਕੋਮਾਂਤਰੀ ਜਨਰਲ ਨੂੰ ਭੇਜੀ ਹੈ।

ਸਿੱਧ ਇਲਾਜ ਪ੍ਰਣਾਲੀ:

ਸਿੱਧ ਇਲਾਜ ਪ੍ਰਣਾਲੀ ਤਾਮਿਲਨਾਡੂ ਵਿੱਚ ਵਿਕਸਤ ਹੋਈ ਇਲਾਜ ਵਿਧੀ ਹੈ। ਇਹ ਇਲਾਜ ਪ੍ਰਣਾਲੀ ਮਨੁੱਖੀ ਸਰੀਰ ਨੂੰ ਪੰਜ ਤੱਤਾਂ ਮਿੱਟੀ (ਧਰਤੀ), ਪਾਣੀ, ਅੱਗ, ਹਵਾ ਅਤੇ ਆਕਾਸ਼ ਦਾ ਸੁਮੇਲ ਮੰਨਦੀ ਹੈ। ਨਿਰੋਗ ਸਰੀਰ ਵਿੱਚ ਇਹਨਾਂ ਪੰਜ ਤੱਤਾਂ ਦਾ ਸੰਤੁਲਨ ਹੈ। ਅਸੰਤੁਲਨ ਪੈਦਾ ਹੋਣਾ ਬੀਮਾਰੀਆਂ ਦਾ ਕਾਰਨ ਹੈ। ਇਸ ਵਿਧੀ ਵਿੱਚ ਬਿਮਾਰੀ ਠੀਕ ਕਰਨ ਲਈ ਇਹਨਾਂ ਪੰਜ ਤੱਤਾਂ ਦਾ ਸੰਤੁਲਨ ਲਈ ਜੜੀਆਂ ਬੂਟੀਆਂ ਦੀ ਘੱਟ ਅਤੇ ਮੁੱਖ ਰੂਪ ਵਿੱਚ ਧਾਤਾਂ ਦੇ ਭਸਮਾਂ ਦੀ ਜਿਆਦਾ ਵਰਤੋਂ ਕੀਤੀ ਜਾਂਦੀ ਹੈ। ਸਿੱਧ ਇਲਾਜ ਪ੍ਰਣਾਲੀ ਨਾਲ ਸੰਬੰਧਿਤ ਸਾਹਿਤ ਦਰਾਵੜੀਅਨ ਭਾਸ਼ਾ ਤਾਮਿਲ ਵਿੱਚ ਲਿਖਿਆ ਹੋਇਆ ਹੈ। ਅਯੂਰਵੈਦਿਕ ਅਤੇ ਸਿੱਧ ਇਲਾਜ ਪ੍ਰਣਾਲੀ ਵਿੱਚ ਕਈ ਸਮਾਨਤਾਵਾਂ ਤੇ ਅਸਮਾਨਤਾਵਾਂ ਹਨ। ਇਸ ਇਲਾਜ ਵਿਧੀ ਵਿੱਚ ਕੋਵਿਡ-19 ਰੋਗ ਦੇ ਇਲਾਜ ਲਈ ਦਿਨ ਵਿੱਚ ਦੋ ਵਾਰ ਚਿਰੈਤੇ (Nilavembu) ਦਾ ਕਾੜ੍ਹਾ ਲੈਣ ਦੀ ਸਲਾਹ ਦਿੱਤੀ ਗਈ ਹੈ।

ਕੁਦਰਤੀ ਇਲਾਜ ਪ੍ਰਣਾਲੀ:

ਇਹ ਸਦੀਆਂ ਪੁਰਾਣੀ ਪਰੰਪਰਾਗਤ ਦਾਰਸ਼ਨਿਕ ਵਿਧੀ ਹੈ। ਇਸ ਵਿਧੀ ਵਿੱਚ ਐਲੋਪੈਥਿਕ ਜਾਂ ਰਸਾਇਣਿਕ ਦਵਾਈਆਂ ਦੀ ਥਾਂ ਭੋਜਨ ਨੂੰ ਹੀ ਦਵਾਈ ਮੰਨਿਆ ਗਿਆ ਹੋ ਅਤੇ ਮੁਢਲੇ ਰੂਪ ਵਿੱਚ ਫਲਾਂ ਸਬਜੀਆਂ ਰਾਹੀਂ ਇਲਾਜ ਕਰਨ ਤੇ ਜੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿੱਚ ਬੂਟੀਆਂ (Herbs), ਐਕੁਪੰਕਚਰ, ਕਸਰਤ, ਪਾਣੀ ਅਤੇ ਮਿੱਟੀ ਰਾਹੀਂ ਇਲਾਜ ਕੀਤਾ ਜਾਂਦਾ ਹੈ।

ਇਸ ਵਿਧੀ ਅਨੁਸਾਰ ਮਾਨਸਿਕ ਸਦਮਾ, ਸੱਟ ਜਾਂ ਜਲਵਾਯੂ ਹਾਲਤਾਂ ਵਾਲੇ ਰੋਗਾਂ ਨੂੰ ਛੱਡ ਕੇ ਸਾਰੇ ਰੋਗਾਂ ਦਾ ਇੱਕੋ ਹੀ ਕਾਰਨ ਸਰੀਰ ਵਿੱਚ ਰੋਗਵਰਧਕ ਮਾਦੇ ਦਾ ਜਮਾ ਹੋਣਾ ਹੈ। ਇਸ ਤਰਾਂ ਸਾਰੇ ਰੋਗਾਂ ਦਾ ਇਲਾਜ ਇਸ ਰੋਗਵਰਧਕ ਮਾਦੇ ਸਰੀਰ ਵਿੱਚੋਂ ਕੱਢਣਾ ਹੈ। ਇਹ ਰੋਗਵਰਧਕ ਮਾਦਾ ਜੀਵਾਣੂਆਂ ਅਤੇ ਰੋਗਣੂਆਂ ਦੇ ਵਾਧੇ ਲਈ ਸਹਾਈ ਹੁੰਦਾ ਹੈ। ਗੰਭੀਰ ਰੋਗ ਅਸਲ ਵਿੱਚ ਰੋਗ ਨਾ ਹੋ ਕੇ ਸਰੀਰ ਦੀ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਅਤੇ ਕੁਦਰਤ ਹੀ ਪਰਮ ਵੈਦ ਹੈ। ਇਸ ਵਿਧੀ ਵਿੱਚ ਰੋਗ ਦੇ ਇਲਾਜ ਦੀ ਬਜਾਏ ਸੰਪੂਰਨ ਸਰੀਰ ਦੇ ਇਲਾਜ ਤੇ ਜੋਰ ਦਿੱਤਾ ਜਾਂਦਾ ਹੈ। ਇਸ ਵਿਧੀ ਵਿੱਚ ਧਾਰਮਿਕ ਅਕੀਦੇ ਅਨੁਸਾਰ ਪ੍ਰਾਰਥਨਾ ਕਰਨਾ ਵੀ ਇਲਾਜ ਦਾ ਇਕ ਹਿੱਸਾ ਮੰਨਿਆ ਜਾਂਦਾ ਹੈ।

ਮੌਜੂਦਾ ਕੋਵਿਡ -19 ਦੇ ਇਲਾਜ ਲਈ ਇਸ ਇਲਾਜ ਵਿਧੀ ਵਿੱਚ ਵੀ ਪਰਹੇਜ ਰਖੱਣ ਦੀ ਸਲਾਹ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਵਿਟਾਮਨ ਏ, ਡੀ ਅਤੇ ਖਾਸ ਤੌਰ ਤੇ ਵਿਟਾਮਨ ਸੀ ਯੁਕਤ ਪਦਾਰਥਾਂ ਦੀ ਵਰਤੋਂ ਦੀ ਸਲਾਹ ਦਿੱਤੀ ਹੈ।

ਖਾਸ ਸਲਾਹ:

ਹਰੇਕ ਇਲਾਜ ਪ੍ਰਣਾਲੀ ਦੇ ਸਮਰਥਕ ਉਸਨੂੰ ਸਹੀ ਅਤੇ ਬਾਕੀਆਂ ਵਿੱਚ ਕਮੀਆਂ ਲੱਭ ਕੇ ਉਹਨਾਂ ਨੂੰ ਗੈਰਵਿਗਿਆਨਕ ਜਾਂ ਤਰਕਹੀਨ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਹਿਮਤੀ ਅਤੇ ਅਸਹਿਮਤੀ ਦੇ ਬਾਵਜੂਦ ਸਾਰੀਆਂ ਇਲਾਜ ਪ੍ਰਣਾਲੀਆਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਸਾਡੇ ਸਰੀਰ ਦੀ ਮਜਬੂਤ ਰੱਖਿਆ ਪ੍ਰਣਾਲੀ ਬਹੁਤ ਜਰੂਰੀ ਹੈ ਅਤੇ ਇਲਾਜ ਨਾਲੋਂ ਪਰਹੇਜ ਚੰਗਾ ਹੈ। ਆਮ ਤੌਰ ਤੇ ਸੁਰੂ ਵਿੱਚ ਸਾਡਾ ਸਰੀਰ ਨਵੇਂ ਜੀਵਾਣੂਆਂ ਨਾਲ ਲੜਨ ਦੇ ਸਮਰੱਥ ਨਹੀਂ ਹੁੰਦਾ ਪਰ ਸਮਾਂ ਪਾ ਕੇ ਸਰੀਰ ਦੀ ਰੱਖਿਆ ਪ੍ਰਣਾਲੀ ਇਹਨਾਂ ਜੀਵਾਣੂਆਂ ਨਾਲ ਲੜਨ ਦੇ ਕਾਬਲ ਹੋ ਜਾਂਦੀ ਹੈ । ਦੂਸਰੇ ਪਾਸੇ ਰੋਕਥਾਮ ਅਤੇ ਪਰਹੇਜ ਦੇ ਸਾਰਥਕ ਕਦਮ ਵੀ ਆਪਣਾ ਯੋਗਦਾਨ ਪਾਉਂਦੇ ਹਨ। ਇਹੀ ਕਾਰਨ ਹੈ ਕਿ ਸੁਰੂ ਵਿੱਚ ਮਹਾਂਮਾਰੀ ਦੇ ਰੂਪ ਵਿੱਚ ਆਏ ਰੋਗਾਂ (ਸਾਰਸ, ਮਰਸ ਅਤੇ ਏਡਜ ਆਦਿ) ਦਾ ਫੈਲਾਅ ਘਟ ਗਿਆ ਹੈ ਜਾਂ ਲਗਭਗ ਰੁਕ ਗਿਆ ਹੈ। ਹੁਣ ਜਦੋਂ ਕੋਵਿਡ – 19 ਦੇ ਇਲਾਜ ਲਈ ਕੋਈ ਸ਼ਪਸਟ ਦਵਾ ਜਾਂ ਟੀਕਾ ਅਜੇ ਨਹੀਂ ਬਣਿਆ ਤਾਂ ਅਜਿਹੀ ਹਾਲਤ ਵਿੱਚ ਪਰਹੇਜ ਅਤੇ ਰੋਕਥਾਮ ਹੀ ਕਾਰਗਰ ਸਾਬਿਤ ਹੋ ਸਕਦੇ ਹਨ। ਇਸ ਲਈ ਸਾਡਾ ਸਭ ਤੋਂ ਵੱਡਾ ਫਰਜ ਇਹੀ ਹੈ ਕਿ ਇਹਤਿਆਤ ਰੱਖਕੇ ਜੀਵਾਣੂਆਂ ਦੇ ਇਸ ਫੈਲਾਅ ਨੂੰ ਰੋਕਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,