ਸਿੱਖ ਖਬਰਾਂ

ਸਾਕਾ ਨਕੋਦਰ: ਸ਼੍ਰੋਮਣੀ ਕਮੇਟੀ ਵਲੋਂ ਅਹੁਦਾ ਮਾਣ ਰਹੇ ਦਰਬਾਰਾ ਸਿੰਘ ਗੁਰੂ ਨੇ ਹੀ ਜਾਰੀ ਕੀਤੇ ਸਨ ਕਰਫਿਊ ਦੇ ਹੁਕਮ

February 7, 2019 | By

ਚੰਡੀਗੜ੍ਹ/ਨਕੋਦਰ: ਬੀਤੇ ਦਿਨੀਂ ਵੱਖੋ ਵੱਖ ਅਖਬਾਰਾਂ (ਤਸਵੀਰਾਂ ਥੱਲੇ ਵੇਖੀਆਂ ਜਾ ਸਕਦੀਆਂ) ਵਲੋਂ ਫਰਵਰੀ 1986 ‘ਚ ਨਕੋਦਰ,ਜ਼ਿਲ੍ਹਾ ਜਲੰਧਰ ‘ਚ ਸਹਾਇਕ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਦਰਬਾਰਾ ਸਿੰਘ ਗੁਰੂ ਦਾ ਬਿਆਨ ਛਾਪਿਆ ਗਿਆ ਜਿਸ ਵਿੱਚ ਦਰਬਾਰਾ ਸਿੰਘ ਗੁਰੂ ਨੇ ਸਾਕਾ ਨਕੋਦਰ, ਜਿਸ ਵਿਚ ਪੁਲਸ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਰੋਸ ਜਾਹਰ ਕਰ ਰਹੇ ਸਿੱਖ ਨੌਜਵਾਨਾ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸਨ, ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕਰਦਿਆਂ ਕਿਹਾ ਕਿ “ਮੇਰਾ ਨਕੋਦਰ ਸਾਕੇ ‘ਚ ਕੋਈ ਰੋਲ ਨਹੀਂ ਮੇਰਾ ਨਾਮ ਗਲਤ ਉਛਾਲਿਆ ਜਾ ਰਿਹਾ ਹੈ”।

ਅਖਬਾਰ ਵਿਚ ਛਪੇ ਦਰਬਾਰਾ ਸਿੰਘ ਗੁਰੂ ਦੇ ਬਿਆਨ ਦੀ ਤਸਵੀਰ।

ਜਦਕਿ ਇਹ ਗੱਲ ਬਿਲਕੁਲ ਵੀ ਠੀਕ ਨਹੀਂ, ਨਕੋਦਰ ਸਾਕੇ ਬਾਰੇ ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਨਕੋਦਰ ਸਾਕੇ ਬਾਰੇ ਜਾਰੀ ਕੀਤੇ ਗਏ ਕਿਤਾਬਚੇ “ਦੀ ਫਾਸ਼ਿਸ਼ਟ ਆਫੈਂਸਿਵ ਇਨ ਪੰਜਾਬ”  ਵਿਚਲੇ ਪਾਠ  “ਏ ਮਿਸਚੀਫ ਏਟ ਨਕੋਦਰ  – ਵਿੱਚ ਇਹ ਸਾਫ ਦਰਜ ਹੈ – ਵਿੱਚ ਇਹ ਸਾਫ ਦਰਜ ਹੈ ਕਿ ” 3 ਫਰਵਰੀ ਨੂੰ (2 ਫਰਵਰੀ ਦੀ ਰਾਤ ਸ੍ਰੀ ਗੁਰੂ ਗਰੰਥ ਸਾਹਿਬ ਦੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਸਨ) ਸ਼ਾਮ ਪੰਜ ਵਜੇ ਐਸਐਸਪੀ ਇਜ਼ਹਾਰ ਆਲਮ ਅਤੇ ਏਡੀਸੀ ਦਰਬਾਰਾ ਸਿੰਘ ਗੁਰੂ, ਗੁਰਦੁਆਰਾ ਸਾਹਿਬ ਪਹੁੰਚੇ “ਦਰਬਾਰਾ ਸਿੰਘ ਗੁਰੁੂ ਨੇ ਉਸ ਥਾਂ ‘ਤੇ ਪਹੁੰਚ ਕੇ ਬਿਨਾਂ ਕਿਸੇ ਅਗਲੀ ਪੁੱਛ-ਗਿੱਛ, ਖੋਜ-ਪੜਤਾਲ ਦੇ ਇਹ ਸਿੱਟਾ ਕੱਢ ਮਾਰਿਆ ਕਿ ਇਹ ਘਟਨਾ ਇੱਕ ਹਾਦਸਾ ਸੀ ਅਤੇ ਅੱਗ ਗ੍ਰੰਥੀ ਸਿੰਘ ਦੀ ਅਣਗਹਿਲੀ ਕਾਰਣ ਲੱਗੀ ਸੀ।”

ਦਰਬਾਰਾ ਸਿੰਘ ਗੁਰੂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨਾਲ ਤਸਵੀਰ।

ਇੱਥੇ ਧਿਆਨ ਦੇਣ ਯੋਗ ਤੱਥ ਇਹ ਹੈ ਕਿ ਅੱਗ ਪ੍ਰਕਾਸ਼ ਅਸਥਾਨ ਅਤੇ ਸੁਖ-ਆਸਨ ਨਿਵਾਸ ਦੋ ਥਾਵਾਂ ‘ਤੇ ਲੱਗੀ ਸੀ ਇਹਨਾਂ ਦੋਹਾਂ ਥਾਵਾਂ ਵਿਚਕਾਰ ਅੱਗ ਫੈਲਣ ਦਾ ਕੋਈ ਨਿਸ਼ਾਨ ਸਾਹਮਣੇ ਨਹੀਂ ਸੀ ਅਤੇ ਨਾਂ ਹੀ ਅੱਗ ਲੱਗਣ ਦਾ ਕੋਈ ਕਾਰਣ ਪਤਾ ਲੱਗ ਸਕਿਆ ਸੀ।

ਇਹ ਗੱਲ ਪਾਣੀ ਵਾਂਗ ਪਾਰਦਰਸ਼ੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਸੇ ਸਾਜਿਸ਼ ਤਹਿਤ ਅਗਨ ਭੇਟ ਕੀਤੇ ਗਏ ਸਨ। ਉਸ ਵੇਲੇ ਸੰਗਤਾਂ ਨੇ ਵਾਰ-ਵਾਰ ਇਸ ਘਟਨਾ ਦੀ ਡੂੰਘਾਈ ‘ਚ ਜਾਂਚ ਕਰਨ ਦੀ ਮੰਗ ਚੁੱਕੀ ਪਰ ਏਡੀਸੀ ਦਰਬਾਰਾ ਸਿੰਘ ਗੁਰੂ ‘ਤੇ ਉਸਦਾ ਸਾਥੀ ਐਸਐਸਪੀ ਇਜ਼ਹਾਰ ਆਲਮ ਨੇ ਸੰਗਤ ਦੀ ਕੋਈ ਗੱਲ ਨਾ ਸੁਣੀ, ਜਾਂਚ ਲਈ ਆਏ ਇਹਨਾਂ ਦੋ ਲੋਕ ਮੁਲਾਜ਼ਮਾਂ ਦੀ ਭੂਮਿਕਾ ਹਮੇਸ਼ਾ ਸ਼ੱਕ ਦੇ ਘੇਰੇ ‘ਚ ਰਹੀ ਹੈ।

ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਸਭਾ ਵਿਚੋਂ ਤਸਵੀਰ।

ਸੰਗਤਾਂ ਅੰਦਰ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾ ਯਕੀਨ ਸੀ ਕਿ ਇਹ ਕਾਰਾ ਕਿਸੇ ਹੋਰ ਬਾਹਰੀ ਧਿਰ ਵਲੋਂ ਕੀਤਾ ਗਿਆ ਹੈ, ਸੰਗਤਾਂ ਲਈ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਸੀ।ਦੂਰੋਂ ਨੇੜਿੳਂ ਇਲਾਕੇ ਦੀ ਸੰਗਤ ਇਕੱਠੀ ਹੋਣ ਲੱਗੀ, ਘਟਨਾ ਦੀ ਸੁਚੱਜੀ ਜਾਂਚ ਕਰਨ ਦੀ ਥਾਵੇਂ ਦਰਬਾਰਾ ਸਿੰਘ ਗੁਰੂ ਨੇ ਸ਼ਾਮ 7:30 ਵਜੇ ਕਰਫਿਊ ਲਾ ਦਿੱਤਾ ਗਿਆ।(ਕਰਫਿਊ ਦੇ ਹੁਕਮ ਦੀ ਤਸਵੀਰ ਹੇਠਾਂ ਵੇਖੀ ਜਾ ਸਕਦੀ ਹੈ।

ਦਰਬਾਰਾ ਸਿੰਘ ਗੁਰੂ ਵਲੋਂ 3ਫਰਵਰੀ 1986 ‘ਚ ਜਾਰੀ ਕੀਤੇ ਗਏ ਕਰਫਿਊ ਦੇ ਹੁਕਮ ਦੀ ਤਸਵੀਰ।

ਜ਼ਿਕਰਯੋਗ ਹੈ ਕਿ ਕਰਫਿਊ ਲੱਗਣ ਤੋਂ ਬਾਅਦ ਵੀ ਨਕੋਦਰ ਸ਼ਹਿਰ ‘ਚ ਸ਼ਿਵ ਸੈਨਾ ਦੇ ਕਾਰਕੁੰਨ ਹੱਥ ‘ਚ ਹਥਿਆਰ ਫੜੀ ਦਨਦਨਾਉਂਦੇ ਵੇਖੇ ਗਏ ਸਨ ਪਰ ਫੇਰ ਵੀ ਪੁਲਸ ਵਲੋਂ ਉਹਨਾਂ ‘ਤੇ ਕਰਫਿਊ ਦੇ ਨਿਯਮ ਲਾਗੂ ਨਾ ਕੀਤੇ ਗਏ।

ਜਦੋਂ ਸੰਗਤਾਂ ਦਾ ਜਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਹੋਏ ਸਰੂਪਾਂ ਨੂੰ ਸਤਿਕਾਰ ਸਹਿਤ ਗੋਇੰਦਵਾਲ ਸਾਹਿਬ ਲੈ ਕੇ ਜਾਣ ਲਈ ਸ਼ਹਿਰ ਅੰਦਰ ਦਾਖਲ ਹੋਇਆ ਤਾਂ ਉਹਨਾਂ ਉੱਤੇ ਪੁਲਸ ਵਲੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਜਿਸ ਵਿਚ ਭਾਈ ਬਲਧੀਰ ਸਿੰਘ, ਭਾਈ ਹਰਮਿੰਦਰ ਸਿੰਘ,ਭਾਈ ਰਵਿੰਦਰ ਸਿੰਘ, ਭਾਈ ਝਿਲਮਣ ਸਿੰਘ ਚਾਰ ਸਿੰਘ ਸ਼ਹੀਦ ਹੋਏ ਸਨ।

ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਸਭਾ ਅਨੁਸਾਰ ਏਡੀਸੀ ਦਰਬਾਰਾ ਸਿੰਘ ਗੁਰੂ ਅਤੇ ਐਸਐਸਪੀ ਇਜ਼ਹਾਰ ਆਲਮ ਦੀ ਭੂਮਿਕਾ ਹਮੇਸ਼ਾ ਸ਼ੱਕ ਦੇ ਘੇਰੇ ਅੰਦਰ ਰਹੇਗੀ ਕਿ ਉਹਨਾਂ ਵਲੋਂ ਸੰਗਤਾਂ ਦੇ ਜਥੇ ਨੂੰ ਕਰਫਿਊ ਹੋਣ ਦੇ ਬਾਵਜੂਦ ਸ਼ਹਿਰ ਅੰਦਰ ਜਾਣ ਦੀ ਇਜਾਜਤ ਕਿੳਂ ਦਿੱਤੀ ਗਈ।

ਵਰਤਮਾਨ ਸਮੇਂ ਦਰਬਾਰਾ ਸਿੰਘ ਗੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੁਨੀਵਰਸਿਟੀ ਦੇ ਮੈਂਬਰ ਸਕੱਤਰ ਦਾ ਅਹੁਦਾ ਮਾਣ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,