ਸਿਆਸੀ ਖਬਰਾਂ

ਘੱਲੂਘਾਰਾ ਯਾਦਗਾਰੀ ਮਾਰਚ: ਸ਼ਹੀਦਾਂ ਦਾ ਕੌਮ ਦੀ ਆਜ਼ਾਦੀ ਦਾ ਸੁਪਨਾ ਜ਼ਰੂਰ ਪੂਰਾ ਕਰਾਂਗੇ: ਦਲ ਖਾਲਸਾ

By ਸਿੱਖ ਸਿਆਸਤ ਬਿਊਰੋ

June 05, 2017

• ਜੂਨ 1984 ਦੇ ਹਮਲੇ ਲਈ ਜ਼ਿੰਮੇਵਾਰ ਫੌਜੀ ਅਫਸਰਾਂ ਉਤੇ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਮੁਕਦਮਾ ਚਲਾਇਆ ਜਾਵੇ

ਅੰਮ੍ਰਿਤਸਰ: ਦਲ ਖਾਲਸਾ ਵਲੋਂ ਜੂਨ 1984 ਦੇ ਹਮਲੇ ਦੌਰਾਨ ਢੱਠੇ ਅਕਾਲ ਤਖਤ ਸਾਹਿਬ ਅਤੇ ਭਾਰਤੀ ਫੌਜ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਦੇ ਨਾਲ ਸ਼ਹਿਰ ਦੀਆਂ ਸੜਕਾਂ ਉੱਤੇ ਅੱਜ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਗਿਆ ਜਿਸ ਵਿੱਚ ਸ਼ਹੀਦਾਂ ਦਾ ਕੌਮ ਦੀ ਆਜ਼ਾਦੀ ਦਾ ਸੁਪਨਾ ਸਾਕਾਰ ਕਰਨ ਦੀ ਵਚਨਬੱਧਤਾ ਦੁਹਰਾਈ ਗਈ। ‘ਹਮਲੇ ਦੇ ਜ਼ਖਮ ਅੱਜ ਤਕ ਰਿਸਦੇ ਹਨ, ਪੀੜ ਸੱਜਰੀ ਹੈ ਅਤੇ ਸੰਘਰਸ਼ ਜਾਰੀ ਹੈ’ ਵਰਗੇ ਸੁਨੇਹੇ ਲਿਖੇ ਪੋਸਟਰ ਅਤੇ ਖਾਲਸਾਈ ਝੰਡੇ ਫੜ੍ਹੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਹੇਠ ਮਾਰਚ ਵਿਚ ਸ਼ਾਮਿਲ ਹੋ ਕੇ ਪੰਜਾਬ ਦੀ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।

• ਅਮਰੀਕਾ, ਚੀਨ ਅਤੇ ਸੰਯੁਕਤ ਰਾਸ਼ਟਰ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ

ਜਥੇਬੰਦੀ ਵਲੋਂ ਸਜਾਏ ਗਏ ਫਲੋਟ ਉਤੇ ਸੰਤ ਜਰਨੈਲ ਸਿੰਘ ਖਾਲਸਾ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਦੀਆਂ ਤਸਵੀਰਾਂ ਹੇਠਾਂ ‘ਫਖ਼ਰ-ਏ-ਕੌਮ’ ਲਿਖਿਆ ਸੀ ਅਤੇ ਸਮੂਹ ਸ਼ਹੀਦਾਂ ਦੀਆਂ ਤਸਵੀਰਾਂ ਉਤੇ “ਹਮੇਂ ਨਾਜ਼ ਹੈ ਇਨ ਸ਼ਹੀਦੋਂ ਪਰ” ਅੰਕਿਤ ਕੀਤਾ ਹੋਇਆ ਸੀ। ਪਹਿਲੀ ਵਾਰ ਦਲ ਖਾਲਸਾ ਨੇ ਮਾਰਚ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਦੀਆਂ ਸਪੀਚਾਂ, ਨਾਭੇ ਵਾਲੀ ਬੀਬੀਆਂ ਦੀਆਂ ਜੋਸ਼ੀਲੀ ਵਾਰਾਂ ਦੀਆਂ ਸੀ.ਡੀ ਚਲਾਈਆਂ ਜੋ ਕਿ ਨਗਰ ਨਿਵਾਸੀਆਂ ਅਤੇ ਰਾਹਗੀਰਾਂ ਲਈ ਖਿੱਚ ਦਾ ਕੇਂਦਰ-ਬਿੰਦੂ ਸੀ। ਮਾਰਚ ਦੀ ਸਮਾਪਤੀ ‘ਤੇ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਨਮਿਤ ਅਰਦਾਸ ਕੀਤੀ ਗਈ।

33 ਸਾਲ ਪਹਿਲਾਂ ਹੋਏ ਦਰਬਾਰ ਸਾਹਿਬ ‘ਤੇ ਹਮਲੇ ਦੇ ਰੋਸ ਵਜੋਂ ਦਿੱਤੇ 6 ਜੂਨ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਮੁੜ ਦੁਹਰਾਉਂਦਿਆਂ ਦਲ ਖਾਲਸਾ ਨੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਕਿ ਉਹ ਇਸ ਹਮਲੇ ਦੀ ਪੀੜ ਨੂੰ ਮਹਿਸੂਸ ਕਰਦਿਆਂ ਆਪਣੇ ਕਾਰੋਬਾਰੀ ਅਤੇ ਦਫਤਰੀ ਅਦਾਰੇ ਬੰਦ ਰੱਖਣ।

ਜਜ਼ਬਿਆਂ ਨਾਲ ਭਰੇ ਇਸ ਰੋਹ ਭਰਪੂਰ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1984 ਵਿਚ ਸਿੱਖ ਕੌਮ ਦੇ ਜੁਝਾਰੂ ਸਿਪਾਹੀ ਸੰਤ ਜਰਨੈਲ ਸਿੰਘ ਭਿਡਰਾਂਵਾਲਿਆਂ ਦੀ ਅਗਵਾਈ ਵਿਚ ਸਿੱਖ ਹੱਕਾਂ ਦੀ ਰਾਖੀ ਲਈ ਖੜ੍ਹੇ ਹੋਏ ਅਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਉਹਨਾਂ ਸ਼ਹਾਦਤਾਂ ਦਿੱਤੀਆਂ। ਜਜ਼ਬਾਤੀ ਹੁੰਦਿਆਂ ਉਹਨਾਂ ਕਿਹਾ ਕਿ ਉਸ ਹਮਲੇ ਦੌਰਾਨ ਦਰਸ਼ਨਾਂ ਲਈ ਆਈਆਂ ਹਜ਼ਾਰਾਂ ਸਿੱਖ ਸੰਗਤਾਂ, ਸ਼੍ਰੋਮਣੀ ਕਮੇਟੀ ਮੁਲਾਜ਼ਮ, ਰਾਜਨੀਤਕ ਕਾਰਕੁੰਨ ਅਤੇ ਸੇਵਾਦਾਰਾਂ ਦਾ ਭਾਰਤੀ ਫੌਜ ਨੇ ਕਤਲੇਆਮ ਕੀਤਾ ਸੀ।

ਸੰਯੁਕਤ ਰਾਸ਼ਟਰ, ਅਮਰੀਕਾ, ਚੀਨ ਅਤੇ ਵਿਸ਼ਵ ਦੀਆਂ ਹੋਰ ਵੱਡੀਆਂ ਤਾਕਤਾਂ ਕੋਲੋਂ ਜੰਗੀ ਅਪਰਾਧ ਦੇ ਦੋਸ਼ਾਂ ਤਹਿਤ ਉਸ ਹਮਲੇ ਦੀ ਅਗਵਾਈ ਕਰਨ ਵਾਲੇ ਦੋਸ਼ੀ ਫੌਜੀ ਅਫਸਰਾਂ ਖਿਲਾਫ ਮੁਕੱਦਮਾ ਚਲਾਉਣ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿਚ ਆਮ ਸੰਗਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੱਥ ਪਿੱਠਾਂ ਪਿੱਛੇ ਬੰਨ੍ਹ ਕੇ ਗੋਲੀਆਂ ਅਤੇ ਬੰਬਾਂ ਨਾਲ ਮਾਰ ਦਿੱਤਾ ਗਿਆ ਸੀ।

ਉਹਨਾਂ ਕਿਹਾ ਕਿ “ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਕੇਂਦਰੀਕਰਨ ਅਤੇ ਹਿੰਦੂਤਵੀਕਰਨ ਵਿੱਚ ਤਬਦੀਲ ਹੋਣ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਅਮਲੀ ਤੌਰ ‘ਤੇ ਹਿੰਦੂ ਰਾਸ਼ਟਰ ਬਨਾਉਣ ਲਈ ਸੰਘ ਪਰਿਵਾਰ ਦੀ ਅਗਵਾਈ ਵਿਚ ਸ਼ੁਰੂਆਤ ਹੋ ਚੁੱਕੀ ਹੈ।”

ਇਸ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਓਪਰੇਸ਼ਨ ਬਲੂ ਸਟਾਰ ਭਾਰਤੀ ਰਾਜਨੀਤੀ ਵਿਚ ਇਕ ਮਿਸਾਲੀ ਘਟਨਾ ਹੈ ਜਿਸ ਤੋਂ ਬਾਅਦ ਲੋਕਾਂ ਵਿਰੁੱਧ ਅਰਾਜਕਤਾ ਅਤੇ ਹਿੰਸਾ ਨੂੰ ਇਕ ਸਟੇਟ ਨੀਤੀ ਵਜੋਂ ਸੰਸਥਾਗਤ ਰੂਪ ਦਿੱਤਾ ਗਿਆ ਅਤੇ ਅਜਿਹੇ ਹੀ ਹੋਰ ਸਰਕਾਰੀ ਵਹਿਸ਼ੀ ਕਾਰਿਆਂ ਲਈ ਰਾਹ ਖੋਲ੍ਹਿਆ ਗਿਆ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਅਜਿਹੀਆਂ ਦਮਨਕਾਰੀ ਨੀਤੀਆਂ ਅੱਜ ਵੀ ਲਗਾਤਾਰ ਜਾਰੀ ਹਨ। ਉੁਹਨਾਂ ਕਿਹਾ ਕਿ ਦੱਖਣੀ ਏਸ਼ੀਆ ਖਿੱਤੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਅਤੇ ਕਸ਼ਮੀਰ ਕੇਂਦਰ ਬਿੰਦੂ ਸਨ, ਹਨ ਅਤੇ ਰਹਿਣਗੇ। ਜਦੋਂ ਕਦੇ ਵੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਹੋਈ, ਹੋਰਨਾਂ ਥਾਵਾਂ ਤੋਂ ਵੱਧ, ਇਹ ਦੋਵੇਂ ਥਾਵਾਂ ਸਭ ਤੋਂ ਵੱਧ ਤਬਾਹੀ ਦਾ ਸ਼ਿਕਾਰ ਹੋਣਗੀਆਂ।

ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਾਰਟੀ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਕਿ ਸਵੈ-ਨਿਰਣੇ ਦਾ ਹੱਕ ਹਰ ਕੌਮ ਦਾ ਬੁਨਿਆਦੀ ਹੱਕ ਹੈ ਅਤੇ ਉਹਨਾਂ ਦਾਅਵਾ ਕੀਤਾ ਕਿ ਜਨੇਵਾ ਕਨਵੈਨਸ਼ਨ ਵਲੋਂ ਵੱਖ ਹੋਣ ਦੇ ਹੱਕ ਨੂੰ ਮਾਨਤਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਬਹੁਤ ਦੇਸ਼ਾਂ ਨੇ ਰਾਏਸ਼ੁਮਾਰੀ ਰਾਹੀਂ ਆਜ਼ਾਦੀ ਹਾਸਿਲ ਕੀਤੀ ਹੈ। ਉਹਨਾਂ ਕਿਹਾ ਕਿ ਰਾਏਸ਼ੁਮਾਰੀ ਦਾ ਹੱਕ ਮੰਗਣਾ ਕੋਈ ਗੈਰ-ਸੰਵਿਧਾਨਿਕ ਨਹੀਂ ਹੈ।

ਇਸ ਮੌਕੇ ਭਾਈ ਦਲਜੀਤ ਸਿੰਘ, ਬਲਦੇਵ ਸਿੰਘ ਸਿਰਸਾ, ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਅਮਰੀਕ ਸਿੰਘ ਈਸ਼ੜੂ, ਬਾਬਾ ਸੱਜਣ ਸਿੰਘ, ਮਨਧੀਰ ਸਿੰਘ, ਰਣਬੀਰ ਸਿੰਘ, ਨੋਬਲਜੀਤ ਸਿੰਘ, ਦਲੇਰ ਸਿੰਘ, ਕੁਲਵੰਤ ਸਿੰਘ ਫੇਰੂਮਾਨ, ਗੁਰਦੀਪ ਸਿੰਘ ਕਾਲਕੱਟ, ਜਸਵੀਰ ਸਿੰਘ ਖੰਡੂਰ, ਅਵਤਾਰ ਸਿੰਘ ਜਲਾਲਾਬਾਦ, ਸੁਖਦੇਵ ਸਿੰਘ, ਰਜਿੰਦਰ ਸਿੰਘ ਆਦਿ ਸ਼ਾਮਿਲ ਹੋਏ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Sikh Activists Hold ‘Sikh Genocide Remembrance March’ in Amritsar; Calls For Amritsar Shut Down On 6 June …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: