Site icon Sikh Siyasat News

ਦਲ ਖਾਲਸਾ ਵਲੋਂ ਸੰਵਿਧਾਨਕ ਗ਼ੁਲਾਮੀ, ਬੇਇੰਸਾਫੀਆਂ ਅਤੇ ਵਧੀਕੀਆਂ ਵਿਰੁੱਧ ਮੁਜ਼ਾਹਰਾ 26 ਜਨਵਰੀ ਨੂੰ ਮਾਨਸਾ ਵਿਖੇ

ਮਾਨਸਾ: ਭਾਰਤੀ ਗਣਤੰਤਰ ਦਿਵਸ ਨੂੰ ਸੰਵਿਧਾਨਕ ਗ਼ੁਲਾਮੀ ਅਤੇ ਵਿਸ਼ਵਾਸਘਾਤ ਦਿਹਾੜਾ ਵਜੋਂ ਮਨਾਉਣ ਦਾ ਸੱਦਾ ਦੇਦਿੰਆਂ, ਦਲ ਖਾਲਸਾ ਨੇ ਮਾਨਸਾ ਵਿਖੇ 26 ਜਨਵਰੀ ਨੂੰ ਰੋਹ-ਭਰਿਆ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।

ਭਾਰਤ ਦਾ ਇਤਹਾਸ ਆਪਣੇ ਕੀਤੇ ਵਾਅਦਿਆਂ ਨੂੰ ਤੋੜਣ ਅਤੇ ਬੇਵਫਾਈਆਂ ਨਾਲ ਭਰਿਆ ਪਿਆ ਹੈ ਦਾ ਹਵਾਲਾ ਦੇਂਦਿੰਆਂ ਦਲ ਖਾਲਸਾ ਨੇ ਭਾਰਤ ਅੰਦਰ ਰਹਿ ਰਹੀਆ ਧਾਰਮਿਕ ਘੱਟ ਗਿਣਤੀ ਕੋੌਮਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਗਣਤੰਤਰ ਦਿਵਸ ਨੂੰ ਵਿਸਾਹਘਾਤ ਦਿਵਸ ਵਜੋਂ ਮਨਾਉਣ।

ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਨਾਲ ਸੰਵਿਧਾਨਕ ਅਤੇ ਰਾਜਸੀ ਪ੍ਰਬੰਧਕੀ ਢਾਂਚੇ ਰਾਹੀਂ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਅਤੇ ਵਧੀਕੀਆਂ ਖਤਮ ਨਹੀਂ ਹੋ ਰਹੀਆਂ ਜਿਸ ਕਾਰਨ ਸਿੱਖਾਂ ਦੇ ਇੱਕ ਹਿੱਸੇ ਵਿੱਚ ਖਾਸਕਰ ਨੌਜਵਾਨਾਂ ਅੰਦਰ ਭਾਰਤ ਨਾਲੋਂ ਅੱਡ ਹੋਣ ਦੀ ਭਾਵਨਾ ਹੋਰ ਵੀ ਪ੍ਰਚੰਡ ਹੋ ਚੁੱਕੀ ਹੈ । ਉਹਨਾਂ ਕਿਹਾ ਕਿ ਭਾਰਤ ਦੇ ਹੁਕਮਰਾਨ ਭਾਰਤ-ਪਾਕਿ ਵੰਡ ਮੌਕੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਕੀਤੇ ਵਾਅਦੇ ਦੀ ਰੌਸ਼ਨੀ ਵਿੱਚ ਸੰਘਰਸ਼ੀਲ ਕੌਮਾਂ ਨੂੰ ‘ਸਵੈ-ਨਿਰਣੇ ਦਾ ਹੱਕ’ ਅਤੇ ‘ਵੱਖ ਹੋਣ ਦਾ ਹੱਕ’ ਦੇਣ।

ਦਲ ਖਾਲਸਾ ਵਲੋਂ ਸੰਵਿਧਾਨਕ ਗ਼ੁਲਾਮੀ, ਬੇਇੰਸਾਫੀਆਂ ਅਤੇ ਵਧੀਕੀਆਂ ਵਿਰੁੱਧ ਮੁਜ਼ਾਹਰਾ 26 ਜਨਵਰੀ ਨੂੰ ਮਾਨਸਾ ਵਿਖੇ

ਉਹਨਾਂ ਕਿਹਾ ਕਿ ਦਲ ਖਾਲਸਾ ਦੇ ਕਾਰਜਕਰਤਾਵਾਂ ਵਲੋਂ ਸੰਵਿਧਾਨਕ ਵਿਤਕਰੇ, ਬੇਇੰਸਾਫੀਆਂ ਅਤੇ ਵਧੀਕੀਆਂ ਵਿਰੁੱਧ ਬੱਸ ਸਟੈਂਡ ਚੌਂਕ (ਮਾਨਸਾ) ਵਿਖੇ ਮੁਜ਼ਾਹਰਾ ਕੀਤਾ ਜਾਵੇਗਾ। ਉਹਨਾਂ ਟਿਪਣੀ ਕਰਦਿਆਂ ਕਿਹਾ ਕਿ ਅਕਾਲੀ ਦਲ ਤੋਂ ਲੈ ਕੇ ਹਰ ਸਿੱਖ ਪਾਰਟੀ ਸੰਵਿਧਾਨ ਵਿੱਚ ਸਿੱਖਾਂ ਦੀ ਅੱਡਰੀ ਪਛਾਣ ਨੂੰ ਹਿਦੂ ਮੁਖਧਾਰਾ ਵਿੱਚ ਜ਼ਜ਼ਬ ਕਰਨ ਦੇ ਸਖਤ ਵਿਰੁੱਧ ਹਨ ਪਰ ਅਫਸੋਸ ਕਿ ਇਹ ਪਾਰਟੀਆਂ 26 ਜਨਵਰੀ ਦੇ ਜਸ਼ਨਾਂ ਦਾ ਬਾਈਕਾਟ ਕਰਨ ਦਾ ਹੌਂਸਲਾ ਨਹੀ ਜੁਟਾ ਪਾ ਰਹੀਆਂ । ਦਲ ਖਾਲਸਾ ਨੇ 26 ਜਨਵਰੀ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ।

ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਸਪਸ਼ਟ ਕੀਤਾ ਸੰਵਿਧਾਨ, ਜਨ ਗਨ ਮਨ, 26 ਜਨਵਰੀ, ਤਿਰੰਗਾ ਸਿੱਖਾਂ ਲਈ ਬੇਗਾਨੇ ਬਣ ਕੇ ਰਹਿ ਗਏ ਹਨ। ਉਹਨਾਂ ਕਿਹਾ ਕਿ ਸੰਵਿਧਾਨਕ ਮੱਦਾਂ ਲਗਾਤਾਰ ਸਿੱਖਾਂ ਨੂੰ ਠਿੱਠ ਕਰ ਰਹੀਆਂ ਹਨ।ਦਲ ਖਾਲਸਾ ਆਗੂ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਉਹ ਆਪਣੀ ਕਿਸਮਤ ਦੀ ਮਾਲਕ ਵੀ ਆਪ ਬਨਣਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਭਾਰਤ ਅਤੇ ਸਿੱਖ ਕੌਮ ਵਿਚਾਲੇ ਖਿਚੋਤਾਣ ਦਾ ਪੱਕਾ ਹੱਲ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਅਤੇ ਉਸਨੂੰ ਲਾਗੂ ਕਰਨ ਨਾਲ ਹੀ ਹੋਵੇਗਾ।

ਜਥੇਬੰਦੀ ਦੇ ਮੀਤ-ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਅਮਰੀਕ ਸਿੰਘ ਈਸੜੂ ਨੇ ਕਿਹਾ ਕਿ ਸਿੱਖਾਂ ਨੇ ਇਸ ਖਿਤੇ ਵਿਚ ਆਪਣਾ ਸਫਰ ਭਾਰਤੀ ਸੰਵਿਧਾਨ ਨੂੰ ਨਾ-ਮਨਜ਼ੂਰ ਕਰਕੇ ਆਰੰਭ ਕੀਤਾ ਕਿਉਕਿ ਇਹ ਸੰਵਿਧਾਨ ਉਹਨਾਂ ਨਾਲ ਧੋਖਾ ਸੀ ਅਤੇ ਬਾਅਦ ਦੇ ਸਾਲਾਂ ਦੌਰਾਨ ਭਾਰਤੀ ਸਟੇਟ ਵਲੋਂ ਸਿੱਖਾਂ ਨਾਲ ਕੀਤੇ ਵਤੀਰੇ ਅਤੇ ਵਾਪਰੀਆਂ ਘਟਨਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ । ਉਹਨਾਂ ਕਿਹਾ ਕਿ ਦਿੱਲੀ ਦੇ ਹੁਕਮਰਾਨਾਂ ਨੇ ਸਿੱਖ ਸਮੱਸਿਆਵਾਂ ਨੂੰ ਜਾਂ ਤਾਂ ਅਣਗੌਲਿਆ ਕਰੀ ਰਖਿਆ, ਜਾਂ ਇਸ ਨੂੰ ਕਾਨੂੰਨ-ਵਿਵਸਥਾ ਦਾ ਮਸਲਾ ਬਣਾਕੇ ਸਿੱਖਾਂ ਦਾ ਸਰੀਰਕ ਘਾਣ ਕੀਤਾ।

ਵਰਕਿੰਗ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਠਿੰਡਾ ਅਤੇ ਗੁਰਤੇਜ ਸਿੰਘ ਮਾਨਸਾ ਨੇ ਅਫਸੋਸ ਜਿਤਾਇਆ ਕਿ ਹਿੰਦੁਸਤਾਨ ਨੇ ਸਿੱਖਾਂ ਨਾਲ ਦੁਰਵਿਹਾਰ ਕੀਤਾ, ਅੱਡਰੀ ਪਛਾਣ ਖੋਹੀ ਅਤੇ ਹੱਕ ਕੁਚਲੇ।

ਹਰਪਾਲ ਸਿੰਘ ਚੀਮਾ ਨੇ ਵਿਦੇਸ਼ਾਂ ਦੇ ਗੁਰਦੁਆਰਿਆਂ ਅੰਦਰ ਭਾਰਤੀ ਦੂਤਘਰਾਂ ਦੇ ਨੁਮਾਇੰਦਿਆਂ ਦੀਆਂ ਸਰਗਰਮੀਆਂ ‘ਤੇ ਲਾਈਆਂ ਬਰੈਕਾਂ ਨੂੰ ਜਾਇਜ ਦਸਦਿਆਂ ਕਿਹਾ ਕਿ ਭਾਰਤੀ ਡਿਪਲੋਮੇਟਸ ਡਿਪਲੋਮੈਸੀ ਦੇ ਨਿਯਮਾਂ ਦੀਆਂ ਉਲੰਘਣਾ ਕਰਕੇ ਸਿੱਖਾਂ ਦੇ ਅੰਦੂਰਨੀ ਮਾਮਲਿਆਂ ਵਿੱਚ ਦਖਲਅੰਦਾਜੀ ਕਰਦੇ ਹਨ, ਸਿੱਖਾਂ ਵਿੱਚ ਫੁੱਟ ਪਾਉਂਦੇ ਹਨ ਅਤੇ ਅੰਨ੍ਹਾ ਪੈਸਾ ਵਰਤਕੇ ਗੁਰਦੁਆਰਾ ਚੋਣਾਂ ਵਿੱਚ ਆਪਣੇ “ਬੰਦੇ” ਜਿਤਾਉਣ ਲਈ ਸਰਗਰਮ ਰਹਿੰਦੇ ਹਨ।

ਉਹਨਾਂ ਭਾਰਤ ਸਰਕਾਰ ਵਲੋਂ ਯੂ.ਕੇ ਸਰਕਾਰ ਨੂੰ ਸਿੱਖ ਫੈਡਰੇਸ਼ਨ (ਯੂ.ਕੇ) ਉਤੇ ਪਾਬੰਦੀ ਲਾਉਣ ਦੀ ਪੇਸ਼ਕਸ਼ ਨੂੰ ਭਾਰਤ ਸਰਕਾਰ ਦੀ ਘਬਰਾਹਟ ਅਤੇ ਬੁਖਲਾਹਟ ਦਾ ਸਿੱਟਾ ਦਸਿਆ ਹੈ। ਉਹਨਾਂ ਭਾਰਤ ਸਰਕਾਰ ਦੇ ਨੁਮਾਇੰਦੇ ਰਵੀਸ਼ ਕੁਮਾਰ ਦੇ ਖੋਖਲੇ ਬਿਆਨ ਕਿ ਭਾਰਤ ਨੂੰ ਵਿਦੇਸ਼ਾਂ ਦੇ ਗੁਰਦੁਆਰਿਆਂ ਅੰਦਰ ਭਾਰਤੀ ਦੂਤਘਰਾਂ ਦੇ ਨੁਮਾਇੰਦਿਆਂ ਦੀਆਂ ਸਰਗਰਮੀਆਂ ‘ਤੇ ਲਾਈਆਂ ਰੋਕਾਂ ਦੀ ਪ੍ਰਵਾਹ ਨਹੀਂ ਦਾ ਹਵਾਲਾ ਦੇਂਦਿੰਆਂ ਕਿਹਾ ਕਿ ਸਿੱਖ ਫੈਡਰੇਸ਼ਨ ‘ਤੇ ਪਾਬੰਦੀ ਦੀ ਮੰਗ ਕਰਕੇ ਦਿੱਲੀ ਨੇ ਆਪ-ਮੁਹਾਰੇ ਦਰਸਾ ਦਿੱਤਾ ਹੈ ਕਿ ਤੀਰ ਸਹੀ ਨਿਸ਼ਾਨੇ ‘ਤੇ ਲੱਗਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version