ਸ਼ਾਂਤੀ ਮਾਰਚ ਦੀ ਇੱਕ ਹੋਰ ਤਸਵੀਰ

ਖਾਸ ਖਬਰਾਂ

ਦਲਿਤਾਂ, ਸਿੱਖਾਂ ਅਤੇ ਮੁਸਲਮਾਨਾਂ ਨੇ ਮਿਲਕੇ ਨਾਗਪੁਰ ਵਿੱਚ ਸ਼ਾਂਤੀ ਮਾਰਚ ਕੱਢਿਆ

By ਸਿੱਖ ਸਿਆਸਤ ਬਿਊਰੋ

October 06, 2014

ਨਾਗਪੁਰ, ਮਹਾਰਾਸ਼ਟਰ (9 ਅਕਤੂਬਰ, 2014): ਨਾਗਪੁਰ ਵਿੱਚ 4 ਅਕਤੂਬਰ ਨੂੰ ਦੋ ਘੱਟ ਗਿਣਤੀ ਭਾਈਚਾਰਿਆਂ ਵਿੱਚ ਪੈਦਾ ਹੋਏ ਤਕਰਾਰ ਤੋਂ ਬਾਅਦ ਦਲਿਤਾਂ, ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਆਪਸੀ ਭਾਈਚਾਰੇ  ਅਤੇ ਸਹਿਣਸ਼ਲਿਤਾ ਦਾ ਸਬੂਤ ਦਿੰਦਿਆਂ ਸ਼ਹਿਰ ਵਿੱਚ ਸ਼ਾਂਤੀ ਮਾਰਚ ਕੀਤਾ ਗਿਆ।ਬੋਧੀਆਂ ਅਤੇ ਸ਼ਿਕਲੀਗਰ ਸਿੱਖ ਨੌਜਵਾਨਾਂ ਦੇ ਗਰੁੱਪ ਵਿਚਕਾਰ ਹੋਈ ਮਾਲੂਮੀ ਤਕਰਾਰ  ਦੇ ਗੰਭੀਰ ਰੂਪ ਅਖਤਿਆਰ ਕਰ ਲੈਣ ਪਿੱਛੋ ਪਿੱਛਲੇ ਦੋ ਦਿਨਾਂ ਤੋਂ ਨਾਗਪੁਰ ਵਿੱਚ ਮਾਹੌਲ ਕਾਫੀ ਤਨਾਅ ਪੁਰਨ ਸੀ।ਇਨ੍ਹਾਂ ਘੱਟ ਗਿਣਤੀ ਕੌਮਾਂ ਦੇ ਆਗੂਆਂ ਅਤੇ ਪ੍ਰਤੀਨਿਧਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਨ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਨਾਗਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਉਨ੍ਹਾਂ ਸਾਰਿਆਂ ਨੇ ਮਿਲਕੇ ਸ਼ਾਂਤੀ ਮਾਰਚ ਕੀਤਾ।

ਭਰੋਸਾਯੋਗ ਸੂਤਰਾਂ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਦੁਸਹਿਰੇ ਦੇ ਦਿਨ ਨੌਜਵਾਨਾਂ ਦੇ ਦੋ ਗਰੁੱਪਾਂ ਵਿਚਕਾਰ ਹੋਈ ਬਹਿਸਬਾਜ਼ੀ ਤੋਂ ਮਾਮਲਾ ਵੱਧਦਾ-ਵੱਧਦਾ ਪਥਰਾਅ ਤੱਕ ਪਹੁੰਚ ਗਿਆ ਅਤੇ ਨਾਗਪੁਰ ਵਿੱਚ ਕਈ ਜਗ੍ਹਾਂ ‘ਤੇ ਪਥਰਾਅ ਦੀਆਂ ਘਟਨਾਵਾਂ ਵਾਪਰੀਆਂ।

 ਆਦਰਸ਼ ਗੁਰਮਤਿ ਪ੍ਰਚਾਰ ਸੰਸਥਾ ਦੇ ਸ੍ਰ. ਮਲਕੀਤ ਸਿੰਘ ਬਲ ਨੇ ਸਿੱਖ ਸਿਆਸਤ ਨਿਊਜ਼ ਨੂੰ ਟੈਲੀਫੋਨ ‘ਤੇ ਦੱਸਿਆ ਕਿ ਉਹ ਹੋਰ ਸਿੱਖ ਸੱਜਣਾਂ ਦੇ ਨਾਲ ਘਟਨਾਂ ਵਾਲੀ ਜਗ੍ਹਾਂ ‘ਤੇ ਪਹੁੰਚਿਆ ਅਤੇ  ਪੁਲਿਸ ਨਾਲ ਸਲਾਹ ਮਸ਼ਵਰਾ ਕਰਕੇ ਮਾਮਲਾ ਸ਼ਾਤ ਕਰ ਦਿੱਤਾ। ਪਰ ਅਗਲੇ ਦਿਨ ਫਿਰ ਦੁਬਾਰਾ ਤਨਾਅ ਪੈਦਾ ਹੋ ਗਿਆ ਅਤੇ ਕੁਝ ਖੇਤਰਾਂ ਵਿੱਚ ਫਿਰ ਪਥਰਾਅ ਦੀਆਂ ਘਟਨਾਵਾਂ ਵਾਪਰੀਆ ਸਨ।

ਉਨ੍ਹਾਂ ਨੇ ਕਿਹਾ ਕਿ ਪੰਚਸ਼ੀਲ ਗੁਰਦੁਆਰਾ ਸਾਹਿਬ ਸਮੇਤ ਨਾਗਪੁਰ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਕੁਝ ਲੋਕ  ਮਾਮੁਲੀ ਘਟਨਾਂ ਨੂੰ ਲੈ ਕੇ ਮੁੱਦਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਸੀ ਭਾਈਚਾਰਾ ਨਾਗਪੁਰ  ਵਿੱਚ ਵੱਸਦੀਆਂ ਸਭ ਕੌਮਾਂ ਦੇ ਹਿੱਤ ਵਿੱਚ ਹੈ।ਇੱਥੇ ਇਹ ਧਿਆਨਯੋਗ ਹੈ ਕਿ ਮਹਾਂਰਾਸ਼ਟਰ ਵਿੱਚ 15 ਅਕਤੂਬਰ ਨੂੰ ਚੋਣਾਂ ਹੋ ਰਹੀਆਂ ਹਨ ਅਤੇ ਫਿਰਕੂ ਤਨਾਅ ਵੱਡੀ ਗੜਬੜ ਨੂੰ ਜਨਮ ਦੇ ਸਕਦਾ ਹੈ।

ਕੱਲ ਦੇ ਸ਼ਾਂਤੀ ਮਾਰਚ ਵਿੱਚ ਭਾਗ ਲੈਣ ਵਾਲੇ  ਦਲਿਤਾਂ, ਸਿੱਖਾਂ ਅਤੇ ਮੁਸਲਿਮ ਭਾਈਚਾਰੇ ਮੈਬਰਾਂ ਵਿੱਚ ਪ੍ਰਕਾਸ਼ ਰਾਮ ਟੇਕ,ਜਤਿੰਦਰ ਦਿਸਾਈ, ਡਾ. ਦੀਪਾਗਨ ਭਗਤ, ਪ੍ਰਮੋਦ ਬਨਸੂਦ, ਆਦਿਲ ਭਾਈ, ਅਸਤਾਮ ਮੁੱਲਾਂ, ਅਸ਼ਫਾਕ ਭਾਈ, ਮਲਕੀਤ ਸਿੰਘ ਬਲ, ਖੁਸ਼ਕਮਲ ਸਿੰਘ, ਰਜਿੰਦਰ ਸਿੰਘ ਢਿੱਲੋਂ ਅਤੇ ਪਰਮਇੰਦਰ ਸਿੰਘ ਵਿਜ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: