ਖਾਸ ਖਬਰਾਂ » ਸਿੱਖ ਖਬਰਾਂ

ਨਿਸ਼ਕਾਮ ਸੇਵਕ ਜਥੇ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਲੱਗੇ ਸੋਨੇ ਦੀ ਸਫ਼ਾਈ ਦੀ ਸੇਵਾ ਸ਼ੁਰੂ

March 7, 2018 | By

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਬਰਮਿੰਘਮ ਦੀ ਸਿੱਖ ਜਥੇਬੰਦੀ ਨਿਸ਼ਕਾਮ ਸੇਵਕ ਜਥਾ ਵੱਲੋਂ ਇੱਥੇ ਸੋਨੇ ਦੀ ਸਫ਼ਾਈ ਤੇ ਧੁਆਈ ਦੀ ਸੇਵਾ ਸ਼ੁਰੂ ਕੀਤੀ ਗਈ।

ਇਹ ਸੇਵਾ ਕੱਲ੍ਹ ਗੁਰਮਤਿ ਰਵਾਇਤਾਂ ਮੁਤਾਬਕ ਅਰਦਾਸ ਕਰਕੇ ਸ਼ੁਰੂ ਕੀਤੀ ਗਈ ਸੀ। ਸੇਵਾ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਗੁੰਬਦ ਤੋਂ ਕੀਤੀ ਗਈ। ਇਹ ਸੇਵਾ ਨਿਸ਼ਕਾਮ ਸੇਵਕ ਜਥੇ ਦੇ 35 ਮੈਂਬਰ ਕਰ ਰਹੇ ਹਨ। ਉਹ ਰੀਠੇ ਦੇ ਪਾਣੀ ਨਾਲ ਸੋਨੇ ਦੇ ਪੱਤਰਿਆਂ ਦੀ ਸਫਾਈ ਤੇ ਧੁਆਈ ਕਰਨਗੇ।ਇਸ ਦੌਰਾਨ ਕੋਈ ਵੀ ਰਸਾਇਣ ਨਹੀਂ ਵਰਤਿਆ ਜਾਵੇਗਾ।

ਹਰਿਮੰਦਰ ਸਾਹਿਬ ਵਿਖੇ ਗੁੰਬਦ ’ਤੇ ਸੋਨੇ ਦੀ ਧੁਆਈ ਕਰ ਰਹੇ ਸੇਵਾਦਾਰ

ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਇਸ ਸੋਨੇ ਦੀ ਸੇਵਾ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਗਈ ਸੀ ਅਤੇ ਦੂਜੀ ਵਾਰ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ਕੀਤੀ ਗਈ ਸੀ। ਇਹ ਸੇਵਾ 1999 ਵਿੱਚ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਮੌਕੇ ਮੁਕੰਮਲ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਲੱਗੇ ਹੋਏ ਸੋਨੇ ਦੇ ਪੱਤਰੇ ਸੰਭਾਲ ਕੇ ਰੱਖੇ ਗਏ ਹਨ। ਦੂਜੀ ਵਾਰ ਸੋਨੇ ਦੇ ਪੱਤਰਿਆਂ ਦੀ ਹੋਈ ਸੇਵਾ ਤੋਂ ਕੁਝ ਵਰ੍ਹੇ ਮਗਰੋਂ ਹੀ ਇਹ ਪੱਤਰੇ ਲਾਲ ਭਾਅ ਮਾਰਨ ਲੱਗ ਪਏ ਸਨ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੀ ਚਮਕ ਬਰਕਰਾਰ ਰੱਖਣ ਲਈ ਨਿਰੰਤਰ ਯਤਨ ਸ਼ੁਰੂ ਕੀਤੇ ਗਏ ਸਨ।

ਇਸ ਤਹਿਤ ਹੁਣ ਹਰ ਵਰ੍ਹੇ ਨਿਸ਼ਕਾਮ ਸੇਵਕ ਜਥੇ ਵੱਲੋਂ ਹੀ ਇਨ੍ਹਾਂ ਪੱਤਰਿਆਂ ਦੀ ਧੁਆਈ ਤੇ ਸਫਾਈ ਦੀ ਸੇਵਾ ਕੀਤੀ ਜਾਂਦੀ ਹੈ। ਇਹ ਖੇਤਰ ਪਹਿਲਾਂ ਵਾਤਾਵਰਣ ਪ੍ਰਦੂਸ਼ਣ ਨਾਲ ਵਧੇਰੇ ਪ੍ਰਭਾਵਿਤ ਰਿਹਾ ਹੈ, ਜਿਸ ਦਾ ਅਸਰ ਇੱਥੇ ਲੱਗੇ ਸੋਨੇ, ਸੰਗਮਰਮਰ ਦੇ ਪੱਥਰ ਅਤੇ ਕੰਧ ਕਲਾ ’ਤੇ ਹੋਇਆ ਸੀ। ਹੁਣ ਬਚਾਅ ਲਈ ਕਈ ਤਰ੍ਹਾਂ ਦੇ ਉਪਰਾਲੇ ਜਾਰੀ ਹਨ, ਜਿਸ ਤਹਿਤ ਪ੍ਰਦੂਸ਼ਣ ਰੋਕਥਾਮ ਦਾ ਯਤਨ ਵੀ ਜਾਰੀ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਅਤੇ ਮੈਨੇਜਰ ਸੁਲੱਖਣ ਸਿੰਘ ਨੇ ਦੱਸਿਆ ਕਿ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ 10 ਦਿਨਾਂ ਵਿਚ ਮੁਕੰਮਲ ਹੋ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਨੇ ਦੇ ਗੁੰਬਦ ਅਤੇ ਗੁੰਬਦੀਆਂ ਸਮੇਤ ਹੋਰ ਕਈ ਥਾਵਾਂ ’ਤੇ ਕਬੂਤਰ ਤੇ ਹੋਰ ਪੰਛੀ ਬੈਠਦੇ ਹਨ। ਉਨ੍ਹਾਂ ਦੀਆਂ ਬਿੱਠਾਂ ਅਤੇ ਹਵਾ ਵਿੱਚ ਉਡਦੀ ਮਿੱਟੀ ਆਦਿ ਨਾਲ ਵੀ ਸੋਨੇ ਦੀ ਚਮਕ ਪ੍ਰਭਾਵਿਤ ਹੁੰਦੀ ਹੈ, ਜਿਸ ਨੂੰ ਰੀਠੇ ਦੀ ਧੁਆਈ ਨਾਲ ਦੂਰ ਕੀਤਾ ਜਾਂਦਾ ਹੈ।

ਇੱਥੇ ਪ੍ਰਦੂਸ਼ਣ ਮਾਪਣ ਵਾਸਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪ੍ਰਦੂਸ਼ਣ ਮਾਪਕ ਯੰਤਰ ਵੀ ਸਥਾਪਤ ਕੀਤਾ ਗਿਆ ਹੈ। ਵਿਦੇਸ਼ ਤੋਂ ਮੰਗਵਾਏ ਗਏ ਇਸ ਉਪਕਰਨ ਰਾਹੀਂ ਇਸ ਧਾਰਮਿਕ ਅਸਥਾਨ ਦੇ ਆਲੇ ਦੁਆਲੇ ਹਵਾ ਵਿਚਲੇ ਪ੍ਰਦੂਸ਼ਣ ’ਤੇ ਹੁਣ ਨਿਰੰਤਰ ਨਿਗਰਾਨੀ ਰੱਖੀ ਜਾਂਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,