ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ

ਆਮ ਖਬਰਾਂ

ਦਿੱਲੀ ਕਮੇਟੀ ਵਫ਼ਦ ਨੇ ਭਾਰਤ ਦੇ ਗ੍ਰਹਿ ਮੰਤਰੀ ਨਾਲ ਸਿੱਖ ਮਸਲਿਆਂ ‘ਤੇ ਗੱਲਬਾਤ ਕੀਤੀ

By ਸਿੱਖ ਸਿਆਸਤ ਬਿਊਰੋ

September 02, 2017

ਚੰਡੀਗੜ: ਸਿੱਖ ਮਸਲਿਆਂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਲ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜਣ ਉਪਰੰਤ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਹੀ ਹੇਠ ਇੱਕ ਵਫ਼ਦ ਨੇ ਅੱਜ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ’ਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਮੌਜੂਦ ਸਨ।

ਵਫ਼ਦ ਨੇ ਗ੍ਰਹਿ ਮੰਤਰੀ ਨੂੰ ਸਿੱਕਿਮ ਵਿਚਲੇ ਗੁਰਦੁਆਰਿਆਂ ਨੂੰ ਜ਼ਮੀਨਦੋਜ਼ ਕਰਨ ਦੀ ਸਿੱਕਿਮ ਸਰਕਾਰ ਵੱਲੋਂ ਬੌਧੀ ਸਮਰਥਕ ਵਿਖਾਈ ਜਾ ਰਹੀ ਨੀਤੀ ਦੀ ਸਖਤ ਨਿਖੇਧੀ ਕਰਦੇ ਹੋਏ ਗੁਰਦੁਆਰਾ ਡਾਂਗਮਾਰ ਸਾਹਿਬ ਅਤੇ ਗੁਰਦੁਆਰਾ ਚੁੰਗਥਾਂਗ ਦੀ ਹੋਂਦ ਨੂੰ ਬਚਾਉਣ ਵਾਸਤੇ ਗ੍ਰਹਿ ਮੰਤਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਵਫ਼ਦ ਨੇ ਲੰਗਰ ’ਤੇ ਲੱਗੇ ਜੀ.ਐਸ.ਟੀ. ਅਤੇ ਸਿੱਖ ਵਿਿਦਆਰਥੀਆਂ ਨੂੰ ਕਕਾਰਾਂ ਸਣੇ ਮੁਕਾਬਲਾ ਪ੍ਰੀਖਿਆ ’ਚ ਬੈਠਣ ਤੋਂ ਰੋਕੇ ਜਾਣ ਨੂੰ ਸਿੱਖ ਕੌਮ ਦੇ ਨਾਲ ਵਿੱਤਕਰੇ ਵੱਜੋਂ ਪਰਿਭਾਸ਼ਿਤ ਕੀਤਾ।

ਗੁਰਦੁਆਰਾ ਡਾਂਗਮਾਰ ਸਾਹਿਬ ਤੋਂ ਬਾਅਦ ਹੁਣ ਗੁਰਦੁਆਰਾ ਚੁੰਗਥਾਂਗ ਵੱਲ ਸਿੱਕਿਮ ਸਰਕਾਰ ਵੱਲੋਂ ਆਪਣੇ ਬੁਲਡੋਜ਼ਰਾਂ ਦਾ ਮੂੰਹ ਮੋੜਨ ਨੂੰ ਗਲਤ ਪਰੰਪਰਾਂ ਦੀ ਸ਼ੁਰੂਆਤ ਵੱਜੋਂ ਦੱਸਦੇ ਹੋਏ ਜੀ.ਕੇ. ਨੇ ਗੁਰਦੁਆਰਾ ਸਾਹਿਬਾਨਾਂ ਦੀ ਹੋਂਦ ਨੂੰ ਬਚਾਉਣ ਵਾਸਤੇ ਸਿਆਸੀ ਅਤੇ ਧਾਰਮਿਕ ਲੜਾਈ ਨਾਲ-ਨਾਲ ਲੜਨ ਦਾ ਐਲਾਨ ਕੀਤਾ।

ਜੀ.ਕੇ. ਨੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਵਾਸਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਦੀ ਗ੍ਰਹਿ ਮੰਤਰੀ ਨੂੰ ਜਾਣਕਾਰੀ ਦਿੱਤੀ। ਜੀ.ਕੇ. ਨੇ ਆਪਣੇ ਫੇਸਬੁੱਕ ਪੇਜ਼ ਤੋਂ ਸੰਗਤ ਨੂੰ ਦਿੱਤੇ ਲਾਈਵ ਸੁਨੇਹੇ ਦੌਰਾਨ ਗੁਰਦੁਆਰਾ ਡਾਂਗਮਾਰ ਸਬੰਧੀ ਦਸ਼ਤਾਵੇਜੀ ਤੱਥ ਦਿੱਲੀ ਕਮੇਟੀ ਦਫ਼ਤਰ ਭੇਜਣ ਦੀ ਸੰਗਤਾਂ ਨੂੰ ਬੇਨਤੀ ਕੀਤੀ।

ਸਬੰਧਤ ਖ਼ਬਰ:  ਗੁ: ਡਾਂਗਮਾਰ (ਸਿੱਕਮ) ਦੇ ਸਬੰਧ ‘ਚ ਦਿੱਲੀ ਕਮੇਟੀ ਦੇ ਵਫਦ ਵਲੋਂ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ

ਸਿਰਸਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਇਸ ਬਾਬਤ ਸਿੱਕਿਮ ਦੇ ਮੁਖਮੰਤਰੀ ਨਾਲ ਗਲਬਾਤ ਕੀਤੀ ਹੈ ਅਤੇ ਸਾਡਾ ਇਕ ਵਫ਼ਦ ਇਸ ਮਸਲੇ ਨੂੰ ਲੈ ਕੇ ਕੱਲ ਗੰਗਟੋਕ ਵਿਖੇ ਮੁਖਮੰਤਰੀ ਨਾਲ ਮੁਲਾਕਾਤ ਕਰੇਗਾ। ਸਿਰਸਾ ਨੇ ਦਾਅਵਾ ਕੀਤਾ ਕਿ ਸਿੱਕਿਮ ਸਰਕਾਰ ਵੱਲੋਂ ਨਜਾਇਜ਼ ਕਬਜਿਆਂ ਦੀ ਆੜ ’ਚ ਗੁਰਦੁਆਰਾ ਸਾਹਿਬਾਨਾਂ ’ਤੇ ਕੀਤੀ ਜਾ ਰਹੀ ਕਾਰਵਾਈ ਹੈਰਾਨੀਜਨਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: