ਸਿੱਖ ਖਬਰਾਂ

ਭਾਈ ਹਵਾਰਾ ਦੇ ਇਲਾਜ਼ ਦੇ ਮਸਲੇ ‘ਚ ਦਿੱਲੀ ਹਾਈ ਕੋਰਟ ਵਲੋਂ ਜੇਲ ਪ੍ਰਸ਼ਾਸਨ ਨੂੰ ਨੋਟਿਸ

July 3, 2014 | By

ਨਵੀਂ ਦਿੱਲੀ (2 ਜੁਲਾਈ 2014): ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦਾ ਸਾਹਮਣਾ ਕਰ ਰਹੇ ਅਤੇ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਇਲਾਜ਼ ਬਾਰੇ ਦਿੱਲੀ ਹਾਈ ਕੋਰਟ ਨੇ ਦਾਖ਼ਲ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜੇਲ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਦਿਆਂ 11 ਜੁਲਾਈ ਤਕ ਭਾਈ ਹਵਾਰਾ ਦਾ ਮੈਡੀਕਲ ਰੀਕਾਰਡ ਅਦਾਲਤ ਵਿਚ ਪੇਸ਼ ਕਰਨ ਦੀ ਹਦਾਇਤ ਦਿਤੀ ਹੈ।
ਦਿੱਲੀ ਹਾਈ ਕੋਰਟ ਦੇ ਜਸਟਿਸ ਮੁਕਤਾ ਗੁਪਤਾ ਦੀ ਅਦਾਲਤ ਵਿਚ ਅੱਜ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਪੇਸ਼ ਹੋਏ ਉੱਘੇ ਵਕੀਲ ਸ.ਕੇ.ਟੀ.ਐਸ.ਤੁਲਸੀ ਨੇ ਇਹ ਨੁਕਤਾ ਉਠਾਇਆ ਕਿ ਜੇਲ ਵਿਚ ਬੰਦ ਭਾਈ ਹਵਾਰਾ ਰੀੜ੍ਹ ਦੀ ਹੱਡੀ ਦੀ ਗੰਭੀਰ ਬੀਮਾਰੀ ਨਾਲ ਪੀੜਤ ਹੈ ਤੇ ਉਸ ਨੂੰ ਇਲਾਜ ਦੀ ਤੁਰਤ ਜ਼ਰੂਰਤ ਹੈ। ਜੇ ਸਮਾਂ ਰਹਿੰਦਿਆਂ ਉਸ ਦਾ  ਇਲਾਜ ਨਾ ਹੋਇਆ ਤਾਂ ਰੀੜ੍ਹ ਦੀ ਹੱਡੀ ਦੀਆਂ ਨੱਸਾਂ ਦੱਬਣ ਕਾਰਨ ਉਸ ਨੂੰ ਅਧਰੰਗ ਹੋਣ ਦਾ ਖਦਸ਼ਾ ਹੈ।
ਸ. ਤੁਲਸੀ ਨੇ ਦਲੀਲ ਦਿਤੀ ਕਿ ਭਾਈ ਹਵਾਰਾ ਨੂੰ ਇਲਾਜ ਦੇਣਾ, ਉੁਸ ਦਾ ਵਿਧਾਨਕ ਹੱਕ ਹੈ ਜੋ ਉਸ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਈ ਹਵਾਰਾ ਦੀ ਹਾਲਤ ਇਸ ਕਦਰ ਖ਼ਰਾਬ ਹੈ ਕਿ ਜਦ ਵਕਾਲਤ ਨਾਮੇ ‘ਤੇ ਦਸਤਖ਼ਤ ਲਈ ਇਕ ਵਕੀਲ ਭਾਈ ਹਵਾਰਾ ਨੂੰ ਜੇਲ ਵਿਚ ਮਿਲਿਆ ਤਾਂ ਉਸ ਨੂੰ ਸਟ੍ਰੈਚਰ ‘ਤੇ ਪਾ ਕੇ ਲਿਆਂਦਾ ਗਿਆ ਸੀ। ਇਸ ਮਾਮਲੇ ਵਿਚ ਅਦਾਲਤ ਨੇ ਜੇਲ ਪ੍ਰਸ਼ਾਸਨ ਨੂੰ 11 ਜੁਲਾਈ ਲਈ ਨੋਟਿਸ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਭਾਈ ਹਵਾਰਾ ਤਕਰੀਬਨ ਡੇਢ ਮਹੀਨੇ ਤੋਂ ਰੀੜ੍ਹ ਦੀ ਹੱਡੀ ਦੇ ਗੰਭੀਰ ਦਰਦ ਤੋਂ ਪੀੜਤ ਹਨ, ਪਰ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਦਾ ਇਲਾਜ ਕਰਵਾਉਣ ਤੋਂ ਟਾਲਾ ਵਟਿਆ ਹੋਇਆ ਹੈ।ਭਾਈ ਹਵਾਰਾ ਦੇ ਪ੍ਰੀਵਾਰਕ ਮੈਂਬਰਾਂ ਅਤੇ ਸਿੱਖ ਪ੍ਰਤੀਨਿਧੀਆਂ ਵੱਲੋ ਇਸ ਸਬੰਧੀ ਜੇਲ ਪ੍ਰਸ਼ਾਸਨ ਨਾਲ ਵਾਰ ਵਾਰ ਮੀਟਿੰਗਾਂ ਕਰਨ ‘ਤੇ ਵੀ ਜੇਲ ਪ੍ਰਸ਼ਾਸ਼ਨ ਨੇ ਇਲਾਜ਼ ਲਈ ਕੋਈ ਕਦਮ ਨਹੀਂ ਚੁਕਿਆ। ਦਿੱਲੀ ਗੁਰਦੁਆਰਾ ਪ੍ਰਬਧਕ ਕਮੇਟੀ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ ਨੇ ਇਸ ਸਬੰਧੀ ਦਿੱਲ਼ੀ ਦੇ ਲੈਫੀ, ਗਵਰਨਰ ਨੂੰ ਪੱਤਰ ਲਿਖ ਕੇ  ਭਾਈ ਹਵਾਰਾ ਦੇ ਇਲਾਜ਼ ਕਰਵਾੳੇਣ ਲਈ ਦਖਲ ਦੀ ਮੰਗ ਕੀਤੀ ਸੀ, ਪਰ ਇਸ ਸਭ ਕੁਝ ਦੇ ਬਾਵਜੂਦ ਕੋਈ ਨਤੀਜ਼ਾ ਸਾਹਮਣੇ ਨਹੀਂ ਆਇਆ। ਆਖਰ ਦਿੱਲੀ ਹਾਈਕੋਰਟ ਵਿੱਚ ਅਪੀਲ਼ ਦਾਖਲ਼ ਕਰਨੀ ਪਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,