ਆਮ ਖਬਰਾਂ

ਦਿੱਲੀ: ਜੇਐਨਯੂ ਦੇ ਹੋਸਟਲ ‘ਚ ਮਣੀਪੁਰ ਦੇ ਪੀਐਚਡੀ ਵਿਦਿਆਰਥੀ ਦੀ ਲਾਸ਼ ਮਿਲੀ

By ਸਿੱਖ ਸਿਆਸਤ ਬਿਊਰੋ

October 26, 2016

ਨਵੀਂ ਦਿੱਲੀ: ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਮੰਗਲਵਾਰ ਨੂੰ ਮਣੀਪੁਰ ਦਾ ਇਕ ਵਿਦਿਆਰਥੀ ਆਪਣੇ ਕਮਰੇ ‘ਚ ਮਰਿਆ ਹੋਇਆ ਮਿਲਿਆ। ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ।

ਮ੍ਰਿਤਕ ਵਿਦਿਆਰਥੀ ਦੀ ਪਛਾਣ ਮਣੀਪੁਰ ਦੇ ਸੈਨਾਪਤੀ ਜ਼ਿਲ੍ਹੇ ਦੇ ਰਹਿਣ ਵਾਲੇ ਜੇ.ਆਰ.ਫਿਲੇਮਾਨ ਵਜੋਂ ਹੋਈ ਹੈ। ਪੁਲਿਸ ਮੁਤਾਬਕ ਵਿਦਿਆਰਥੀ ਦੀ ਲਾਸ਼ ਯੂਨੀਵਰਸਿਟੀ ਦੇ ਬ੍ਰਹਮਪੁੱਤਰ ਹੋਸਟਲ ਦੇ ਕਮਰਾ ਨੰਬਰ 171 ਵਿਚੋਂ ਮਿਲੀ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਪੱਛਮੀ ਏਸ਼ੀਆ ਵਿਸ਼ੇ ‘ਤੇ ਪੀਐਚ.ਡੀ. ਕਰ ਰਿਹਾ ਸੀ ਅਤੇ ਪਿਛਲੇ ਤਿੰਨ ਦਿਨਾਂ ਤੋਂ ਕਿਸੇ ਨੇ ਉਸਨੂੰ ਦੇਖਿਆ ਨਹੀਂ ਸੀ।

ਜਦੋਂ ਉਸਦੇ ਕਮਰੇ ‘ਚੋਂ ਬਦਬੂ ਆਉਣ ਲੱਗੀ ਤਾਂ ਗੁਆਂਢ ਦੇ ਕਮਰੇ ‘ਚ ਰਹਿਣ ਵਾਲੇ ਵਿਦਿਆਰਥੀ ਨੇ ਹੋਰ ਵਿਦਿਆਰਥੀਆਂ ਨੂੰ ਸੱਦਿਆ। ਇਸਤੋਂ ਬਾਅਦ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਨਾਲ ਮਿਲ ਕੇ ਮੁਸ਼ਕਲ ਨਾਲ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੁਲ੍ਹਣ ‘ਤੇ ਫਿਲੋਮਾਨ ਦੀ ਲਾਸ਼ ਅੰਦਰੋਂ ਮਿਲੀ। ਵਿਦਿਆਰਥੀ ਦੀ ਮੌਤ ਦੀ ਜਾਂਚ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਉੱਤਰ-ਪੂਰਬ ਦੇ ਵਿਦਿਆਰਥੀਆਂ ਨੂੰ ਦਿੱਲੀ ਵਿਚ ਨਸਲਵਾਦੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਨੈਣ-ਨਕਸ਼ ਕਰਕੇ ਕਈ ਵਾਰ ਤਾਂ ਲੋਕ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਹ ਚੀਨ ਤੋਂ ਆਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: