ਸਿੱਖ ਖਬਰਾਂ

ਡੇਰਾ ਬਿਆਸ ਵਲੋਂ ਕਬਜੇ ‘ਚ ਕੀਤੀਆਂ ਜਮੀਨਾਂ ਛੁਡਵਾਉਣ ਲਈ ਪੰਜਾਬ ਸਰਕਾਰ ਅੱਗੇ ਆਵੇ: ਜਥੇਦਾਰ ਬਲਦੇਵ ਸਿੰਘ ਸਿਰਸਾ

By ਸਿੱਖ ਸਿਆਸਤ ਬਿਊਰੋ

February 08, 2019

ਸ੍ਰੀ ਅੰਮ੍ਰਿਤਸਰ ਸਾਹਿਬ: (ਨਰਿੰਦਰ ਪਾਲ ਸਿੰਘ) ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਨੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਉਸਨੇ ਡੇਰਾ ਰਾਧਾ ਸੁਆਮੀ ਬਿਆਸ ਵਲੋਂ ਡੇਰੇ ਨੇੜਲੇ ਪਿੰਡਾਂ ਦੇ ਗਰੀਬ ਲੋਕਾਂ ਦੀ ਧੋਖੇ ਤੇ ਧੱਕੇ ਅਤੇ ਸਰਕਾਰੀ ਤੰਤਰ ਅਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਨਾਲ ਕਬਜੇ ‘ਚ ਕੀਤੀ ਜਮੀਨ 15 ਦਿਨਾਂ ਅੰਦਰ ਵਾਪਿਸ ਨਾ ਕਰਵਾਈ ਤਾਂ ਸੰਸਥਾ ਸਰਕਾਰ ਤੇ ਡੇਰੇ ਖਿਲਾਫ ਰੋਸ ਧਰਨੇ ਦੇਣ ਤੋਂ ਗੁਰੇਜ ਨਹੀ ਕਰੇਗੀ।

ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਗੈਰ ਮੌਜੂਦਗੀ ਵਿੱਚ ਜਨਰਲ ਅਸਿਸਟੈਂਟ-1 ਨੂੰ ਮੁਖ ਸੱਕਤਰ ਪੰਜਾਬ ਦੇ ਨਾਮ ਲਿਖੀ ਚਿੱਠੀ ਦਿੰਦਿਆਂ ਜਾਣੂ ਕਰਵਾਇਆ ਹੈ ਕਿ ਜਿਲ੍ਹੇ ਦੀ ਤਹਿਸੀਲ ਬਾਬਾ ਬਕਾਲਾ ਅਧੀਨ ਪੈਂਦੇ ਪਿੰਡ ਜੋਧੇ ਦੇ ਜਗੀਰ ਸਿੰਘ ਨਾਮੀ ਇੱਕ ਅਨੁਸੂਚਿਤ ਜਾਤੀ ਨਾਲ ਸਬੰਧਤ ਗਰੀਬ ਕਿਸਾਨ ਦੀ 2 ਏਕੜ ਜਮੀਨ ਵੀ ਬਾਕੀ ਕਈ ਹੋਰ ਗਰੀਬ ਲੋਕਾਂ ਸਮੇਤ ਡੇਰਾ ਬਿਆਸ ਵਲੋਂ ਧੱਕੇ ਹੇਠ ਕਬਜੇ ਹੇਠ ਕਰ ਲਈ ਗਈ ਸੀ।ਇਸੇ ਤਰ੍ਹਾਂ ਪਿੰਡ ਢਿਲਵਾਂ ਦੇ ਰਜਿੰਦਰ ਸਿੰਘ ਪੁਤਰ ਬਲਜਿੰਦਰ ਸਿੰਘ ਦੇ ਨਾਮ ਨਿਕਲਦੀ 14 ਕਨਾਲਾਂ ਜਮੀਨ ਦੀ ਨਿਸ਼ਾਨਦੇਹੀ ਫੀਸ ਭਰਨ ਦੇ ਬਾਅਦ ਵੀ ਡੇਰੇ ਦੇ ਦਬਾਅ ਕਾਰਣ ਸਰਕਾਰੀ ਵਿਭਾਗ ਵਾਪਿਸ ਨਹੀ ਦਿਵਾ ਰਹੇ।ਸੁਸਾਇਟੀ ਆਗੂਆਂ ਨੇ ਮੁਖ ਸਕੱਤਰ ਪੰਜਾਬ ਨੂੰ ਯਾਦ ਕਰਵਾਇਆ ਹੈ ਕਿ ਪਿੰਡ ਬੁਤਾਲਾ ਦੇ ਸਾਬਕਾ ਸਰਪੰਚ ਮੱਖਣ ਸਿੰਘ ਦੀ 14 ਏਕੜ ਜਮੀਨ ਵੀ ਡੇਰਾ ਬਿਆਸ ਸਾਂਭੀ ਬੈਠਾ ਹੈ।

ਸੁਸਾਇਟੀ ਨੇ ਪੰਜਾਬ ਸਰਕਾਰ ਨੂੰ ਮੁੜ ਸੁਚੇਤ ਕੀਤਾ ਹੈ ਕਿ ਡੇਰਾ ਰਾਧਾ ਸੁਆਮੀ ਬਿਆਸ ਕੋਈ ਧਾਰਮਿਕ ਸੰਸਥਾ ਨਹੀ ਬਲਕਿ ਇੱਕ ਭੂ ਮਾਫੀਆ ਹੈ ਜੋ ਸਿਆਸਤਦਾਨਾਂ ਤੇ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਡੇਰਾ ਬਿਆਸ ਦੇ ਚੌਗਿਰਦੇ ਦੇ 20-22 ਪਿੰਡਾਂ,ਦਰਿਆ ਬਿਆਸ ਦਾ ਵਹਿਣ ਬਦਲ ਕੇ ਇਸ ਨਾਲ ਜੁੜੀ ਹਜਾਰਾਂ ਏਕੜ ਜਮੀਨ ਤੋਂ ਇਲਾਵਾ ਇਲਾਕੇ ਦੀਆਂ ਸੜਕਾਂ,ਨਹਿਰਾਂ,ਰੇਲਵੇ ਤੇ ਭਾਰਤੀ ਫੌਜ ਤੀਕ ਦੀ ਜਮੀਨ ਹੜੱਪੀ ਬੈਠਾ ਹੈ।

ਜਥੇਦਾਰ ਸਿਰਸਾ ਨੇ ਡਿਪਟੀ ਕਮਿਸ਼ਨਰ ਰਾਹੀਂ ਸੌਪੇ ਮੰਗ ਪੱਤਰ ਵਿੱਚ ਰਾਸ਼ਟਰੀ ਅਨੂਸੂਚਿਤ ਜਾਤੀ ਅਯੋਗ ਵਲੋਂ ਉਪਰੋਕਤ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਦੇ ਨਾਮ (ਕਮਲਜੀਤ ਸਿੰਘ ਸੰਘਾ) 8/11/2017 ਨੂੰ ਲਿਿਖਆ ਪੱਤਰ ਨੰਬਰ 3ਪੀਬੀ/22/2017 ਵੀ ਸ਼ਾਮਿਲ ਕੀਤਾ ਹੈ ।ਇਸ ਪੱਤਰ ਵਿੱਚ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਉਪਰੋਕਤ ਮਾਮਲਿਆਂ ਵਿੱਚ ਲਿਖੀਆਂ ਪਤਰਕਾਵਾਂ ਮਿਤੀ 26/6/2017,,29/9/2017 ਦਾ ਹਵਾਲਾ ਵੀ ਦਿੱਤਾ ਹੈ ਕਿ ਸਬੰਧਤ ਮਾਮਲੇ ਵਿੱਚ ਕਮਿਸ਼ਨ ਨੂੰ ਇੱਕ ਹਫਤੇ ਅੰਦਰ ਜਵਾਬ ਦਿੱਤਾ ਜਾਏ।

ਜਥੇਦਾਰ ਸਿਰਸਾ ਨੇ ਦੱਸਿਆ ਹੈ ਕਿ ਜਨਰਲ ਅਸਿਸਟੈਂਟ-1 ਨੇ ਯਕੀਨ ਦਿਵਾਇਆ ਹੈ ਕਿ ਉਹ ਇਹ ਚਿੱਠੀ ਮੁਖ ਸਕੱਤਰ ਨੂੰ ਭੇਜ ਰਹੇ ਹਨ। ਇਸ ਮੌਕੇ ਸਾਬਕਾ ਸਰਪੰਚ ਮੱਖਣ ਸਿੰਘ, ਰਜਿੰਦਰ ਸਿੰਘ, ਜਗੀਰ ਸਿੰਘ ਆਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: