ਲੇਖ

ਕੌਮਾਂਤਰੀ ਜਲ ਦਿਵਸ ’ਤੇ: ਕੁਦਰਤੀ ਸੋਮਿਆਂ ਦੀ ਤਬਾਹੀ ਦਾ ਕਾਰਨ ਨਾ ਬਣੇ ਵਿਕਾਸ

By ਸਿੱਖ ਸਿਆਸਤ ਬਿਊਰੋ

March 22, 2015

ਅੱਜ 22 ਮਾਰਚ ਨੂੰ ਸੰਸਾਰ ਭਰ ’ਚ ਕੁਦਰਤ ਦੁਆਰਾ ਬਖਸ਼ੀ ਅਨਮੋਲ ਦੇਣ ਪਾਣੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪਾਣੀ ਅਤੇ ਟਿਕਾਊ ਵਿਕਾਸ’ਥੀਮ ਅਧੀਨ ਕੌਮਾਂਤਰੀ ਜਲ ਦਿਵਸ ਮਨਾਇਆ ਜਾ ਰਿਹਾ ਹੈ।

ਸਾਲ 1992 ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਨ ਤੇ ਵਿਕਾਸ ਸਬੰਧੀ ਹੋਈ ਕਾਨਫਰੰਸ ਵਿੱਚ ਸ਼ੁੱਧ ਅਤੇ ਸਾਫ ਪਾਣੀ ਲਈ ਕੌਮਾਂਤਰੀ ਜਲ ਦਿਵਸ ਮਨਾਏ ਜਾਣ ਦੀ ਸਿਫਾਰਸ਼ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾ ਕੌਮਾਂਤਰੀ ਜਲ ਦਿਵਸ ਮਨਾਉਣ ਨੂੰ ਮਾਨਤਾ ਦਿੱਤੀ ਸੀ। ਕੁਦਰਤ ਦਾ ਅਨਮੋਲ ਤੋਹਫਾ ਹੈ ਪਾਣੀ।

ਧਰਤੀ ਉੱਪਰ ਪਾਣੀ ਅਤੇ ਜੀਵਨ ਦਾ ਅਟੁੱਟ ਰਿਸ਼ਤਾ ਹੈ। ਪਾਣੀ ਜੀਵਨ ਹੈ। ਪਾਣੀ ਤੋਂ ਬਿਨਾਂ ਧਰਤੀ ’’ਤੇ ਜੀਵਨ ਦੀ ਹੋਂਦ ਸੰਭਵ ਨਹੀਂ ਹੈ। ਪਾਣੀ ਦੇ ਸੀਮਤ ਸਾਧਨਾਂ ਕਾਰਨ ਸੰਸਾਰ ’ਚ ਕਰੋੜਾਂ ਲੋਕਾਂ ਦੀ ਪਹੁੰਚ ਤੋਂ ਦੂਰ ਹੈ ਸਾਫ ਅਤੇ ਸ਼ੁੱਧ ਪੀਣ ਵਾਲਾ ਪਾਣੀ। ਪਾਣੀ ਦੀ ਸੰਭਾਲ ਅਤੇ ਇਸ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ।

ਪਾਣੀ ਹੀ ਜੀਵਨ ਹੈ। ਪਾਣੀ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਾਣੀ ਮਨੁੱਖ, ਜੀਵ-ਜੰਤੂਆਂ ਅਤੇ ਬਨਸਪਤੀ ਦੀ ਮੱੁਢਲੀ ਜ਼ਰੂਰਤ ਹੈ। ਗੁਰਬਾਣੀ ਵਿੱਚ ਵੀ ਪਾਣੀ ਦੀ ਮਹੱਤਤਾ ਨੂੰ ਦੱਸਦੇ ਹੋਏ ਫਰਮਾਇਆ ਹੈ: ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।’’

ਇੱਕ ਜੀਵ ਭੋਜਨ ਤੋਂ ਬਿਨਾਂ ਤਾਂ ਕੁਝ ਦਿਨ ਜਿਊਂਦਾ ਰਹਿ ਸਕਦਾ ਹੈ, ਪ੍ਰੰਤੂ ਪਾਣੀ ਬਿਨਾਂ ਇੱਕ ਪਲ ਵੀ ਜਿਊਂਦਾ ਨਹੀਂ ਰਹਿ ਸਕਦਾ। ਸੰਸਾਰ ਵਿੱਚ ਮੌਜੂਦਾ ਪਾਣੀ ਵਿੱਚ 97.5 ਫੀਸਦੀ ਪਾਣੀ ਸਮੁੰਦਰ ਦੇ ਰੂਪ ਵਿੱਚ ਹੈ, ਜਿਹੜਾ ਕਿ ਪੀਣਯੋਗ ਨਹੀਂ ਹੈ।

ਧਰਤੀ ’ਤੇ ਕੇਵਲ 2.5 ਫੀਸਦੀ ਪਾਣੀ ਹੀ ਸਾਫ ਹੈ, ਪ੍ਰੰਤੂ ਇਸ ਵਿੱਚੋਂ ਵੀ 1.9 ਫੀਸਦੀ ਪਾਣੀ ਬਰਫ਼ ਦੇ ਰੂਪ ਵਿੱਚ ਜੰਮਿਆ ਪਿਆ ਹੈ। ਧਰਤੀ ’ਤੇ ਮੌਜੂਦ ਕੁੱਲ ਪਾਣੀ ਵਿੱਚੋਂ ਕੇਵਲ 0.6 ਫੀਸਦੀ ਪਾਣੀ ਹੀ ਵਰਤੋਂ ਯੋਗ ਹੈ, ਜਿਸ ਦੀ ਵਰਤੋਂ ਬਹੁਤ ਹੀ ਲਾਪ੍ਰਵਾਹੀ ਨਾਲ ਹੋ ਰਹੀ ਹੈ।

ਜਨਸੰਖਿਆ ’ਚ ਵਾਧਾ, ਉਦਯੋਗ, ਪ੍ਰਦੂਸ਼ਣ, ਮੀਂਹ ਦਾ ਲੋੜੀਂਦੀ ਮਾਤਰਾ ’ਚ ਨਾ ਪੈਣਾ ਅਤੇ ਲੋੜ ਤੋਂ ਵਧੇਰੇ ਬੇਲੋੜੀ ਵਰਤੋਂ ਆਦਿ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱੱਧਰ ਲਈ ਜ਼ਿੰਮੇਵਾਰ ਹਨ। ਪੰਜਾਬ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਆ ਰਿਹਾ ਨਿਘਾਰ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਪੰਜ ਪਾਣੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਪੰਜਾਬ (ਪੰਜ+ਆਬ) ਅੱਜ ਰਾਜਸਥਾਨ ਬਣਨ ਵੱਲ ਵਧ ਰਿਹਾ ਹੈ। ਕਈ ਥਾਵਾਂ ’ਤੇ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ। ਖੇਤੀਬਾੜੀ ’ਚ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਅਤੇ ਉਦਯੋਗਾਂ ’ਚੋਂ ਨਿਕਲ ਰਹੇ ਗੰਦੇ ਪਾਣੀ ਕਾਰਨ ਜ਼ਮੀਨ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਪੀਣ ਵਾਲੇ ਪਾਣੀ ਦਾ ਪ੍ਰਦੂਸ਼ਿਤ ਹੋਣ ਦੇ ਨਾਲ-ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣਾ ਸਾਰਿਆਂ ਲਈ ਵਿਚਾਰਨਯੋਗ ਮਾਮਲਾ ਹੈ।

ਧਰਤੀ ਹੇਠਲੇ ਪਾਣੀ ਦੇ ਨੀਵੇਂ ਹੋ ਰਹੇ ਪੱਧਰ ਲਈ ਖੇਤੀਬਾੜੀ ’ਚ ਹੋ ਰਹੀ ਪਾਣੀ ਦੀ ਅੰਨ੍ਹੇਵਾਹ ਵਰਤੋਂ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ। ਇੱਕ ਕਿਲੋਗ੍ਰਾਮ ਚੌਲ ਪੈਦਾ ਕਰਨ ਲਈ ਤਿੰਨ ਹਜ਼ਾਰ ਲਿਟਰ ਪਾਣੀ ਦੀ ਖਪਤ ਹੈ। ਪੰਜਾਬ ’ਚ ਝੋਨੇ ਦੀ ਖੇਤੀ ਦੀ ਥਾਂ ਹੋਰ ਲਾਭਦਾਇਕ ਫਸਲਾਂ ਬੀਜਣਾ, ਜਿਹੜੀਆਂ ਘੱਟ ਸਿੰਜਾਈ ਨਾਲ ਵਧੇਰੇ ਉਤਪਾਦਨ ਦੇ ਸਕਣ, ਸਮੇਂ ਦੀ ਪ੍ਰਮੁੱਖ ਲੋੜ ਹੈ।

ਸਿੰਜਾਈ ਲਈ ਪਾਣੀ ਦੀ ਸੁਚੱਜੀ ਵਰਤੋਂ ਲਈ ਫੁਹਾਰਾ ਪ੍ਰਣਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਆਧੁਨਿਕੀਕਰਨ ਦੀ ਪ੍ਰਕਿਰਿਆ ’ਚ ਲੋਕਾਂ ਨੇ ਪਿੰਡਾਂ ’ਚ ਮੌਜੂਦ ਛੱਪੜਾਂ ਨੂੰ ਮਿੱਟੀ ਨਾਲ ਭਰ ਕੇ ਆਲੀਸ਼ਾਨ ਇਮਾਰਤਾਂ ਉਸਾਰ ਦਿੱਤੀਆਂ ਹਨ। ਛੱਪੜ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦਾ ਪ੍ਰਮੁੱਖ ਸੋਮਾ ਹਨ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨੇ ਧਰਤੀ ’ਤੇ ਪਾਣੀ ਦੀ ਹੋਂਦ ਨੂੰ ਪ੍ਰਭਾਵਿਤ ਕੀਤਾ ਹੈ। ਰੁੱਖ ਵਰਖਾ ਲਿਆਉਣ ’ਚ ਸਹਾਈ ਹੁੰਦੇ ਹਨ।

ਰੁੱਖਾਂ ਦੀਆਂ ਜੜ੍ਹਾਂ ਪਾਣੀ ਨੂੰ ਸੋਖਣ ਦੀ ਸਮਰੱਥਾ ਰੱਖਦੀਆਂ ਹਨ, ਜਿਸ ਨਾਲ ਧਰਤੀ ਹੇਠਲੇ ਪਾਣੀਦਾ ਸੰਤੁਲਨ ਬਣਿਆ ਰਹਿੰਦਾ ਹੈ। ਧਰਤੀ ਦੇ 33 ਫੀਸਦੀ ਧਰਾਤਲ ’ਤੇ ਜੰਗਲ ਹੋਣੇ ਬਹੁਤ ਜ਼ਰੂਰੀ ਹਨ। ਮੌਜੂਦਾ ਸਮੇਂ ਪੰਜਾਬ ਦੀ ਕੇਵਲ 6 ਫੀਸਦੀ ਧਰਤੀ ਹੀ ਰੁੱਖਾਂ ਹੇਠ ਹੈ, ਜੋ ਕੁਦਰਤੀ ਸੰਤੁਲਨ ਨੂੰ ਬਣਾਈ ਰੱਖਣ ਲਈ ਬਹੁਤ ਹੀ ਘੱਟ ਹੈ।

ਜੰਗਲਾਂ ਦੀ ਅੰਨ੍ਹੇਵਾਹ ਕਟਾਈ ’ਤੇ ਰੋਕ ਲਗਾਉਣੀ ਚਾਹੀਦੀ ਹੈ, ਨਹੀਂ ਤਾਂ ਧਰਤੀ ’ਤੇ ਮਾਨਵੀ ਹੋਂਦ ਖਤਰੇ ’ਚ ਪੈ ਜਾਵੇਗੀ। ਕੰਢੀ ਦੇ ਇਲਾਕੇ ’ਚ ਪੀਣ ਵਾਲੇ ਪਾਣੀ ਦੀ ਘਾਟ ਇੱਕ ਗੰਭੀਰ ਸਮੱਸਿਆ ਹੈ। ਸੁਆਣੀਆਂ ਨੂੰ ਪੀਣ ਵਾਲਾ ਪਾਣੀ ਸਿਰਾਂ ’ਤੇ ਮਟਕੇ ਰੱਖ ਕੇ ਦੂਰ ਤੋਂ ਢੋਣਾ ਪੈਂਦਾ ਹੈ।

ਬਰਸਾਤ ਦੇ ਦਿਨਾਂ ’ਚ ਪਾਣੀ ਨਦੀਆਂ ਰਾਹੀਂ ਬਿਨਾਂ ਸੁਚੱਜੀ ਵਰਤੋਂ ਦੇ ਸਮੁੰਦਰ ’ਚ ਅਜਾਈਂ ਹੀ ਚਲਾ ਜਾਂਦਾ ਹੈ। ਬਰਸਾਤ ਦੇ ਪਾਣੀ ਨੂੰ ਇਕੱਠਾ ਕਰਨ ਲਈ ਜਿੱਥੇ ਸਰਕਾਰ ਨੂੰ ਪ੍ਰਾਜੈਕਟ ਸ਼ੁਰੂ ਕਰਨੇ ਚਾਹੀਦੇ ਹਨ, ਉੱਥੇ ਨਾਲ ਹੀ ਲੋਕਾਂ ’ਚ ਪਾਣੀ ਦੀ ਸੰਭਾਲ ਪ੍ਰਤੀ ਜਾਗ੍ਰਿਤੀ ਪੈਦਾ ਕਰਨੀ ਸਮੇਂ ਦੀ ਪ੍ਰਮੁੱਖ ਲੋੜ ਹੈ। ਘਰਾਂ ’ਚ ਵੀ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ। ਇਸ਼ਨਾਨ ਘਰਾਂ ਵਿੱਚ ਟੂਟੀਆਂ ਜਾਂ ਫੁਹਾਰੇ ਲੰਬੇ ਸਮੇਂ ਤੱਕ ਬਿਨਾਂ ਲੋੜ ਤੋਂ ਚਲਦੇ ਰਹਿੰਦੇ ਹਨ।

ਨਹਾਉਣ, ਮੋਟਰ ਕਾਰਾਂ, ਸਕੂਟਰ ਧੋਣ ਅਤੇ ਘਰਾਂ ਦੀ ਸਫਾਈ ਕਰਦੇ ਸਮੇਂ ਪਾਣੀ ਦੇ ਕਈ ਟੱਬ ਜਾਂ ਬਾਲਟੀਆਂ ਰੋੜ੍ਹ ਦਿੱਤੀਆਂ ਜਾਂਦੀਆਂ ਹਨ। ਬਹੁਤ ਸਾਰੇ ਲੋਕ ਪਾਣੀ ਦੇ ਘਟ ਰਹੇ ਪੱਧਰ ਦੀ ਗੰਭੀਰ ਸਮੱਸਿਆ ਤੋਂ ਜਾਣੂ ਹੋਣ ਦੇ ਬਾਵਜੂਦ ਪਾਣੀ ਦੀ ਦੁਰਵਰਤੋਂ ਬੜੀ ਲਾਪ੍ਰਵਾਹੀ ਨਾਲ ਕਰ ਰਹੇ ਹਨ। ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਨਲਕਿਆਂ ਅਤੇ ਟਿਊਬਵੈਲਾਂ ਨੇ ਪਾਣੀ ਦੇਣਾ ਬੰਦ ਕਰ ਦਿੱਤਾ ਹੈ।

ਕੇਂਦਰੀ ਜਲ ਬੋਰਡ ਨਵੀਂ ਦਿੱਲੀ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਦੇ 19 ਜ਼ਿਲ੍ਹਿਆਂ ਦੇ 110 ਬਲਾਕਾਂ ’ਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਦੀ ਸਥਿਤੀ ਗੰਭੀਰ ਹੈ। ਰਿਪੋਰਟ ਅਨੁਸਾਰ ਇਨ੍ਹਾਂ ਬਲਾਕਾਂ ਵਿੱਚ ਜ਼ਮੀਨ ਹੇਠਲੇ ਪਾਣੀ ਦੀ ਬੇਹਤਾਸ਼ਾ ਦੁਰਵਰਤੋਂ ਹੋਈ ਹੈ।

ਸਟੇਟ ਪਬਲਿਕ ਹੈਲਥ ਸੈਨੇਟਰੀ ਪੰਜਾਬ ਵੱਲੋਂ ਅਪਰੈਲ 2014 ਤੋਂ ਨਵੰਬਰ 2014 ਤੱਕ 6351 ਪਾਣੀ ਦੇ ਨਮੂਨੇ ਲਏ ਗਏ ਜਿਨ੍ਹਾਂ ਵਿੱਚੋਂ 2289 ਨਮੂਨੇ ਫੇਲ੍ਹ ਹੋਏ। ਲੁਧਿਆਣਾ ਵਿੱਚ ਲਏ ਗਏ 1056 ਨਮੂਨਿਆਂ ਵਿੱਚੋਂ 434 ਨਮੂਨੇ ਫੇਲ੍ਹ ਹੋਏ। ਪ੍ਰਦੂਸ਼ਿਤ ਪਾਣੀ ਕਾਰਨ ਲੋਕ ਘਾਤਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਊਂਦੇ ਰਹਿਣ ਲਈ ਲੋੜੀਂਦੇ ਮੁੱਖ ਤੱਤ ਪਾਣੀ ਦੇ ਮਿਆਰ ਨੂੰ ਜਾਂਚਣ ਲਈ ਪੰਜਾਬ ਵਰਗੇ ਸੂਬੇ ਵਿੱਚ ਕੇਵਲ ਇੱਕ ਹੀ ਪੰਜਾਬ ਸਟੇਟ ਹੈਲਥ ਲੈਬਾਰਟਰੀ ਹੈ, ਜਿਸ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ ਅਤੇ ਜੰਮੂ-ਕਸ਼ਮੀਰ ਸੂਬਿਆਂ ਦੇ ਪਾਣੀ ਦੇ ਮਿਆਰ ਦੀ ਜਾਂਚ ਵੀ ਹੁੰਦੀ ਹੈ। ਅਜੋਕੇ ਵਿਗਿਆਨਕ ਯੁੱਗ ਵਿੱਚ ਧਰਤੀ ਹੇਠੋਂ ਡੂੰਘੇ ਪਾਣੀ ਨੂੰ ਬਾਹਰ ਕੱਢਣ ਲਈ ਸਬਮਰਸੀਬਲ ਪੰਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਸਬਮਰਸੀਬਲ ਪੰਪ ਦੀ ਵਰਤੋਂ ਪਾਣੀ ਦੇ ਨੀਵੇਂ ਹੋਏ ਪੱਧਰ ਦਾ ਕੋਈ ਚਿਰਸਥਾਈ ਹੱਲ ਨਹੀਂ ਹੈ। ਜੇਕਰ ਮੌਜੂਦਾ ਹਾਲਾਤ ਕਾਇਮ ਰਹੇ ਤਾਂ ਇੱਕ ਦਿਨ ਸਬਮਰਸੀਬਲ ਪੰਪ ਵੀ ਪਾਣੀ ਦੇਣਾ ਬੰਦ ਕਰ ਦੇਣਗੇ। ਕੁੱਲ ਵਰਤ ਹੋ ਰਹੇ ਪਾਣੀ ਵਿੱਚੋਂ ਦੋ-ਤਿਹਾਈ ਪਾਣੀ ਦੀ ਵਰਤੋਂ ਖੇਤੀਬਾੜੀ ਵਿੱਚ ਸਿੰਜਾਈ ਲਈ ਹੋ ਰਹੀ ਹੈ। ਇਸ ਖੇਤਰ ’ਚ ਪਾਣੀ ਦੀ ਬੇਲੋੜੀ ਵਰਤੋਂ ਬਹੁਤ ਹੋ ਰਹੀ ਹੈ।

ਮੁਫਤ ਬਿਜਲੀ ਜਾਂ ਫਿਰ ਬਿਨਾਂ ਮੀਟਰ ਤੋਂ ਟਿਊਬਵੈੱਲਾਂ ਦੀਆਂ ਮੋਟਰਾਂ ਦੇ ਕੁਨੈਕਸ਼ਨ ਵੀ ਪਾਣੀ ਦੀ ਬੇਲੋੜੀ ਵਰਤੋਂ ਲਈ ਜ਼ਿੰਮੇਵਾਰ ਹਨ। ਸਿੰਜਾਈ ਲਈ ਪਾਣੀ ਦੀ ਸੁਚੱਜੀ ਵਰਤੋਂ ਲਈ ਫੁਹਾਰਾ ਪ੍ਰਣਾਲੀ ਵਰਤੀ ਜਾਣੀ ਚਾਹੀਦੀ ਹੈ। ਪਾਣੀ ਦੇ ਰੀਚਾਰਜ ਹੋਣ ਦੀ ਮਾਤਰਾ ਨਾਲ ਧਰਤੀ ਹੇਠਲੇ ਪੱਧਰ ਵਿੱਚ ਕਾਫੀ ਸੁਧਾਰ ਆ ਸਕਦਾ ਹੈ।

ਵਿਕਾਸ ਦੀ ਅੰਨ੍ਹੀ ਦੌੜ ਵਿੱਚ ਅਸੀਂ ਆਪਣੇ ਧਰਤੀ ਹੇਠਲੇ ਪਾਣੀ ਦੇ ਭੰਡਾਰ ਦੂਸ਼ਿਤ ਕਰ ਲਏ ਹਨ। ਖੇਤੀ ਤੋਂ ਫਸਲਾਂ ਦੇ ਵਧੇਰੇ ਉਤਪਾਦਨ ਲਈ ਲੋੜ ਤੋਂ ਜ਼ਿਆਦਾ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਨੇ ਪਾਣੀ ਨੂੰ ਗੰਧਲਾ ਕਰ ਦਿੱਤਾ ਹੈ। ਉਦਯੋਗਾਂ ਤੋਂ ਨਿਕਲ ਰਹੇ ਗੰਦੇ ਪਾਣੀ ਨੇ ਵੀ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਿੱਚ ਕੋਈ ਕਸਰ ਨਹੀਂਂ ਛੱਡੀ।

ਵਿਕਾਸ ਦੇ ਨਾਂ ’ਤੇ ਕੁਦਰਤ ਦੀ ਅਨਮੋਲ ਦੇਣ ਪਾਣੀ ਅਤੇ ਵਾਤਾਵਰਨ ਦਾ ਪ੍ਰਦੂਸ਼ਣ ਬਿਲਕੁਲ ਨਹੀਂ ਹੋਣਾ ਚਾਹੀਦਾ। ਵਿਕਾਸ/ਤਰੱਕੀ ਦੇ ਅਜਿਹੇ ਬਦਲ ਲੱਭੇ ਜਾਣ ਜਿਸ ਨਾਲ ਪਾਣੀ ਪ੍ਰਦੂਸ਼ਿਤ ਨਾ ਹੋਵੇ। ਵਿਕਾਸ/ਤਰੱਕੀ ਕੁਦਰਤੀ ਸੋਮਿਆਂ ਦੀ ਤਬਾਹੀ ਦਾ ਕਾਰਨ ਨਾ ਬਣੇ।

ਉਦਯੋਗਿਕ ਇਕਾਈਆਂ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ। ਵਰਤੇ ਹੋਏ ਪਾਣੀ ਨੂੰ ਸੋਧ/ਸਾਫ ਕਰਕੇ ਦੁਬਾਰਾ ਵਰਤੋਂ ਯੋਗ ਬਣਾਉਣ। ਸਾਨੂੰ ਸਾਰਿਆਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਪਾਣੀ ਨੂੰ ਸਾਫ ਰੱਖਣ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪਾਣੀ ਦੀ ਘਾਟ ਕਾਰਨ ਧਰਤੀ ’ਤੇ ਕੁਦਰਤ ਵੱਲੋਂ ਬਖਸ਼ਿਆ ਜੀਵਨ ਦਾ ਅਨਮੋਲ ਤੋਹਫਾ ਹਮੇਸ਼ਾ ਲਈ ਖਤਮ ਹੋ ਜਾਵੇਗਾ ਅਤੇ ਧਰਤੀ ਇੱਕ ਖੰਡਰ ਦਾ ਰੂਪ ਧਾਰਨ ਕਰ ਲਵੇਗੀ।

ਅੱਜ ਕੌਮਾਂਤਰੀ ਜਲ ਦਿਵਸ ਮੌਕੇ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਪਾਣੀ ਦੀ ਸੰਭਾਲ ਅਤੇ ਇਸ ਨੂੰ ਪ੍ਰਦੂਸ਼ਿਤ ਨਾ ਕਰਨ ਸਬੰਧੀ ਪੇਂਟਿੰਗ ਅਤੇ ਕਵਿਤਾ ਮੁਕਾਬਲੇ ਕਰਾਉਣੇ ਚਾਹੀਦੇ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਹਰੇਕ ਪਿੰਡ/ਸ਼ਹਿਰ ਦੇ ਹਰ ਗਲ਼ੀ/ਮੁਹੱਲੇ ਵਿੱਚ ਸੈਮੀਨਾਰ ਕਰਵਾਏ ਜਾਣ।

ਸਰਕਾਰ ਦੇ ਨਾਲ-ਨਾਲ ਅਧਿਆਪਕ, ਡਾਕਟਰ, ਮੀਡੀਆ ਅਤੇ ਸਵੈ-ਸੇਵੀ ਸੰਸਥਾਵਾਂ ਵੀ ਲੋਕਾਂ ਨੂੰ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਆਪਣਾ-ਆਪਣਾ ਵਡਮੁੱਲਾ ਯੋਗਦਾਨ ਪਾਉਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: