ਆਮ ਖਬਰਾਂ

ਖੇਤੀ ਲਈ 8 ਘੰਟੇ ਬਿਜਲੀ ਨਾ ਮਿਲਣ ਉੱਤੇ ਕਿਸਾਨਾ ਵੱਲੋਂ ਸਾਦਿਕ ਦੇ ਗਰਿੱਡ ਅੱਗੇ ਧਰਨਾ

July 2, 2010 | By

ਖੇਤੀ ਲਈ 8 ਘੰਟੇ ਨਿਰਵਿਘਨ ਬਿਜਲੀ ਲੈਣ ਲਈ ਸਾਦਿਕ ਵਿਖੇ ਧਰਨੇ ਤੇ ਬੈਠੇ ਕਿਸਾਨ। (ਤਸਵੀਰ: ਗੁਰਭੇਜ ਸਿੰਘ ਚੌਹਾਨ)

ਖੇਤੀ ਲਈ 8 ਘੰਟੇ ਨਿਰਵਿਘਨ ਬਿਜਲੀ ਲੈਣ ਲਈ ਸਾਦਿਕ ਵਿਖੇ ਧਰਨੇ ਤੇ ਬੈਠੇ ਕਿਸਾਨ। (ਤਸਵੀਰ: ਗੁਰਭੇਜ ਸਿੰਘ ਚੌਹਾਨ)

ਫਰੀਦਕੋਟ (23 ਜੂਨ, 2010 – ਗੁਰਭੇਜ ਸਿੰਘ ਚੌਹਾਨ ) ਕਿਸਾਨੀ ਹੱਕਾਂ ਲਈ ਸੰਘਰਸ਼ ਕਰਨ ਵਾਲੀ ਮੋਹਰੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ( ਸਿੱਧੂਪੁਰ) ਨੇ ਪਾਵਰ ਕਾਰਪੋਰੇਸ਼ਨ ਨੂੰ ਕੁੱਝ ਦਿਨ ਪਹਿਲਾ ਦਿੱਤੇ ਅਲਟੀਮੇਟਮ ,ਕਿ ਜੇਕਰ ਜਿਲ੍ਹਾ ਫਰੀਦਕੋਟ ਦੇ ਸਾਦਿਕ ਖੇਤਰ ਦੇ ਕਿਸਾਨਾ ਨੂੰ ਖੇਤੀ ਖੇਤਰ ਲਈ ਸਰਕਾਰ ਦੇ ਵਾਅਦੇ ਅਨੁਸਾਰ 8 ਘੰਟੇ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਸਾਦਿਕ ਦੇ ਦਫਤਰ ਅੱਗੇ ਧਰਨਾ ਦੇਣਗੇ,ਅਧਿਕਾਰੀਆਂ ਵੱਲੋਂ ਇਸ ਮੰਗ ਪ੍ਰਤੀ ਕੋਈ ਹੁੰਗਾਰਾ ਨਾ ਮਿਲਣ ਕਾਰਨ ਅੱਜ ਰੋਹ ਵਿਚ ਆਏ ਕਿਸਾਨਾ ਨੇ ਇਸ ਜੱਥੇਬੰਦੀ ਦੀ ਅਗਵਾਈ ਵਿਚ ਸਖਤ ਗਰਮੀ ਵਿਚ 12 ਤੋਂ 2 ਵਜੇ ਤੱਕ ਧਰਨਾ ਦਿੱਤਾ ਅਤੇ ਆਪਣੀ ਮੰਗ ਦੁਹਰਾਈ ਕਿ ਬਾਕੀ ਹਲਕਿਆਂ ਵਿਚ ਖੇਤੀ ਸੈਕਟਰ ਨੂੰ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਂਦੀ ਹੈ ਪਰ ਸਾਦਿਕ ਖੇਤਰ ਦੇ ਕਿਸਾਨਾ ਨੂੰ ਜਿੱਥੇ ਇਹ ਸਪਲਾਈ 6 ਘੰਟੇ ਦਿੱਤੀ ਜਾਂਦੀ ਹੈ,ਉੱਥੇ ਇਸ ਸਪਲਾਈ ਦੇ ਚੱਲਦਿਆਂ ਕੋਈ ਨੁਕਸ ਪੈਣ ਕਾਰਨ ਬਕਾਇਆ ਵੀ ਨਹੀਂ ਦਿੱਤਾ ਜਾਂਦਾ। ਜਿਸ ਕਰਕੇ ਕਿਸਾਨਾ ਦੇ ਰੋਜ਼ਾਨਾ ਦੋ ਘੰਟੇ ਘਾਟੇ ਤੋਂ ਇਲਾਵਾ ਹੋਰ ਵੀ ਸਾਰੇ ਦਾ ਸਾਰਾ ਸਮਾਂ ਵਿਅਰਥ ਹੋ ਜਾਂਦਾ ਹੈ ਅਤੇ ਕਿਸਾਨਾ ਨੂੰ ਝੋਨੇ ਦੀ ਫਸਲ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਬਾਲਕੇ ਜਨਰੇਟਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਸੰਬੰਧੀ ਆਪਣਾ ਪੱਖ ਦੱਸਦਿਆਂ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਸਾਦਿਕ ਦੇ ਉਪ ਮੰਡਲ ਅਫਸਰ ਸੁਖਵੰਤ  ਸਿੰਘ ਨੇ ਦੱਸਿਆ ਕਿ 132 ਕੇ ਵੀ ਗਰਿੱਡ ਸਾਦਿਕ ਪਹਿਲਾਂ ਤੋਂ ਓਵਰਲੋਡ ਚੱਲ ਰਿਹਾ ਹੈ,ਜਿਸ ਕਰਕੇ ਇਸਦੇ ਕਿਸਾਨਾ ਨੂੰ ਬਿਜਲੀ ਸਪਲਾਈ ਦੇਣ ਲਈ 4 ਗਰੁੱਪ ਬਣਾਏ ਗਏ ਹਨ,ਜਿਸ ਕਰਕੇ ਕਿਸਾਨਾ ਨੂੰ 6 ਘੰਟੇ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ ਤਾਂ ਕਿ ਗਰਿੱਡ ਨੂੰ ਹੋਰ ਲੋਡ ਤੋਂ ਬਚਾਕੇ ਕਿਸੇ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਜਿਉਂ ਹੀ ਨਿਰਮਾਣ ਅਧੀਨ 220 ਕੇ ਵੀ ਗਰਿੱਡ ਦੀ ਉਸਾਰੀ ਮੁਕੰਮਲ ਹੋ ਗਈ ,ਇਸ ਇਲਾਕੇ ਦੇ ਕਿਸਾਨਾ ਨੂੰ 8 ਘੰਟੇ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ,ਜੋ ਇਕ ਮਹੀਨੇ ਤੱਕ ਆਪਣਾ ਕੰਮ ਸ਼ੁਰੂ ਕਰ ਦੇਵੇਗਾ। ਉਨ੍ਹਾ ਦੱਸਿਆ ਕਿ ਹੁਣ ਦਿੱਤੀ ਜਾਣ ਵਾਲੀ ਸਪਲਾਈ ਵਿਚ ਕੋਈ ਵਿਘਨ ਨਾ ਪਵੇ,ਇਸਦੇ ਪ੍ਰਬੰਧ ਵਾਸਤੇ ਜਿਹੜੇ ਕੁੱਝ ਫੀਡਰ ਜਿਆਦਾ ੳਵਰਲੋਡ ਸਨ ,ਉਨ੍ਹਾ ਦੇ ਘੱਟ ਸਮਰੱਥਾ ਵਾਲੇ ਸੀ ਟੀ ਬਦਲਕੇ ਦੁਗਣੀ ਸਮਰੱਥਾ ਦੇ ਲਗਾ ਦਿੱਤੇ ਗਏ ਹਨ,ਜਿਸ ਕਰਕੇ ਚੱਲਦੀ ਸਪਲਾਈ ਵਿਚ ਹੁਣ ਵਿਘਨ ਪੈਣ ਦੀ ਸੰਭਾਵਨਾ ਘੱਟ ਹੋ ਗਈ ਹੈ। ਪਰੰਤੂ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗਰਿੱਡ ਨੂੰ ਮੁੱਖ ਸਪਲਾਈ ਦੇਣ ਵਾਲੀ ਟਾਵਰ ਲਾਈਨ ਦਾ ਲੋੜੀਂਦਾ ਸਾਮਾਨ ਨਾਂ ਮਿਲਣ ਕਾਰਨ ਅਜੇ ਇਸਦਾ ਕੰਮ ਲਮਕਿਆ ਹੋਇਆ ਹੈ ਜੋ ਇਸ ਪੈਡੀ ਸੀਜਨ ਵਿਚ ਮੁਕੰਮਲ ਹੋਣਾ ਲੱਗਪਗ ਅਸੰਭਵ ਹੈ। ਕਿਸਾਨਾ ਵੱਲੋਂ ਦਿੱਤੇ ਗਏ 12 ਤੋਂ 2 ਵਜੇ ਦੇ ਡੈੱਡ ਲਾਈਨ ਦੇ ਸਮੇਂ ਵਿਚ ਪਾਵਰ ਕਾਰਪੋਰੇਸ਼ਨ ਦਾ ਕੋਈ ਵੀ ਉੱਚ ਅਧਿਕਾਰੀ ਨਹੀਂ ਪੁੱਜਿਆ ਜਿਸ ਕਰਕੇ ਰੋਹ ਵਿਚ ਆਏ ਕਿਸਾਨਾ ਨੇ ਨਾਹਰੇਬਾਜ਼ੀ ਕਰਦਿਆਂ ਸਾਦਿਕ -ਫਿਰੋਜ਼ਪੁਰ  ਮੇਨ ਸੜਕ ਰੋਕ ਕੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਅਤੇ ਸਾਰੀ ਆਵਾਜਾਈ ਬੰਦ ਕਰ ਦਿੱਤੀ। ਜੋ ਖਬਰ ਲਿਖਣ ਤੱਕ ਜਾਰੀ ਸੀ। ਕਿਸਾਨਾ ਵੱਲੋਂ ਦਿੱਤੇ ਗਏ ਧਰਨੇ ਵਿਚ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ,ਜਨਰਲ ਸਕੱਤਰ ਬੋਹੜ ਸਿੰਘ ਰੁਪੱਈਆਂ ਵਾਲਾ, ਪ੍ਰੀਤਮ ਸਿੰਘ ਨੰਗਲ ਬਲਾਕ ਪ੍ਰਧਾਨ ਕੋਟਕਪੂਰਾ,ਭਾਗ ਸਿੰਘ ਸੰਗਰਾਹੂਰ ਬਲਾਕ ਪ੍ਰਧਾਨ ਸਾਦਿਕ,ਇੰਦਰਜੀਤ ਸਿੰਘ ਸੁੱਖਣਵਾਲਾ ਬਲਾਕ ਪ੍ਰਧਾਨ ਫਰੀਦਕੋਟ,ਇੰਦਰਜੀਤ ਸਿੰਘ ਘਣੀਆਂ ਬਲਾਕ ਪ੍ਰਧਾਨ ਜੈਤੋ,ਗੁਰਮੀਤ ਸਿੰਘ ਵੀਰੇਵਾਲਾ,ਦਰਸ਼ਨ ਸਿੰਘ ਸੰਗਤਪੁਰਾ,ਤੋਤਾ ਸਿੰਘ ਜੰਡਵਾਲਾ,ਹਰਜਿੰਦਰ ਸਿੰਘ ਸਾਦਿਕ,ਮੱਖਣ ਸਿੰਘ ਡੋਡ,ਗੁਰਪ੍ਰੀਤ ਸਿੰਘ ਮੁਮਾਰਾ ਅਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: