ਵਿਦੇਸ਼ » ਸਿੱਖ ਖਬਰਾਂ

ਮੈਲਬਰਨ ਦੇ ਸਕੂਲ ਵਲੋਂ ਸਿੱਖ ਵਿਦਿਆਰਥੀ ਨਾਲ ਵਿਤਕਰਾ; ਪਟਕਾ ਬੰਨ੍ਹਣ ਕਾਰਨ ਦਾਖਲੇ ਤੋਂ ਨਾਂਹ

January 17, 2017 | By

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਮੈਲਬਰਨ ਦੇ ਪੱਛਮੀ ਇਲਾਕੇ ‘ਚ ਸਥਿਤ ਮੈਲਟਨ ਕ੍ਰਿਸਚਨ ਕਾਲਜ ਵਲੋਂ ਇੱਕ ਸਿੱਖ ਵਿਦਿਆਰਥੀ ਨਾਲ ਪਹਿਰਾਵੇ ਦੇ ਅਧਾਰ ਉੱਤੇ ਪੱਖਪਾਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਵਿਦਿਅਕ ਸੰਸਥਾ ਨੇ 5 ਸਾਲ ਦੇ ਸਿੱਖ ਵਿਦਿਆਰਥੀ ਨੂੰ ਆਪਣੇ ਸਕੂਲ ‘ਚ ਦਾਖਲੇ ਤੋਂ ਇਸ ਲਈ ਮਨ੍ਹਾਂ ਕਰ ਦਿੱਤਾ ਹੈ ਕਿਉਂਕਿ ਉਹ ਪਟਕਾ ਬੰਨ੍ਹਦਾ ਹੈ ਇਸ ਬੱਚੇ ਦੇ ਮਾਪਿਆਂ ਨੇ ਇਸ ਧੱਕੇ ਵਿਰੁੱਧ ਸੂਬਾਈ ਮਨੁੱਖੀ ਅਧਿਕਾਰ ਕਮਿਸ਼ਨ ਸਣੇ ਸਭ ਲਈ ਬਰਾਬਰ ਮੌਕਿਆਂ ਨੂੰ ਯਕੀਨੀ ਬਣਾਉਣ ਲਈ ਕਾਰਜਸ਼ੀਲ ਸੰਸਥਾ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਸਥਾਨਕ ਰੇਡੀਓ ਸੈਵਨ ਬਿਲੀਅਨ ਸਟੋਰੀਜ਼ ਨਾਲ ਗੱਲਬਾਤ ਕਰਦਿਆਂ ਇਸ ਪੀੜਤ ਬੱਚੇ ਦੇ ਪਿਤਾ ਨੇ ਇਸ ਨੂੰ ਧਰਮ ਅਤੇ ਪਛਾਣ ਦੇ ਆਧਾਰ ਉੱਤੇ ਬੱਚੇ ਨਾਲ ਕੀਤਾ ਜਾ ਰਿਹਾ ਸਿੱਧਾ ਵਿਤਕਰਾ ਦੱਸਿਆ ਹੈ ਸਾਗਰਦੀਪ ਸਿੰਘ ਅਰੋੜਾ ਨੇ ਕਿਹਾ ਕਿ ਮੁਲਕ ਦੀ ਫ਼ੌਜ ਸਣੇ ਪੁਲਿਸ ਅਤੇ ਹੋਰ ਉੱਚ ਅਦਾਰਿਆਂ ‘ਚ ਸਿੱਖ ਸੇਵਾਵਾਂ ਦੇ ਰਹੇ ਹਨ ਅਤੇ ਇਸ ਮੁਲਕ ਦੇ ਇਤਿਹਾਸ ‘ਚ ਵਿਸ਼ਵ ਯੁੱਧ ‘ਚ ਇੱਥੋਂ ਦੀਆਂ ਫ਼ੌਜਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇ ਸਿੱਖਾਂ ਦੀ ਇਹ ਪੀੜ੍ਹੀ ਇੱਥੇ ਵਿਤਕਰੇ ਦਾ ਸਾਹਮਣਾ ਕਰ ਰਹੀ ਹੈ ਅਤੇ ਇਹ ਘਟਨਾ ਇੱਕ ਦੁਖਦਾਇਕ ਅਤੇ ਚੁਣੌਤੀ ਭਰਪੂਰ ਹੈ।

ਇਸ ਸਕੂਲ ਨੇ ਵਿਤਕਰੇ ਨੂੰ ਸਹੀ ਦੱਸਦਿਆਂ ਕਿਹਾ ਹੈ ਕਿ ਸਕੂਲ ਆਪਣੀ ਵਰਦੀ ‘ਚ ਕਿਸੇ ਪ੍ਰਕਾਰ ਦੀ ਛੋਟ ਜਾਂ ਢਿੱਲ ਨਹੀਂ ਦੇ ਸਕਦਾ ਮਾਪਿਆਂ ਨੇ ਇਸ ਪੱਖ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਸਕੂਲ ਦੀ ਵਰਦੀ ਇੱਕ ਸਾਰ ਹੋਣ ਦੇ ਵਿਰੁੱਧ ਨਹੀਂ ਪਰ ਧਰਮ ਅਤੇ ਪਹਿਰਾਵੇ ਸਮੇਤ ਪਛਾਣ ਵਿਰੁੱਧ ਕੀਤਾ ਜਾ ਰਿਹਾ ਇਹ ਵਿਤਕਰਾ ਅਸਹਿਣਯੋਗ ਹੈ ਜੋ ਕਿ ਬਹੁਸਭਿਆਚਾਰਕ ਆਸਟਰੇਲਿਆਈ ਕਦਰਾਂ ਕੀਮਤਾਂ ਦੇ ਵੀ ਉਲਟ ਹੈ। ਇਸ ਇਸਾਈ ਕਾਲਜ ਨੇ ਇਸ ਮਾਮਲੇ ‘ਚ ਪੁੱਛਗਿੱਛ ਹੋਣ ਦੇ ਬਾਵਜੂਦ ਵੀ ਸਖ਼ਤ ਫੈਸਲਾ ਬਰਕਰਾਰ ਰੱਖਿਆ ਹੋਇਆ ਹੈ ਸਕੂਲ ਦੇ ਪ੍ਰਤੀਨਿਧ ਲਗਾਤਾਰ ਵਰਦੀ ‘ਚ ਕਿਸੇ ਵਾਧੇ ਨੂੰ ਮੰਨਣ ਤੋਂ ਇਨਕਾਰੀ ਹਨ ਅਤੇ ਕਾਨੂੰਨੀ ਅਮਲ ਤਹਿਤ ਵਕੀਲਾਂ ਜ਼ਰੀਏ ਆਪਣੇ ਪੱਖ ਉੱਤੇ ‘ਅੜਬ’ ਰੱਵਈਆ ਬਰਕਰਾਰ ਰੱਖਿਆ ਹੋਇਆ ਹੈ।

ਪੀੜਤ ਬੱਚੇ ਦੇ ਪਿਤਾ ਨੇ ਸਿੱਖ ਭਾਈਚਾਰੇ ਤੋਂ ਇਸ ਮਾਮਲੇ ‘ਚ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਹੈ ਕਿ ਪਛਾਣ ਲਈ ਹੋ ਰਹੀ ਇਹ ਜੱਦੋਜਹਿਦ ਭਾਵੇਂ ਲੰਮੀ ਹੋਵੇ ਪਰ ਓਹ ਡਟੇ ਰਹਿਣਗੇ।

ਇਸ ਮਾਮਲੇ ‘ਚ ਸੂਬਾਈ ਕਮਿਸ਼ਨ ਸਾਹਮਣੇ ਅਗਲੀ ਸੁਣਵਾਈ 16 ਅਪ੍ਰੈਲ ਤੱਕ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,