ਖਾਸ ਲੇਖੇ/ਰਿਪੋਰਟਾਂ

ਨਾ ਉਡੀਕ ਬਹਾਰਾਂ ਨੂੰ, ਮੌਸਮ ਬਦਲ ਗਏ ਨੇ।

By ਸਿੱਖ ਸਿਆਸਤ ਬਿਊਰੋ

March 11, 2023

ਸਾਲ 2022 ਮੌਸਮ ਦੇ ਸਬੰਧ ਵਿੱਚ ਕਾਫੀ ਅਸਧਾਰਨ ਰਿਹਾ ਹੈ। ਕਿਸੇ ਪਾਸੇ ਜਿਆਦਾ ਮੀਂਹ ਕਾਰਨ ਹੜ੍ਹ ਆਏ, ਕਈ ਜਗ੍ਹਾ ਘੱਟ ਮੀਂਹ ਕਾਰਨ ਸੋਕਾ ਪਿਆ, ਗਰਮ ਹਵਾਵਾਂ ਬਹੁਤ ਚਲੀਆਂ। ਧਰਤੀ ਦੇ ਕਈ ਹਿੱਸਿਆ ਦੇ ਹਾਲਾਤ ਐਸੇ ਬਣ ਗਏ ਕਿ ਤਾਪਮਾਨ ਸਧਾਰਨ ਤਾਪਮਾਨ ਨਾਲੋਂ 10 ਡਿਗਰੀ ਸੈਲਸੀਅਸ ਵੱਧ ਰਿਹਾ। ਸਿੱਟੇ ਵਜੋਂ ਕਈ ਜੰਗਲ ਅੱਗ ਨਾਲ ਤਬਾਹ ਹੋ ਗਏ। ਬਹਾਰ ਦਾ ਮੌਸਮ ਬਹੁਤ ਹੀ ਘੱਟ ਸਮੇਂ ਲਈ ਆਇਆ। ਬਾਕੀ ਸਾਰੀਆਂ ਚੀਜ਼ਾਂ ਉੱਤੇ ਅਸਰ ਪੈਣ ਦੇ ਨਾਲ-ਨਾਲ ਫਸਲ ਉੱਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ।

ਕਣਕ ਦਾ ਝਾੜ ਘੱਟ ਗਿਆ। ਵਧੇਰੇ ਮੀਂਹ ਪੈਣ ਕਾਰਨ ਕਈ ਥਾਵਾਂ ਉੱਤੇ ਝੋਨੇ ਦੀ ਫ਼ਸਲ ਵੀ ਤਬਾਹ ਹੋ ਗਈ। ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਸਾਲ 2022-23 ਦਾ ਠੰਡ ਦਾ ਮੌਸਮ ਵੀ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਵਧੇਰੇ ਗਰਮ ਰਿਹਾ। ਇਕ ਰਿਪੋਰਟ ਮੁਤਾਬਕ ਫਰਵਰੀ 2023 ਦਾ ਤਾਪਮਾਨ ਸਧਾਰਨ ਤਾਪਮਾਨ ਨਾਲੋਂ 7 ਡਿਗਰੀ ਸੈਲਸੀਅਸ ਤੋਂ 11 ਡਿਗਰੀ ਸੈਲਸੀਅਸ ਵੱਧ ਰਿਹਾ, ਔਸਤਨ ਤਾਪਮਾਨ ਤਕਰੀਬਨ 29 ਡਿਗਰੀ ਰਿਹਾ। ਭਾਰਤੀ ਮੌਸਮ ਵਿਭਾਗ ਮੁਤਾਬਕ ਸਾਲ 1901, ਜਦ ਤੋਂ ਤਾਪਮਾਨ ਦਾ ਰਿਕਾਰਡ ਰੱਖਿਆ ਜਾ ਰਿਹਾ, ਤੋਂ ਹੁਣ ਤੱਕ ਸਭ ਤੋਂ ਵੱਧ ਗਰਮ ਫਰਵਰੀ ਰਹੀ। ਇਸ ਦਾ ਇਕ ਕਾਰਨ ਮੀਂਹ ਦਾ ਘੱਟ ਪੈਣਾ ਵੀ ਹੈ। ਪਿਛਲੇ ਸਾਲ ਦੇ ਮੁਕਾਬਲਤਨ ਇਸ ਸਾਲ ਫਰਵਰੀ ਵਿੱਚ 68% ਘੱਟ ਮੀਂਹ ਪਿਆ। ਕੁਝ ਇਸੇ ਤਰਾਂ ਦਾ ਅਨੁਭਵ ਮਾਰਚ 2022 ਦਾ ਵੀ ਸੀ।

ਪਹਿਲਾਂ ਪੰਛੀਆਂ ਦੀ ਚਹਿਕ ਘਟੀ ਅਤੇ ਬਹਾਰ ਚੁੱਪ ਹੋ ਗਈ। ਆਲਮੀ ਤਪਸ਼ ਵਧਣ ਨਾਲ ਬਹਾਰ ਦੇ ਦਿਨ ਘੱਟ ਗਏ। ਚੱਲਦੇ ਹਾਲਾਤਾਂ ਨੂੰ ਦੇਖ ਕੇ ਇੰਝ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਆਉਂਦੇ ਕੁਝ ਸਾਲਾਂ ਵਿਚ ਬਾਕੀ ਥਾਵਾਂ ਉਤੇ ਘਾਟੇ ਦੇ ਨਾਲ ਨਾਲ ਰੁਤਾਂ ਦੇ ਬਦਲਣ ਦੀ ਵੀ ਸ਼ੰਕਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: